ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਬ ਲੋਭ ਤੇ ਅਹੰਕਾਰ ਹੈ।
ਉਹਨਾਂ ਦਾ ਹਰੇਕ ਦਿਨ (ਲੱਬ ਲੋਭ ਆਦਿਕ ਸੰਬੰਧੀ) ਝਗੜਾ ਕਰਦਿਆਂ ਗੁਜ਼ਰਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦੇ।
ਕਰਤਾਰ ਨੇ ਉਹਨਾਂ ਮਨਮੁਖਾਂ ਦੀ ਹੋਸ਼ ਤੇ ਅਕਲ ਖੋਹ ਲਈ ਹੈ ਉਹ ਨਿਰੇ ਵਿਕਾਰਾਂ ਦੇ ਬਚਨ ਹੀ ਬੋਲਦੇ ਹਨ।
ਉਹ ਕਿਸੇ ਭੀ ਦਾਤ ਦੇ ਮਿਲਣ ਤੇ ਰੱਜਦੇ ਨਹੀਂ ਕਿਉਂਕਿ ਉਹਨਾਂ ਦੇ ਮਨ ਵਿਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ।
ਹੇ ਨਾਨਕ! (ਅਜੇਹੇ) ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ ਪਿਆਰ ਤਾਂ ਮਾਇਆ ਦੇ ਮੋਹ ਵਿਚ ਹੈ ॥੧॥
ਜਿਨ੍ਹਾਂ ਦੇ ਸਿਰ ਪ੍ਰਭੂ ਤੇ ਗੁਰੂ ਹੈ (ਭਾਵ, ਜੋ ਪ੍ਰਭੂ ਤੇ ਗੁਰੂ ਨੂੰ ਰਾਖਾ ਸਮਝਦੇ ਹਨ), ਡਰ ਤੇ ਚਿੰਤਾ ਉਹਨਾਂ ਦਾ ਕੀਹ ਵਿਗਾੜ ਸਕਦੇ ਹਨ?
ਰੱਖਿਆ ਕਰਨ ਵਾਲਾ ਪ੍ਰਭੂ ਆਪ ਉਹਨਾਂ ਦੀ ਲਾਜ ਸਦਾ ਤੋਂ ਰੱਖਦਾ ਆਇਆ ਹੈ।
ਤੇ (ਇਸ ਤਰ੍ਹਾਂ) ਸੱਚੇ ਸ਼ਬਦ ਦੀ ਰਾਹੀਂ ਵੀਚਾਰ ਕਰ ਕੇ ਤੇ ਹਰੀ ਪ੍ਰੀਤਮ ਨੂੰ ਮਿਲ ਕੇ ਉਹ ਸੁਖ ਪਾਉਂਦੇ ਹਨ।
ਹੇ ਨਾਨਕ! ਜੋ ਸੁਖਦਾਤਾ ਪ੍ਰਭੂ ਆਪ ਹੀ (ਸਭ ਦੀ) ਪਰਖ ਕਰਨ ਵਾਲਾ ਹੈ ਉਸ ਦੀ ਉਹ ਸੇਵਾ ਕਰਦੇ ਹਨ ॥੨॥
ਹੇ ਹਰੀ! ਸਾਰੇ ਜੀਅ ਜੰਤ ਤੇਰੇ ਹਨ, ਤੂੰ ਸਭਨਾਂ ਦਾ ਖ਼ਜ਼ਾਨਾ ਹੈਂ।
ਜਿਸ ਮਨੁੱਖ ਨੂੰ ਤੂੰ (ਆਪਣੇ ਨਾਮ ਦੀ) ਦਾਤ ਬਖਸ਼ਦਾ ਹੈਂ, ਉਸ ਨੂੰ (ਮਾਨੋ) ਹਰੇਕ ਸ਼ੈ ਮਿਲ ਜਾਂਦੀ ਹੈ; ਤੇਰੇ ਬਰਿਬਰ ਦਾ ਹੋਰ ਕੋਈ ਨਹੀਂ ਹੈ।
ਤੂੰ ਇਕੱਲਾ ਆਪ ਸਭਨਾਂ ਦਾ ਦਾਤਾ ਹੈਂ (ਇਸ ਕਰ ਕੇ) ਹੇ ਹਰੀ! (ਸਭ ਜੀਵਾਂ ਦੀ) ਤੇਰੇ ਅੱਗੇ ਹੀ ਬੇਨਤੀ ਹੁੰਦੀ ਹੈ।
ਜਿਸਦੀ ਬੇਨਤੀ ਤੈਨੂੰ ਚੰਗੀ ਲਗੇ, ਉਸਦੀ ਤੂੰ ਪ੍ਰਵਾਨ ਕਰ ਲੈਂਦਾ ਹੈਂ ਤੇ ਉਸ ਮਨੁੱਖ ਨੂੰ ਸ਼ਾਬਾਸ਼ੇ ਮਿਲਦੀ ਹੈ।
ਇਹ ਸਾਰਾ ਤੇਰਾ ਹੀ ਕੌਤਕ ਵਰਤ ਰਿਹਾ ਹੈ, (ਸਭਨਾਂ ਦਾ) ਦੁੱਖ ਤੇ ਸੁਖ (ਦਾ ਤਰਲਾ) ਤੇਰੇ ਕੋਲ ਹੀ ਹੁੰਦਾ ਹੈ ॥੨॥
ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੱਚੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਤੇ ਸੱਚੇ ਦੇ ਦਰ ਤੇ ਉਹ ਸੱਚ ਦੇ ਵਾਪਾਰੀ (ਸਮਝੇ ਜਾਂਦੇ ਹਨ)।
ਸਤਿਗੁਰੂ ਦੇ ਸ਼ਬਦ ਨੂੰ ਵਿਚਾਰਨ ਵਾਲੇ ਉਹਨਾਂ ਸੱਜਨਾਂ ਦੇ ਮਨ ਵਿਚ (ਸਦਾ) ਖਿੜਾਉ ਹੁੰਦਾ ਹੈ।
ਸਤਿਗੁਰੂ ਦਾ ਸ਼ਬਦ ਉਹਨਾਂ ਨੇ ਹਿਰਦੇ ਵਿਚ ਵਸਾਇਆ ਹੋਇਆ ਹੈ (ਇਸ ਲਈ) ਸਿਰਜਣਹਾਰ ਨੇ ਉਹਨਾਂ ਦਾ ਦੁੱਖ ਕੱਟਿਆ ਹੈ ਤੇ ਉਹਨਾਂ ਦੇ ਹਿਰਦੇ ਵਿੱਚ ਚਾਨਣ ਕੀਤਾ ਹੈ।
ਹੇ ਨਾਨਕ! ਰੱਖਿਆ ਕਰਨ ਵਾਲਾ ਪ੍ਰਭੂ ਆਪਣੀ ਮੇਹਰ ਨਾਲ ਉਹਨਾਂ ਦੀ ਸਦਾ ਰੱਖਿਆ ਕਰਦਾ ਹੈ ॥੧॥
ਜੇ ਮਨੁਖ (ਪ੍ਰਭੂ ਦੇ) ਡਰ ਵਿਚ ਰਚ ਕੇ ਗੁਰੂ ਦੀ ਦੱਸੀ ਹੋਈ ਸੇਵਾ ਚਾਕਰੀ ਕਾਰ ਕਰੇ,
ਤੇ ਉਸੇ ਪ੍ਰਭੂ ਦੀ ਰਜ਼ਾ ਵਿਚ ਤੁਰੇ ਤਾਂ ਉਹ ਉਸ ਪ੍ਰਭੂ ਵਰਗਾ ਹੀ ਹੋ ਜਾਂਦਾ ਹੈ ਜਿਸ ਨੂੰ ਇਹ ਸਿਮਰਦਾ ਹੈ।
ਫਿਰ, ਹੇ ਨਾਨਕ! (ਐਸੇ ਮਨੁੱਖ ਨੂੰ) ਸਭਨੀ ਥਾਈਂ ਪ੍ਰਭੂ ਹੀ ਪ੍ਰਭੂ ਦਿੱਸਦਾ ਹੈ, (ਉਸ ਤੋਂ ਬਿਨਾ) ਕੋਈ ਹੋਰ ਨਹੀਂ ਦਿੱਸਦਾ, ਤੇ ਨਾਹ ਕੋਈ ਹੋਰ (ਆਸਰੇ ਦੀ) ਥਾਂ ਦਿੱਸਦੀ ਹੈ ॥੨॥
ਕਿ ਤੂੰ ਕੇਡਾ ਵੱਡਾ ਹੈਂ, ਇਹ ਤੂੰ ਆਪ ਹੀ ਜਾਣਦਾ ਹੈਂ, ਕਿਉਂਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ,
ਜੇ ਤੇਰੇ ਜੇਡਾ ਕੋਈ ਹੋਰ ਸ਼ਰੀਕ ਹੋਵੇ ਤਾਂ ਹੀ ਦੱਸ ਸਕੀਏ (ਕਿ ਤੂੰ ਕੇਡਾ ਵੱਡਾ ਹੈਂ) (ਪਰ) ਤੇਰੇ ਜੇਡਾ ਤੂੰ ਆਪ ਹੀ ਹੈਂ।
ਜਿਸ ਮਨੁੱਖ ਨੇ ਤੈਨੂੰ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ, ਕੋਈ ਹੋਰ ਮਨੁੱਖ ਉਸ ਦੀ ਕੀਹ ਰੀਸ ਕਰ ਸਕਦਾ ਹੈ?
ਤੂੰ ਸਰੀਰਾਂ ਨੂੰ ਬਣਾ ਤੇ ਨਾਸ ਆਪ ਕਰ ਸਕਦਾ ਹੈਂ, ਸਭ ਦਾਤਾਂ ਭੀ ਬਖ਼ਸ਼ਣ ਵਾਲਾ ਹੈਂ, ਸਾਰੀ ਸ੍ਰਿਸ਼ਟੀ ਤੇਰੇ ਅਗੇ ਦਾਤਾਂ ਮੰਗਣ ਲਈ ਹੱਥ ਜੋੜ ਕੇ ਖਲੋਤੀ ਹੋਈ ਹੈ।
ਮੈਨੂੰ ਤੇਰੇ ਜੇਡਾ ਕੋਈ ਹੋਰ ਦਾਨੀ ਨਜ਼ਰ ਨਹੀਂ ਆਉਂਦਾ, ਖੰਡਾਂ, ਬ੍ਰਹਮੰਡਾਂ, ਪਾਤਾਲਾਂ, ਪੁਰੀਆਂ, ਸਾਰੇ (ਚੌਦਾਂ ਹੀ) ਲੋਕਾਂ ਵਿਚ ਤੂੰ ਹੀ ਸਭ ਜੀਆਂ ਨੂੰ ਬਖ਼ਸ਼ਸ਼ ਕੀਤੀ ਹੈ ॥੩॥
ਜੇ ਮਨ ਵਿਚ (ਹਰੀ ਦੀ ਹੋਂਦ) ਪ੍ਰਤੀਤ ਨਾ ਆਈ, ਤੇ ਅਡੋਲਤਾ ਵਿਚ ਪਿਆਰ ਨਾ ਲੱਗਾ,
ਜੇ ਸ਼ਬਦ ਦਾ ਰਸ ਨਾ ਲੱਭਾ, ਤਾਂ ਮਨ ਦੇ ਹਠ ਨਾਲ ਸਿਫ਼ਤ-ਸਾਲਾਹ ਕਰਨ ਦਾ ਕੀਹ ਲਾਭ?
ਹੇ ਨਾਨਕ! (ਸੰਸਾਰ ਵਿਚ) ਜੰਮਿਆ ਉਹ ਜੀਵ ਮੁਬਾਰਿਕ ਹੈ ਜੋ ਸਤਿਗੁਰੂ ਦੇ ਸਨਮੁਖ ਰਹਿ ਕੇ ਸੱਚ ਵਿਚ ਲੀਨ ਹੋ ਜਾਏ ॥੧॥
ਮੂਰਖ ਮਨੁੱਖ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਤੇ ਹੋਰਨਾਂ ਨੂੰ ਆਖ ਕੇ ਦੁਖਾਉਂਦਾ ਹੈ।
(ਆਤਮਿਕਤਾ ਤੋਂ) ਅੰਨ੍ਹੇ ਦੀ ਮੁੱਢ ਦੀ (ਦੂਜਿਆਂ ਨੂੰ ਦੁਖਾਉਣ ਦੀ) ਵਾਦੀ ਦੂਰ ਨਹੀਂ ਹੁੰਦੀ, ਤੇ (ਹਰੀ ਤੋਂ) ਵਿਛੁੱੜ ਕੇ ਦੁਖ ਸਹਿੰਦਾ ਹੈ।
(ਮਨੁੱਖ) ਸਤਿਗੁਰੂ ਦੇ ਡਰ ਵਿਚ ਰਹਿ ਕੇ ਮਨ (ਦੇ ਪਿਛਲੇ ਮੰਦੇ ਸੰਸਕਾਰਾਂ) ਨੂੰ ਭੰਨ ਕੇ (ਨਵੇਂ ਸਿਰੇ ਸਿਮਰਨ ਵਾਲੇ ਸੰਸਕਾਰ) ਨਹੀਂ ਘੜਦਾ ਤਾਂ ਜੋ (ਪ੍ਰਭੂ ਦੀ) ਗੋਦੀ ਵਿਚ ਸਮਾਇਆ ਰਹੇ।