ਉਸੇ ਦਾ ਹੀ (ਜਗਤ ਵਿਚ) ਹੁਕਮ ਚੱਲ ਰਿਹਾ ਹੈ, ਉਸੇ ਦਾ ਹੀ (ਜਗਤ ਵਿਚ) ਰਾਜ ਹੈ। ਹਰੇਕ ਜੁਗ ਵਿਚ ਹਰੇਕ ਜੀਵ ਦੇ ਸਿਰ ਉਤੇ ਉਹੀ ਪਰਮਾਤਮਾ ਕਰਨ-ਜੋਗ ਕਾਰ ਮੁਕਰਰ ਕਰਦਾ ਆ ਰਿਹਾ ਹੈ ॥੧॥
ਜਿਸ ਮਨੁੱਖ ਨੇ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੱਤਾ, ਉਹ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਗਿਆ;
ਸਾਰੇ ਸੁਖ ਦੇਣ ਵਾਲਾ ਪਰਮਾਤਮਾ ਆਪ ਹੀ ਉਸ ਮਨੁੱਖ ਨੂੰ ਆ ਮਿਲਦਾ ਹੈ।
ਗੁਰੂ ਦੇ ਸ਼ਬਦ ਵਿਚ ਰੱਤੀ ਹੋਈ ਉਸ ਮਨੁੱਖ ਦੀ ਜੀਭ ਸਦਾ ਪਰਾਮਤਮਾ ਦੇ ਗੁਣ ਗਾਂਦੀ ਰਹਿੰਦੀ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਇੱਜ਼ਤ ਪ੍ਰਾਪਤ ਕਰਦਾ ਹੈ ॥੨॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰਿ-ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਨਾਮਣਾ ਖੱਟਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਿੰਦਕ ਮਨੁੱਖ ਨੇ (ਸਭ ਥਾਈਂ ਆਪਣੀ) ਇੱਜ਼ਤ ਗਵਾ ਲਈ।
ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿਣ ਵਾਲੇ ਮਨੁੱਖ ਪਰਮ ਹੰਸ ਹਨ, (ਅਸਲ) ਬੈਰਾਗੀ ਹਨ, ਉਹ ਹਰ ਵੇਲੇ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦੇ ਹਨ ॥੩॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਦੀ ਮਾਰ ਤੋਂ ਬਚਿਆ ਰਹਿੰਦਾ ਹੈ, (ਵਿਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈਣ ਦੇਂਦਾ, ਵਿਕਾਰਾਂ ਦੇ ਭਾ ਦਾ ਮਰਿਆ ਹੋਇਆ ਹੈ), ਉਹੀ ਮਨੁੱਖ ਪੂਰਨ ਹੈ।
(ਇਹ ਗੱਲ ਵਿਕਾਰਾਂ ਦਾ ਟਾਕਰਾ ਸਫਲਤਾ ਨਾਲ ਕਰਨ ਵਾਲੇ) ਸੂਰਮੇ ਗੁਰੂ ਨੇ ਆਖ ਕੇ (ਹਰੇਕ ਪ੍ਰਾਣੀ ਨੂੰ) ਸੁਣਾ ਦਿੱਤੀ ਹੈ।
ਉਸ ਮਨੁੱਖ ਦੇ ਸਰੀਰ ਦੇ ਵਿਚ ਹੀ ਸਦਾ-ਥਿਰ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਚਸ਼ਮਾ ਹੈ (ਜਿਸ ਵਿਚੋਂ) ਉਸ ਦਾ ਮਨ ਬੜੇ ਪ੍ਰੇਮ-ਪਿਆਰ ਨਾਲ (ਨਾਮ-ਜਲ) ਪੀਂਦਾ ਰਹਿੰਦਾ ਹੈ ॥੪॥
ਪੰਡਿਤ (ਧਰਮ ਪੁਸਤਕਾਂ) ਪੜ੍ਹ ਕੇ ਹੋਰਨਾਂ ਨੂੰ ਮੱਤਾਂ ਦੇਂਦਾ ਹੈ,
ਪਰ (ਮਾਇਆ ਦੀ ਤ੍ਰਿਸ਼ਨਾ-ਅੱਗ ਨਾਲ ਆਪਣਾ ਹਿਰਦਾ-) ਘਰ ਸੜ ਰਹੇ ਦਾ ਉਸ ਨੂੰ ਪਤਾ ਹੀ ਨਹੀਂ ਲੱਗਦਾ।
ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ (ਨਾਮ ਤੋਂ ਬਿਨਾ ਹਿਰਦੇ ਵਿਚ ਠੰਢ ਨਹੀਂ ਪੈ ਸਕਦੀ)। ਪੰਡਿਤ ਲੋਕ (ਹੋਰਨਾਂ ਨੂੰ ਉਪਦੇਸ਼ ਕਰਨ ਲਈ ਧਰਮ ਪੁਸਤਕ) ਪੜ੍ਹ ਪੜ੍ਹ ਕੇ ਥੱਕ ਗਏ, ਉਹਨਾਂ ਦੇ ਅੰਦਰ ਸ਼ਾਂਤੀ ਪੈਦਾ ਨਾਹ ਹੋਈ ॥੫॥
ਕਈ ਐਸੇ ਹਨ ਜੋ ਸਾਧੂਆਂ ਵਾਲਾ ਬਾਣਾ ਪਾ ਕੇ (ਪਿੰਡੇ ਉਤੇ) ਸੁਆਹ ਮਲ ਕੇ ਤੁਰੇ ਫਿਰਦੇ ਹਨ।
ਪਰ ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਭੀ ਮਨੁੱਖ ਹਉਮੈ ਨੂੰ ਮੁਕਾ ਨਹੀਂ ਸਕਿਆ।
(ਸਾਧ-ਬਾਣੇ ਵਿਚ ਹੁੰਦਿਆਂ ਭੀ) ਉਹ ਹਰ ਵੇਲੇ ਦਿਨ ਰਾਤ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਰਹਿੰਦੇ ਹਨ, ਉਹ ਭਰਮ ਵਿਚ ਭੇਖ ਦੇ ਭੁਲੇਖੇ ਵਿਚ ਭਟਕਦੇ ਫਿਰਦੇ ਹਨ ॥੬॥
ਪਰ, ਕਈ ਐਸੇ ਹਨ ਜੋ ਗ੍ਰਿਹਸਤ ਵਿਚ ਪਰਵਾਰ ਵਿਚ (ਰਹਿੰਦੇ ਹੋਏ ਹੀ) ਸਦਾ ਨਿਰਮੋਹ ਹਨ,
ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਾਇਆ ਦੇ ਮੋਹ ਵਲੋਂ ਮਰੇ ਹੋਏ ਹਨ, ਉਹ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ।
ਉਹ ਹਰ ਵੇਲੇ ਸਦਾ ਹੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ; ਪ੍ਰਭੂ ਦੇ ਅਦਬ ਤੇ ਪਿਆਰ ਦਾ ਸਦਕਾ ਉਹ ਪ੍ਰਭੂ ਦੀ ਭਗਤੀ ਵਿਚ ਚਿੱਤ ਜੋੜੀ ਰੱਖਦੇ ਹਨ ॥੭॥
ਮਨ ਦਾ ਮੁਰੀਦ ਮਨੁੱਖ (ਦੂਜਿਆਂ ਦੀ) ਨਿੰਦਾ ਕਰ ਕਰ ਕੇ ਦੁੱਖੀ ਹੁੰਦਾ ਰਹਿੰਦਾ ਹੈ,
ਉਸ ਦੇ ਅੰਦਰ ਲੋਭ ਜ਼ੋਰ ਪਾਈ ਰੱਖਦਾ ਹੈ, ਜਿਵੇਂ ਕੁੱਤਾ (ਨਿੱਤ) ਭੌਂਕਦਾ ਰਹਿੰਦਾ ਹੈ।
ਆਤਮਕ ਮੌਤ ਅਜਿਹੇ ਮਨੁੱਖ ਦੀ ਕਦੇ ਖ਼ਲਾਸੀ ਨਹੀਂ ਕਰਦੀ, ਅਖ਼ੀਰ ਮਰਨ ਵੇਲੇ ਭੀ ਉਹ ਇਥੋਂ ਹੱਥ ਮਲਦਾ ਹੀ ਜਾਂਦਾ ਹੈ ॥੮॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਿਆਂ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲ ਜਾਂਦੀ ਹੈ,
ਤੇ, ਨਾਮ (ਜਪਣ) ਤੋਂ ਬਿਨਾ ਕੋਈ ਮਨੁੱਖ (ਲੋਭ ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਪਾ ਸਕਦਾ।
ਪ੍ਰਭੂ ਨੇ ਅਜਿਹੀ ਮਰਯਾਦਾ ਬਣਾ ਰੱਖੀ ਹੈ ਕਿ ਗੁਰੂ (ਦੀ ਸਰਨ ਪੈਣ) ਤੋਂ ਬਿਨਾ ਕੋਈ ਮਨੁੱਖ ਪ੍ਰਭੂ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ ॥੯॥
ਕਈ (ਐਸੇ ਹਨ ਜੋ) ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ (ਅਖਵਾਂਦੇ) ਹਨ, ਕਈ (ਅਜੇ) ਜੋਗ-ਸਾਧਨ ਕਰ ਰਹੇ ਹਨ, ਕਈ ਚਰਚਾ (ਆਦਿਕ) ਕਰਨ ਵਾਲੇ ਹਨ।
ਕਈ ਦਿਨ ਰਾਤ ਨਿਰੰਕਾਰ ਦੇ ਨਾਮ ਵਿਚ ਰੰਗੇ ਰਹਿੰਦੇ ਹਨ।
ਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹ (ਸਹੀ ਜੀਵਨ-ਰਾਹ) ਸਮਝ ਲੈਂਦਾ ਹੈ। ਪ੍ਰਭੂ ਦੀ ਭਗਤੀ ਤੇ ਪ੍ਰਭੂ-ਪ੍ਰੇਮ ਦੀ ਬਰਕਤਿ ਨਾਲ (ਉਸ ਦੇ ਅੰਦਰੋਂ) ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ॥੧੦॥
ਅਨੇਕਾਂ ਪ੍ਰਾਣੀ ਤੀਰਥਾਂ ਦੇ ਇਸ਼ਨਾਨ ਕਰਦੇ ਹਨ, ਦਾਨ ਕਰਦੇ ਹਨ (ਪਰ ਇਹਨਾਂ ਕਰਮਾਂ ਨਾਲ ਉਹ ਸਹੀ ਜੀਵਨ-ਰਾਹ) ਨਹੀਂ ਸਮਝ ਸਕਦੇ।
ਕਈ ਐਸੇ ਹਨ ਜੋ ਆਪਣੇ ਮਨ ਨੂੰ (ਵਿਕਾਰਾਂ ਵਲੋਂ) ਮਾਰ ਕੇ ਸਦਾ ਮਨ ਨਾਲ ਹੀ ਜੰਗ ਕਰਦੇ ਰਹਿੰਦੇ ਹਨ।
ਉਹ ਇਕ ਪ੍ਰਭੂ ਦੇ ਪ੍ਰੇਮ-ਰੰਗ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਹੀ ਰੱਤੇ ਰਹਿੰਦੇ ਹਨ। ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਉਹਨਾਂ ਦਾ ਮੇਲ ਹੋਇਆ ਰਹਿੰਦਾ ਹੈ ॥੧੧॥
(ਪਰ, ਜੀਵਾਂ ਦੇ ਵੱਸ ਦੀ ਗੱਲ ਨਹੀਂ)। ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਇੱਜ਼ਤ ਦੇਂਦਾ ਹੈ;
ਆਪ ਹੀ ਆਪਣੀ ਰਜ਼ਾ ਅਨੁਸਾਰ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ।
ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤੇ ਜੀਵ ਦੇ ਮਨ ਵਿਚ ਆ ਵੱਸਦਾ ਹੈ-ਪ੍ਰਭੂ ਨੇ ਇਹੋ ਜਿਹਾ ਹੀ ਹੁਕਮ ਵਰਤਾਇਆ ਹੋਇਆ ਹੈ ॥੧੨॥
ਜਿਹੜੇ ਮਨੁੱਖ ਗੁਰੂ ਦਾ ਦਰ ਮੱਲਦੇ ਹਨ, ਉਹ ਮਨੁੱਖ ਟਿਕਵੇਂ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।
ਪਰ ਮਨ ਦੇ ਮੁਰੀਦ ਗੁਰੂ ਦਾ ਦਰ ਮੱਲਣਾ ਨਹੀਂ ਜਾਣਦੇ, ਉਹ ਕਮਜ਼ੋਰ ਜੀਵਨ ਵਾਲੇ ਰਹਿ ਜਾਂਦੇ ਹਨ।
(ਪਰ, ਜੀਵਾਂ ਦੇ ਕੀਹ ਵੱਸ?) ਕਰਤਾਰ ਆਪ ਹੀ ਇਹ ਕੌਤਕ ਕਰ ਕਰ ਕੇ ਵੇਖ ਰਿਹਾ ਹੈ। ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਉਹ ਤਿਵੇਂ ਹੀ ਜੀਵਾਂ ਨੂੰ ਕਾਰੇ ਲਾ ਰਿਹਾ ਹੈ ॥੧੩॥
ਹਰੇਕ ਜੁਗ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ (ਨਾਮ ਦੀ ਦਾਤਿ) ਦੇਣ ਵਾਲਾ ਹੈ।
(ਜਿਸ ਨੂੰ ਇਹ ਦਾਤ ਦੇਂਦਾ ਹੈ ਉਹ ਮਨੁੱਖ) ਵੱਡੀ ਕਿਸਮਤ ਨਾਲ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਸਮਝ ਲੈਂਦਾ ਹੈ।
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ ਉਹ ਉਥੋਂ ਫਿਰ ਵਿੱਛੁੜਦੇ ਨਹੀਂ। ਪ੍ਰਭੂ ਉਹਨਾਂ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਆਤਮਕ ਅਡੋਲਤਾ ਵਿਚ ਮਿਲਾਈ ਰੱਖਦਾ ਹੈ ॥੧੪॥
ਜਿਹੜੇ ਮਨੁੱਖ ਮਾਇਆ ਦੀ ਹਉਮੈ ਦੇ ਕਾਰਨ ਵਿਕਾਰਾਂ ਦੀ ਮੈਲ ਹੀ ਇਕੱਠੀ ਕਰਦੇ ਹਨ,
ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਉਹਨਾਂ ਨੂੰ ਉਹ ਦੂਜਾ ਪਾਸਾ ਹੀ ਪਿਆਰਾ ਲੱਗਦਾ ਹੈ।
ਪਰ ਤੁਸੀਂ ਬੇ-ਸ਼ੱਕ ਆਪਣੇ ਮਨ ਵਿਚ ਡੂੰਘੀ ਵਿਚਾਰ ਕਰ ਕੇ ਵੇਖ ਲਵੋ, ਗੁਰੂ ਦੀ ਸਰਨ ਪੈਣ ਤੋਂ ਬਿਨਾ (ਵਿਕਾਰਾਂ ਦੀ ਮੈਲ ਤੋਂ) ਖ਼ਲਾਸੀ ਨਹੀਂ ਹੋ ਸਕਦੀ ॥੧੫॥