ਖੋਜ ਕਰਦਿਆਂ ਕਰਦਿਆਂ (ਅਸਾਂ) ਇਹੀ ਵਿਚਾਰ ਕੀਤੀ ਹੈ ਕਿ ਪਰਮਾਤਮਾ ਦਾ ਨਾਮ (ਹੀ) ਸਾਰੇ ਸੁਖ ਦੇਣ ਵਾਲਾ ਹੈ।
ਪਰ ਨਾਨਕ ਆਖਦਾ ਹੈ- ਇਹ ਹਰਿ-ਨਾਮ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉਤੇ (ਹਰਿ-ਨਾਮ ਦੀ ਪ੍ਰਾਪਤੀ ਦਾ) ਲੇਖ (ਜਾਗਦਾ) ਹੈ ॥੪॥੧੧॥
ਆਓ, ਅਸੀਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹੀਏ।
(ਗੁਣ ਗਾਣ ਦੀ ਬਰਕਤਿ ਨਾਲ) ਆਓ, ਸਾਰੇ ਪਦਾਰਥ, ਸਾਰੇ ਸੁਖ, ਸਾਰੀਆਂ ਸਿੱਧੀਆਂ, ਸਾਰੇ ਮਨ-ਮੰਗੇ ਫਲ ਹਾਸਲ ਕਰੀਏ ॥੧॥ ਰਹਾਉ ॥
ਹੇ ਸੰਤ ਜਨੋ! ਆਓ, ਅਸੀਂ ਪ੍ਰਾਣ-ਦਾਤੇ ਸੁਖ-ਦਾਤੇ ਅਬਿਨਾਸੀ ਪ੍ਰਭੂ (ਦਾ ਨਾਮ) ਸਿਮਰੀਏ।
ਉਹ ਪ੍ਰਭੂ ਨਿਖਸਮਿਆਂ ਦਾ ਖਸਮ ਹੈ, ਉਹ ਪ੍ਰਭੂ ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ ਪ੍ਰਭੂ ਸਭ ਥਾਈਂ ਵਿਆਪਕ ਹੈ, ਉਹ ਪ੍ਰਭੂ ਸਾਰੇ ਸਰੀਰਾਂ ਵਿਚ ਮੌਜੂਦ ਹੈ ॥੧॥
ਹੇ ਸੰਤ ਜਨੋ! ਪਰਮਾਤਮਾ ਦੇ ਗੁਣ ਸਰਧਾ ਨਾਲ ਗਾਂਦਿਆਂ ਸੁਣਦਿਆਂ ਸੁਣਾਂਦਿਆਂ ਪਰਮਾਤਮਾ ਦਾ ਨਾਮ-ਰਸ ਪੀ ਕੇ ਵੱਡੇ ਭਾਗਾਂ ਵਾਲੇ ਬਣ ਜਾਈਦਾ ਹੈ।
ਹੇ ਸੰਤ ਜਨੋ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਕੇ (ਵਿਕਾਰਾਂ ਦੇ ਹੱਲਿਆਂ ਵੱਲੋਂ ਸਦਾ) ਸੁਚੇਤ ਰਹਿੰਦੇ ਹਨ, ਉਹਨਾਂ ਦੇ ਸਰੀਰ ਵਿਚੋਂ ਸਾਰੇ ਝਗੜੇ ਸਾਰੇ ਦੁੱਖ ਮਿਟ ਜਾਂਦੇ ਹਨ ॥੨॥
ਹੇ ਸੰਤ ਜਨੋ! ਕਾਮ ਕ੍ਰੋਧ ਝੂਠ ਨਿੰਦਿਆ ਛੱਡ ਕੇ ਪਰਮਾਤਮਾ ਦਾ ਨਾਮ ਸਿਮਰਨ ਦੀ ਰਾਹੀਂ (ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦੀਆਂ ਸਾਰੀਆਂ) ਫਾਹੀਆਂ ਟੁੱਟ ਜਾਂਦੀਆਂ ਹਨ।
ਮੋਹ ਵਿਚ ਡੁੱਬੇ ਰਹਿਣਾ, ਹਉਮੈ ਵਿਚ ਅੰਨ੍ਹੇ ਹੋਏ ਰਹਿਣਾ, ਮਾਇਆ ਦੇ ਕਬਜ਼ੇ ਦੀ ਲਾਲਸਾ-ਇਹ ਸਾਰੇ ਗੁਰੂ ਦੀ ਕਿਰਪਾ ਨਾਲ (ਮਨੁੱਖ ਦੇ ਅੰਦਰੋਂ) ਖ਼ਤਮ ਹੋ ਜਾਂਦੇ ਹਨ ॥੩॥
ਹੇ ਪਾਰਬ੍ਰਹਮ! ਹੇ ਸੁਆਮੀ! ਤੂੰ ਸਭ ਤਾਕਤਾਂ ਦਾ ਮਾਲਕ ਹੈਂ (ਮੇਰੇ ਉਤੇ) ਮਿਹਰ ਕਰ (ਮੈਨੂੰ ਆਪਣਾ ਨਾਮ ਸਿਮਰਨ ਦਾ ਖੈਰ ਪਾ, ਮੈਂ) ਤੇਰਾ ਦਾਸ ਹਾਂ।
ਹੇ ਨਾਨਕ! ਮਾਲਕ-ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ, ਉਹ ਪ੍ਰਭੂ ਸਭ ਦੇ ਨੇੜੇ ਵੱਸਦਾ ਹੈ ॥੪॥੧੨॥
(ਮੈਂ ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ,
ਜਿਸ ਦਾ ਉਪਦੇਸ਼ ਅਸਾਂ ਜੀਵਾਂ ਦੀ ਉੱਚੀ ਆਤਮਕ ਦਸ਼ਾ ਬਣਾ ਦੇਂਦਾ ਹੈ ॥੧॥ ਰਹਾਉ ॥
ਜਿਹੜਾ ਮਨੁੱਖ ਹਰੀ ਦੇ ਸੰਤ ਗੁਰਦੇਵ ਦੀ ਸਰਨ ਪੈਂਦਾ ਹੈ, ਉਸ ਦੇ ਸਾਰੇ ਦੁੱਖ ਸਾਰੇ ਰੋਗ ਸਾਰੇ ਡਰ ਨਾਸ ਹੋ ਜਾਂਦੇ ਹਨ।
ਉਹ ਮਨੁੱਖ ਵੱਡੀ ਸਮਰਥਾ ਵਾਲੇ ਹਰੀ ਦਾ ਸਭ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ-ਜੋਗ ਹਰੀ ਦਾ ਨਾਮ ਆਪ ਜਪਦਾ ਹੈ ਅਤੇ ਹੋਰਨਾਂ ਪਾਸੋਂ ਜਪਾਂਦਾ ਹੈ ॥੧॥
(ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ) ਜਿਸ ਦਾ ਉਪਦੇਸ਼ ਮਨੁੱਖ ਦਾ ਸਹਮ ਦੂਰ ਕਰ ਦੇਂਦਾ ਹੈ ਜਿਹੜਾ ਗੁਰੂ ਆਤਮਕ ਜੀਵਨ ਤੋਂ ਸੱਖਣੇ ਮਨੁੱਖਾਂ ਨੂੰ ਨਕਾ-ਨਕ ਭਰ ਦੇਂਦਾ ਹੈ।
ਜਿਹੜੇ ਮਨੁੱਖ ਹਰੀ ਦੇ ਦਾਸਾਂ ਦੀ ਰਜ਼ਾ ਵਿਚ ਤੁਰਦੇ ਹਨ, ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ ॥੨॥
ਸੰਤ ਜਨਾਂ ਦੀ ਸੇਵਾ ਕਰਦਿਆਂ ਪਰਮਾਤਮਾ ਦੇ ਗੁਣ ਗਾਂਦਿਆਂ (ਗੁਰੂ) ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਕੱਟ ਦੇਂਦਾ ਹੈ।
(ਗੁਰੂ ਦੀ ਮਿਹਰ ਨਾਲ) ਜਿਸ ਮਨੁੱਖ ਉੱਤੇ ਮਾਇਆ ਤੋਂ ਨਿਰਲੇਪ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਮਨੁੱਖ ਨੇ ਸਦਾ ਜਵਾਨ ਰਹਿਣ ਵਾਲੇ (ਜਰਾ-ਰਹਿਤ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ ॥੩॥
ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ-ਰਸ ਨਾਲ ਰੱਜ ਜਾਂਦੇ ਹਨ, ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੇ ਹਨ (ਉਹਨਾਂ ਦੀ ਉੱਚੀ ਆਤਮਕ ਅਵਸਥਾ) ਮੂੰਹੋਂ ਬਿਆਨ ਨਹੀਂ ਕੀਤੀ ਜਾ ਸਕਦੀ।
ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਸੰਤੋਖੀ ਜੀਵਨ ਵਾਲੇ ਹੋ ਜਾਂਦੇ ਹਨ, ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੪॥੧੩॥
(ਹੇ ਭੈਣ!) ਮੈਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਸਿਫ਼ਤ-ਸਾਲਾਹ ਦੇ ਗੀਤ ਗਾ ਰਹੀ ਹਾਂ।
(ਜਿੰਦ ਵਾਸਤੇ ਉਹ) ਭਲੇ ਸਬਬ ਹੁੰਦੇ ਹਨ, ਭਾਗਾਂ ਵਾਲੇ ਦਿਨ ਹੁੰਦੇ ਹਨ, ਸੋਹਣੇ ਸਮੇ ਹੁੰਦੇ ਹਨ, ਜਦੋਂ (ਕੋਈ ਜਿੰਦ) ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਖ਼ੁਸ਼ ਕਰ ਲਏ ॥੧॥ ਰਹਾਉ ॥
ਹੇ ਭੈਣ! ਮੇਰਾ ਮੱਥਾ ਹੁਣ ਸੰਤਾਂ ਦੇ ਚਰਨਾਂ ਤੇ ਹੈ,
ਮੇਰੇ ਮੱਥੇ ਉਤੇ ਸੰਤਾਂ ਨੇ ਆਪਣੇ ਹੱਥ ਰੱਖੇ ਹਨ-(ਮੇਰੇ ਵਾਸਤੇ ਇਹ ਬੜਾ ਹੀ ਸੁਭਾਗ ਸਮਾ ਹੈ) ॥੧॥
ਗੁਰੂ ਦਾ ਉਪਦੇਸ਼ ਮੇਰੇ ਅੰਞਾਣ ਮਨ ਵਿਚ ਆ ਵੱਸਿਆ ਹੈ,
ਉਸ ਦੀ ਬਰਕਤਿ ਨਾਲ (ਮੇਰੇ ਅੰਦਰੋਂ) ਮਾਇਆ ਦੇ ਤਿੰਨਾਂ ਹੀ ਗੁਣਾਂ ਦਾ ਪ੍ਰਭਾਵ ਦੂਰ ਹੋ ਗਿਆ ਹੈ ॥੨॥
ਸੰਤ ਜਨਾਂ ਦਾ ਦਰਸਨ ਕਰ ਕੇ ਮੇਰੀਆਂ ਅੱਖਾਂ ਵਿਚ (ਅਜਿਹਾ) ਪ੍ਰੇਮ ਪੈਦਾ ਹੋ ਗਿਆ ਹੈ,
ਕਿ ਲੋਭ ਮੋਹ ਭਟਕਣਾ ਦਾ ਸਾਥ (ਮੇਰੇ ਅੰਦਰੋਂ) ਮੁੱਕ ਗਿਆ ਹੈ ॥੩॥
ਨਾਨਕ ਆਖਦਾ ਹੈ- (ਹੁਣ ਮੇਰੇ ਅੰਦਰ) ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਪਏ ਹਨ।
(ਮੇਰੇ ਅੰਦਰੋਂ ਹਉਮੈ ਦੀ) ਕੰਧ ਤੋੜ ਕੇ ਸਭ ਤੋਂ ਉੱਚੇ ਆਨੰਦ ਦੇ ਮਾਲਕ-ਪ੍ਰਭੂ ਜੀ ਮੈਨੂੰ ਮਿਲ ਪਏ ਹਨ ॥੪॥੧੪॥
ਰਾਗ ਸਾਰੰਗ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਵੀਰ! ਮੈਂ ਆਪਣੇ ਦਿਲ ਦੀ ਪੀੜ ਕਿਵੇਂ ਬਿਆਨ ਕਰਾਂ? (ਬਿਆਨ ਕਰ ਨਹੀਂ ਸਕਦੀ)।
ਮੇਰੇ ਅੰਦਰ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਪ੍ਰਭੂ ਦੀ ਪ੍ਰੀਤ ਹੈ ਉਸ ਦੇ ਦਰਸਨ ਦੀ ਤਾਂਘ ਹੈ (ਦਰਸਨ ਤੋਂ ਬਿਨਾ ਮੇਰਾ) ਮਨ ਧੀਰਜ ਨਹੀਂ ਕਰਦਾ, (ਮੇਰਾ ਅੰਦਰ) ਕਈ ਤਰੀਕਿਆਂ ਨਾਲ ਉਮੰਗ ਉਠ ਰਹੀ ਹੈ ॥੧॥ ਰਹਾਉ ॥