ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ! ਤੇਰੇ ਉੱਚੇ ਮੰਦਰ ਹਨ, ਤੇਰੇ ਮਹਲ ਐਸੈ ਹਨ ਕਿ ਉਹਨਾਂ ਦਾ ਪਾਰਲਾ ਬੰਨਾ ਨਹੀਂ ਦਿੱਸਦਾ।
ਹੇ ਮੋਹਨ! ਤੇਰੇ ਦਰ ਤੇ ਤੇਰੇ ਧਰਮ-ਅਸਥਾਨਾਂ ਵਿਚ, ਤੇਰੇ ਸੰਤ ਜਨ (ਬੈਠੇ) ਸੋਹਣੇ ਲੱਗ ਰਹੇ ਹਨ।
ਹੇ ਬੇਅੰਤ ਪ੍ਰਭੂ! ਹੇ ਦਇਆਲ ਪ੍ਰਭੂ! ਹੇ ਠਾਕੁਰ! ਤੇਰੇ ਧਰਮ-ਅਸਥਾਨਾਂ ਵਿਚ, ਤੇਰੇ ਸੰਤ ਜਨ ਸਦਾ ਤੇਰਾ ਕੀਰਤਨ ਗਾਂਦੇ ਹਨ।
(ਹੇ ਮੋਹਨ!) ਜਿਥੇ ਭੀ ਸਾਧ ਸੰਤ ਇਕੱਠੇ ਹੁੰਦੇ ਹਨ ਉਥੇ ਤੈਨੂੰ ਹੀ ਧਿਆਉਂਦੇ ਹਨ।
ਹੇ ਦਇਆ ਦੇ ਘਰ ਮੋਹਨ! ਹੇ ਸਭ ਦੇ ਮਾਲਕ ਮੋਹਨ! ਤੂੰ ਦਇਆ ਕਰ ਕੇ ਤਰਸ ਕਰ ਕੇ ਗਰੀਬਾਂ ਅਨਾਥਾਂ ਉਤੇ ਕਿਰਪਾਲ ਹੁੰਦਾ ਹੈਂ।
(ਹੇ ਮੋਹਨ!) ਨਾਨਕ ਬੇਨਤੀ ਕਰਦਾ ਹੈ-ਤੇਰੇ ਦਰਸ਼ਨ ਦੇ ਪਿਆਸੇ (ਤੇਰੇ ਸੰਤ ਜਨ) ਤੈਨੂੰ ਮਿਲ ਕੇ ਤੇਰੇ ਦਰਸਨ ਦਾ ਸੁਖ ਮਾਣਦੇ ਹਨ ॥੧॥
ਹੇ ਮੋਹਨ! ਤੇਰੀ ਸਿਫ਼ਤ-ਸਾਲਾਹ ਦੇ ਬਚਨ ਸੋਹਣੇ ਲੱਗਦੇ ਹਨ, ਤੇਰੀ ਚਾਲ (ਜਗਤ ਦੇ ਜੀਵਾਂ ਦੀ ਚਾਲ ਨਾਲੋਂ) ਵੱਖਰੀ ਹੈ।
ਹੇ ਮੋਹਨ ਜੀ! (ਸਾਰੇ ਜੀਵ) ਸਿਰਫ਼ ਤੈਨੂੰ ਹੀ (ਸਦਾ ਕਾਇਮ ਰਹਿਣ ਵਾਲਾ) ਮੰਨਦੇ ਹਨ, ਹੋਰ ਸਾਰੀ ਸ੍ਰਿਸ਼ਟੀ ਨਾਸ-ਵੰਤ ਹੈ।
ਹੇ ਮੋਹਨ! ਸਿਰਫ਼ ਤੈਨੂੰ ਇਕ ਨੂੰ (ਅਸਥਿਰ) ਮੰਨਦੇ ਹਨ-ਸਿਰਫ਼ ਤੈਨੂੰ-ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਤੂੰ ਸਭ ਦਾ ਪਾਲਣਹਾਰ ਹੈਂ, ਤੇ ਜਿਸ ਤੈਂ ਨੇ ਸਾਰੀ ਸ੍ਰਿਸ਼ਟੀ ਵਿਚ ਆਪਣੀ ਸੱਤਾ ਵਰਤਾਈ ਹੋਈ ਹੈ।
ਹੇ ਮੋਹਨ! ਤੈਨੂੰ (ਤੇਰੇ ਭਗਤਾਂ ਨੇ) ਗੁਰੂ ਦੇ ਬਚਨ ਦੀ ਰਾਹੀਂ (ਪਿਆਰ-) ਵੱਸ ਕੀਤਾ ਹੋਇਆ ਹੈ, ਤੂੰ ਸਭ ਦਾ ਮੁੱਢ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਸਾਰੇ ਜਗਤ ਦਾ ਮਾਲਕ ਹੈਂ।
ਹੇ ਮੋਹਨ! (ਸਾਰੇ ਜੀਵਾਂ ਵਿਚ ਮੌਜੂਦ ਹੋਣ ਕਰਕੇ) ਤੂੰ ਆਪ ਹੀ (ਉਮਰ ਭੋਗ ਕੇ ਜਗਤ ਤੋਂ) ਚਲਾ ਜਾਂਦਾ ਹੈਂ, ਫਿਰ ਭੀ ਤੂੰ ਹੀ ਆਪ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਜਗਤ ਵਿਚ ਆਪਣੀ ਸੱਤਾ ਵਰਤਾਈ ਹੋਈ ਹੈ।
ਨਾਨਕ ਬੇਨਤੀ ਕਰਦਾ ਹੈ-(ਆਪਣੇ ਸੇਵਕਾਂ ਦੀ ਤੂੰ ਆਪ ਹੀ) ਲਾਜ ਰੱਖਦਾ ਹੈਂ, ਸਾਰੇ ਸੇਵਕ-ਭਗਤ ਤੇਰੀ ਸਰਨ ਪੈਂਦੇ ਹਨ ॥੨॥
ਹੇ ਮੋਹਨ ਪ੍ਰਭੂ! ਤੈਨੂੰ ਸਾਧ ਸੰਗਤਿ ਧਿਆਉਂਦੀ ਹੈ, ਤੇਰੇ ਦਰਸਨ ਦਾ ਧਿਆਨ ਧਰਦੀ ਹੈ।
ਹੇ ਮੋਹਨ ਪ੍ਰਭੂ! ਜੇਹੜੇ ਜੀਵ ਤੈਨੂੰ ਜਪਦੇ ਹਨ, ਅੰਤ ਵੇਲੇ ਮੌਤ ਦਾ ਸਹਮ ਉਹਨਾਂ ਦੇ ਨੇੜੇ ਨਹੀਂ ਢੁਕਦਾ।
ਜੇਹੜੇ ਤੈਨੂੰ ਇਕਾਗਰ ਮਨ ਨਾਲ ਧਿਆਉਂਦੇ ਹਨ, ਮੌਤ ਦਾ ਸਹਮ ਉਹਨਾਂ ਨੂੰ ਪੋਹ ਨਹੀਂ ਸਕਦਾ (ਆਤਮਕ ਮੌਤ ਉਹਨਾਂ ਉਤੇ ਪ੍ਰਭਾਵ ਨਹੀਂ ਪਾ ਸਕਦੀ)।
ਜੇਹੜੇ ਮਨੁੱਖ ਆਪਣੇ ਮਨ ਦੀ ਰਾਹੀਂ, ਉਹ ਆਪਣੇ ਬੋਲ ਦੀ ਰਾਹੀਂ, ਆਪਣੇ ਕਰਮ ਦੀ ਰਾਹੀਂ, ਤੈਨੂੰ ਯਾਦ ਕਰਦੇ ਰਹਿੰਦੇ ਹਨ, ਉਹ ਸਾਰੇ (ਮਨ-ਇੱਛਤ) ਫਲ ਪ੍ਰਾਪਤ ਕਰ ਲੈਂਦੇ ਹਨ।
ਹੇ ਸਰਬ-ਵਿਆਪਕ! ਹੇ ਭਗਵਾਨ! ਉਹ ਮਨੁੱਖ ਭੀ ਤੇਰਾ ਦਰਸਨ ਕਰ ਕੇ ਉੱਚੀ ਸੂਝ ਵਾਲੇ ਹੋ ਜਾਂਦੇ ਹਨ ਜੋ (ਪਹਿਲਾਂ) ਗੰਦੇ-ਕੁਕਰਮੀ ਤੇ ਮਹਾ ਮੂਰਖ ਹੁੰਦੇ ਹਨ।
ਨਾਨਕ ਬੇਨਤੀ ਕਰਦਾ ਹੈ-ਹੇ ਮੋਹਨ! ਤੇਰਾ ਰਾਜ ਸਦਾ ਕਾਇਮ ਰਹਿਣ ਵਾਲਾ ਹੈ ॥੩॥
ਹੇ ਮੋਹਨ ਪ੍ਰਭੂ! ਤੂੰ ਬੜਾ ਸੋਹਣਾ ਫਲਿਆ ਹੋਇਆ ਹੈਂ, ਤੂੰ ਬੜੇ ਵੱਡੇ ਪਰਵਾਰ ਵਾਲਾ ਹੈਂ।
ਹੇ ਮੋਹਨ ਪ੍ਰਭੂ! ਪੁੱਤਰਾਂ ਭਰਾਵਾਂ ਮਿੱਤਰਾਂ ਵਾਲੇ ਵੱਡੇ ਵੱਡੇ ਟੱਬਰ ਤੂੰ ਸਾਰੇ ਦੇ ਸਾਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈਂ।
ਹੇ ਮੋਹਨ! ਜਿਨ੍ਹਾਂ ਨੇ ਤੇਰਾ ਦਰਸਨ ਕੀਤਾ, ਉਹਨਾਂ ਦੇ ਅੰਦਰੋਂ ਤੂੰ ਅਹੰਕਾਰ ਦੂਰ ਕਰ ਦਿੱਤਾ। ਤੂੰ ਸਾਰੇ ਜਹਾਨ ਨੂੰ ਹੀ ਤਾਰਨ ਦੀ ਸਮਰੱਥਾ ਵਾਲਾ ਹੈਂ।
ਹੇ ਮੋਹਨ! ਜਿਨ੍ਹਾਂ (ਵਡ-ਭਾਗੀਆਂ) ਨੇ ਤੇਰੀ ਸਿਫ਼ਤ-ਸਾਲਾਹ ਕੀਤੀ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ।
ਹੇ ਸਭ ਤੋਂ ਵੱਡੇ! ਸਰਬ-ਵਿਆਪਕ ਪ੍ਰਭੂ! ਤੇਰੇ ਗੁਣ ਬੇਅੰਤ ਹਨ, ਬਿਆਨ ਨਹੀਂ ਕੀਤੇ ਜਾ ਸਕਦੇ।
ਨਾਨਕ ਬੇਨਤੀ ਕਰਦਾ ਹੈ-ਮੈਂ ਤੇਰਾ ਹੀ ਆਸਰਾ ਲਿਆ ਹੈ, ਜਿਸ ਆਸਰੇ ਦੀ ਬਰਕਤਿ ਨਾਲ ਮੈਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ ॥੪॥੨॥
ਸਲੋਕ।
ਹੇ ਨਾਨਕ! ਪਰਮਾਤਮਾ ਦਾ ਨਾਮ ਜਪ, (ਇਸ ਨਾਮ ਤੋਂ) ਮੁੜ ਮੁੜ ਕੁਰਬਾਨ ਹੋ।
ਇਹ ਨਾਮ ਅਣਗਿਣਤ ਵਿਕਾਰੀਆਂ ਨੂੰ ਪਵਿਤ੍ਰ ਕਰ ਦੇਂਦਾ ਹੈ। (ਜਿਵੇਂ) ਅੱਗ (ਘਾਹ ਦੇ) ਤੀਲਿਆਂ ਨੂੰ (ਤਿਵੇਂ ਇਹ ਹਰਿ ਨਾਮ) ਪਾਪਾਂ ਨੂੰ ਸਾੜਨ ਦੀ ਤਾਕਤ ਰੱਖਦਾ ਹੈ ॥੧॥
ਛੰਤ।
ਹੇ ਮੇਰੇ ਮਨ! ਤੂੰ ਰਾਮ ਨਾਰਾਇਣ ਗੋਬਿੰਦ ਹਰੀ ਮਾਧੋ (ਦੇ ਨਾਮ) ਨੂੰ ਜਪ।
ਹੇ ਮੇਰੇ ਮਨ! ਤੂੰ ਮੁਕੰਦ ਮੁਰਾਰੀ ਦਾ ਆਰਾਧਨ ਕਰ। (ਇਸ ਆਰਾਧਨ ਦੀ ਬਰਕਤਿ ਨਾਲ) ਮੌਤ ਤੇ ਦੁੱਖਾਂ ਦੀ ਫਾਹੀ ਕੱਟੀ ਜਾਂਦੀ ਹੈ।
(ਹੇ ਮਨ!) ਉਸ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਰਾਧਨ ਕਰਨਾ ਚਾਹੀਦਾ ਹੈ, ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਜੋ ਗ਼ਰੀਬਾਂ ਦਾ ਸਹਾਰਾ ਹੈ, ਜੋ ਲੱਖਮੀ ਦਾ ਆਸਰਾ ਹੈ।
ਹੇ ਮਨ! ਜਮਾਂ ਦਾ ਔਖਾ ਰਸਤਾ, ਤੇ (ਵਿਕਾਰਾਂ ਦੀ) ਅੱਗ (ਨਾਲ ਭਰਿਆ ਹੋਇਆ ਸੰਸਾਰ-) ਸਮੁੰਦਰ ਰਤਾ ਭਰ ਸਮੇ ਲਈ ਨਾਮ ਸਿਮਰਿਆਂ ਸੋਹਣਾ ਬਣਾ ਲਈਦਾ ਹੈ।
(ਹੇ ਮੇਰੇ ਮਨ!) ਦਿਨ ਰਾਤ ਉਸ ਹਰੀ-ਨਾਮ ਨੂੰ ਸਿਮਰਦਾ ਰਹੁ, ਜੋ ਪਾਪਾਂ ਦਾ ਸਾੜਨ ਵਾਲਾ ਹੈ ਤੇ ਜੋ ਪਵਿਤ੍ਰ ਕਰਨ ਵਾਲਾ ਹੈ।
ਨਾਨਕ ਬੇਨਤੀ ਕਰਦਾ ਹੈ-ਹੇ ਗੋਪਾਲ! ਹੇ ਗੋਬਿੰਦ! ਹੇ ਮਾਧੋ! ਮਿਹਰ ਕਰ (ਕਿ ਮੈਂ ਤੇਰਾ ਨਾਮ ਸਦਾ ਸਿਮਰਦਾ ਰਹਾਂ) ॥੧॥
ਹੇ ਮੇਰੇ ਮਨ! ਉਸ ਪ੍ਰਭੂ-ਪਾਤਿਸ਼ਾਹ ਦਾਮੋਦਰ ਨੂੰ ਸਿਮਰ, ਜੋ ਦੁੱਖਾਂ ਦਾ ਦੂਰ ਕਰਨ ਵਾਲਾ ਹੈ, ਜੋ ਡਰਾਂ ਦਾ ਨਾਸ਼ ਕਰਨ ਵਾਲਾ ਹੈ,
ਜੋ ਲੱਖਮੀ ਦਾ ਖਸਮ ਹੈ, ਜੋ ਦਇਆ ਦਾ ਸੋਮਾ ਹੈ, ਜੋ ਮਨ ਨੂੰ ਮੋਹ ਲੈਣ ਵਾਲਾ ਹੈ, ਤੇ ਭਗਤੀ ਨਾਲ ਪਿਆਰ ਕਰਨਾ ਜਿਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ।