(ਇਹ ਭੁੱਲਿਆ ਮਨ) ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ ਅਤੇ) ਸੰਤ ਜਨਾਂ ਦੇ ਉਪਦੇਸ਼ ਸੁਣ ਕੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦੇ ਗੁਣ ਨਹੀਂ ਗਾਂਦਾ ॥੧॥ ਰਹਾਉ ॥
(ਹੇ ਮੇਰੀ ਮਾਂ! ਇਹ ਮਨ ਅਜਿਹਾ ਕੁਰਾਹੇ ਪਿਆ ਹੋਇਆ ਹੈ ਕਿ) ਬੜੀ ਮੁਸ਼ਕਲ ਨਾਲ ਮਿਲ ਸਕਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰ ਕੇ (ਭੀ) ਇਸ ਜਨਮ ਨੂੰ ਵਿਅਰਥ ਗੁਜ਼ਾਰ ਰਿਹਾ ਹੈ।
(ਹੇ ਮਾਂ! ਇਹ ਸੰਸਾਰ) ਜੰਗਲ ਮਾਇਆ ਦੇ ਮੋਹ ਨਾਲ ਨਕਾ-ਨਕ ਭਰਿਆ ਪਿਆ ਹੈ (ਤੇ ਮੇਰਾ ਮਨ) ਇਸ (ਜੰਗਲ ਨਾਲ ਹੀ) ਪ੍ਰੇਮ ਬਣਾ ਰਿਹਾ ਹੈ ॥੧॥
(ਹੇ ਮੇਰੀ ਮਾਂ! ਜੇਹੜਾ) ਪਰਮਾਤਮਾ (ਹਰੇਕ ਜੀਵ ਦੇ) ਅੰਦਰ ਤੇ ਬਾਹਰ ਹਰ ਵੇਲੇ ਵੱਸਦਾ ਹੈ ਉਸ ਨਾਲ (ਇਹ ਮੇਰਾ ਮਨ) ਪਿਆਰ ਨਹੀਂ ਪਾਂਦਾ।
ਹੇ ਨਾਨਕ! (ਆਖ-ਮਾਇਆ ਦੇ ਮੋਹ ਨਾਲ ਭਰਪੂਰ ਸੰਸਾਰ-ਜੰਗਲ ਵਿਚੋਂ) ਖ਼ਲਾਸੀ ਤੁਸੀ ਉਸੇ ਮਨੁੱਖ ਨੂੰ (ਮਿਲੀ) ਸਮਝੋ ਜਿਸ ਦੇ ਹਿਰਦੇ ਵਿਚ ਪਰਮਾਤਮਾ ਵੱਸ ਰਿਹਾ ਹੈ ॥੨॥੬॥
ਹੇ ਸੰਤ ਜਨੋ! ਪਰਮਾਤਮਾ ਦੀ ਸਰਨ ਪਿਆਂ ਹੀ (ਵਿਕਾਰਾਂ ਵਿਚ ਭਟਕਣ ਵਲੋਂ) ਸ਼ਾਂਤੀ ਪ੍ਰਾਪਤ ਹੁੰਦੀ ਹੈ।
ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ) ਪੜ੍ਹਨ ਦਾ ਇਹੀ ਲਾਭ (ਹੋਣਾ ਚਾਹੀਦਾ) ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਰਹੇ ॥੧॥ ਰਹਾਉ ॥
(ਹੇ ਸੰਤ ਜਨੋ!) ਲੋਭ, ਮਾਇਆ ਦਾ ਮੋਹ, ਅਪਣੱਤ ਅਤੇ ਵਿਸ਼ਿਆਂ ਦਾ ਸੇਵਨ,
ਖ਼ੁਸ਼ੀ, ਗ਼ਮੀ-(ਇਹਨਾਂ ਵਿਚੋਂ ਕੋਈ ਭੀ) ਜਿਸ ਮਨੁੱਖ ਨੂੰ ਛੁਹ ਨਹੀਂ ਸਕਦਾ (ਜਿਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ) ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ॥੧॥
(ਹੇ ਸੰਤ ਜਨੋ! ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ਜਿਸ ਨੂੰ) ਸੁਰਗ ਅਤੇ ਨਰਕ ਅੰਮ੍ਰਿਤ ਅਤੇ ਜ਼ਹਰ ਇਕੋ ਜਿਹੇ ਜਾਪਦੇ ਹਨ, ਜਿਸ ਨੂੰ ਸੋਨਾ ਅਤੇ ਤਾਂਬਾ ਇਕ ਸਮਾਨ ਪ੍ਰਤੀਤ ਹੁੰਦਾ ਹੈ,
ਜਿਸ ਦੇ ਹਿਰਦੇ ਵਿਚ ਉਸਤਤਿ ਤੇ ਨਿੰਦਾ ਭੀ ਇਕੋ ਜਿਹੇ ਹਨ (ਕੋਈ ਉਸ ਦੀ ਵਡਿਆਈ ਕਰੇ, ਕੋਈ ਉਸ ਦੀ ਨਿੰਦਾ ਕਰੇ-ਉਸ ਨੂੰ ਇਕ ਸਮਾਨ ਹਨ), ਜਿਸ ਦੇ ਹਿਰਦੇ ਵਿਚ ਲੋਭ ਭੀ ਪ੍ਰਭਾਵ ਨਹੀਂ ਪਾ ਸਕਦਾ, ਮੋਹ ਭੀ ਪ੍ਰਭਾਵ ਨਹੀਂ ਪਾ ਸਕਦਾ ॥੨॥
(ਹੇ ਸੰਤ ਜਨੋ!) ਤੁਸੀ ਉਸ ਮਨੁੱਖ ਨੂੰ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲਾ ਸਮਝੋ, ਜਿਸ ਨੂੰ ਨਾਹ ਕੋਈ ਦੁੱਖ ਤੇ ਨਾਹ ਕੋਈ ਸੁਖ (ਆਪਣੇ ਪ੍ਰਭਾਵ ਵਿਚ) ਬੰਨ੍ਹ ਨਹੀਂ ਸਕਦਾ।
ਹੇ ਨਾਨਕ! (ਆਖ-ਹੇ ਸੰਤ ਜਨੋ! ਲੋਭ, ਮੋਹ, ਦੁਖ ਸੁਖ ਆਦਿਕ ਤੋਂ) ਖ਼ਲਾਸੀ ਉਸ ਮਨੁੱਖ ਨੂੰ (ਮਿਲੀ) ਮੰਨੋ, ਜੇਹੜਾ ਮਨੁੱਖ ਇਸ ਕਿਸਮ ਦੀ ਜੀਵਨ-ਜੁਗਤਿ ਵਾਲਾ ਹੈ ॥੩॥੭॥
ਹੇ (ਮੇਰੇ) ਮਨ! ਤੂੰ ਕਿੱਥੇ (ਲੋਭ ਆਦਿਕ ਵਿਚ ਫਸ ਕੇ) ਪਾਗਲ ਹੋ ਰਿਹਾ ਹੈਂ?
(ਹੇ ਭਾਈ!) ਦਿਨ ਰਾਤ ਉਮਰ ਘਟਦੀ ਰਹਿੰਦੀ ਹੈ, ਪਰ ਮਨੁੱਖ ਇਹ ਗੱਲ ਸਮਝਦਾ ਨਹੀਂ ਤੇ ਲੋਭ ਵਿਚ ਫਸ ਕੇ ਕਮਜ਼ੋਰ ਆਤਮਕ ਜੀਵਨ ਵਾਲਾ ਬਣਦਾ ਜਾਂਦਾ ਹੈ ॥੧॥ ਰਹਾਉ ॥
ਹੇ (ਮੇਰੇ) ਮਨ! ਜੇਹੜਾ (ਇਹ) ਸਰੀਰ ਤੂੰ ਆਪਣਾ ਕਰ ਕੇ ਸਮਝ ਰਿਹਾ ਹੈਂ ਅਤੇ ਘਰ ਦੀ ਸੁੰਦਰ ਇਸਤ੍ਰੀ ਨੂੰ ਆਪਣੀ ਮੰਨ ਰਿਹਾ ਹੈਂ,
ਇਹਨਾਂ ਵਿਚੋਂ ਕੋਈ ਭੀ ਤੇਰਾ (ਸਦਾ ਨਿਭਣ ਵਾਲਾ ਸਾਥੀ) ਨਹੀਂ ਹੈ, ਸੋਚ ਕੇ ਵੇਖ ਲੈ, ਵਿਚਾਰ ਕੇ ਵੇਖ ਲੈ ॥੧॥
ਹੇ (ਮੇਰੇ) ਮਨ! ਜਿਵੇਂ ਜੁਆਰੀਆ ਜੂਏ ਵਿਚ ਬਾਜ਼ੀ ਹਾਰਦਾ ਹੈ, ਤਿਵੇਂ) ਤੂੰ ਆਪਣਾ ਕੀਮਤੀ ਮਨੁੱਖਾ ਜਨਮ ਹਾਰ ਰਿਹਾ ਹੈਂ, ਕਿਉਂਕਿ ਤੂੰ ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਦੀ ਕਦਰ ਨਹੀਂ ਪਾਈ।
ਤੂੰ ਰਤਾ ਭਰ ਸਮੇ ਲਈ ਭੀ ਗੋਬਿੰਦ-ਪ੍ਰਭੂ ਦੇ ਚਰਨਾਂ ਵਿਚ ਨਹੀਂ ਜੁੜਦਾ, ਤੂੰ ਵਿਅਰਥ ਉਮਰ ਗੁਜ਼ਾਰ ਰਿਹਾ ਹੈਂ ॥੨॥
ਨਾਨਕ ਆਖਦਾ ਹੈ- ਉਹੀ ਮਨੁੱਖ ਸੁਖੀ ਜੀਵਨ ਵਾਲਾ ਹੈ ਜੋ ਪਰਮਾਤਮਾ ਦਾ ਨਾਮ (ਜਪਦਾ ਹੈ, ਜੋ) ਪਰਮਾਤਮਾ ਦੇ ਗੁਣ ਗਾਂਦਾ ਹੈ।
ਬਾਕੀ ਦਾ ਸਾਰਾ ਜਹਾਨ (ਜੇਹੜਾ) ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਉਹ ਸਹਿਮਿਆ ਰਹਿੰਦਾ ਹੈ, ਉਹ) ਉਸ ਆਤਮਕ ਅਵਸਥਾ ਉਤੇ ਨਹੀਂ ਪਹੁੰਚਦਾ, ਜਿਥੇ ਕੋਈ ਡਰ ਪੋਹ ਨਹੀਂ ਸਕਦਾ ॥੩॥੮॥
ਹੇ ਗ਼ਾਫ਼ਿਲ ਮਨੁੱਖ! ਪਾਪਾਂ ਤੋਂ ਬਚਿਆ ਰਹੁ,
(ਤੇ ਇਹਨਾਂ ਪਾਪਾਂ ਤੋਂ ਬਚਣ ਵਾਸਤੇ ਉਸ) ਪਰਮਾਤਮਾ ਦੀ ਸਰਨ ਪਿਆ ਰਹੁ, ਜੋ ਗ਼ਰੀਬਾਂ ਤੇ ਦਇਆ ਕਰਨ ਵਾਲਾ ਹੈ ਤੇ ਸਾਰੇ ਡਰ ਦੂਰ ਕਰਨ ਵਾਲਾ ਹੈ ॥੧॥ ਰਹਾਉ ॥
(ਹੇ ਗ਼ਾਫ਼ਿਲ ਮਨੁੱਖ!) ਉਸ ਪਰਮਾਤਮਾ ਦਾ ਨਾਮ ਆਪਣੇ ਨਾਮ ਹਿਰਦੇ ਵਿਚ ਪ੍ਰੋ ਰੱਖ, ਜਿਸ ਦੇ ਗੁਣ ਵੇਦ-ਪੁਰਾਣ (ਆਦਿਕ ਧਰਮ-ਪੁਸਤਕ) ਗਾ ਰਹੇ ਹਨ।
(ਹੇ ਗ਼ਾਫ਼ਲ ਮਨੁੱਖ! ਪਾਪਾਂ ਤੋਂ ਬਚਾ ਕੇ) ਪਵਿੱਤ੍ਰ ਕਰਨ ਵਾਲਾ ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਹੈ, ਤੂੰ ਉਸ ਪਰਮਾਤਮਾ ਨੂੰ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰ ਲੈ ॥੧॥
(ਹੇ ਗ਼ਾਫ਼ਿਲ ਮਨੁੱਖ) ਤੂੰ ਇਹ ਮਨੁੱਖਾ ਸਰੀਰ ਫਿਰ ਕਦੇ ਨਹੀਂ ਲੱਭ ਸਕੇਂਗਾ (ਇਸ ਨੂੰ ਕਿਉਂ ਪਾਪਾਂ ਵਿਚ ਲੱਗ ਕੇ ਗਵਾ ਰਿਹਾ ਹੈਂ? ਇਹੀ ਵੇਲਾ ਹੈ। ਇਹਨਾਂ ਪਾਪਾਂ ਤੋਂ) ਖ਼ਲਾਸੀ ਪ੍ਰਾਪਤ ਕਰਨ ਦਾ ਕੋਈ ਇਲਾਜ ਕਰ ਲੈ।
ਤੈਨੂੰ ਨਾਨਕ ਆਖਦਾ ਹੈ-ਤਰਸ-ਰੂਪ ਪਰਮਾਤਮਾ ਦੇ ਗੁਣ ਗਾ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ॥੨॥੯॥੨੫੧॥
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪਰਮਾਤਮਾ ਦਾ ਨਿਰਮਲ ਨਾਮ ਮੇਰੇ ਵਾਸਤੇ (ਆਤਮਕ) ਖ਼ਜ਼ਾਨਾ ਹੈ, ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੀ ਮੇਰੇ ਵਾਸਤੇ (ਰਿੱਧੀਆਂ) ਸਿੱਧੀਆਂ ਹੈ।
ਹੁਣ ਮੈਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸ ਰਿਹਾ ਹੈ। ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਅੰਦਰੋਂ) ਮਾਰ ਲਿਆ ਹੈ।
(ਉਸ ਮਤਿ ਦੀ ਬਰਕਤਿ ਨਾਲ) ਪਵਿਤ੍ਰ ਹਰਿ-ਨਾਮ ਵਿਚ ਲੀਨ ਰਹਿਣ ਕਰਕੇ ਮੇਰੀ ਅੰਦਰਲੀ ਖਿੱਝ ਮੁੱਕ ਗਈ ਹੈ।