ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 880


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਮਕਲੀ ਮਹਲਾ ੩ ਘਰੁ ੧ ॥

ਰਾਗ ਰਾਮਕਲੀ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।

ਸਤਜੁਗਿ ਸਚੁ ਕਹੈ ਸਭੁ ਕੋਈ ॥

ਹੇ ਭਾਈ! ਇਹ ਆਮ ਪ੍ਰਚਲਤ ਖ਼ਿਆਲ ਹੈ ਕਿ ਸਤਜੁਗ ਵਿਚ ਸੱਚ (ਬੋਲਣ ਦੇ ਕਰਮ ਨੂੰ ਪ੍ਰਧਾਨਤਾ) ਹੈ,

ਘਰਿ ਘਰਿ ਭਗਤਿ ਗੁਰਮੁਖਿ ਹੋਈ ॥

ਹਰੇਕ ਘਰ ਵਿਚ (ਸੱਚ ਬੋਲਣਾ ਹੀ ਪ੍ਰਧਾਨ ਹੈ),

ਸਤਜੁਗਿ ਧਰਮੁ ਪੈਰ ਹੈ ਚਾਰਿ ॥

ਅਤੇ ਸਤਜੁਗ ਵਿਚ (ਧਰਤੀ ਨੂੰ ਸਹਾਰਾ ਦੇਣ ਵਾਲਾ) ਧਰਮ (-ਬਲਦ) ਚਾਰ ਪੈਰਾਂ ਵਾਲਾ ਰਹਿੰਦਾ ਹੈ (ਧਰਮ ਮੁਕੰਮਲ ਸਰੂਪ ਵਾਲਾ ਹੁੰਦਾ ਹੈ)।

ਗੁਰਮੁਖਿ ਬੂਝੈ ਕੋ ਬੀਚਾਰਿ ॥੧॥

(ਪਰ, ਹੇ ਭਾਈ!) ਕੋਈ ਵਿਰਲਾ ਮਨੁੱਖ ਗੁਰੂ ਦੀ ਰਾਹੀਂ ਵਿਚਾਰ ਕਰ ਕੇ ਇਹ ਸਮਝਦਾ ਹੈ ਕਿ (ਸਤਜੁਗ ਵਿਚ ਭੀ) ਗੁਰੂ ਦੀ ਸਰਨ ਪੈ ਕੇ ਹੀ ਪ੍ਰਭੂ ਦੀ ਭਗਤੀ ਹੋ ਸਕਦੀ ਹੈ (ਅਤੇ ਸਤਜੁਗ ਵਿਚ ਭੀ ਪਰਮਾਤਮਾ ਦੀ ਭਗਤੀ ਹੀ ਪ੍ਰਧਾਨ ਕਰਮ ਹੈ) ॥੧॥

ਜੁਗ ਚਾਰੇ ਨਾਮਿ ਵਡਿਆਈ ਹੋਈ ॥

ਹੇ ਭਾਈ! ਚਹੁੰਆਂ ਹੀ ਜੁਗਾਂ ਵਿਚ ਜੀਵ ਨੂੰ (ਪਰਮਾਤਮਾ ਦੇ) ਨਾਮ ਵਿਚ ਜੁੜਨ ਕਰਕੇ ਹੀ ਇੱਜ਼ਤ ਮਿਲਦੀ ਹੈ।

ਜਿ ਨਾਮਿ ਲਾਗੈ ਸੋ ਮੁਕਤਿ ਹੋਵੈ ਗੁਰ ਬਿਨੁ ਨਾਮੁ ਨ ਪਾਵੈ ਕੋਈ ॥੧॥ ਰਹਾਉ ॥

ਜੇਹੜਾ ਭੀ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤ ਜੋੜਦਾ ਹੈ, ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਜਾਂਦੀ ਹੈ। (ਪਰ ਇਹ ਭੀ ਯਾਦ ਰੱਖੋ ਕਿ) ਕੋਈ ਜੀਵ ਭੀ ਗੁਰੂ (ਦੀ ਸਰਨ) ਤੋਂ ਬਿਨਾ (ਪਰਮਾਤਮਾ ਦਾ ਨਾਮ) ਪ੍ਰਾਪਤ ਨਹੀਂ ਕਰ ਸਕਦਾ ॥੧॥ ਰਹਾਉ ॥

ਤ੍ਰੇਤੈ ਇਕ ਕਲ ਕੀਨੀ ਦੂਰਿ ॥

(ਹੇ ਭਾਈ! ਇਹ ਆਮ ਪ੍ਰਚਲਤ ਖ਼ਿਆਲ ਹੈ ਕਿ) ਤ੍ਰੇਤੇ ਜੁਗ ਵਿਚ ਇਕ ਕਲਾ ਦੂਰ ਕਰ ਦਿੱਤੀ ਗਈ (ਧਰਮ-ਬਲਦ ਦਾ ਇੱਕ ਪੈਰ ਨਕਾਰਾ ਹੋ ਗਿਆ)।

ਪਾਖੰਡੁ ਵਰਤਿਆ ਹਰਿ ਜਾਣਨਿ ਦੂਰਿ ॥

(ਜਗਤ ਵਿਚ) ਪਖੰਡ ਦਾ ਬੋਲ-ਬਾਲਾ ਹੋ ਗਿਆ, ਲੋਕ ਪਰਮਾਤਮਾ ਨੂੰ ਕਿਤੇ ਦੂਰ-ਵੱਸਦਾ ਸਮਝਣ ਲੱਗ ਪਏ।

ਗੁਰਮੁਖਿ ਬੂਝੈ ਸੋਝੀ ਹੋਈ ॥

(ਪਰ, ਹੇ ਭਾਈ!) ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਜੀਵਨ-ਜੁਗਤਿ ਦਾ) ਗਿਆਨ ਪ੍ਰਾਪਤ ਕਰਦਾ ਹੈ, ਉਸ ਨੂੰ ਸਮਝ ਆ ਜਾਂਦੀ ਹੈ,

ਅੰਤਰਿ ਨਾਮੁ ਵਸੈ ਸੁਖੁ ਹੋਈ ॥੨॥

(ਕਿ ਮਿਥੇ ਹੋਏ ਤ੍ਰੇਤੇ ਵਿਚ ਭੀ ਤਦੋਂ ਹੀ) ਸੁਖ ਮਿਲਦਾ ਹੈ ਜੇ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੋਵੇ ॥੨॥

ਦੁਆਪੁਰਿ ਦੂਜੈ ਦੁਬਿਧਾ ਹੋਇ ॥

(ਹੇ ਭਾਈ! ਇਹ ਖ਼ਿਆਲ ਆਮ ਪ੍ਰਚਲਤ ਹੈ ਕਿ) ਦੁਆਪੁਰ ਜੁਗ ਵਿਚ ਲੋਕ ਦ੍ਵੈਤ ਵਿਚ ਫਸ ਗਏ।

ਭਰਮਿ ਭੁਲਾਨੇ ਜਾਣਹਿ ਦੋਇ ॥

ਲੋਕਾਂ ਦੇ ਹਿਰਦੇ ਵਿਚ ਵਿਤਕਰਾ ਜ਼ੋਰ ਪਾ ਗਿਆ, ਭਟਕਣਾ ਵਿਚ ਪੈ ਕੇ ਲੋਕ ਕੁਰਾਹੇ ਪੈ ਗਏ, ਮੇਰ-ਤੇਰ ਨੂੰ ਹੀ (ਚੰਗੀ) ਜਾਣਨ ਲੱਗ ਪਏ।

ਦੁਆਪੁਰਿ ਧਰਮਿ ਦੁਇ ਪੈਰ ਰਖਾਏ ॥

ਦੁਆਪੁਰ ਵਿਚ ਧਰਮ (-ਬਲਦ) ਨੇ (ਆਪਣੇ) ਦੋ ਹੀ ਪੈਰ ਟਿਕਾਏ ਹੋਏ ਸਨ।

ਗੁਰਮੁਖਿ ਹੋਵੈ ਤ ਨਾਮੁ ਦ੍ਰਿੜਾਏ ॥੩॥

ਪਰ ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਉਹ (ਇਸ ਕੱਚੇ ਖ਼ਿਆਲ ਨੂੰ ਛੱਡ ਕੇ ਪਰਮਾਤਮਾ ਦਾ) ਨਾਮ ਆਪਣੇ ਹਿਰਦੇ ਵਿਚ ਪੱਕਾ ਬਿਠਾਂਦਾ ਹੈ ॥੩॥

ਕਲਜੁਗਿ ਧਰਮ ਕਲਾ ਇਕ ਰਹਾਏ ॥

(ਹੇ ਭਾਈ! ਆਮ ਤੌਰ ਤੇ ਲੋਕ ਇਹੀ ਮੰਨਦੇ ਹਨ ਕਿ) ਕਲਜੁਗ ਵਿਚ ਧਰਮ ਦੀ ਇਕੋ ਕਲਾ ਰਹਿ ਗਈ ਹੈ।

ਇਕ ਪੈਰਿ ਚਲੈ ਮਾਇਆ ਮੋਹੁ ਵਧਾਏ ॥

(ਧਰਮ-ਬਲਦ) ਇਕੋ ਪੈਰ ਦੇ ਭਾਰ ਤੁਰਦਾ ਹੈ, (ਜਗਤ ਵਿਚ) ਮਾਇਆ (ਜੀਵਾਂ ਦੇ ਹਿਰਦੇ ਵਿਚ ਆਪਣਾ) ਮੋਹ ਵਧਾ ਰਹੀ ਹੈ।

ਮਾਇਆ ਮੋਹੁ ਅਤਿ ਗੁਬਾਰੁ ॥

(ਦੁਨੀਆ ਵਿਚ) ਮਾਇਆ ਦਾ ਮੋਹ ਘੁੱਪ ਹਨੇਰਾ ਬਣਿਆ ਪਿਆ ਹੈ।

ਸਤਗੁਰੁ ਭੇਟੈ ਨਾਮਿ ਉਧਾਰੁ ॥੪॥

(ਪਰ, ਹੇ ਭਾਈ! ਜਿਸ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ, ਉਸ ਨੂੰ ਪ੍ਰਭੂ ਦੇ ਨਾਮ ਵਿਚ ਜੋੜ ਕੇ (ਕਲਜੁਗ ਵਿਚ ਭੀ ਮਾਇਆ ਦੇ ਘੁੱਪ ਹਨੇਰੇ ਤੋਂ) ਬਚਾ ਲੈਂਦਾ ਹੈ ॥੪॥

ਸਭ ਜੁਗ ਮਹਿ ਸਾਚਾ ਏਕੋ ਸੋਈ ॥

ਹੇ ਭਾਈ! ਸਾਰੇ ਜੁਗਾਂ ਵਿਚ ਉਹ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ।

ਸਭ ਮਹਿ ਸਚੁ ਦੂਜਾ ਨਹੀ ਕੋਈ ॥

ਸਭ ਜੀਵਾਂ ਵਿਚ ਭੀ ਉਹ ਸਦਾ-ਥਿਰ ਪ੍ਰਭੂ ਹੀ ਵੱਸਦਾ ਹੈ, ਉਸ ਤੋਂ ਬਿਨਾ ਕਿਤੇ ਭੀ ਕੋਈ ਹੋਰ ਨਹੀਂ ਹੈ।

ਸਾਚੀ ਕੀਰਤਿ ਸਚੁ ਸੁਖੁ ਹੋਈ ॥

(ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ) ਸਦਾ ਕਾਇਮ ਰਹਿਣ ਵਾਲੀ ਵਡਿਆਈ ਵੱਸਦੀ ਹੈ, ਉਸ ਨੂੰ ਹਰੇਕ ਸੁਖ ਪ੍ਰਾਪਤ ਹੈ।

ਗੁਰਮੁਖਿ ਨਾਮੁ ਵਖਾਣੈ ਕੋਈ ॥੫॥

(ਪਰ, ਹਾਂ) ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਪਰਮਾਤਮਾ ਦਾ ਨਾਮ ਜਪ ਸਕਦਾ ਹੈ ॥੫॥

ਸਭ ਜੁਗ ਮਹਿ ਨਾਮੁ ਊਤਮੁ ਹੋਈ ॥

ਹੇ ਭਾਈ! ਸਾਰੇ ਜੁਗਾਂ ਵਿਚ ਪ੍ਰਭੂ ਦਾ ਨਾਮ ਜਪਣਾ ਹੀ (ਸਭ ਕਰਮਾਂ ਤੋਂ) ਸ੍ਰੇਸ਼ਟ ਕਰਮ ਹੈ-

ਗੁਰਮੁਖਿ ਵਿਰਲਾ ਬੂਝੈ ਕੋਈ ॥

ਇਸ ਗੱਲ ਨੂੰ ਕੋਈ ਉਹ ਵਿਰਲਾ ਮਨੁੱਖ ਸਮਝਦਾ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ।

ਹਰਿ ਨਾਮੁ ਧਿਆਏ ਭਗਤੁ ਜਨੁ ਸੋਈ ॥

(ਜੁਗ ਕੋਈ ਭੀ ਹੋਵੇ) ਉਹੀ ਮਨੁੱਖ ਭਗਤ ਹੈ ਜੇਹੜਾ ਪਰਮਾਤਮਾ ਦਾ ਨਾਮ ਜਪਦਾ ਹੈ।

ਨਾਨਕ ਜੁਗਿ ਜੁਗਿ ਨਾਮਿ ਵਡਿਆਈ ਹੋਈ ॥੬॥੧॥

ਹੇ ਨਾਨਕ! (ਇਹ ਗੱਲ ਪੱਕੀ ਜਾਣ ਕਿ) ਹਰੇਕ ਜੁਗ ਵਿਚ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਹੀ ਇੱਜ਼ਤ ਮਿਲਦੀ ਹੈ ॥੬॥੧॥

ਰਾਮਕਲੀ ਮਹਲਾ ੪ ਘਰੁ ੧ ॥

ਰਾਗ ਰਾਮਕਲੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜੇ ਵਡਭਾਗ ਹੋਵਹਿ ਵਡਭਾਗੀ ਤਾ ਹਰਿ ਹਰਿ ਨਾਮੁ ਧਿਆਵੈ ॥

ਜੇ ਕੋਈ ਮਨੁੱਖ ਭਾਗਾਂ ਵਾਲਾ ਹੋਵੇ, ਜੇ ਕਿਸੇ ਮਨੁੱਖ ਦੇ ਵੱਡੇ ਭਾਗ ਹੋ ਜਾਣ, ਤਾਂ ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ।

ਨਾਮੁ ਜਪਤ ਨਾਮੇ ਸੁਖੁ ਪਾਵੈ ਹਰਿ ਨਾਮੇ ਨਾਮਿ ਸਮਾਵੈ ॥੧॥

ਨਾਮ ਜਪਣ ਨਾਲ ਉਹ ਮਨੁੱਖ ਨਾਮ ਵਿਚ ਹੀ ਆਨੰਦ ਪ੍ਰਾਪਤ ਕਰਦਾ ਹੈ, ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧॥

ਗੁਰਮੁਖਿ ਭਗਤਿ ਕਰਹੁ ਸਦ ਪ੍ਰਾਣੀ ॥

ਹੇ ਭਾਈ! ਗੁਰੂ ਦੀ ਸਰਨ ਪੈ ਕੇ (ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਉਤੇ ਤੁਰ ਕੇ) ਸਦਾ ਪਰਮਾਤਮਾ ਦੀ ਭਗਤੀ ਕਰਿਆ ਕਰੋ।

ਹਿਰਦੈ ਪ੍ਰਗਾਸੁ ਹੋਵੈ ਲਿਵ ਲਾਗੈ ਗੁਰਮਤਿ ਹਰਿ ਹਰਿ ਨਾਮਿ ਸਮਾਣੀ ॥੧॥ ਰਹਾਉ ॥

(ਭਗਤੀ ਦੀ ਬਰਕਤਿ ਨਾਲ) ਹਿਰਦੇ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ, (ਪਰਮਾਤਮਾ ਦੇ ਚਰਨਾਂ ਵਿਚ) ਸੁਰਤ ਜੁੜ ਜਾਂਦੀ ਹੈ, ਗੁਰੂ ਦੇ ਉਪਦੇਸ਼ ਨਾਲ ਪਰਮਾਤਮਾ ਦੇ ਨਾਮ ਵਿਚ ਲੀਨਤਾ ਹੋ ਜਾਂਦੀ ਹੈ ॥੧॥ ਰਹਾਉ ॥

ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰੁ ਕੀਆ ॥

(ਪਰਮਾਤਮਾ ਦੇ ਗੁਣ, ਮਾਨੋ,) ਹੀਰੇ ਰਤਨ ਜਵਾਹਰ ਮੋਤੀ ਹਨ। (ਪਰਮਾਤਮਾ ਨੇ ਹਰੇਕ ਮਨੁੱਖ ਦਾ) ਹਿਰਦਾ-ਸਰੋਵਰ ਇਹਨਾਂ ਨਾਲ ਨਕਾ-ਨਕ ਭਰ ਰੱਖਿਆ ਹੋਇਆ ਹੈ।

ਜਿਸੁ ਵਡਭਾਗੁ ਹੋਵੈ ਵਡ ਮਸਤਕਿ ਤਿਨਿ ਗੁਰਮਤਿ ਕਢਿ ਕਢਿ ਲੀਆ ॥੨॥

(ਪਰ ਸਿਰਫ਼) ਉਸ ਮਨੁੱਖ ਨੇ ਹੀ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਇਹਨਾਂ ਨੂੰ (ਅੰਦਰ ਲੁਕੇ ਪਿਆਂ ਨੂੰ) ਕੱਢ ਕੇ ਸਾਂਭਿਆ ਹੈ, ਜਿਸ ਦੇ ਮੱਥੇ ਉਤੇ ਵੱਡੇ ਭਾਗ ਜਾਗ ਪਏ ਹਨ ॥੨॥

ਰਤਨੁ ਜਵੇਹਰੁ ਲਾਲੁ ਹਰਿ ਨਾਮਾ ਗੁਰਿ ਕਾਢਿ ਤਲੀ ਦਿਖਲਾਇਆ ॥

(ਹੇ ਭਾਈ!) ਪਰਮਾਤਮਾ ਦਾ ਨਾਮ ਰਤਨ ਜਵਾਹਰ ਲਾਲ (ਵਰਗਾ ਕੀਮਤੀ) ਹੈ (ਹਰੇਕ ਮਨੁੱਖ ਦੇ ਅੰਦਰ ਲੁਕਿਆ ਪਿਆ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ) ਗੁਰੂ ਨੇ (ਉਸ ਦੇ ਅੰਦਰੋਂ ਹੀ) ਕੱਢ ਕੇ (ਉਸ ਦੀ) ਤਲੀ ਉਤੇ (ਰੱਖ ਕੇ) ਵਿਖਾ ਦਿੱਤਾ ਹੈ।

ਭਾਗਹੀਣ ਮਨਮੁਖਿ ਨਹੀ ਲੀਆ ਤ੍ਰਿਣ ਓਲੈ ਲਾਖੁ ਛਪਾਇਆ ॥੩॥

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੰਦ-ਭਾਗੀ ਮਨੁੱਖ ਨੇ ਉਹ ਰਤਨ ਨਹੀਂ ਲੱਭਾ, (ਉਸ ਦੇ ਭਾ ਦਾ ਤਾਂ) ਲੱਖ ਰੁਪਇਆ ਤੀਲੇ ਦੇ ਉਹਲੇ ਲੁਕਿਆ ਪਿਆ ਹੈ ॥੩॥

ਮਸਤਕਿ ਭਾਗੁ ਹੋਵੈ ਧੁਰਿ ਲਿਖਿਆ ਤਾ ਸਤਗੁਰੁ ਸੇਵਾ ਲਾਏ ॥

(ਹੇ ਭਾਈ!) ਜੇ ਧੁਰ-ਦਰਗਾਹ ਤੋਂ ਲਿਖਿਆ ਹੋਇਆ ਲੇਖ ਕਿਸੇ ਮਨੁੱਖ ਦੇ ਮੱਥੇ ਉੱਤੇ ਜਾਗ ਪਏ ਤਾਂ ਗੁਰੂ ਉਸ ਨੂੰ ਪ੍ਰਭੂ ਦੀ ਭਗਤੀ ਵਿਚ ਜੋੜ ਦੇਂਦਾ ਹੈ।

ਨਾਨਕ ਰਤਨ ਜਵੇਹਰ ਪਾਵੈ ਧਨੁ ਧਨੁ ਗੁਰਮਤਿ ਹਰਿ ਪਾਏ ॥੪॥੧॥

ਹੇ ਨਾਨਕ! (ਉਹ ਮਨੁੱਖ ਅੰਦਰ ਲੁਕੇ ਪਏ ਦੇ ਗੁਣ-ਰੂਪ) ਰਤਨ ਜਵਾਹਰ ਲੱਭ ਲੈਂਦਾ ਹੈ, ਉਹ ਮਨੁੱਖ ਭਾਗਾਂ ਵਾਲਾ ਹੋ ਜਾਂਦਾ ਹੈ, ਗੁਰੂ ਦੀ ਮਤਿ ਲੈ ਕੇ ਉਹ ਮਨੁੱਖ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੪॥੧॥

ਰਾਮਕਲੀ ਮਹਲਾ ੪ ॥

ਰਾਮ ਜਨਾ ਮਿਲਿ ਭਇਆ ਅਨੰਦਾ ਹਰਿ ਨੀਕੀ ਕਥਾ ਸੁਨਾਇ ॥

ਹੇ ਭਾਈ! ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ (ਮਨ ਵਿਚ) ਆਨੰਦ ਪੈਦਾ ਹੁੰਦਾ ਹੈ। (ਪ੍ਰਭੂ ਦਾ ਸੇਵਕ) ਪ੍ਰਭੂ ਦੀ ਸੋਹਣੀ ਸਿਫ਼ਤਿ-ਸਾਲਾਹ ਸੁਣਾ ਕੇ (ਸੁਣਨ ਵਾਲੇ ਦੇ ਹਿਰਦੇ ਵਿਚ ਆਨੰਦ ਪੈਦਾ ਕਰ ਦੇਂਦਾ ਹੈ)।

ਦੁਰਮਤਿ ਮੈਲੁ ਗਈ ਸਭ ਨੀਕਲਿ ਸਤਸੰਗਤਿ ਮਿਲਿ ਬੁਧਿ ਪਾਇ ॥੧॥

ਸਾਧ ਸੰਗਤਿ ਵਿਚ ਮਿਲ ਕੇ ਮਨੁੱਖ (ਸ੍ਰੇਸ਼ਟ) ਅਕਲ ਸਿੱਖ ਲੈਂਦਾ ਹੈ, (ਉਸ ਦੇ ਅੰਦਰੋਂ) ਭੈੜੀ ਮਤਿ ਵਾਲੀ ਸਾਰੀ ਮੈਲ ਦੂਰ ਹੋ ਜਾਂਦੀ ਹੈ ॥੧॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430