ਪਵਿਤ੍ਰ ਸਰੀਰ ਨਾਲ ਪਵਿਤ੍ਰ ਮਨ ਨਾਲ ਪਿਆਰ ਵਿਚ ਜੁੜ ਕੇ ਉਹ ਪਰਮਾਤਮਾ ਦੀ ਸਿਫ਼ਤਿ ਕਰਦੇ ਹਨ।
ਹੇ ਨਾਨਕ! ਤੂੰ ਭੀ (ਇਸੇ ਤਰ੍ਹਾਂ) ਸਦਾ ਸਦਾ ਉਸ ਪਰਮਾਤਮਾ ਦਾ ਭਜਨ ਕਰ ॥੮॥੨॥
ਉਤਨਾ ਚਿਰ ਮਨ (ਤ੍ਰਿਸ਼ਨਾ ਵਲੋਂ) ਮਰਦਾ ਨਹੀਂ ਤੇ ਉਤਨਾ ਚਿਰ (ਪਰਮਾਤਮਾ ਨਾਲ ਇੱਕ-ਰੂਪ ਹੋਣ ਦਾ) ਜਨਮ-ਮਨੋਰਥ ਭੀ ਸਿਰੇ ਨਹੀਂ ਚੜ੍ਹਦਾ,
ਜਿਤਨਾ ਚਿਰ ਮਨੁੱਖ ਦਾ ਮਨ ਕਾਮਾਦਿਕ ਵਿਕਾਰਾਂ ਦੇ ਵੱਸ ਵਿਚ ਹੈ, ਕੋਝੀ ਮਤਿ ਦੇ ਅਧੀਨ ਹੈ ਅਤੇ ਮੇਰ-ਤੇਰ ਦੇ ਕਾਬੂ ਵਿਚ ਹੈ।
ਜਦੋਂ ਗੁਰੂ ਤੋਂ (ਸਿੱਖਿਆ ਲੈ ਕੇ ਮਨੁੱਖ ਦਾ) ਮਨ (ਸਿਫ਼ਤ-ਸਾਲਾਹ ਵਿਚ) ਗਿੱਝ ਜਾਂਦਾ ਹੈ, ਤਦੋਂ ਇਹ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ ॥੧॥
ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ, ਤੇ, ਉੱਚੇ ਆਤਮਕ ਗੁਣਾਂ ਦੇ ਵੱਸ ਵਿਚ ਹੈ (ਭਾਵ, ਜੋ ਮਨੁੱਖ ਉੱਚੇ ਆਤਮਕ ਗੁਣਾਂ ਨੂੰ ਆਪਣੇ ਅੰਦਰ ਵਸਾਂਦਾ ਹੈ, ਪਰਮਾਤਮਾ ਉਸ ਨਾਲ ਪਿਆਰ ਕਰਦਾ ਹੈ)।
ਜੇਹੜਾ ਮਨੁੱਖ ਆਪਾ-ਭਾਵ ਦੂਰ ਕਰ ਲੈਂਦਾ ਹੈ ਉਹ ਸ਼ੁਭ ਗੁਣਾਂ ਨੂੰ ਆਪਣੇ ਮਨ ਵਿਚ ਵਸਾਂਦਾ ਹੈ ॥੧॥ ਰਹਾਉ ॥
(ਮਾਇਆ-ਵੱਸ ਹੋ ਕੇ ਜਿਤਨਾ ਚਿਰ) ਮਨ ਕੁਰਾਹੇ ਪਿਆ ਰਹਿੰਦਾ ਹੈ, ਉਤਨਾ ਚਿਰ ਇਹ ਵਿਕਾਰ ਹੀ ਵਿਕਾਰ ਚਿਤਵਦਾ ਰਹਿੰਦਾ ਹੈ।
(ਜਿਤਨਾ ਚਿਰ) ਮਨ ਕੁਰਾਹੇ ਪਿਆ ਰਹਿੰਦਾ ਹੈ, (ਮਨੁੱਖ ਦੇ) ਸਿਰ ਉਤੇ ਵਿਕਾਰਾਂ ਦਾ ਬੋਝ ਇਕੱਠਾ ਹੁੰਦਾ ਜਾਂਦਾ ਹੈ।
ਪਰ ਜਦੋਂ (ਗੁਰੂ ਤੋਂ ਸਿੱਖਿਆ ਲੈ ਕੇ) ਮਨ (ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ) ਪਰਚਦਾ ਹੈ, ਤਦੋਂ ਇਹ ਪਰਮਾਤਮਾ ਨਾਲ ਇਕ-ਸੁਰ ਹੋ ਜਾਂਦਾ ਹੈ ॥੨॥
(ਮਾਇਆ ਦੇ ਅਸਰ ਹੇਠ ਆ ਕੇ) ਕੁਰਾਹੇ ਪਿਆ ਮਨ ਮਾਇਆ ਦੇ ਘਰ ਵਿਚ (ਮੁੜ ਮੁੜ) ਜਾਂਦਾ ਹੈ,
ਕਾਮ-ਵਾਸਨਾ ਵਿਚ ਫਸਿਆ ਹੋਇਆ ਮਨ ਟਿਕਾਣੇ-ਸਿਰ ਨਹੀਂ ਰਹਿੰਦਾ।
(ਇਸ ਮਾਇਆ ਦੇ ਪ੍ਰਭਾਵ ਤੋਂ ਬਚਣ ਲਈ) ਹੇ ਪ੍ਰਾਣੀ! ਆਪਣੀ ਜੀਭ ਨੂੰ (ਅੰਮ੍ਰਿਤ ਰਸ ਵਿਚ) ਰਸਾ ਕੇ ਪਰਮਾਤਮਾ ਦਾ ਭਜਨ ਕਰ ॥੩॥
ਵਧੀਆ ਹਾਥੀ, ਵਧੀਆ ਘੋੜੇ, ਸੋਨਾ, ਪੁੱਤਰ, ਇਸਤ੍ਰੀ-(ਇਹਨਾਂ ਦਾ ਮੋਹ ਜੂਏ ਦੀ ਖੇਡ ਹੈ।)
(ਪੁੱਤਰ ਇਸਤ੍ਰੀ ਆਦਿਕ ਦੇ ਮੋਹ ਦੇ ਕਾਰਨ) ਮਨ ਨੂੰ ਬਹੁਤ ਚਿੰਤਾ ਵਿਆਪਦੀ ਹੈ, ਤੇ, ਆਖ਼ਿਰ ਇਸ ਜਗਤ-ਅਖਾੜੇ ਤੋਂ ਮਨੁੱਖ ਬਾਜ਼ੀ ਹਾਰ ਕੇ ਜਾਂਦਾ ਹੈ।
(ਜਿਵੇਂ) ਜੂਏ ਦੀ ਖੇਡ (ਚਉਪੜ ਦੀਆਂ) ਕੱਚੀਆਂ ਨਰਦਾਂ (ਮੁੜ ਮੁੜ ਮਾਰ ਖਾਂਦੀਆਂ ਹਨ, ਤਿਵੇਂ ਇਸ ਜੂਏ ਦੀ ਖੇਡ ਖੇਡਣ ਵਾਲੇ ਦਾ ਮਨ ਕਮਜ਼ੋਰ ਰਹਿ ਕੇ ਵਿਕਾਰਾਂ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ) ॥੪॥
ਜਿਉਂ ਜਿਉਂ ਮਨੁੱਖ ਧਨ ਜੋੜਦਾ ਹੈ ਮਨ ਵਿਚ ਵਿਕਾਰ ਪੈਦਾ ਹੁੰਦੇ ਜਾਂਦੇ ਹਨ,
(ਕਦੇ ਖ਼ੁਸ਼ੀ ਕਦੇ ਚਿੰਤਾ) ਇਹ ਖ਼ੁਸ਼ੀ ਤੇ ਸਹਮ ਸਦਾ ਮਨੁੱਖ ਦੇ ਬੂਹੇ ਉਤੇ ਖਲੋਤੇ ਹੀ ਰਹਿੰਦੇ ਹਨ।
ਪਰ ਹਿਰਦੇ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮਨ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ॥੫॥
(ਪਰ ਜੀਵ ਦੇ ਕੀਹ ਵੱਸ?) ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਗੁਰੂ ਇਸ ਨੂੰ ਆਪਣੇ ਸ਼ਬਦ ਵਿਚ ਜੋੜ ਕੇ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ।
(ਗੁਰੂ ਦੇ ਸਨਮੁਖ ਹੋ ਕੇ) ਜੀਵ ਆਤਮਕ ਗੁਣ (ਆਪਣੇ ਅੰਦਰ) ਇਕੱਠੇ ਕਰ ਕੇ ਗੁਰ-ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਔਗੁਣ ਸਾੜ ਦੇਂਦਾ ਹੈ।
ਗੁਰੂ ਦੇ ਸਨਮੁਖ ਹੋ ਕੇ ਮਨੁੱਖ ਨਾਮ-ਧਨ ਲੱਭ ਲੈਂਦਾ ਹੈ ॥੬॥
ਪ੍ਰਭੂ ਦੇ ਨਾਮ ਵਿਚ ਜੁੜਨ ਤੋਂ ਬਿਨਾ ਮਨੁੱਖ ਦੇ ਮਨ ਵਿਚ ਸਾਰੇ ਦੁੱਖ-ਕਲੇਸ਼ਾਂ ਦਾ ਡੇਰਾ ਆ ਲੱਗਦਾ ਹੈ,
ਮੂਰਖ ਮਨਮੁਖ ਦੇ ਚਿੱਤ ਦਾ ਵਾਸਾ ਮਾਇਆ (ਦੇ ਮੋਹ) ਵਿਚ ਹੀ ਰਹਿੰਦਾ ਹੈ।
ਧੁਰੋਂ ਪਰਮਾਤਮਾ ਦੀ ਮਿਹਰ ਨਾਲ (ਜਿਸ ਦੇ ਮੱਥੇ ਉਤੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ) ਲੇਖ ਉੱਘੜਦਾ ਹੈ, ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ॥੭॥
(ਆਤਮਕ ਗੁਣਾਂ ਤੋਂ ਸੱਖਣਾ) ਮਨ ਚੰਚਲ ਰਹਿੰਦਾ ਹੈ (ਮਾਇਆ ਦੇ ਪਿੱਛੇ) ਦੌੜਦਾ ਹੈ ਮੁੜ ਮੁੜ ਦੌੜਦਾ ਹੈ।
ਸਦਾ-ਥਿਰ ਰਹਿਣ ਵਾਲੇ ਤੇ (ਵਿਕਾਰਾਂ ਦੀ ਭਿੱਟ ਤੋਂ) ਸੁੱਚੇ ਪਰਮਾਤਮਾ ਨੂੰ (ਮਨੁੱਖ ਦੇ ਮਨ ਦੀ ਇਹ) ਮੈਲ ਚੰਗੀ ਨਹੀਂ ਲੱਗਦੀ (ਇਸ ਵਾਸਤੇ ਇਹ ਪਰਮਾਤਮਾ ਤੋਂ ਵਿਛੁੜਿਆ ਰਹਿੰਦਾ ਹੈ)।
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦੇ ਗੁਣ ਗਾਂਦਾ ਹੈ (ਤੇ ਉਸ ਦਾ ਜਨਮ-ਮਨੋਰਥ ਸਿਰੇ ਚੜ੍ਹ ਜਾਂਦਾ ਹੈ) ॥੮॥੩॥
(ਆਪਣੇ ਮਨ ਦੀ ਅਗਵਾਈ ਵਿਚ ਰਹਿ ਕੇ) ਹਰ ਵੇਲੇ ਆਪਣੇ ਹੀ ਵਡੱਪਣ ਤੇ ਸੁਖ ਦੀਆਂ ਗੱਲਾਂ ਕਰਦਿਆਂ ਸੁਖ ਨਹੀਂ ਮਿਲ ਸਕਦਾ।
ਮਨ ਦੀ ਸਿਆਣਪ ਨਾਸਵੰਤ ਪਦਾਰਥਾਂ ਵਿਚ (ਜੋੜਦੀ ਹੈ), ਉਹ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ (ਤੇ ਸੁਖ ਦਾ ਸੋਮਾ ਹੈ। 'ਮਨ ਮਤਿ' ਤੇ 'ਪਰਮਾਤਮਾ' ਦਾ ਸੁਭਾਉ ਵੱਖ-ਵੱਖ ਹੈ, ਦੋਹਾਂ ਦਾ ਮੇਲ ਨਹੀਂ।
ਸੁਖ ਕਿਥੋਂ ਆਵੇ?) ਜਿਨ੍ਹਾਂ ਨੂੰ (ਨਾਮ ਵਿਸਾਰ ਕੇ) ਮੇਰ-ਤੇਰ ਚੰਗੀ ਲੱਗਦੀ ਹੈ, ਉਹ ਸਾਰੇ ਖ਼ੁਆਰ ਹੀ ਹੁੰਦੇ ਹਨ।
(ਪਰ ਜੀਵ ਦੇ ਕੀਹ ਵੱਸ?) (ਕੀਤੇ ਕਰਮਾਂ ਅਨੁਸਾਰ ਜੀਵ ਦੇ ਮੱਥੇ ਉਤੇ) ਜੋ ਧੁਰੋਂ ਲੇਖ ਲਿਖਿਆ ਹੁੰਦਾ ਹੈ, ਉਸੇ ਦੇ ਅਨੁਸਾਰ ਇਥੇ ਕਮਾਈ ਕਰਦਾ ਹੈ (ਨਾਮ-ਸਿਮਰਨ ਛੱਡ ਕੇ ਨਾਸਵੰਤ ਪਦਾਰਥਾਂ ਵਿਚੋਂ ਸੁਖ ਭਾਲਣ ਦੇ ਵਿਅਰਥ ਜਤਨ ਕਰਦਾ ਹੈ) ॥੧॥
ਮੈਂ ਵੇਖਿਆ ਹੈ ਕਿ ਜਗਤ ਜੂਏ ਦੀ ਖੇਡ ਖੇਡਦਾ ਹੈ,
ਅਜੇਹੀ (ਖੇਡ ਖੇਡਦਾ ਹੈ ਕਿ) ਸੁਖ ਤਾਂ ਸਾਰੇ ਹੀ ਮੰਗਦਾ ਹੈ, ਪਰ (ਜਿਸ ਨਾਮ ਤੋਂ ਸੁਖ ਮਿਲਦੇ ਹਨ ਉਸ) ਨਾਮ ਨੂੰ ਵਿਸਾਰ ਰਿਹਾ ਹੈ ॥੧॥ ਰਹਾਉ ॥
ਪਰਮਾਤਮਾ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ; ਜੇ ਅੱਖੀਂ ਦਿੱਸੇ, ਤਾਂ ਹੀ (ਉਸ ਨੂੰ ਮਿਲਣ ਦੀ ਖਿੱਚ ਪੈਦਾ ਹੋਵੇ, ਤੇ) ਉਸ ਦਾ ਨਾਮ ਲੈਣ ਨੂੰ ਚਿੱਤ ਕਰੇ।
ਅੱਖੀਂ ਦਿੱਸਣ ਤੋਂ ਬਿਨਾ (ਉਸ ਦੇ ਦੀਦਾਰ ਦੀ ਖਿੱਚ ਨਹੀਂ ਬਣਦੀ ਤੇ ਤਾਂਘ ਨਾਲ) ਉਸ ਦਾ ਨਾਮ ਲਿਆ ਨਹੀਂ ਜਾ ਸਕਦਾ (ਖਿੱਚ ਬਣੀ ਰਹਿੰਦੀ ਹੈ ਦਿੱਸਦੇ ਪਦਾਰਥਾਂ ਨਾਲ)।
ਗੁਰੂ ਦੇ ਸਨਮੁਖ ਰਿਹਾਂ ਮਨੁੱਖ ਦਾ ਮਨ (ਦਿੱਸਦੇ ਪਦਾਰਥਾਂ ਵਲੋਂ ਹਟ ਕੇ) ਅਡੋਲਤਾ ਵਿਚ ਟਿਕਦਾ ਹੈ, ਪ੍ਰਭੂ-ਪ੍ਰੇਮ ਵਿਚ ਲੀਨ ਹੁੰਦਾ ਹੈ ਤੇ ਇਸ ਤਰ੍ਹਾਂ ਅੰਤਰ-ਆਤਮੇ ਉਹ ਪ੍ਰਭੂ ਦਿੱਸ ਪੈਂਦਾ ਹੈ।
ਗੁਰੂ ਦੇ ਸਨਮੁਖ ਮਨੁੱਖ ਦੀ ਸੁਰਤ ਗੁਰੂ ਦੀ ਦੱਸੀ ਸੇਵਾ ਵਿਚ ਜੁੜਦੀ ਹੈ, ਉਸ ਦੀ ਲਿਵ ਇਕ ਪਰਮਾਤਮਾ ਵਿਚ ਲੱਗਦੀ ਹੈ ॥੨॥
(ਪ੍ਰਭੂ ਦਾ ਨਾਮ ਵਿਸਾਰ ਕੇ) ਸੁਖ ਮੰਗਿਆਂ (ਸਗੋਂ) ਬਹੁਤਾ ਦੁੱਖ ਵਧਦਾ ਹੈ,
(ਕਿਉਂਕਿ) ਮਨੁੱਖ ਸਾਰੇ ਵਿਕਾਰਾਂ ਦਾ ਹਾਰ ਪ੍ਰੋ ਕੇ (ਆਪਣੇ ਗਲ ਵਿਚ ਪਾ ਲੈਂਦਾ ਹੈ)।
ਨਾਸਵੰਤ ਪਦਾਰਥਾਂ ਦੇ ਮੋਹ ਵਿਚ ਫਸੇ ਹੋਏ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾ (ਦੁੱਖਾਂ ਤੇ ਵਿਕਾਰਾਂ ਤੋਂ) ਖ਼ਲਾਸੀ ਹਾਸਲ ਨਹੀਂ ਹੁੰਦੀ।
(ਪ੍ਰਭੂ ਦੀ ਇਉਂ ਹੀ ਰਜ਼ਾ ਹੈ) ਉਹ ਕਰਤਾਰ ਆਪ ਹੀ ਸਭ ਕੁਝ ਕਰ ਕੇ ਆਪ ਹੀ ਇਸ ਖੇਡ ਨੂੰ ਵੇਖ ਰਿਹਾ ਹੈ ॥੩॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁਝਾਂਦਾ ਹੈ;
ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ ਉਸ ਦੀ ਮਾਇਕ ਪਦਾਰਥਾਂ ਵਲ ਦੀ ਭਟਕਣਾ ਮੁੱਕ ਜਾਂਦੀ ਹੈ।
ਗੁਰੂ ਦੀ ਸਿੱਖਿਆ ਉਤੇ ਤੁਰ ਕੇ ਉਹ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ।
ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਉਹ ਪਰਮਾਤਮਾ ਦੇ ਗੁਣ ਗਾਂਦਾ ਹੈ (ਤੇ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ) ॥੪॥
(ਉਂਞ ਤਾਂ) ਹਰੇਕ ਸਰੀਰ ਵਿਚ ਸਦਾ-ਥਿਰ ਪ੍ਰਭੂ ਵੱਸਦਾ ਹੈ, ਪਰ ਗੁਰੂ ਦੀ ਸਰਨ ਪਿਆਂ ਹੀ ਉਸ ਦੇ ਨਾਲ ਪ੍ਰੇਮ ਜਾਗਦਾ ਹੈ (ਤੇ ਮਨੁੱਖ ਨਾਮ ਸਿਮਰਦਾ ਹੈ।)
ਨਾਮ ਤੋਂ ਬਿਨਾ ਮਨ ਇੱਕ ਟਿਕਾਣੇ ਉਤੇ ਆ ਹੀ ਨਹੀਂ ਸਕਦਾ।
ਪ੍ਰੀਤਮ ਪ੍ਰਭੂ ਭੀ ਪ੍ਰੇਮ ਦੇ ਅਧੀਨ ਹੈ (ਜੇਹੜਾ ਉਸ ਨਾਲ ਪ੍ਰੇਮ ਕਰਦਾ ਹੈ),
ਪ੍ਰਭੂ ਉਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ ਤੇ ਉਹ ਉਸ ਦੇ ਨਾਮ ਦੀ ਕਦਰ ਸਮਝਦਾ ਹੈ ॥੫॥
ਮਾਇਆ ਦਾ ਮੋਹ ਸਾਰੇ (ਮਾਇਕ) ਬੰਧਨ ਪੈਦਾ ਕਰਦਾ ਹੈ।
(ਇਸੇ ਕਰਕੇ) ਮਨ ਦੇ ਮੁਰੀਦ ਮਨੁੱਖ ਦਾ ਜੀਵਨ ਗੰਦਾ ਭੈੜਾ ਤੇ ਡਰਾਉਣਾ ਬਣ ਜਾਂਦਾ ਹੈ।
ਜੇਹੜਾ ਮਨੁੱਖ ਗੁਰੂ ਦਾ ਦੱਸਿਆ ਰਸਤਾ ਫੜਦਾ ਹੈ, ਉਸ ਦੇ ਮਾਇਆ ਵਾਲੇ ਬੰਧਨ ਟੁੱਟ ਜਾਂਦੇ ਹਨ।
ਉਹ ਆਤਮਕ ਜੀਵਨ ਦੇਣ ਵਾਲਾ ਨਾਮ ਜਪਦਾ ਹੈ, ਤੇ ਸਦਾ ਹੀ ਆਤਮਕ ਆਨੰਦ ਆਪਣੇ ਅੰਦਰ ਮਾਣਦਾ ਹੈ ॥੬॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਨਾਮ ਦੀ ਕਦਰ) ਸਮਝਦਾ ਹੈ, ਇਕ ਪਰਮਾਤਮਾ ਵਿਚ ਸੁਰਤ ਜੋੜਦਾ ਹੈ,
ਆਪਣੇ ਸ੍ਵੈ ਸਰੂਪ ਵਿਚ ਟਿਕਿਆ ਰਹਿੰਦਾ ਹੈ, ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਲੀਨ ਰਹਿੰਦਾ ਹੈ।
ਉਹ ਆਪਣਾ ਜਨਮ ਮਰਨ ਦਾ ਗੇੜ ਰੋਕ ਲੈਂਦਾ ਹੈ।
ਪਰ ਇਹ ਅਕਲ ਉਹ ਪੂਰੇ ਗੁਰੂ ਤੋਂ ਹੀ ਪ੍ਰਾਪਤ ਕਰਦਾ ਹੈ ॥੭॥
ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਮੈਂ ਉਸ ਦੇ ਗੁਣ ਗਾਂਦਾ ਹਾਂ।