ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 949


ਗੁਰਮਤੀ ਘਟਿ ਚਾਨਣਾ ਆਨੇਰੁ ਬਿਨਾਸਣਿ ॥

(ਜੀਵਾਂ ਦੇ ਦਿਲ ਵਿਚੋਂ) ਹਨੇਰਾ (ਜੋ ਉਸ ਨੇ ਆਪ ਹੀ ਬਣਾਇਆ ਹੈ) ਦੂਰ ਕਰਨ ਲਈ ਸਤਿਗੁਰੂ ਦੀ ਮੱਤ ਦੀ ਰਾਹੀਂ (ਮਨੁੱਖ ਦੇ) ਹਿਰਦੇ ਵਿਚ ਚਾਨਣ (ਭੀ ਉਹ ਆਪ ਹੀ ਪੈਦਾ ਕਰਨ ਵਾਲਾ ਹੈ)।

ਹੁਕਮੇ ਹੀ ਸਭ ਸਾਜੀਅਨੁ ਰਵਿਆ ਸਭ ਵਣਿ ਤ੍ਰਿਣਿ ॥

ਸਾਰੀ ਸ੍ਰਿਸ਼ਟੀ ਉਸ ਨੇ ਆਪਣੇ ਹੁਕਮ ਵਿਚ ਹੀ ਰਚੀ ਹੈ ਤੇ ਉਹ ਹਰੇਕ ਵਣ ਵਿਚ ਤੀਲੇ ਤੀਲੇ ਵਿਚ ਆਪ ਮੌਜੂਦ ਹੈ,

ਸਭੁ ਕਿਛੁ ਆਪੇ ਆਪਿ ਹੈ ਗੁਰਮੁਖਿ ਸਦਾ ਹਰਿ ਭਣਿ ॥

(ਜੋ ਕੁਝ ਬਣਿਆ ਪਿਆ ਹੈ ਉਹ) ਸਭ ਕੁਝ ਪ੍ਰਭੂ ਆਪ ਹੀ ਆਪ ਹੈ, ਗੁਰੂ ਦੇ ਹੁਕਮ ਵਿਚ ਤੁਰ ਕੇ ਸਦਾ ਉਸ ਪ੍ਰਭੂ ਨੂੰ ਸਿਮਰਿਆ ਜਾ ਸਕਦਾ ਹੈ।

ਸਬਦੇ ਹੀ ਸੋਝੀ ਪਈ ਸਚੈ ਆਪਿ ਬੁਝਾਈ ॥੫॥

ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਜੀਵ ਨੂੰ) ਸੂਝ ਪੈਂਦੀ ਹੈ, ਪ੍ਰਭੂ ਆਪ ਸੂਝ ਦੇਂਦਾ ਹੈ ॥੫॥

ਸਲੋਕ ਮਃ ੩ ॥

ਅਭਿਆਗਤ ਏਹਿ ਨ ਆਖੀਅਨਿ ਜਿਨ ਕੇ ਚਿਤ ਮਹਿ ਭਰਮੁ ॥

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਭਟਕਣਾ ਹੋਵੇ (ਭਾਵ, ਜੋ ਦਰ ਦਰ ਤੇ ਭਟਕ ਕੇ ਰੋਟੀਆਂ ਆਟਾ ਮੰਗਦੇ ਫਿਰਨ) ਉਹਨਾਂ ਨੂੰ 'ਅਭਿਆਗਤ' ਨਹੀਂ ਆਖੀਦਾ;

ਤਿਸ ਦੈ ਦਿਤੈ ਨਾਨਕਾ ਤੇਹੋ ਜੇਹਾ ਧਰਮੁ ॥

ਹੇ ਨਾਨਕ! ਅਜੇਹੇ ਬੰਦੇ ਨੂੰ ਦੇਣ ਨਾਲ ਪੁੰਨ ਭੀ ਇਹੋ ਜਿਹਾ ਹੀ ਹੁੰਦਾ ਹੈ (ਭਾਵ, ਕੋਈ ਪੁੰਨ-ਕਰਮ ਨਹੀਂ)।

ਅਭੈ ਨਿਰੰਜਨੁ ਪਰਮ ਪਦੁ ਤਾ ਕਾ ਭੂਖਾ ਹੋਇ ॥

ਸਭ ਤੋਂ ਉੱਚਾ ਦਰਜਾ ਹੈ ਨਿਰਭਉ ਤੇ ਮਾਇਆ-ਰਹਿਤ ਪ੍ਰਭੂ ਨੂੰ ਮਿਲਣਾ। ਜੋ ਮਨੁੱਖ ਇਸ 'ਪਰਮ ਪਦ' ਦਾ ਅਭਿਲਾਖੀ ਹੈ,

ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੧॥

ਹੇ ਨਾਨਕ! ਉਸ ਦੀ ਲੋੜੀਂਦੀ ਖ਼ੁਰਾਕ ਕੋਈ ਵਿਰਲਾ ਬੰਦਾ ਦੇਂਦਾ ਹੈ ॥੧॥

ਮਃ ੩ ॥

ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ ॥

ਉਹਨਾਂ ਨੂੰ 'ਅਭਿਆਗਤ' (ਸਾਧੂ) ਨਹੀਂ ਆਖੀਦਾ ਜੋ ਮਨੁੱਖ ਪਰਾਏ ਘਰ ਵਿਚ ਰੋਟੀ ਖਾਂਦੇ ਹਨ,

ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ ॥

ਤੇ ਆਪਣਾ ਪੇਟ ਭਰਨ ਦੀ ਖ਼ਾਤਰ ਕਈ ਭੇਖ ਕਰਦੇ ਹਨ।

ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ ॥

ਹੇ ਨਾਨਕ! 'ਅਭਿਆਗਤ' ਉਹੀ ਹਨ ਜੋ ਆਤਮਕ ਮੰਡਲ ਦੀ ਸੈਰ ਕਰਦੇ ਹਨ,

ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ ॥੨॥

ਆਪਣੇ ਅਸਲ ਘਰ (ਪ੍ਰਭੂ) ਵਿਚ ਨਿਵਾਸ ਰੱਖਦੇ ਹਨ ਤੇ ਆਪਣੇ ਖਸਮ-ਪ੍ਰਭੂ ਨੂੰ ਲੱਭ ਲੈਂਦੇ ਹਨ ॥੨॥

ਪਉੜੀ ॥

ਅੰਬਰੁ ਧਰਤਿ ਵਿਛੋੜਿਅਨੁ ਵਿਚਿ ਸਚਾ ਅਸਰਾਉ ॥

(ਇਸ "ਵੇਕੀ ਸ੍ਰਿਸਟਿ" ਵਿਚ) ਆਕਾਸ਼ ਤੇ ਧਰਤੀ ਉਸ ਪ੍ਰਭੂ ਨੇ ਆਪ ਹੀ ਵੱਖ ਵੱਖ ਕੀਤੇ ਹਨ, ਤੇ ਇਹਨਾਂ ਦੇ ਅੰਦਰ ਉਹ ਸਦਾ-ਥਿਰ ਪ੍ਰਭੂ ਆਪਣਾ ਹੁਕਮ ਚਲਾ ਰਿਹਾ ਹੈ;

ਘਰੁ ਦਰੁ ਸਭੋ ਸਚੁ ਹੈ ਜਿਸੁ ਵਿਚਿ ਸਚਾ ਨਾਉ ॥

(ਇਸ ਸ੍ਰਿਸ਼ਟੀ ਵਿਚ) ਹਰੇਕ ਘਰ ਹਰੇਕ ਦਰ ਸਦਾ-ਥਿਰ ਪ੍ਰਭੂ (ਦਾ ਟਿਕਾਣਾ) ਹੈ ਕਿਉਂਕਿ ਇਸ ਵਿਚ (ਹਰ ਥਾਂ) ਸੱਚਾ 'ਨਾਮ' ਮੌਜੂਦ ਹੈ।

ਸਭੁ ਸਚਾ ਹੁਕਮੁ ਵਰਤਦਾ ਗੁਰਮੁਖਿ ਸਚਿ ਸਮਾਉ ॥

ਹਰ ਥਾਂ (ਪ੍ਰਭੂ ਦਾ) ਸਦਾ ਕਾਇਮ ਰਹਿਣ ਵਾਲਾ ਹੁਕਮ ਚੱਲ ਰਿਹਾ ਹੈ, ਗੁਰੂ ਦੇ ਹੁਕਮ ਵਿਚ ਤੁਰ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨਤਾ ਹੁੰਦੀ ਹੈ।

ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥

ਪ੍ਰਭੂ ਆਪ ਸਦਾ ਇਕ-ਰਸ ਰਹਿਣ ਵਾਲਾ ਹੈ, (ਜਗਤ-ਰੂਪ ਉਸ ਦਾ) ਤਖ਼ਤ (ਭੀ) (ਉਸੇ ਦਾ ਸਰੂਪ) ਸੱਚਾ ਹੈ, (ਇਸ ਤਖ਼ਤ ਉਤੇ) ਬੈਠ ਕੇ ਉਹ ਅਟੱਲ ਨਿਆਂ ਕਰ ਰਿਹਾ ਹੈ।

ਸਭੁ ਸਚੋ ਸਚੁ ਵਰਤਦਾ ਗੁਰਮੁਖਿ ਅਲਖੁ ਲਖਾਈ ॥੬॥

ਹਰ ਥਾਂ ਨਿਰੋਲ ਉਹੀ ਸੱਚਾ ਪ੍ਰਭੂ ਮੌਜੂਦ ਹੈ, (ਪਰ) ਉਹ ਅਲੱਖ ਪ੍ਰਭੂ ਲਖਿਆ ਤਾਂ ਹੀ ਜਾ ਸਕਦਾ ਹੈ ਜੇ ਸਤਿਗੁਰੂ ਦੇ ਸਨਮੁਖ ਹੋਵੀਏ (ਘਰ ਘਾਟ ਨੂੰ ਤਿਆਗ ਕੇ ਨਹੀਂ) ॥੬॥

ਸਲੋਕੁ ਮਃ ੩ ॥

ਰੈਣਾਇਰ ਮਾਹਿ ਅਨੰਤੁ ਹੈ ਕੂੜੀ ਆਵੈ ਜਾਇ ॥

(ਇਸ ਸੰਸਾਰ-) ਸਮੁੰਦਰ ਵਿਚ ਬੇਅੰਤ ਪ੍ਰਭੂ ਆਪ ਵੱਸ ਰਿਹਾ ਹੈ, ਪਰ (ਉਸ 'ਅਨੰਤ' ਨੂੰ ਛੱਡ ਕੇ) ਨਾਸਵੰਤ ਪਦਾਰਥਾਂ ਵਿਚ ਲੱਗੀ ਹੋਈ ਜਿੰਦ ਜੰਮਦੀ ਮਰਦੀ ਰਹਿੰਦੀ ਹੈ।

ਭਾਣੈ ਚਲੈ ਆਪਣੈ ਬਹੁਤੀ ਲਹੈ ਸਜਾਇ ॥

ਜੋ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ ਉਸ ਨੂੰ ਬਹੁਤ ਦੁੱਖ ਪ੍ਰਾਪਤ ਹੁੰਦਾ ਹੈ (ਕਿਉਂਕਿ ਉਹ "ਅਨੰਤ" ਨੂੰ ਛੱਡ ਕੇ ਨਾਸਵੰਤ ਪਦਾਰਥਾਂ ਪਿੱਛੇ ਦੌੜਦਾ ਹੈ);

ਰੈਣਾਇਰ ਮਹਿ ਸਭੁ ਕਿਛੁ ਹੈ ਕਰਮੀ ਪਲੈ ਪਾਇ ॥

ਸਭ ਕੁਝ ਇਸ ਸਾਗਰ ਵਿਚ ਮੌਜੂਦ ਹੈ, ਪਰ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ।

ਨਾਨਕ ਨਉ ਨਿਧਿ ਪਾਈਐ ਜੇ ਚਲੈ ਤਿਸੈ ਰਜਾਇ ॥੧॥

ਹੇ ਨਾਨਕ! ਮਨੁੱਖ ਨੂੰ ਸਾਰੇ ਹੀ ਨੌ ਖ਼ਜ਼ਾਨੇ ਮਿਲ ਜਾਂਦੇ ਹਨ ਜੇ ਮਨੁੱਖ (ਇਸ ਸਾਗਰ ਵਿਚ ਵਿਆਪਕ ਪ੍ਰਭੂ ਦੀ) ਰਜ਼ਾ ਵਿਚ ਤੁਰੇ ॥੧॥

ਮਃ ੩ ॥

ਸਹਜੇ ਸਤਿਗੁਰੁ ਨ ਸੇਵਿਓ ਵਿਚਿ ਹਉਮੈ ਜਨਮਿ ਬਿਨਾਸੁ ॥

ਜੋ ਮਨੁੱਖ ਸਿਦਕ ਸਰਧਾ ਨਾਲ ਸਤਿਗੁਰ ਦੇ ਹੁਕਮ ਵਿਚ ਨਹੀਂ ਤੁਰਿਆ, ਉਹ ਹਉਮੈ ਵਿਚ (ਰਹਿ ਕੇ) (ਜਗਤ ਵਿਚ) ਜਨਮ ਲੈ ਕੇ (ਜੀਵਨ) ਅਜਾਂਈ ਗਵਾ ਗਿਆ;

ਰਸਨਾ ਹਰਿ ਰਸੁ ਨ ਚਖਿਓ ਕਮਲੁ ਨ ਹੋਇਓ ਪਰਗਾਸੁ ॥

ਜਿਸ ਨੇ ਜੀਭ ਨਾਲ ਪ੍ਰਭੂ ਦੇ ਨਾਮ ਦਾ ਆਨੰਦ ਨਹੀਂ ਲਿਆ ਉਸ ਦਾ ਹਿਰਦਾ-ਰੂਪ ਕਉਲ ਫੁੱਲ ਨਹੀਂ ਖਿੜਿਆ।

ਬਿਖੁ ਖਾਧੀ ਮਨਮੁਖੁ ਮੁਆ ਮਾਇਆ ਮੋਹਿ ਵਿਣਾਸੁ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਵਿਕਾਰਾਂ ਦੀ) ਵਿਹੁ ਖਾਂਦਾ ਰਿਹਾ, (ਅਸਲ ਜੀਵਨ ਵੱਲੋਂ) ਮੋਇਆ ਹੀ ਰਿਹਾ ਤੇ ਮਾਇਆ ਦੇ ਮੋਹ ਵਿਚ ਉਸ ਦੀ ਜ਼ਿੰਦਗੀ ਤਬਾਹ ਹੋ ਗਈ।

ਇਕਸੁ ਹਰਿ ਕੇ ਨਾਮ ਵਿਣੁ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥

ਇਕ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਜਗਤ ਵਿਚ) ਜੀਊਣਾ ਵੱਸਣਾ ਫਿਟਕਾਰ-ਜੋਗ ਹੈ।

ਜਾ ਆਪੇ ਨਦਰਿ ਕਰੇ ਪ੍ਰਭੁ ਸਚਾ ਤਾ ਹੋਵੈ ਦਾਸਨਿ ਦਾਸੁ ॥

ਜਦੋਂ ਸੱਚਾ ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰਦਾ ਹੈ ਤਾਂ ਮਨੁੱਖ (ਪ੍ਰਭੂ ਦੇ) ਸੇਵਕਾਂ ਦਾ ਸੇਵਕ ਬਣ ਜਾਂਦਾ ਹੈ।

ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ ਕਬਹਿ ਨ ਛੋਡੈ ਪਾਸੁ ॥

(ਫਿਰ) ਉਹ ਨਿੱਤ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ, ਕਦੇ ਗੁਰੂ ਦਾ ਪੱਲਾ ਨਹੀਂ ਛੱਡਦਾ।

ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ ॥

ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਭੀ ਇਉਂ ਉਪਰਾਮ ਜਿਹਾ ਰਹਿੰਦਾ ਹੈ ਜਿਵੇਂ ਪਾਣੀ ਵਿਚ (ਉੱਗਾ ਹੋਇਆ) ਕਉਲ-ਫੁੱਲ (ਪਾਣੀ ਦੇ ਅਸਰ ਤੋਂ) ਬਚਿਆ ਰਹਿੰਦਾ ਹੈ।

ਜਨ ਨਾਨਕ ਕਰੇ ਕਰਾਇਆ ਸਭੁ ਕੋ ਜਿਉ ਭਾਵੈ ਤਿਵ ਹਰਿ ਗੁਣਤਾਸੁ ॥੨॥

ਹੇ ਦਾਸ ਨਾਨਕ! ਜਿਵੇਂ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਭਾਉਂਦਾ ਹੈ ਤਿਵੇਂ ਹਰੇਕ ਜੀਵ ਉਸ ਦਾ ਕਰਾਇਆ ਕਰਦਾ ਹੈ ॥੨॥

ਪਉੜੀ ॥

ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ ॥

(ਪਹਿਲਾਂ ਜਦੋਂ ਪ੍ਰਭੂ ਨਿਰਗੁਣ ਰੂਪ ਵਿਚ ਸੀ ਤਦੋਂ) ਬੇਅੰਤ ਸਮਾ ਹਨੇਰਾ ਸੀ (ਭਾਵ, ਤਦੋਂ ਕੀਹ ਸਰੂਪ ਸੀ-ਇਹ ਗੱਲ ਦੱਸੀ ਨਹੀਂ ਜਾ ਸਕਦੀ), (ਫਿਰ ਸਰਗੁਣ ਰੂਪ ਰਚ ਕੇ) ਉਸ ਨੇ ਆਪ ਹੀ (ਜਗਤ-ਰਚਨਾ ਦੀ) ਵਿਚਾਰ ਕੀਤੀ;

ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ ॥

ਉਸ (ਪ੍ਰਭੂ) ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਤੇ ਆਪ ਹੀ (ਜੀਵਾਂ ਨੂੰ) ਅਕਲ ਦਿੱਤੀ;

ਸਿਮ੍ਰਿਤਿ ਸਾਸਤ ਸਾਜਿਅਨੁ ਪਾਪ ਪੁੰਨ ਗਣਤ ਗਣੀਨੀ ॥

(ਇਸ ਤਰ੍ਹਾਂ ਮਨੁੱਖ ਬੁੱਧਵਾਨਾਂ ਦੀ ਰਾਹੀਂ ਉਸ ਨੇ ਆਪ ਹੀ ਸਿਮ੍ਰਿਤੀਆਂ ਤੇ ਸ਼ਾਸਤ੍ਰ (ਆਦਿਕ ਧਰਮ-ਪੁਸਤਕ) ਬਣਾਏ, (ਉਹਨਾਂ ਵਿਚ) ਪਾਪ ਤੇ ਪੁੰਨ ਦਾ ਨਿਖੇੜਾ ਕੀਤਾ (ਭਾਵ, ਦੱਸਿਆ ਕਿ 'ਪਾਪ' ਕੀਹ ਹੈ ਤੇ 'ਪੁੰਨ' ਕੀਹ ਹੈ)।

ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ ॥

ਜਿਸ ਮਨੁੱਖ ਨੂੰ (ਇਹ ਸਾਰਾ ਰਾਜ਼) ਸਮਝਾਂਦਾ ਹੈ ਉਹੀ ਸਮਝਦਾ ਹੈ, ਉਸ ਮਨੁੱਖ ਦਾ ਮਨ ਗੁਰੂ ਦੇ ਸੱਚੇ ਸ਼ਬਦ ਵਿਚ ਸਰਧਾ ਧਾਰ ਲੈਂਦਾ ਹੈ।

ਸਭੁ ਆਪੇ ਆਪਿ ਵਰਤਦਾ ਆਪੇ ਬਖਸਿ ਮਿਲਾਈ ॥੭॥

ਹਰੇਕ ਕਾਰਜ ਵਿਚ ਪ੍ਰਭੂ ਆਪ ਹੀ ਆਪ ਮੌਜੂਦ ਹੈ, ਆਪ ਹੀ ਮੇਹਰ ਕਰ ਕੇ (ਜੀਵ ਨੂੰ ਆਪਣੇ ਵਿਚ) ਮਿਲਾਂਦਾ ਹੈ ॥੭॥

ਸਲੋਕ ਮਃ ੩ ॥

ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥

ਇਹ ਸਾਰਾ ਸਰੀਰ ਲਹੂ ਹੈ (ਭਾਵ, ਸਾਰੇ ਸਰੀਰ ਵਿਚ ਲਹੂ ਮੌਜੂਦ ਹੈ), ਲਹੂ ਤੋਂ ਬਿਨਾ ਸਰੀਰ ਰਹਿ ਨਹੀਂ ਸਕਦਾ।

ਜੋ ਸਹਿ ਰਤੇ ਆਪਣੈ ਤਿਨ ਤਨਿ ਲੋਭ ਰਤੁ ਨ ਹੋਇ ॥

(ਫਿਰ, ਸਰੀਰ ਨੂੰ ਚੀਰਿਆਂ, ਭਾਵ, ਸਰੀਰ ਦੀ ਪੜਤਾਲ ਕੀਤਿਆਂ, ਕੇਹੜਾ ਲਹੂ ਨਹੀਂ ਨਿਕਲਦਾ?) ਜੋ ਬੰਦੇ ਆਪਣੇ ਖਸਮ (-ਪ੍ਰਭੂ ਦੇ ਪਿਆਰ) ਵਿਚ ਰੰਗੇ ਹੋਏ ਹਨ ਉਹਨਾਂ ਦੇ ਸਰੀਰ ਵਿਚ ਲਾਲਚ ਦਾ ਲਹੂ ਨਹੀਂ ਹੁੰਦਾ।

ਭੈ ਪਇਐ ਤਨੁ ਖੀਣੁ ਹੋਇ ਲੋਭ ਰਤੁ ਵਿਚਹੁ ਜਾਇ ॥

ਜੇ (ਪਰਮਾਤਮਾ ਦੇ) ਡਰ ਵਿਚ ਜੀਵੀਏ ਤਾਂ ਸਰੀਰ (ਇਸ ਤਰ੍ਹਾਂ ਦਾ) ਲਿੱਸਾ ਹੋ ਜਾਂਦਾ ਹੈ (ਕਿ) ਇਸ ਵਿਚੋਂ ਲੋਭ ਦੀ ਰੁੱਤ ਨਿਕਲ ਜਾਂਦੀ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430