ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਵਾਰ'। ਇਸ ਵਾਰ ਦੀਆਂ ਪਉੜੀਆਂ ਉਸੇ ਸੁਰ (ਧੁਨਿ) ਤੇ ਗਾਣੀਆਂ ਹਨ ਜਿਸ ਸੁਰ ਤੇ ਜੋਧੇ ਤੇ ਵੀਰੇ ਦੀ ਵਾਰ ਦੀਆਂ ਪਉੜੀਆਂ ਗਾਵੀਆਂ ਜਾਂਦੀਆਂ ਸਨ।
ਸਤਿਗੁਰੂ ਅਡੋਲਤਾ ਤੇ ਸ਼ਾਂਤੀ ਦਾ ਖੇਤ ਹੈ, (ਪ੍ਰਭੂ) ਜਿਸ ਨੂੰ (ਇਸ ਅਡੋਲਤਾ ਦੇ ਖੇਤ ਗੁਰੂ ਨਾਲ) ਪਿਆਰ ਬਖ਼ਸ਼ਦਾ ਹੈ,
(ਉਹ ਭੀ "ਸਹਜੈ ਦਾ ਖੇਤੁ" ਬਣ ਜਾਂਦਾ ਹੈ, ਤੇ ਉਹ ਉਸ ਖੇਤ ਵਿਚ) ਪ੍ਰਭੂ ਦਾ ਨਾਮ ਬੀਜਦਾ ਹੈ (ਓਥੇ) ਨਾਮ ਉੱਗਦਾ ਹੈ, ਉਹ ਮਨੁੱਖ ਨਾਮ ਵਿਚ ਹੀ ਟਿਕਿਆ ਰਹਿੰਦਾ ਹੈ।
ਇਹ ਜੋ (ਸਂਹਸਿਆਂ ਦਾ) ਮੂਲ ਹਉਮੈ ਹੈ (ਇਹ ਹਉਮੈ ਉਸ ਮਨੁੱਖ ਵਿਚ ਨਹੀਂ ਹੁੰਦੀ, ਸੋ ਇਸ ਤੋਂ ਪੈਦਾ ਹੋਣ ਵਾਲਾ) "ਸਹਸਾ" (ਉਸ ਮਨੁੱਖ ਦਾ) ਦੂਰ ਹੋ ਜਾਂਦਾ ਹੈ।
ਨਾਹ ਉਹ ਕੋਈ ਐਸਾ ਬੀਜ ਬੀਜਦਾ ਹੈ ਨਾਹ (ਓਥੇ 'ਸਹਸਾ') ਉੱਗਦਾ ਹੈ। ਉਹ ਮਨੁੱਖ ਪ੍ਰਭੂ ਦੀ ਬਖ਼ਸ਼ਸ਼ ਦਾ ਫਲ ਖਾਂਦਾ ਹੈ।
(ਨਾਮ ਸਿਮਰਦਾ ਹੈ, ਨਾਮ ਵਿਚ ਲੀਨ ਰਹਿੰਦਾ ਹੈ)। ਜਿਵੇਂ ਪਾਣੀ ਨਾਲ ਪਾਣੀ ਰਲ ਜਾਏ ਤਾਂ ਮੁੜ (ਉਹ ਪਾਣੀ) ਵੱਖ ਨਹੀਂ ਕੀਤਾ ਜਾ ਸਕਦਾ,
ਇਸੇ ਤਰ੍ਹਾਂ, ਹੇ ਨਾਨਕ! ਉਸ ਮਨੁੱਖ ਦੀ ਹਾਲਤ ਹੈ ਜੋ ਗੁਰੂ ਦੇ ਹੁਕਮ ਵਿਚ ਤੁਰਦਾ ਹੈ। ਹੇ ਲੋਕੋ! (ਬੇਸ਼ੱਕ) ਆ ਕੇ ਵੇਖ ਲਵੋ (ਪਰਖ ਲਵੋ)।
ਪਰ ਵਿਚਾਰਾ ਜਗਤ ਕੀਹ ਵੇਖੇ? ਇਸ ਨੂੰ ਤਾਂ (ਇਹ ਪਰਖਣ ਦੀ) ਸਮਝ ਹੀ ਨਹੀਂ ਹੈ;
(ਇਹ ਗੱਲ) ਉਹੀ ਮਨੁੱਖ ਵੇਖ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਵੇਖਣ ਦੀ ਜਾਚ ਸਿਖਾਏ, ਜਿਸ ਦੇ ਮਨ ਵਿਚ ਪ੍ਰਭੂ ਆਪ ਆ ਵੱਸੇ ॥੧॥
ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ (ਸਮਝੋ) ਦੁੱਖਾਂ ਦੀ ਪੈਲੀ ਹੈ (ਜਿਸ ਵਿਚ) ਉਹ ਦੁੱਖ ਬੀਜਦਾ ਹੈ ਤੇ ਦੁੱਖ (ਹੀ ਫਲ ਵੱਢ ਕੇ) ਖਾਂਦਾ ਹੈ।
ਮਨਮੁਖ ਦੁੱਖ ਵਿਚ ਜੰਮਦਾ ਹੈ, ਦੁੱਖ ਵਿਚ ਮਰਦਾ ਹੈ, ਉਸ ਦੀ ਸਾਰੀ ਉਮਰ "ਮੈਂ; ਮੈਂ" ਕਰਦਿਆਂ ਗੁਜ਼ਰਦੀ ਹੈ।
ਉਸ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਮੈਂ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹਾਂ, ਉਹ ਅੰਨ੍ਹਾ ਜਹਾਲਤ ਦਾ ਹੀ ਕੰਮ ਕਰੀ ਜਾਂਦਾ ਹੈ।
ਮਨਮੁਖ ਉਸ ਮਾਲਕ ਨੂੰ ਨਹੀਂ ਪਛਾਣਦਾ ਜੋ (ਦਾਤਾਂ) ਦੇਂਦਾ ਹੈ, ਪਰ ਉਸ ਦੇ ਦਿੱਤੇ ਹੋਏ ਪਦਾਰਥਾਂ ਨੂੰ ਜੱਫਾ ਮਾਰਦਾ ਹੈ।
ਹੇ ਨਾਨਕ! (ਮਨਮੁਖ ਕਰੇ ਭੀ ਕੀਹ?) ਪਿਛਲੇ ਕੀਤੇ ਕਰਮਾਂ ਅਨੁਸਾਰ ਜੋ (ਸੰਸਕਾਰ ਮਨ ਉਤੇ) ਉੱਕਰਿਆ ਪਿਆ ਹੈ (ਉਸੇ ਦੇ ਅਸਰ ਹੇਠ ਮਨੁੱਖ) ਕਰਮ ਕਰੀ ਜਾਂਦਾ ਹੈ (ਉਹਨਾਂ ਸੰਸਕਾਰਾਂ ਤੋਂ ਲਾਂਭੇ) ਹੋਰ ਕੁਝ ਨਹੀਂ ਕੀਤਾ ਜਾ ਸਕਦਾ ॥੨॥
ਜੇ ਸਤਿਗੁਰੂ ਮਿਲ ਪਏ ਤਾਂ ਸਦਾ ਲਈ ਸੁਖ ਹੋ ਜਾਂਦਾ ਹੈ (ਪਰ ਗੁਰੂ ਮਿਲਦਾ ਉਸ ਨੂੰ ਹੈ) ਜਿਸ ਨੂੰ ਉਹ ਪ੍ਰਭੂ ਆਪ ਮਿਲਾਏ।
(ਫਿਰ) ਉਸ ਸੁਖ ਦੀ ਪਛਾਣ ਇਹ ਹੈ ਕਿ (ਮਨੁੱਖ ਦਾ) ਅੰਦਰਲਾ ਪਵਿਤ੍ਰ ਹੋ ਜਾਂਦਾ ਹੈ।
ਆਤਮਕ ਜੀਵਨ ਵਲੋਂ ਬੇ-ਸਮਝੀ ਦੀ ਭੁੱਲ ਦੂਰ ਹੋ ਜਾਂਦੀ ਹੈ, ਆਤਮਕ ਜੀਵਨ ਦੀ ਸੂਝ ਹਾਸਲ ਹੋ ਜਾਂਦੀ ਹੈ।
ਹੇ ਨਾਨਕ! (ਹਰ ਥਾਂ) ਉਹ ਪ੍ਰਭੂ ਹੀ ਦਿੱਸਦਾ ਹੈ, ਜਿੱਧਰ ਵੇਖੀਏ ਓਧਰ ਉਹੀ ਪ੍ਰਭੂ (ਦਿੱਸਦਾ ਹੈ) ॥੩॥
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਇਹ (ਜਗਤ-ਰੂਪ) ਤਖ਼ਤ ਆਪਣੇ ਬੈਠਣ ਲਈ ਥਾਂ ਬਣਾਇਆ ਹੈ।
(ਇਸ ਜਗਤ ਵਿਚ) ਹਰੇਕ ਚੀਜ਼ ਉਸ ਪ੍ਰਭੂ ਦਾ ਆਪਣਾ ਹੀ ਸਰੂਪ ਹੈ-ਇਹ ਗੱਲ ਸਤਿਗੁਰੂ ਦੇ ਸ਼ਬਦ ਨੇ ਦੱਸੀ ਹੈ।
ਇਹ ਸਾਰੀ ਕੁਦਰਤਿ ਉਸ ਨੇ ਆਪ ਹੀ ਪੈਦਾ ਕੀਤੀ ਹੈ, (ਕੁਦਰਤਿ ਦੇ ਸਾਰੇ ਰੁੱਖ ਬਿਰਖ ਆਦਿਕ, ਮਾਨੋ, ਰਹਿਣ ਲਈ ਉਸ ਨੇ) ਮਹਲ ਮਾੜੀਆਂ ਬਣਾਏ ਹਨ।
ਇਹਨਾਂ ਮਹਲ ਮਾੜੀਆਂ (ਵਿਚ) ਚੰਦ ਤੇ ਸੂਰਜ ਦੋਵੇਂ (ਮਾਨੋ ਉਸ ਦੇ ਜਗਾਏ ਹੋਏ) ਦੀਵੇ ਹਨ। (ਪ੍ਰਭੂ ਨੇ ਕੁਦਰਤਿ ਦੀ ਸਾਰੀ) ਬਣਤਰ ਮੁਕੰਮਲ ਬਣਾਈ ਹੋਈ ਹੈ।
(ਇਸ ਵਿਚ ਬੈਠ ਕੇ) ਆਪ ਹੀ ਵੇਖ ਰਿਹਾ ਹੈ, ਆਪ ਹੀ ਸੁਣ ਰਿਹਾ ਹੈ; ਉਸ ਪ੍ਰਭੂ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਧਿਆਇਆ ਜਾ ਸਕਦਾ ਹੈ ॥੧॥
ਹੇ ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! ਤੂੰ ਅਸਚਰਜ ਹੈਂ, ਤੂੰ ਅਸਚਰਜ ਹੈਂ। ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੧॥ ਰਹਾਉ ॥
ਹੇ ਕਬੀਰ! ਮੈਂ ਆਪਣੇ ਆਪ ਨੂੰ ਮਹਿਦੀ ਬਣਾ ਕੇ (ਭਾਵ, ਮਹਿਦੀ ਵਾਂਗ) ਪੀਹ ਪੀਹ ਕੇ ਘਾਲ ਕਮਾਈ,
(ਪਰ) ਹੇ ਪਤੀ (ਪ੍ਰਭੂ!) ਤੂੰ ਮੇਰੀ ਵਾਤ ਹੀ ਨਾਹ ਪੁੱਛੀ (ਭਾਵ, ਤੂੰ ਮੇਰੀ ਸਾਰ ਹੀ ਨਾ ਲਈ) ਤੇ ਤੂੰ ਕਦੇ ਮੈਨੂੰ ਆਪਣੀ ਪੈਰੀਂ ਨਾਹ ਲਾਇਆ ॥੧॥
ਹੇ ਨਾਨਕ! (ਅਸਾਨੂੰ) ਮਹਿਦੀ ਬਣਾਇਆ ਭੀ ਉਸ ਨੇ ਆਪ ਹੀ ਹੈ, ਜਦੋਂ ਉਹ ਖਸਮ (ਪ੍ਰਭੂ) ਮੇਹਰ ਦੀ ਨਜ਼ਰ ਕਰਦਾ ਹੈ,
ਉਹ ਆਪ ਹੀ (ਮਹਿਦੀ ਨੂੰ) ਪੀਂਹਦਾ ਹੈ, ਆਪ ਹੀ (ਮਹਿਦੀ ਨੂੰ) ਰਗੜਦਾ ਹੈ, ਆਪ ਹੀ (ਆਪਣੀ ਪੈਰੀਂ) ਲਾ ਲੈਂਦਾ ਹੈ (ਭਾਵ, ਬੰਦਗੀ ਦੀ ਘਾਲ-ਕਮਾਈ ਵਿਚ ਬੰਦੇ ਨੂੰ ਆਪ ਹੀ ਲਾਂਦਾ ਹੈ)।
ਇਹ ਪ੍ਰੇਮ ਦਾ ਪਿਆਲਾ ਖਸਮ ਪ੍ਰਭੂ ਦੀ ਆਪਣੀ (ਵਸਤੁ) ਹੈ, ਉਸ ਮਨੁੱਖ ਨੂੰ ਦੇਂਦਾ ਹੈ ਜੋ ਉਸ ਨੂੰ ਪਿਆਰਾ ਲੱਗਦਾ ਹੈ ॥੨॥
ਉਸ (ਪ੍ਰਭੂ) ਨੇ ਰੰਗਾ-ਰੰਗ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰੇ ਜੀਵ ਉਸ ਦੇ ਹੁਕਮ ਵਿਚ ਜੰਮਦੇ ਤੇ ਸਮਾ ਜਾਂਦੇ ਹਨ;
ਪ੍ਰਭੂ ਹੀ (ਆਪਣੀ ਰਚਨਾ ਨੂੰ) ਵੇਖ ਕੇ ਖ਼ੁਸ਼ ਹੋ ਰਿਹਾ ਹੈ, ਉਸ ਦਾ ਕੋਈ ਸ਼ਰੀਕ ਨਹੀਂ।
(ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਜੀਵਾਂ ਨੂੰ) ਰੱਖ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਜੀਵਾਂ ਨੂੰ) ਮੱਤ ਦੇਂਦਾ ਹੈਂ।
ਸਭ ਜੀਵਾਂ ਨੂੰ ਤੇਰਾ ਆਸਰਾ ਹੈ, ਜਿਵੇਂ ਤੈਨੂੰ ਭਾਵੇਂ ਤਿਵੇਂ (ਜੀਵਾਂ ਨੂੰ) ਤੂੰ ਤੋਰਦਾ ਹੈਂ।
ਮੈਨੂੰ, (ਹੇ ਪ੍ਰਭੂ!) ਤੇਰੇ ਜੇਡਾ ਕੋਈ ਦਿੱਸਦਾ ਨਹੀਂ; ਕਿਸ ਦੀ ਬਾਬਤ ਆਖ ਕੇ ਦੱਸਾਂ (ਕਿ ਉਹ ਤੇਰੇ ਜੇਡਾ ਹੈ)? ॥੨॥
ਭੁਲੇਖੇ ਵਿਚ ਭੁੱਲੀ ਹੋਈ ਮੈਂ (ਪਰਮਾਤਮਾ ਨੂੰ ਲੱਭਣ ਵਾਸਤੇ) ਸਾਰਾ ਜਗਤ ਭਵੀਂ ਤੇ ਢੂੰਢ ਢੂੰਢ ਕੇ ਖਪ ਗਈ,