ਤਿਵੇਂ ਪਰਮਾਤਮਾ ਦੇ ਭਗਤਾਂ ਦੀ ਕਰਣੀ ਸ੍ਰੇਸ਼ਟ ਹੁੰਦੀ ਹੈ, (ਭਗਤਾਂ ਨੇ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ ਸੁਗੰਧੀ) ਜਗਤ ਵਿਚ ਖਿਲਾਰੀ ਹੋਈ ਹੈ ॥੩॥
ਹੇ ਮੇਰੇ ਮਾਲਕ-ਪ੍ਰਭੂ! ਹੇ ਹਰੀ! (ਮੇਰੇ ਉਤੇ) ਮਿਹਰ ਕਰ, ਮਿਹਰ ਕਰ (ਮੇਰੇ) ਹਿਰਦੇ ਵਿਚ ਆਪਣਾ ਨਾਮ ਵਸਾਈ ਰੱਖ।
ਹੇ ਨਾਨਕ! ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ, ਉਸ ਨੇ (ਸਦਾ) ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਿਆ ॥੪॥੯॥
ਰਾਗ ਮਲਾਰ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪੰਡਿਤ! (ਵੇਦ ਸ਼ਾਸਤ੍ਰ ਦੀ ਮਰਯਾਦਾ ਆਦਿਕ ਦੀ ਚਰਚਾ ਦੇ ਥਾਂ ਇਹ ਵਿਚਾਰਿਆ ਕਰ ਕਿ ਤੇਰਾ) ਇਹ ਮਨ ਘਰ ਦੇ ਜੰਜਾਲਾਂ ਵਿਚ ਫਸਿਆ ਰਹਿੰਦਾ ਹੈ ਜਾਂ ਨਿਰਲੇਪ ਰਹਿੰਦਾ ਹੈ।
ਹੇ ਪੰਡਿਤ! (ਇਹ ਸੋਚਿਆ ਕਰ ਕਿ ਤੇਰਾ) ਇਹ ਮਨ (ਬ੍ਰਾਹਮਣ ਖੱਤ੍ਰੀ ਆਦਿਕ) ਵਰਨ-ਵਿਤਕਰੇ ਤੋਂ ਉਤਾਂਹ ਹੈ ਅਤੇ ਸਦਾ ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ।
ਕੀ (ਤੇਰਾ) ਇਹ ਮਨ ਮਾਇਆ ਦੀ ਦੌੜ-ਭੱਜ ਵਿਚ ਹੀ ਕਾਬੂ ਆਇਆ ਰਹਿੰਦਾ ਹੈ ਜਾਂ ਮਾਇਆ ਤੋਂ ਉਪਰਾਮ ਹੈ।
ਹੇ ਪੰਡਿਤ! (ਇਹ ਭੀ ਵਿਚਾਰਿਆ ਕਰ ਕਿ) ਇਸ ਮਨ ਨੂੰ ਮਮਤਾ ਕਿਥੋਂ ਆ ਚੰਬੜਦੀ ਹੈ ॥੧॥
ਹੇ ਪੰਡਿਤ! (ਵੇਦ ਸਾਸ਼ਤ੍ਰ ਦੀ ਮਰਯਾਦਾ ਆਦਿਕ ਤੇ ਜ਼ੋਰ ਦੇਣ ਦੇ ਥਾਂ) ਆਪਣੇ ਇਸ ਮਨ ਬਾਰੇ ਵਿਚਾਰ ਕਰਿਆ ਕਰੋ।
(ਆਪਣੇ ਮਨ ਦੀ ਪੜਤਾਲ ਛੱਡ ਕੇ) ਹੋਰ ਬਹੁਤਾ ਜੋ ਕੁਝ ਤੂੰ ਪੜ੍ਹਦਾ ਹੈਂ, ਉਹ (ਆਪਣੇ ਸਿਰ ਉਤੇ ਹਉਮੈ ਦਾ) ਭਾਰ ਹੀ ਚੁੱਕਦਾ ਹੈਂ ॥੧॥ ਰਹਾਉ ॥
ਹੇ ਪੰਡਿਤ! (ਵੇਖ) ਕਰਤਾਰ ਨੇ (ਆਪ ਹੀ ਇਸ ਮਨ ਨੂੰ) ਮਾਇਆ ਦੀ ਮਮਤਾ ਚੰਬੋੜੀ ਹੋਈ ਹੈ।
(ਕਰਤਾਰ ਨੇ ਮਾਇਆ ਦੀ ਮਮਤਾ ਦਾ) ਇਹ ਹੁਕਮ ਦੇ ਕੇ ਹੀ ਜਗਤ ਪੈਦਾ ਕੀਤਾ ਹੋਇਆ ਹੈ।
ਹੇ ਭਾਈ! ਗੁਰੂ ਦੀ ਕਿਰਪਾ ਨਾਲ (ਇਸ ਗੱਲ ਨੂੰ) ਸਮਝ,
ਅਤੇ ਸਦਾ ਪਰਮਾਤਮਾ ਦੀ ਸਰਨ ਪਿਆ ਰਹੁ (ਤਾ ਕਿ ਮਾਇਆ ਦੀ ਮਮਤਾ ਤੇਰੇ ਉੱਤੇ ਆਪਣਾ ਜ਼ੋਰ ਨ ਪਾ ਸਕੇ) ॥੨॥
ਹੇ ਪੰਡਿਤ! ਉਹ (ਮਨੁੱਖ ਅਸਲ) ਪੰਡਿਤ ਹੈ ਜੋ (ਆਪਣੇ ਉੱਤੋਂ ਮਾਇਆ ਦੇ) ਤਿੰਨਾ ਹੀ ਗੁਣਾਂ ਦਾ ਭਾਰ ਲਾਹ ਦੇਂਦਾ ਹੈ,
ਅਤੇ ਹਰ ਵੇਲੇ ਸਿਰਫ਼ ਹਰਿ-ਨਾਮ ਹੀ ਜਪਦਾ ਰਹਿੰਦਾ ਹੈ।
ਅਜਿਹਾ ਪੰਡਿਤ ਗੁਰੂ ਦੀ ਸਿੱਖਿਆ ਗ੍ਰਹਣ ਕਰਦਾ ਹੈ,
ਗੁਰੂ ਦੇ ਅੱਗੇ ਆਪਣਾ ਸਿਰ ਰੱਖੀ ਰੱਖਦਾ ਹੈ (ਸਦਾ ਗੁਰੂ ਦੇ ਹੁਕਮ ਵਿਚ ਤੁਰਦਾ ਹੈ)।
ਉਹ ਸਦਾ ਨਿਰਲੇਪ ਰਹਿੰਦਾ ਹੈ, ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ।
ਅਜਿਹਾ ਪੰਡਿਤ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦਾ ਹੈ ॥੩॥
ਹੇ ਪੰਡਿਤ! (ਜਿਹੜਾ ਪੰਡਿਤ ਵੇਦ ਸ਼ਾਸਤ੍ਰ ਆਦਿਕ ਦੀ ਚਰਚਾ ਦੇ ਥਾਂ ਆਪਣੇ ਮਨ ਨੂੰ ਪੜਤਾਲਦਾ ਹੈ, ਉਹ) ਇਹ ਉਪਦੇਸ਼ ਹੀ ਕਰਦਾ ਹੈ ਕਿ ਸਭ ਜੀਵਾਂ ਵਿਚ ਇਕੋ ਪਰਮਾਤਮਾ ਵੱਸਦਾ ਹੈ।
ਜਦੋਂ ਉਹ ਪੰਡਿਤ (ਸਭ ਜੀਵਾਂ ਵਿਚ) ਇਕ ਪ੍ਰਭੂ ਨੂੰ ਹੀ ਵੇਖਦਾ ਹੈ, ਤਦੋਂ ਉਹ ਉਸ ਇਕ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ।
ਪਰ, ਹੇ ਪੰਡਿਤ! ਜਿਸ ਮਨੁੱਖ ਉਤੇ ਕਰਤਾਰ ਬਖ਼ਸ਼ਸ਼ ਕਰਦਾ ਹੈ, ਉਸੇ ਨੂੰ ਉਹ (ਆਪਣੇ ਚਰਨਾਂ ਵਿਚ) ਜੋੜਦਾ ਹੈ,
ਉਸ ਮਨੁੱਖ ਨੂੰ ਇਸ ਲੋਕ ਅਤੇ ਪਰਲੋਕ ਵਿਚ ਆਤਮਕ ਆਨੰਦ ਸਦਾ ਮਿਲਿਆ ਰਹਿੰਦਾ ਹੈ ॥੪॥
ਹੇ ਪੰਡਿਤ! ਨਾਨਕ ਆਖਦਾ ਹੈ ਕਿ (ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਆਪਣੀ ਅਕਲ ਦੇ ਆਸਰੇ) ਕੋਈ ਭੀ ਮਨੁੱਖ ਕੋਈ ਜੁਗਤੀ ਨਹੀਂ ਵਰਤ ਸਕਦਾ।
ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਹੀ ਬੰਧਨਾਂ ਤੋਂ ਖ਼ਲਾਸੀ ਪਾਂਦਾ ਹੈ।
ਉਹ ਮਨੁੱਖ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,
ਉਹ ਫਿਰ (ਆਪਣੇ ਉੱਚੇ ਵਰਨ ਆਦਿਕ ਦੀ ਪਕਿਆਈ ਦੀ ਖ਼ਾਤਰ) ਵੇਦ ਸ਼ਾਸਤ੍ਰ ਆਦਿਕ ਦੀ ਮਰਯਾਦਾ ਦਾ ਹੋਕਾ ਨਹੀਂ ਦੇਂਦਾ ਫਿਰਦਾ ॥੫॥੧॥੧੦॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਭਟਕਦਾ ਹੀ ਰਹਿੰਦਾ ਹੈ,
ਉਸ ਨੂੰ (ਆਤਮਕ) ਮੌਤ ਮਾਰ ਲੈਂਦੀ ਹੈ, ਉਹ ਸਦਾ ਆਪਣੀ ਇੱਜ਼ਤ ਗਵਾਂਦਾ ਰਹਿੰਦਾ ਹੈ।
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਜਮਾਂ ਦੀ ਮੁਥਾਜੀ ਮੁਕਾ ਲੈਂਦਾ ਹੈ (ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ),
ਉਸ ਨੂੰ ਹਰੀ-ਪ੍ਰਭੂ ਮਿਲ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਮਹਲ ਪਰਮਾਤਮਾ ਦਾ ਘਰ ਲੱਭ ਲੈਂਦਾ ਹੈ ॥੧॥
ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ।
(ਜਿਸ ਮਨੁੱਖ ਨੇ ਆਪਣਾ) ਕੀਮਤੀ (ਮਨੁੱਖਾ) ਜਨਮ ਮਾਇਆ ਵਾਲੀ ਭਟਕਣਾ ਵਿਚ ਗਵਾ ਲਿਆ, ਉਸ ਦਾ ਇਹ ਜਨਮ ਕੌਡੀਆਂ ਦੇ ਭਾ ਹੀ ਚਲਾ ਜਾਂਦਾ ਹੈ ॥੧॥ ਰਹਾਉ ॥
ਪ੍ਰਭੂ ਦੀ ਮਿਹਰ ਨਾਲ ਗੁਰੂ ਦੀ ਰਾਹੀਂ (ਜਿਸ ਮਨੁੱਖ ਦੇ ਹਿਰਦੇ ਵਿਚ) ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ,
ਉਸ ਦੇ ਅੰਦਰ ਪ੍ਰਭੂ ਦੀ ਭਗਤੀ ਪੈਦਾ ਹੁੰਦੀ ਹੈ, ਉਹ ਮਨੁੱਖ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਧਾਰਨ ਕਰ ਲੈਂਦਾ ਹੈ।
ਪ੍ਰਭੂ ਉਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ।
ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਦਿੱਸਦਾ ਹੈ ॥੨॥
(ਜਿਹੜਾ ਮਨੁੱਖ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ ਧਾਰਮਿਕ) ਕਰਮ ਕਰਦਾ ਫਿਰਦਾ ਹੈ ਪਰ ਗੁਰੂ ਦੀ ਸਰਨ ਨਹੀਂ ਪੈਂਦਾ,
ਉਹ ਮਨੁੱਖ ਗੁਰੂ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।
ਉਹ ਮਨੁੱਖ ਆਪਣੇ ਅੰਦਰ ਹਉਮੈ ਮਮਤਾ ਅਤੇ ਮੋਹ ਨੂੰ ਵਧਾਈ ਜਾਂਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਪਿਆਰ ਵਿਚ (ਫਸ ਕੇ ਸਦਾ) ਦੁੱਖ ਹੀ ਸਹਾਰਦਾ ਹੈ ॥੩॥
ਪਰ, ਅਪਹੁੰਚ ਅਤੇ ਅਥਾਹ ਕਰਤਾਰ ਆਪ ਹੀ (ਇਹ ਸਾਰੀ ਖੇਡ ਰਿਹਾ ਹੈ)।
ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦਾ ਨਾਮ) ਜਪਣਾ ਚਾਹੀਦਾ ਹੈ-ਇਹੀ ਹੈ ਸਦਾ ਕਾਇਮ ਰਹਿਣ ਵਾਲਾ ਲਾਭ।
ਉਹ ਕਰਤਾਰ ਹਰ ਥਾਂ ਹਾਜ਼ਰ-ਨਾਜ਼ਰ ਹੈ ਅਤੇ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ।