ਜੋ (ਸਾਰੇ ਜਗਤ ਵਿਚ) ਹਰ ਥਾਂ ਮੌਜੂਦ ਹੈ। ਹੇ ਭਾਈ! ਜੋ ਪਾਣੀ ਵਿਚ ਹੈ, ਜੋ ਧਰਤੀ ਵਿਚ ਹੈ, ਜੋ (ਜੀਵਾਂ ਦੇ) ਸਾਰੇ ਦੁੱਖ ਦੂਰ ਕਰਨ ਵਾਲਾ ਹੈ, ਉਸ ਹਰੀ ਦੀ ਸਿਫ਼ਤਿ-ਸਾਲਾਹ ਦਾ ਗੀਤ ਸਦਾ ਗਾਣਾ ਚਾਹੀਦਾ ਹੈ ॥੧॥ ਰਹਾਉ ॥
(ਹੇ ਭਾਈ!) ਪਰਮਾਤਮਾ ਨੇ ਮੇਰੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ਹੈ,
(ਕਿਉਂਕਿ ਗੁਰੂ ਦੀ ਕਿਰਪਾ ਨਾਲ) ਮੈਂ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
(ਹੇ ਭਾਈ!) ਵਿਕਾਰਾਂ ਤੋਂ ਖ਼ਲਾਸੀ ਦਿਵਾਣ ਵਾਲਾ ਗੁਰੂ ਮੈਨੂੰ ਮਿਲ ਪਿਆ,
(ਇਸ ਕਰਕੇ) ਪਰਮਾਤਮਾ ਨੇ ਮੇਰੀ ਜੀਵਨ-ਜਾਤ੍ਰਾ ਕਾਮਯਾਬ ਕਰ ਦਿੱਤੀ ਹੈ।
(ਹੁਣ) ਮੈਂ ਸਾਧ ਸੰਗਤਿ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ ॥੧॥
ਹੇ (ਮੇਰੇ) ਮਨ! ਪਰਮਾਤਮਾ ਦੇ ਨਾਮ ਉਤੇ ਹੀ ਡੋਰੀ ਰੱਖ,
ਪਰਮਾਤਮਾ ਦਾ ਨਾਮ ਮਾਇਆ ਦੇ ਮੋਹ ਨੂੰ ਪੂਰਨ ਤੌਰ ਤੇ (ਅੰਦਰੋਂ) ਮੁਕਾ ਦੇਂਦਾ ਹੈ।
(ਹੇ ਭਾਈ!) ਜੇਹੜਾ ਮਨੁੱਖ ਦੁਨੀਆ ਦੇ ਕੰਮ-ਕਾਰ ਵਿਚ ਰਹਿੰਦਾ ਹੋਇਆ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ,
ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਮਿਲਿਆ ਰਹਿੰਦਾ ਹੈ।
(ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ,
ਦਾਸ ਨਾਨਕ ਉਸ ਦੇ ਪੈਰੀਂ ਲੱਗਦਾ ਹੈ ॥੨॥੧॥੭॥੪॥੬॥੭॥੧੭॥
ਰਾਗ ਬਿਲਾਵਲੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਸਦਾ-ਥਿਰ ਰਹਿਣ ਵਾਲੇ! ਜੋ ਕੁਝ ਅੱਖਾਂ ਨਾਲ ਦਿੱਸ ਰਿਹਾ ਹੈ, ਮੇਰਾ ਉਸ ਨਾਲ ਸਦਾ ਮੋਹ ਬਣਿਆ ਰਹਿੰਦਾ ਹੈ,
(ਪਰ ਤੂੰ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ) ਤੈਨੂੰ ਮੈਂ ਕਿਸ ਤਰ੍ਹਾਂ ਮਿਲਾਂ?
(ਹੇ ਪ੍ਰਭੂ!) ਕਿਰਪਾ ਕਰ ਕੇ ਮੈਨੂੰ (ਜੀਵਨ ਦੇ ਸਹੀ) ਰਸਤੇ ਉਤੇ ਤੋਰ,
ਮੈਨੂੰ ਸਾਧ ਸੰਗਤਿ ਦੇ ਲੜ ਨਾਲ ਲਾ ਦੇ ॥੧॥
(ਹੇ ਭਾਈ!) ਇਹ ਸੰਸਾਰ ਮਾਇਆ (ਦੇ ਮੋਹ ਦੀਆਂ ਲਹਿਰਾਂ ਨਾਲ ਭਰਪੂਰ) ਹੈ (ਇਸ ਵਿਚੋਂ) ਕਿਵੇਂ ਪਾਰ ਲੰਘਿਆ ਜਾਏ?
(ਉੱਤਰ-) ਗੁਰੂ ਜਹਾਜ਼ ਹੈ (ਗੁਰੂ ਇਸ ਸਮੁੰਦਰ ਵਿਚੋਂ) ਪਾਰ ਲੰਘਾਂਦਾ ਹੈ ॥੧॥ ਰਹਾਉ ॥
(ਹੇ ਭਾਈ!) ਹਵਾ (ਵਾਂਗ) ਮਾਇਆ (ਜੀਵਾਂ ਨੂੰ) ਹੁਲਾਰੇ ਦੇਂਦੀ ਰਹਿੰਦੀ ਹੈ,
(ਇਹਨਾਂ ਹੁਲਾਰਿਆਂ ਦੇ ਸਾਹਮਣੇ ਸਿਰਫ਼) ਉਹੀ ਬੰਦੇ ਅਡੋਲ ਰਹਿੰਦੇ ਹਨ ਜੇਹੜੇ ਸਦਾ ਪ੍ਰਭੂ ਦੀ ਭਗਤੀ ਕਰਦੇ ਹਨ।
ਉਹ ਮਨੁੱਖ ਖ਼ੁਸ਼ੀ ਗ਼ਮੀ (ਦੇ ਹੁਲਾਰਿਆਂ) ਤੋਂ ਵੱਖਰੇ (ਨਿਰਲੇਪ) ਰਹਿੰਦੇ ਹਨ,
ਜਿਨ੍ਹਾਂ ਮਨੁੱਖਾਂ ਦੇ ਸਿਰ ਉਤੇ ਗੁਰੂ ਆਪ ਰਾਖੀ ਕਰਨ ਵਾਲਾ ਹੈ ॥੨॥
(ਹੇ ਭਾਈ!) ਸੱਪ (ਵਾਂਗ) ਮਾਇਆ ਨੇ ਸਾਰੇ ਜੀਵਾਂ ਦੇ ਦੁਆਲੇ ਵਲੇਵਾਂ ਪਾਇਆ ਹੋਇਆ ਹੈ।
ਜੀਵ ਹਉਮੈ (ਦੀ ਅੱਗ) ਵਿਚ ਸੜੇ ਪਏ ਹਨ ਜਿਵੇਂ ਦੀਵਿਆਂ ਨੂੰ ਵੇਖ ਕੇ ਪਤੰਗੇ ਸੜਦੇ ਹਨ।
(ਮਾਇਆ-ਵੇੜ੍ਹਿਆ ਜੀਵ ਭਾਵੇਂ ਬਾਹਰਲੇ ਭੇਖ ਆਦਿਕ ਦੇ) ਸਾਰੇ ਸਿੰਗਾਰ ਕਰਦਾ ਰਹੇ, (ਫਿਰ ਭੀ ਉਹ) ਪਰਮਾਤਮਾ ਨੂੰ ਮਿਲ ਨਹੀਂ ਸਕਦਾ।
ਜਦੋਂ ਪਰਮਾਤਮਾ ਆਪ (ਜੀਵ ਉੱਤੇ) ਦਇਆਵਾਨ ਹੁੰਦਾ ਹੈ, ਤਾਂ (ਉਸ ਨੂੰ) ਗੁਰੂ ਮਿਲਾਂਦਾ ਹੈ ॥੩॥
(ਹੇ ਭਾਈ!) ਮੈਂ (ਭੀ) ਨਾਮ-ਰਤਨ ਨੂੰ ਭਾਲਦੀ ਭਾਲਦੀ (ਬਾਹਰ) ਉਦਾਸ ਫਿਰ ਰਹੀ ਸਾਂ,
ਪਰ ਉਹ ਨਾਮ-ਹੀਰਾ ਅਮੋਲਕ ਹੈ ਉਹ (ਬਾਹਰਲੇ ਭੇਖ ਆਦਿਕ) ਉਪਾਵਾਂ ਨਾਲ ਨਹੀਂ ਮਿਲਦਾ।
(ਇਹ ਸਰੀਰ ਹੀ) ਪਰਮਾਤਮਾ ਦੇ ਰਹਿਣ ਦਾ ਘਰ ਹੈ, ਇਸ (ਸਰੀਰ) ਵਿਚ ਉਹ ਲਾਲ ਵੱਸ ਰਿਹਾ ਹੈ।
ਜਦੋਂ ਗੁਰੂ ਨੇ (ਮੇਰੇ ਅੰਦਰੋਂ ਭਰਮ-ਭੁਲੇਖੇ ਦਾ) ਪਰਦਾ ਖੋਲ੍ਹ ਦਿੱਤਾ, ਮੈਂ (ਉਸ ਲਾਲ ਨੂੰ ਆਪਣੇ ਅੰਦਰ ਹੀ) ਵੇਖ ਕੇ ਲੂੰ ਲੂੰ ਖਿੜ ਗਈ ॥੪॥
(ਹੇ ਭਾਈ!) ਜਿਸ ਮਨੁੱਖ ਨੇ (ਨਾਮ-ਰਸ) ਚੱਖਿਆ ਹੈ, ਉਸ ਨੂੰ (ਹੀ) ਸੁਆਦ ਆਇਆ ਹੈ।
(ਪਰ ਉਹ ਇਹ ਸੁਆਦ ਦੱਸ ਨਹੀਂ ਸਕਦਾ) ਜਿਵੇਂ ਗੁੰਗਾ (ਕੋਈ ਸੁਆਦਲਾ ਪਦਾਰਥ ਖਾ ਕੇ ਹੋਰਨਾਂ ਨੂੰ ਦੱਸ ਨਹੀਂ ਸਕਦਾ ਉਂਞ ਆਪਣੇ) ਮਨ ਵਿਚ ਬਹੁਤ ਗਦ-ਗਦ ਹੋ ਜਾਂਦਾ ਹੈ।
ਉਸ ਮਨੁੱਖ ਨੂੰ ਉਹ ਆਨੰਦ ਦਾ ਸੋਮਾ ਪ੍ਰਭੂ ਹਰ ਥਾਂ ਵੱਸਦਾ ਦਿੱਸਦਾ ਹੈ,
ਹੇ ਦਾਸ ਨਾਨਕ! ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾ ਗਾ ਕੇ (ਪ੍ਰਭੂ ਵਿਚ) ਲੀਨ ਰਹਿੰਦਾ ਹੈ ॥੫॥੧॥
(ਹੇ ਭਾਈ!) ਗੁਰੂ ਉਸ ਨੂੰ ਸਾਰੇ ਸੁਖ ਦੇ ਦੇਂਦਾ ਹੈ,
ਜਿਸ ਸੇਵਕ ਨੂੰ ਪ੍ਰਭੂ ਆਪਣੀ ਸੇਵਾ-ਭਗਤੀ ਵਿਚ ਲਾਂਦਾ ਹੈ।
ਅਲੱਖ ਅਤੇ ਅਭੇਵ ਪਰਮਾਤਮਾ ਦਾ ਨਾਮ ਜਪ ਕੇ (ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਵਿਕਾਰਾਂ ਦੀ ਕੋਈ) ਰੁਕਾਵਟ ਨਹੀਂ ਪੈਂਦੀ ॥੧॥
(ਹੇ ਭਾਈ! ਜੇਹੜਾ ਭੀ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ।
ਜੇਹੜਾ ਭੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ (ਉਸ ਦੇ ਹਿਰਦੇ ਵਿਚੋਂ) ਪਾਪ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
(ਜਿਸ ਮਨੁੱਖ ਨੂੰ ਪ੍ਰਭੂ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਸ ਨੂੰ) ਉਹ ਪ੍ਰਭੂ ਹੀ ਹਰ ਥਾਂ ਮੌਜੂਦ ਦਿੱਸਦਾ ਹੈ,
ਜਿਸ ਦਾ ਤੇਜ-ਪਰਤਾਪ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਹੀ ਬੜਾ ਚਲਿਆ ਆ ਰਿਹਾ ਹੈ।
ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ ॥੨॥
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੇ (ਸੋਹਣੇ) ਚਰਨ (ਆਪਣੇ) ਮਨ ਵਿਚ ਪਿਆਰੇ ਲੱਗਦੇ ਹਨ।
ਉਹ ਜਿੱਥੇ ਭੀ ਵੱਸਦਾ ਹੈ ਹਰ ਥਾਂ (ਵਿਕਾਰਾਂ ਦੀ) ਰੁਕਾਵਟ ਤੋਂ ਬਚਿਆ ਰਹਿੰਦਾ ਹੈ।
ਉਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ, ਤੇ, ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ॥੩॥
ਪ੍ਰਭੂ-ਪਾਰਬ੍ਰਹਮ ਜੀ ਸਦਾ ਆਪਣੇ ਸੇਵਕਾਂ ਦੇ ਰਾਖੇ ਬਣਦੇ ਹਨ।
ਸੇਵਕਾਂ ਨੂੰ ਪ੍ਰਭੂ ਜੀ ਹਰ ਥਾਂ ਆਪਣੇ ਅੰਗ-ਸੰਗ ਦਿੱਸਦੇ ਹਨ।
ਹੇ ਨਾਨਕ! ਖਸਮ-ਪ੍ਰਭੂ ਨੇ ਸਦਾ ਹੀ ਆਪਣੇ ਦਾਸਾਂ ਦੀ ਰੱਖਿਆ ਕੀਤੀ ਹੈ ॥੪॥੨॥
ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਹੇ ਮੇਰੇ ਪ੍ਰੀਤਮ ਪ੍ਰਭੂ!