ਹੇ ਖ਼ੁਦਾ ਦੇ ਬੰਦੇ! ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਅੱਲਾ ਦੀ ਬੰਦਗੀ ਕਰਦਾ ਹੈ ਉਹ ਹੈ (ਅਸਲ) ਕਾਜ਼ੀ।
ਜਿਹੜਾ ਮਨੁੱਖ ਆਪਣੇ ਦਿਲ ਨੂੰ ਪਵਿੱਤਰ ਰੱਖਣ ਦਾ ਜਤਨ ਕਰਦਾ ਰਹਿੰਦਾ ਹੈ ਉਹੀ ਹੈ (ਅਸਲ) ਹੱਜ ਕਰਨ ਵਾਲਾ।
ਜਿਹੜਾ ਮਨੁੱਖ (ਆਪਣੇ ਅੰਦਰੋਂ) ਵਿਕਾਰਾਂ ਨੂੰ ਦੂਰ ਕਰਦਾ ਹੈ ਉਹ (ਅਸਲ) ਮੁੱਲਾਂ ਹੈ। ਜਿਸ ਮਨੁੱਖ ਨੂੰ ਖ਼ੁਦਾ ਦੀ ਸਿਫ਼ਤ-ਸਾਲਾਹ ਦਾ ਸਹਾਰਾ ਹੈ ਉਹ ਹੈ (ਅਸਲ) ਫ਼ਕੀਰ ॥੬॥
ਹੇ ਖ਼ੁਦਾ ਦੇ ਬੰਦੇ! ਹਰ ਵਕਤ ਹਰ ਵੇਲੇ ਖ਼ਾਲਕ ਨੂੰ ਮੌਲਾ ਨੂੰ ਆਪਣੇ ਦਿਲ ਵਿਚ ਯਾਦ ਕਰਦਾ ਰਹੁ।
ਹਰ ਵੇਲੇ ਖ਼ੁਦਾ ਨੂੰ ਯਾਦ ਕਰਦੇ ਰਹੋ-ਇਹੀ ਹੈ ਤਸਬੀ।
ਉਹ ਖ਼ੁਦਾ ਹੀ ਦਸਾਂ ਇੰਦ੍ਰਿਆਂ ਨੂੰ ਵੱਸ ਵਿਚ ਲਿਆ ਸਕਦਾ ਹੈ। ਹੇ ਖ਼ੁਦਾ ਦੇ ਬੰਦੇ! ਚੰਗਾ ਸੁਭਾਉ ਅਤੇ (ਵਿਕਾਰਾਂ ਵਲੋਂ) ਤਕੜਾ ਪਰਹੇਜ਼ ਹੀ ਸੁੰਨਤਿ (ਸਮਝ) ॥੭॥
ਹੇ ਅੱਲਾ ਦੇ ਬੰਦੇ! ਸਾਰੀ ਰਚਨਾ ਨੂੰ ਆਪਣੇ ਦਿਲ ਵਿਚ ਨਾਸਵੰਤ ਜਾਣ।
ਹੇ ਭਾਈ! ਇਹ ਟੱਬਰ-ਟੋਰ (ਦਾ ਮੋਹ) ਸਭ ਫਾਹੀਆਂ (ਵਿਚ ਫਸਾਣ ਵਾਲਾ ਹੀ) ਹੈ।
ਸ਼ਾਹ, ਪਾਤਿਸ਼ਾਹ, ਅਮੀਰ ਲੋਕ ਸਭ ਨਾਸਵੰਤ ਹਨ। ਸਿਰਫ਼ ਖ਼ੁਦਾ ਦਾ ਦਰ ਹੀ ਸਦਾ ਕਾਇਮ ਰਹਿਣ ਵਾਲਾ ਹੈ ॥੮॥
ਹੇ ਖ਼ੁਦਾ ਦੇ ਬੰਦੇ! (ਤੇਰੀ ਉਮਰ ਦੇ) ਇਹ ਪੰਜ ਵੇਲੇ ਤੇਰੇ ਵਾਸਤੇ ਬੜੇ ਹੀ ਲਾਭਦਾਇਕ ਹੋ ਸਕਦੇ ਹਨ (ਜੇ ਤੂੰ) ਪਹਿਲੇ ਵਕਤ ਵਿਚ ਰੱਬ ਦੀ ਸਿਫ਼ਤ-ਸਾਲਾਹ ਕਰਦਾ ਰਹੇਂ, ਜੇ ਸੰਤੋਖ ਤੇਰੀ ਦੂਜੀ ਨਿਮਾਜ਼ ਹੋਵੇ,
ਨਿਮਾਜ਼ ਦੇ ਤੀਜੇ ਵਕਤ ਵਿਚ ਤੂੰ ਨਿਮ੍ਰਤਾ ਧਾਰਨ ਕਰੇਂ, ਜੇ ਚੌਥੇ ਵਕਤ ਵਿਚ ਤੂੰ ਸਭ ਦਾ ਭਲਾ ਮੰਗੇਂ,
ਜੇ ਪੰਜਵੇਂ ਵਕਤ ਵਿਚ ਤੂੰ ਕਾਮਾਦਿਕ ਪੰਜਾਂ ਨੂੰ ਹੀ ਵੱਸ ਵਿਚ ਰੱਖੇਂ (ਤੇਰੀ ਉਮਰ ਦੇ) ਇਹ ਪੰਜ ਵੇਲੇ ਤੇਰੇ ਵਾਸਤੇ ਬੜੇ ਹੀ ਲਾਭਦਾਇਕ ਹੋ ਸਕਦੇ ਹਨ। (ਭਾਵ, ਰੱਬ ਦੀ ਸਿਫ਼ਤ-ਸਾਲਾਹ, ਸੰਤੋਖ, ਨਿਮ੍ਰਤਾ, ਸਭ ਦਾ ਭਲਾ ਮੰਗਣਾ, ਕਾਮਾਦਿਕ ਪੰਜਾਂ ਨੂੰ ਹੀ ਵੱਸ ਵਿਚ ਰੱਖਣਾ-ਇਹ ਪੰਜ ਹਨ ਆਤਮਕ ਜੀਵਨ ਦੀਆਂ ਪੰਜ ਨਿਮਾਜ਼ਾਂ, ਤੇ, ਇਹ ਜੀਵਨ ਨੂੰ ਬਹੁਤ ਉੱਚਾ ਕਰਦੀਆਂ ਹਨ) ॥੯॥
ਹੇ ਅੱਲਾ ਦੇ ਬੰਦੇ! ਸਾਰੀ ਸ੍ਰਿਸ਼ਟੀ ਵਿਚ ਇਕੋ ਖ਼ੁਦਾ ਨੂੰ ਵੱਸਦਾ ਜਾਣ-ਇਸ ਨੂੰ ਤੂੰ ਆਪਣਾ ਹਰ ਵੇਲੇ ਦਾ ਰੱਬੀ ਸਲਾਮ ਦਾ ਪਾਠ ਬਣਾਈ ਰੱਖ।
ਮੰਦੇ ਕਰਮ ਕਰਨੇ ਛੱਡ ਦੇ-ਇਹ ਪਾਣੀ ਦਾ ਲੋਟਾ ਤੂੰ ਆਪਣੇ ਹੱਥ ਵਿਚ ਫੜ (ਸਰੀਰਕ ਸੁਅੱਛਤਾ ਵਾਸਤੇ)।
ਇਹ ਯਕੀਨ ਬਣਾ ਕਿ ਸਾਰੀ ਹੀ ਖ਼ਲਕਤ ਦਾ ਇਕੋ ਖ਼ੁਦਾ ਹੈ-ਇਹ ਸਦਾ ਬਾਂਗ ਦਿਆ ਕਰ। ਹੇ ਫ਼ਕੀਰ ਸਾਈਂ! ਖ਼ੁਦਾ ਦਾ ਚੰਗਾ ਪੁੱਤਰ ਬਣਨ ਦਾ ਜਤਨ ਕਰਿਆ ਕਰ-ਇਹ ਸਿੰਙ ਵਜਾਇਆ ਕਰ ॥੧੦॥
ਹੇ ਖ਼ੁਦਾ ਦੇ ਬੰਦੇ! ਹੱਕ ਦੀ ਕਮਾਈ ਕਰਿਆ ਕਰ-ਇਹ ਹੈ 'ਹਲਾਲ', ਇਹ, ਖਾਣਾ ਖਾਇਆ ਕਰ।
(ਦਿਲ ਵਿਚੋਂ ਵਿਤਕਰੇ ਕੱਢ ਕੇ) ਦਿਲ ਨੂੰ ਦਰੀਆ ਬਣਾਣ ਦਾ ਜਤਨ ਕਰ, (ਇਸ ਤਰ੍ਹਾਂ) ਦਿਲ ਦੀ (ਵਿਕਾਰਾਂ ਦੀ) ਮੈਲ ਧੋਇਆ ਕਰ।
ਹੇ ਅੱਲਾ ਦੇ ਬੰਦੇ! ਜਿਹੜਾ ਮਨੁੱਖ ਆਪਣੇ ਗੁਰੂ-ਪੀਰ (ਦੇ ਹੁਕਮ) ਨੂੰ ਪਛਾਣਦਾ ਹੈ, ਉਹ ਬਹਿਸ਼ਤ ਦਾ ਹੱਕਦਾਰ ਬਣ ਜਾਂਦਾ ਹੈ, ਅਜ਼ਰਾਈਲ ਉਸ ਨੂੰ ਦੋਜ਼ਕ ਵਿਚ ਨਹੀਂ ਸੁੱਟਦਾ ॥੧੧॥
ਹੇ ਖ਼ੁਦਾ ਦੇ ਬੰਦੇ! ਆਪਣੇ ਇਸ ਸਰੀਰ ਨੂੰ, ਜਿਸ ਦੀ ਰਾਹੀਂ ਸਦਾ ਚੰਗੇ ਮੰਦੇ ਕਰਮ ਕੀਤੇ ਜਾਂਦੇ ਹਨ ਆਪਣੀ ਵਫ਼ਾਦਾਰ ਔਰਤ (ਪਤਿਬ੍ਰਤਾ ਇਸਤ੍ਰੀ) ਬਣਾ,
(ਤੇ, ਵਿਕਾਰਾਂ ਦੇ ਰੰਗ-ਤਮਾਸ਼ੇ ਮਾਣਨ ਦੇ ਥਾਂ, ਇਸ ਪਤਿਬ੍ਰਤਾ ਇਸਤ੍ਰੀ ਦੀ ਰਾਹੀਂ) ਰੱਬੀ ਮਿਲਾਪ ਦੇ ਰੰਗ-ਤਮਾਸ਼ੇ ਮਾਣਿਆ ਕਰ।
ਹੇ ਅੱਲਾ ਦੇ ਬੰਦੇ! (ਵਿਕਾਰਾਂ ਵਿਚ) ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ ਜਤਨ ਕਰ-ਇਹੀ ਹੈ ਰੱਬੀ ਮਿਲਾਪ ਪੈਦਾ ਕਰਨ ਵਾਲੀ ਸ਼ਰਹ ਦੀ ਕਿਤਾਬ। (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ-ਇਹ (ਲੋਕ ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ ॥੧੨॥
ਹੇ ਖ਼ੁਦਾ ਦੇ ਬੰਦੇ! (ਅਸਲ) ਮੁਸਲਮਾਨ ਉਹ ਹੈ ਜੋ ਮੋਮ ਵਰਗੇ ਨਰਮ ਦਿਲ ਵਾਲਾ ਹੁੰਦਾ ਹੈ,
ਅਤੇ ਜੋ ਆਪਣੇ ਦਿਲ ਤੋਂ ਅੰਦਰਲੀ (ਵਿਕਾਰਾਂ ਦੀ) ਮੈਲ ਧੋ ਦੇਂਦਾ ਹੈ।
(ਉਹ ਮੁਸਲਮਾਨ) ਦੁਨੀਆ ਦੇ ਰੰਗ-ਤਮਾਸ਼ਿਆਂ ਦੇ ਨੇੜੇ ਨਹੀਂ ਢੁਕਦਾ (ਜੋ ਇਉਂ ਪਵਿੱਤਰ ਰਹਿੰਦਾ ਹੈ) ਜਿਵੇਂ ਫੁੱਲ ਰੇਸ਼ਮ ਘਿਉ ਅਤੇ ਮ੍ਰਿਗਛਾਲਾ ਪਵਿੱਤਰ (ਰਹਿੰਦੇ ਹਨ) ॥੧੩॥
ਹੇ ਖ਼ੁਦਾ ਦੇ ਬੰਦੇ! ਜਿਸ ਮਨੁੱਖ ਉੱਤੇ ਮਿਹਰਵਾਨ (ਮੌਲਾ) ਦੀ ਹਰ ਵੇਲੇ ਮਿਹਰ ਰਹਿੰਦੀ ਹੈ,
(ਵਿਕਾਰਾਂ ਦੇ ਟਾਕਰੇ ਤੇ) ਉਹੀ ਮਨੁੱਖ ਸੂਰਮਾ ਮਰਦ (ਸਾਬਤ ਹੁੰਦਾ) ਹੈ।
ਉਹੀ ਹੈ (ਅਸਲ) ਸ਼ੇਖ਼ ਮਸਾਇਕ ਤੇ ਹਾਜੀ, ਉਹੀ ਹੈ (ਅਸਲ) ਖ਼ੁਦਾ ਦਾ ਬੰਦਾ ਜਿਸ ਉੱਤੇ ਖ਼ੁਦਾ ਦੀ ਮਿਹਰ ਦੀ ਨਿਗਾਹ ਰਹਿੰਦੀ ਹੈ ॥੧੪॥
ਹੇ ਨਾਨਕ! ਹੇ ਖ਼ੁਦਾ ਦੇ ਬੰਦੇ! ਕਾਦਰ ਦੀ ਕੁਦਰਤਿ ਨੂੰ, ਬਖ਼ਸ਼ਿੰਦ ਮਾਲਕ ਦੇ ਰਚੇ ਜਗਤ ਨੂੰ,
ਬੇਅੰਤ ਡੂੰਘੇ ਰਹਿਮ-ਦਿਲ ਖ਼ੁਦਾ ਦੀ ਮੁਹੱਬਤ ਤੇ ਸਿਫ਼ਤ-ਸਾਲਾਹ ਨੂੰ,
ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਹੁਕਮ ਨੂੰ, ਸਦਾ ਕਾਇਮ ਰਹਿਣ ਵਾਲੇ ਖ਼ੁਦਾ ਨੂੰ ਸਮਝ ਕੇ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹੋ ਜਾਂਦੀ ਹੈ, ਤੇ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੧੫॥੩॥੧੨॥
ਪਰਮਾਤਮਾ ਸਭ ਤੋਂ ਉੱਚੇ (ਆਤਮਕ) ਟਿਕਾਣੇ ਉੱਤੇ ਟਿਕਿਆ ਰਹਿੰਦਾ ਹੈ,
ਉਹ ਆਪ ਹੀ (ਸਭ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ, ਉਹ ਆਪ ਹੀ ਰਚਨਾ ਰਚਦਾ ਹੈ।
ਉਸ ਪਰਮਾਤਮਾ ਦਾ ਆਸਰਾ ਲਿਆਂ ਆਤਮਕ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ, ਮਾਇਆ ਦੇ ਮੋਹ ਦਾ ਡਰ ਰਤਾ ਵੀ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥
ਜਿਸ ਪਰਮਾਤਮਾ ਨੇ (ਜੀਵ ਨੂੰ) ਮਾਂ ਦੇ ਪੇਟ ਦੀ ਅੱਗ ਵਿਚ ਬਚਾਈ ਰੱਖਿਆ,
ਜਿਸ ਨੇ ਮਾਂ ਦੀ ਰੱਤ ਦੇ ਕਿਰਮਾਂ ਵਿਚ (ਜੀਵ ਨੂੰ) ਮਰਨ ਨਾਹ ਦਿੱਤਾ,
ਉਸ ਨੇ (ਤਦੋਂ) ਆਪਣੇ (ਨਾਮ ਦਾ) ਸਿਮਰਨ ਦੇ ਕੇ ਰੱਖਿਆ ਕੀਤੀ। ਉਹ ਪ੍ਰਭੂ ਸਾਰੇ ਜੀਵਾਂ ਦਾ ਮਾਲਕ ਹੈ ॥੨॥
ਜਿਹੜਾ ਮਨੁੱਖ ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ,
ਜਿਹੜਾ ਮਨੁੱਖ ਸਾਧ ਸੰਗਤ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,
ਪਰਮਾਤਮਾ ਉਸ ਦੇ ਸਾਰੀ ਉਮਰ ਦੇ ਦੁੱਖ ਦੂਰ ਕਰ ਦੇਂਦਾ ਹੈ। ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਨੂੰ (ਆਤਮਕ) ਮੌਤ ਦਾ ਡਰ ਨਹੀਂ ਰਹਿ ਜਾਂਦਾ ॥੩॥
ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਉਸ ਦਾ ਸਰੂਪ ਸਹੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਹ ਨੂਰ ਹੀ ਨੂਰ ਹੈ।
ਸਾਰੇ ਜੀਆ-ਜੰਤਾਂ ਨੂੰ ਉਸੇ ਦਾ ਹੀ ਆਸਰਾ ਹੈ।
ਅੰਡਜ ਜੇਰਜ ਸੇਤਜ ਉਤਭੁਜ-ਇਹਨਾਂ ਚੌਹਾਂ ਹੀ ਖਾਣੀਆਂ ਦੇ ਜੀਵਾਂ ਨੂੰ ਉਹ ਕਈ ਤਰੀਕਿਆਂ ਨਾਲ ਪਾਲਣ ਵਾਲਾ ਹੈ ॥੪॥
ਉਸ ਉਸ ਮਨੁੱਖ ਨੂੰ ਹੀ (ਨਾਮ ਦਾ) ਖ਼ਜ਼ਾਨਾ ਮਿਲਦਾ ਹੈ,
ਉਹੀ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਆਪਣੇ ਅੰਦਰ ਮਾਣਦੇ ਹਨ,
ਜਿਨ੍ਹਾਂ ਨੂੰ (ਉਹਨਾਂ ਦਾ) ਹੱਥ ਫੜ ਕੇ (ਪਰਮਾਤਮਾ ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ। ਪਰ, ਅਜਿਹੇ ਕੋਈ ਵਿਰਲੇ ਹੀ ਸੰਤ ਹੁੰਦੇ ਹਨ ॥੫॥