ਜਿਨ੍ਹਾਂ ਦੇ ਮਨ ਦੀ ਪ੍ਰੀਤ ਪ੍ਰਭੂ ਦੇ ਨਾਮ ਵਿਚ ਬਣ ਜਾਂਦੀ ਹੈ ਉਹ ਉਸ ਪਰਮਾਤਮਾ ਦੇ ਪਿਆਰ ਵਿਚ (ਸਦਾ ਲਈ) ਰੰਗੇ ਜਾਂਦੇ ਹਨ ਜੋ ਸੁੱਧ-ਸਰੂਪ ਹੈ ਤੇ ਜੋ ਸਦਾ ਤੋਂ ਹੀ ਦਇਆ ਦਾ ਸੋਮਾ ਹੈ ॥੩॥
ਮੇਰੇ ਚੰਗੇ ਭਾਗਾਂ (ਗੁਰੂ ਦੀ ਕਿਰਪਾ ਨਾਲ) ਮੇਰੀ ਲਿਵ (ਪ੍ਰਭੂ-ਚਰਨਾਂ ਵਿਚ) ਲੱਗ ਗਈ ਹੈ, ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਨੇ ਮੇਰਾ ਮਨ (ਆਪਣੇ ਪ੍ਰੇਮ ਵਿਚ) ਮੋਹ ਲਿਆ ਹੈ।
ਸਦਾ-ਥਿਰ ਪ੍ਰਭੂ (ਦੇ ਗੁਣਾਂ) ਨੂੰ ਸੋਚ-ਮੰਡਲ ਵਿਚ ਲਿਆਉਣ ਕਰ ਕੇ ਮੇਰੇ ਸਾਰੇ ਪਾਪ-ਦੁੱਖ ਕੱਟੇ ਗਏ ਹਨ, ਮੇਰਾ ਮਨ ਪਵਿਤ੍ਰ ਹੋ ਗਿਆ ਹੈ, (ਪ੍ਰਭੂ-ਚਰਨਾਂ ਦਾ) ਪ੍ਰੇਮੀ ਹੋ ਗਿਆ ਹੈ ॥੪॥
ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ, ਸਿਰਫ਼ ਉਸ ਨੂੰ ਪੂਜਦਾ ਹਾਂ ਜੋ ਬੜੇ ਡੂੰਘੇ ਤੇ ਵੱਡੇ ਜਿਗਰੇ ਵਾਲਾ ਹੈ, ਜੋ ਬੇਅੰਤ ਰਤਨਾਂ ਦੀ ਖਾਣ ਸਮੁੰਦਰ ਹੈ।
ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਮੈਂ ਸਮਝ ਲਿਆ ਹੈ ਕਿ ਸਿਰਫ਼ ਪਰਮਾਤਮਾ ਹੀ ਡਰ-ਸਹਿਮ ਦਾ ਨਾਸ ਕਰਨ ਵਾਲਾ ਹੈ, ਕੋਈ ਹੋਰ (ਦੇਵੀ ਦੇਵਤਾ ਆਦਿਕ) ਦੂਜਾ ਨਹੀਂ ਹੈ ॥੫॥
ਹੁਣ ਮੈਂ ਪ੍ਰਭੂ ਦੇ ਨਾਮ-ਰਸ ਵਿਚ ਬਹੁਤ ਰੰਗਿਆ ਗਿਆ ਹਾਂ, ਮਨ (ਵਿਚੋਂ ਵਿਕਾਰਾਂ ਦੀ ਅੰਸ) ਮਾਰ ਕੇ ਮੈਂ ਪਵਿਤ੍ਰ ਆਤਮਕ ਦਰਜੇ ਨਾਲ ਡੂੰਘੀ ਸਾਂਝ ਪਾ ਲਈ ਹੈ।
ਗੁਰੂ ਨੇ ਮੈਨੂੰ ਸਮਝ ਬਖ਼ਸ਼ ਦਿੱਤੀ ਹੈ, (ਹੁਣ) ਇਕ ਪਰਮਾਤਮਾ ਤੋਂ ਬਿਨਾ ਮੈਂ ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ ॥੬॥
ਗੁਰੂ ਦੀ ਮੱਤ ਲੈ ਕੇ ਸਿਰਫ਼ ਉਸ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਈ ਹੈ ਜੋ ਅਪਹੁੰਚ ਹੈ, ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ, ਜੋ ਆਪ ਹੀ ਆਪਣਾ ਖਸਮ-ਮਾਲਕ ਹੈ, ਅਤੇ ਜੋ ਜੂਨਾਂ ਵਿਚ ਨਹੀਂ ਆਉਂਦਾ।
(ਇਸ ਸਾਂਝ ਦੀ ਬਰਕਤਿ ਨਾਲ) ਮੇਰੇ ਗਿਆਨ-ਇੰਦ੍ਰੇ (ਨਾਮ-ਰਸ ਨਾਲ) ਨਕਾ-ਨਕ ਭਰ ਗਏ ਹਨ, ਹੁਣ ਮੇਰਾ ਮਨ (ਮਾਇਆ ਵਾਲੇ ਪਾਸੇ) ਡੋਲਦਾ ਨਹੀਂ ਹੈ, ਆਪਣੇ ਅੰਦਰ ਹੀ ਟਿਕ ਗਿਆ ਹੈ ॥੭॥
ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ। ਗੁਰੂ ਦੀ ਕਿਰਪਾ ਨਾਲ ਹੀ ਉਸ ਦਾ ਸਿਮਰਨ ਕੀਤਾ ਜਾ ਸਕਦਾ ਹੈ। ਮੈਂ ਤਦੋਂ ਹੀ ਉਸ ਦੀ ਸਿਫ਼ਤ-ਸਾਲਾਹ ਕਰ ਸਕਦਾ ਹਾਂ ਜਦੋਂ ਉਹ ਆਪ ਹੀ ਸਿਫ਼ਤ-ਸਾਲਾਹ ਕਰਾਂਦਾ ਹੈ।
ਹੇ ਨਾਨਕ! ਹੇ ਮੇਰੇ ਦੀਨ ਦਇਆਲ ਪ੍ਰਭੂ! ਮੈਨੂੰ ਤੇਰੇ ਵਰਗਾ ਹੋਰ ਕੋਈ ਨਹੀਂ ਦਿੱਸਦਾ, ਮੈਂ ਤੇਰੇ ਨਾਲ ਹੀ ਸਾਂਝ ਪਾਈ ਹੈ ॥੮॥੨॥
ਰਾਗ ਸਾਰੰਗ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ।
ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦਾ। ਪ੍ਰਭੂ ਦੇ ਨਾਮ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਅਤੇ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ॥੧॥ ਰਹਾਉ ॥
ਗੁਰੂ ਦੇ ਸ਼ਬਦ ਦੀ ਰਾਹੀਂ ਡਰ ਦੂਰ ਕਰਨ ਵਾਲਾ ਅਤੇ ਆਤਮਕ ਮੌਤ ਨਾਸ ਕਰਨ ਵਾਲਾ ਹਰੀ ਮਿਲ ਪੈਂਦਾ ਹੈ, ਪਰਮਾਤਮਾ ਨਾਲ ਲਗਨ ਲੱਗ ਜਾਂਦੀ ਹੈ।
ਗੁਰੂ ਦੀ ਸਰਨ ਪਿਆਂ ਸਾਰੇ ਸੁਖ ਦੇਣ ਵਾਲੇ ਹਰੀ ਨਾਲ ਸਾਂਝ ਬਣ ਜਾਂਦੀ ਹੈ, (ਗੁਰੂ ਦੀ ਸਰਨ ਪੈ ਕੇ ਮਨੁੱਖ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥
ਨਿਰਲੇਪ ਹਰਿ-ਨਾਮ (ਹੀ) ਭਗਤ ਜਨਾਂ (ਦੇ ਆਤਮਾ) ਦੀ ਖ਼ੁਰਾਕ ਹੈ, ਪ੍ਰਭੂ ਦੀ ਭਗਤੀ ਉਹਨਾਂ ਵਾਸਤੇ ਪੁਸ਼ਾਕ ਹੈ ਤੇ ਇੱਜ਼ਤ ਹੈ।
ਜਿਹੜੇ ਮਨੁੱਖ ਸਦਾ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ, ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ ॥੨॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਅਕਲ ਹੋਛੀ ਹੁੰਦੀ ਹੈ, ਉਸ ਦਾ ਮਨ (ਮਾਇਆ ਵਿਚ) ਡੋਲਦਾ ਰਹਿੰਦਾ ਹੈ, ਉਹ ਕਦੇ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਨਹੀਂ ਕਰਦਾ।
ਗੁਰੂ ਦੀ ਮੱਤ ਉੱਤੇ ਤੁਰਿਆਂ ਮਨੁੱਖ ਅਡੋਲ-ਚਿੱਤ ਹੋ ਜਾਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਵੱਸਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵੱਸਦੀ ਹੈ ॥੩॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨ ਦੀਆਂ ਦੌੜਾਂ-ਭੱਜਾਂ ਦੂਰ ਕਰ ਲਈਦੀਆਂ ਹਨ, ਗੁਰ-ਸ਼ਬਦ ਦੀ ਰਾਹੀਂ ਮਨੁੱਖ ਦੀ ਜੀਭ ਆਤਮਕ ਅਡੋਲਤਾ ਵਿਚ ਟਿੱਕ ਜਾਂਦੀ ਹੈ (ਰਸਾਂ ਕਸਾਂ ਦੇ ਪਿੱਛੇ ਨਹੀਂ ਦੌੜਦੀ)।
ਆਪਣੇ ਗੁਰੂ (ਦੇ ਚਰਨਾਂ) ਵਿਚ ਜੁੜੇ ਰਹਿਣਾ ਚਾਹੀਦਾ ਹੈ, ਕਿਉਂਕਿ (ਉਸ) ਗੁਰੂ ਨੇ ਆਪਣੀ ਸੁਰਤ ਸਦਾ ਪਰਮਾਤਮਾ ਵਿਚ ਜੋੜ ਰੱਖੀ ਹੈ ॥੪॥
(ਜਦੋਂ ਕਿਸੇ ਮਨੁੱਖ ਦਾ) ਮਨ ਗੁਰੂ ਦੇ ਸ਼ਬਦ ਦੀ ਰਾਹੀਂ ਆਪਾ-ਭਾਵ ਦੂਰ ਕਰਦਾ ਹੈ, ਤਦੋਂ (ਉਹ ਮਨੁੱਖ) ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਵਿਕਾਰਾਂ ਦੇ ਪੰਜੇ ਵਿਚੋਂ ਨਿਕਲ ਜਾਂਦਾ ਹੈ।
ਪਰਮਾਤਮਾ (ਮਾਨੋ, ਐਸਾ) ਸਰੋਵਰ ਹੈ ਸਮੁੰਦਰ ਹੈ (ਜਿਸ ਦਾ) ਜਲ ਪਵਿੱਤਰ ਰਹਿੰਦਾ ਹੈ, (ਜਿਹੜਾ ਮਨੁੱਖ ਇਸ ਵਿਚ) ਇਸ਼ਨਾਨ ਕਰਦਾ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਲੀਨ ਰਹਿੰਦਾ ਹੈ ॥੫॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾ ਕੇ (ਤੇ, ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਅਤੇ ਤ੍ਰਿਸ਼ਨਾ ਨੂੰ ਮੁਕਾ ਕੇ ਸਦਾ (ਪ੍ਰਭੂ ਦੇ) ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ,
ਉਹਨਾਂ ਦੇ ਅੰਦਰ ਸੁੱਧ-ਸਰੂਪ ਹਰੀ ਆ ਵੱਸਦਾ ਹੈ, (ਉਹਨਾਂ ਨੂੰ) ਹਰ ਥਾਂ ਪਰਮਾਤਮਾ ਹੀ ਦਿੱਸਦਾ ਹੈ ॥੬॥
ਪਰ, ਹੇ ਪ੍ਰਭੂ! ਉਹੀ ਸੇਵਕ ਤੇਰੀ ਸੇਵਾ-ਭਗਤੀ ਕਰਦੇ ਹਨ ਅਤੇ ਤੇਰੇ ਸਦਾ-ਥਿਰ ਨਾਮ ਵਿਚ ਰੰਗੇ ਰਹਿੰਦੇ ਹਨ, ਜਿਹੜੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ।
ਮੇਰ-ਤੇਰ ਵਿਚ ਫਸੀ ਹੋਈ ਜੀਵ-ਇਸਤ੍ਰੀ ਪਰਮਾਤਮਾ ਦੇ ਚਰਨਾਂ ਵਿਚ ਥਾਂ ਨਹੀਂ ਲੈ ਸਕਦੀ, ਉਹ ਦੁਨੀਆ ਵਿਚ ਭੀ ਆਪਣਾ ਇਤਬਾਰ ਗਵਾਈ ਰੱਖਦੀ ਹੈ, ਉਹ ਇਹ ਨਹੀਂ ਪਛਾਣ ਸਕਦੀ ਕਿ ਜੋ ਕੁਝ ਮੈਂ ਕਰ ਰਹੀ ਹਾਂ ਇਹ ਚੰਗਾ ਹੈ ਜਾਂ ਮਾੜਾ ॥੭॥
ਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜੇ, ਤਦੋਂ ਹੀ ਉਸ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ, ਤਦੋਂ ਹੀ ਉਸ ਦਾ ਸਦਾ-ਥਿਰ ਸ਼ਬਦ ਉਸ ਦੀ ਸਦਾ-ਥਿਰ ਬਾਣੀ ਦਾ ਉਚਾਰਨ ਕੀਤਾ ਜਾ ਸਕਦਾ ਹੈ।
ਹੇ ਨਾਨਕ! (ਜਿਨ੍ਹਾਂ ਨੂੰ ਪ੍ਰਭੂ ਆਪ ਆਪਣੇ ਚਰਨਾਂ ਵਿਚ ਜੋੜਦਾ ਹੈ; ਉਹ ਮਨੁੱਖ) ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਦਾ ਹੀ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੮॥੧॥
ਹੇ ਮੇਰੇ ਮਨ! (ਜਿਸ ਮਨੁੱਖ ਨੂੰ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ,