ਹੇ ਭਰਾਵੋ! ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਤਦੋਂ ਉਹਨਾਂ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦਾ ਮਿਲਾਪ ਕਰਾਂਦਾ ਹੈ ਜਿਨ੍ਹਾਂ ਨੂੰ ਗੁਰੂ ਦੇ ਬਚਨ ਆਪਣੇ ਮਨ ਵਿਚ ਪਿਆਰੇ ਲੱਗਦੇ ਹਨ।
ਗੁਰੂ ਦੇ ਉਹ ਪਿਆਰੇ ਸਿੱਖ ਵੱਡੇ ਭਾਗਾਂ ਵਾਲੇ ਹਨ ਜੇਹੜੇ ਨਿਰਲੇਪ ਪਰਮਾਤਮਾ ਨੂੰ ਮਿਲ ਕੇ ਵਾਸ਼ਨਾ-ਰਹਿਤ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ ॥੨॥
ਹੇ ਭਰਾਵੋ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਮਿੱਠਾ ਨਾਮ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ ਉਹਨਾਂ ਨੂੰ ਸਤਿਗੁਰੂ ਦੀ ਸਾਧ ਸੰਗਤਿ ਭੀ ਪਿਆਰੀ ਲੱਗਦੀ ਹੈ।
ਪਰ ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਦੀ ਸੰਗਤਿ ਦਾ ਸਾਥ ਪਸੰਦ ਨਹੀਂ ਆਉਂਦਾ, ਉਹ ਬਦ-ਕਿਸਮਤ ਰਹਿ ਜਾਂਦੇ ਹਨ, ਉਹਨਾਂ ਪਾਪੀਆਂ ਨੂੰ ਆਤਮਕ ਮੌਤ ਨੇ ਸਮੂਲਚਾ ਖਾ ਲਿਆ ਹੁੰਦਾ ਹੈ ॥੩॥
ਹੇ ਭਰਾਵੋ! ਜਦੋਂ ਦਇਆਵਾਨ ਪਰਮਾਤਮਾ ਆਪ ਕਿਸੇ ਮਨੁੱਖ ਉਤੇ ਦਇਆ ਕਰਦਾ ਹੈ, ਤਦੋਂ ਉਹ ਆਪ ਹੀ ਉਸ ਮਨੁੱਖ ਨੂੰ ਗੁਰੂ ਦੀ ਰਾਹੀਂ ਮਿਲਾਇਆ ਹੋਇਆ ਮਿਲ ਪੈਂਦਾ ਹੈ।
ਦਾਸ ਨਾਨਕ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਗੁਰਬਾਣੀ ਹੀ (ਨਿੱਤ) ਉਚਾਰਦਾ ਹੈ। ਗੁਰਬਾਣੀ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੪॥੫॥
(ਹੇ ਭਰਾ! ਮੇਰਾ ਜੀ ਕਰਦਾ ਹੈ ਮੈਨੂੰ ਉਹ ਸੱਜਣ ਮਿਲ ਪੈਣ) ਜਿਨ੍ਹਾਂ ਨੇ ਗੁਰੂ ਮਹਾ ਪੁਰਖ ਦਾ ਦਰਸਨ ਕਰ ਲਿਆ ਹੈ। (ਮੇਰਾ ਮਨ ਲੋਚਦਾ ਹੈ ਕਿ) ਜਿਸ ਸੱਜਣ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਉਹ ਮੈਨੂੰ ਭੀ ਸਿੱਖਿਆ ਦੇ ਕੇ ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ।
ਜੇਹੜਾ ਭਾਗਾਂ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਜਾਂਦਾ ਹੈ, ਉਹ ਆਤਮਕ ਜੀਵਨ ਨਾਲ ਸਰਸ਼ਾਰ (ਭਰਪੂਰ) ਹੋ ਜਾਂਦਾ ਹੈ ॥੧॥
ਹੇ ਭਰਾ! (ਮੇਰਾ ਮਨ ਲੋਚਦਾ ਹੈ ਕਿ) ਮੈਨੂੰ ਕੋਈ (ਅਜੇਹਾ ਸੱਜਣ) ਆ ਕੇ ਮਿਲੇ ਜੇਹੜਾ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦੇਵੇ।
ਜੇਹੜਾ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਂਦਾ ਰਹੇ, ਮੈਂ ਉਸ ਸੱਜਣ ਨੂੰ ਆਪਣੀ ਜਿੰਦ ਆਪਣਾ ਮਨ ਆਪਣਾ ਤਨ ਸਭ ਕੁਝ ਦੇ ਦਿਆਂਗਾ ॥੧॥ ਰਹਾਉ ॥
ਜੇਹੜਾ ਮਨੁੱਖ ਸਦਾ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ਪਰਮਾਤਮਾ ਨਾਲ ਚਿੱਤ ਜੋੜੀ ਰੱਖਦਾ ਹੈ, ਉਹ ਧੀਰਜ ਹਾਸਲ ਕਰ ਲੈਂਦਾ ਹੈ, ਉਹ ਧਰਮ ਕਮਾਣ ਲੱਗ ਪੈਂਦਾ ਹੈ, ਉਹ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।
ਸਤਿਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਹਨ, ਜੇਹੜਾ ਮਨੁੱਖ ਇਹ ਬਾਣੀ ਉਚਾਰਦਾ ਹੈ, ਉਹ ਮਨੁੱਖ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਜਲ ਪਾਂਦਾ ਹੈ ॥੨॥
ਹੇ ਭਰਾ! ਪਰਮਾਤਮਾ ਦਾ ਨਾਮ ਪਵਿੱਤ੍ਰ ਕਰਨ ਵਾਲਾ ਹੈ, ਇਸ ਨਾਮ ਵਿਚ ਜੁੜਿਆਂ (ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ। ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਹਰਿ-ਨਾਮ ਜਪਦਾ ਹੈ ਉਹ ਪ੍ਰਭੂ-ਚਰਨਾਂ ਵਿਚ ਪ੍ਰੀਤਿ ਪਾ ਲੈਂਦਾ ਹੈ।
ਪਰਮਾਤਮਾ ਦਾ ਨਾਮ ਕੀਮਤੀ ਸ਼ੈ ਹੈ, ਜਿਨ੍ਹਾਂ ਮਨੁੱਖਾਂ ਨੇ ਇਹ ਨਾਮ ਹਾਸਲ ਨਹੀਂ ਕੀਤਾ, ਉਹ ਮੰਦ-ਭਾਗੀ ਹਨ, ਉਹ ਆਤਮਕ ਮੌਤ ਸਹੇੜ ਲੈਂਦੇ ਹਨ। (ਜੇਹੜਾ ਭੀ ਮਨੁੱਖ ਨਾਮ ਤੋਂ ਵਾਂਜਿਆ ਰਹਿੰਦਾ ਹੈ ਉਹ) ਆਤਮਕ ਮੌਤੇ ਮਰ ਜਾਂਦਾ ਹੈ ॥੩॥
ਹੇ ਜਗਤ ਦੇ ਜੀਵਨ ਪ੍ਰਭੂ! ਤੂੰ ਆਨੰਦ ਦਾ ਸੋਮਾ ਹੈਂ, ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਸੇਵਕਾਂ ਨੂੰ (ਆਤਮਕ) ਆਨੰਦ ਦੇਂਦਾ ਹੈਂ। (ਜੇਹੜਾ ਭੀ ਮਨੁੱਖ ਤੇਰਾ) ਨਾਮ ਸਿਮਰਦਾ ਹੈ (ਉਸ ਨੂੰ ਤੂੰ ਆਨੰਦ ਦੀ ਦਾਤਿ ਦੇਂਦਾ ਹੈਂ।)
ਹੇ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੂੰ ਸਭਨਾਂ ਨੂੰ ਦਾਤਾਂ ਦੇਂਦਾ ਹੈਂ। ਹੇ ਨਾਨਕ! ਪਰਮਾਤਮਾ ਗੁਰੂ ਦੀ ਸਰਨ ਪਾ ਕੇ (ਵਡ-ਭਾਗੀ ਮਨੁੱਖ ਨੂੰ) ਆਪਣੀ ਮੇਹਰ ਨਾਲ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੬॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਗੂਜਰੀ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਮਾਂ, ਪਿਉ, ਪੁੱਤਰ-ਇਹ ਸਾਰੇ ਪਰਮਾਤਮਾ ਦੇ ਬਣਾਏ ਹੋਏ ਹਨ।
ਇਹਨਾਂ ਸਭਨਾਂ ਵਾਸਤੇ ਆਪੋ ਵਿਚ ਦਾ ਰਿਸ਼ਤਾ ਪਰਮਾਤਮਾ ਨੇ ਆਪ ਹੀ ਬਣਾਇਆ ਹੋਇਆ ਹੈ (ਸੋ, ਇਹ ਸਹੀ ਜੀਵਨ-ਰਾਹ ਵਿਚ ਰੁਕਾਵਟ ਨਹੀਂ ਹਨ) ॥੧॥
ਹੇ ਮੇਰੇ ਵੀਰ! (ਪਰਮਾਤਮਾ ਦੇ ਟਾਕਰੇ ਤੇ) ਸਾਡਾ ਕੋਈ ਜ਼ੋਰ ਚੱਲ ਨਹੀਂ ਸਕਦਾ।
ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਪਰਮਾਤਮਾ ਦਾ ਬਣਾਇਆ ਹੋਇਆ ਹੈ, ਸਾਡਾ ਸਰੀਰ ਪਰਮਾਤਮਾ ਦੇ ਵੱਸ ਵਿਚ ਹੈ ॥੧॥ ਰਹਾਉ ॥
ਪਰਮਾਤਮਾ ਆਪ ਹੀ ਆਪਣੇ ਭਗਤਾਂ ਨੂੰ ਆਪਣੇ ਚਰਨਾਂ ਦੀ ਪ੍ਰੀਤਿ ਬਖ਼ਸ਼ਦਾ ਹੈ,
ਉਹਨਾਂ ਭਗਤ ਜਨਾਂ ਨੂੰ ਗ੍ਰਿਹਸਤ ਵਿਚ ਹੀ (ਮਾਂ ਪਿਉ ਪੁੱਤਰ ਇਸਤ੍ਰੀ ਆਦਿਕ ਸਨਬੰਧੀਆਂ ਦੇ ਵਿਚ ਹੀ ਰਹਿੰਦਿਆਂ ਨੂੰ ਹੀ) ਮਾਇਆ ਵਿਚ ਨਿਰਲੇਪ ਰੱਖਦਾ ਹੈ ॥੨॥
ਜਦੋਂ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ,
ਤਦੋਂ ਮਨੁੱਖ ਜੋ ਕੁਝ ਕਰਦਾ ਹੈ (ਰਜ਼ਾ ਵਿਚ ਹੀ ਕਰਦਾ ਹੈ, ਤੇ) ਉਹ ਮੇਰੇ ਪਰਮਾਤਮਾ ਨੂੰ ਚੰਗਾ ਲੱਗਦਾ ਹੈ ॥੩॥
ਜਿਸ ਕਾਰ ਵਿਚ ਜਿਸ ਕੰਮ ਵਿਚ, ਪਰਮਾਤਮਾ ਸਾਨੂੰ ਲਾਂਦਾ ਹੈ,
ਜੇਹੜਾ ਕੰਮ-ਕਾਰ ਪਰਮਾਤਮਾ ਸਾਥੋਂ ਕਰਾਂਦਾ ਹੈ, ਅਸੀਂ ਉਹੀ ਕੰਮ-ਕਾਰ ਕਰਦੇ ਹਾਂ ॥੪॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੀ ਭਗਤੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ,
ਹੇ ਨਾਨਕ! (ਆਖ-) ਉਹ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਪਾ ਲੈਂਦੇ ਹਨ ॥੫॥੧॥੭॥੧੬॥