ਗੁਰੂ-ਸੰਤ ਦੀ ਕਿਰਪਾ ਨਾਲ ਸਭ ਤੋਂ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ॥੨॥
(ਹੇ ਭਾਈ!) ਪਰਮਾਤਮਾ ਨੇ ਆਪ ਜਿਸ ਮਨੁੱਖ ਦੀ ਸਹਾਇਤਾ ਕੀਤੀ,
ਉਸ ਨੇ ਪਰਮਾਤਮਾ ਦੇ ਭਗਤਾਂ ਦੀ ਚਰਨੀਂ ਲੱਗ ਕੇ ਆਤਮਕ ਆਨੰਦ ਮਾਣਿਆ।
ਉਹਨਾਂ ਦੇ ਅੰਦਰੋਂ (ਜਦੋਂ) ਆਪਾ-ਭਾਵ ਦੂਰ ਹੋ ਗਿਆ ਤਦੋਂ ਉਹ ਪਰਮਾਤਮਾ ਦਾ ਰੂਪ ਹੀ ਹੋ ਗਏ,
ਜੇਹੜੇ ਮਨੁੱਖ ਦਇਆ ਦੇ ਖ਼ਜ਼ਾਨੇ ਪਰਮਾਤਮਾ ਦੀ ਸਰਨ ਆ ਪਏ ॥੩॥
(ਹੇ ਭਾਈ!) ਜਦੋਂ ਕਿਸੇ ਮਨੁੱਖ ਨੂੰ (ਗੁਰੂ ਦੀ ਕਿਰਪਾ ਨਾਲ) ਉਹ ਪਰਮਾਤਮਾ ਹੀ ਮਿਲ ਪੈਂਦਾ ਹੈ ਜਿਸ ਨੂੰ ਉਹ ਮਿਲਣਾ ਚਾਹੁੰਦਾ ਹੈ,
ਤਦੋਂ ਉਹ (ਬਾਹਰ ਜੰਗਲਾਂ ਪਹਾੜਾਂ ਆਦਿਕ ਵਿਚ ਉਸ ਨੂੰ) ਲੱਭਣ ਲਈ ਨਹੀਂ ਜਾਂਦਾ।
(ਪਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲੈਣ ਵਾਲੇ ਮਨੁੱਖ) ਅਡੋਲ-ਚਿੱਤ ਹੋ ਜਾਂਦੇ ਹਨ, ਉਹ ਸਦਾ ਆਨੰਦ ਅਵਸਥਾ ਵਿਚ ਟਿਕੇ ਰਹਿੰਦੇ ਹਨ,
ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਉਹ ਸਦਾ ਸੁਖਾਂ ਵਿਚ ਵੱਸਣ ਵਾਲੇ ਹੋ ਜਾਂਦੇ ਹਨ ॥੪॥੧੧੦॥
(ਹੇ ਭਾਈ!) ਉਸ ਨੇ (ਮਾਨੋ) ਕ੍ਰੋੜਾਂ ਤੀਰਥਾਂ ਵਿਚ ਚੁੱਭੀਆਂ ਲਾ ਲਈਆਂ, ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਕਰ ਲਏ,
ਉਸ ਨੇ (ਮਾਨੋ) ਲੱਖਾਂ ਰੁਪਏ ਅਰਬਾਂ ਰੁਪਏ ਖਰਬਾਂ ਰੁਪਏ ਦਾਨ ਕਰ ਲਏ,
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੧॥
(ਹੇ ਭਾਈ!) ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾ ਕੇ ਸਾਰੇ ਮਨੁੱਖ ਪਵਿਤ੍ਰ ਹੋ ਸਕਦੇ ਹਨ।
ਦਇਆ ਦੇ ਸੋਮੇ ਗੁਰੂ ਦੀ ਸਰਨ ਪਿਆਂ (ਸਾਰੇ) ਪਾਪ ਮਿਟ ਜਾਂਦੇ ਹਨ ॥ਰਹਾਉ॥
(ਹੇ ਭਾਈ!) ਉਸ ਨੇ (ਮਾਨੋ) ਪੁੱਠੇ ਲਟਕ ਕੇ ਅਨੇਕਾਂ ਤਪਾਂ ਦੇ ਸਾਧਨ ਸਾਧ ਲਏ,
ਉਸ ਨੇ (ਮਾਨੋ, ਰਿੱਧੀਆਂ ਸਿੱਧੀਆਂ ਦੇ) ਅਨੇਕਾਂ ਲਾਭ ਖੱਟ ਲਏ, ਅਨੇਕਾਂ ਮਨੋਰਥ ਹਾਸਲ ਕਰ ਲਏ,
ਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਹੈ ॥੨॥
(ਹੇ ਭਾਈ!) ਉਸ ਨੇ (ਮਾਨੋ) ਸਿਮ੍ਰਿਤੀਆਂ ਸ਼ਾਸਤ੍ਰਾਂ ਵੇਦਾਂ ਦੇ ਉਚਾਰਨ ਕਰ ਲਏ,
ਉਸ ਨੇ (ਮਾਨੋ) ਜੋਗ (ਦੀਆਂ ਗੁੰਝਲਾਂ) ਦੀ ਸੂਝ ਪ੍ਰਾਪਤ ਕਰ ਲਈ, ਉਸ ਨੇ (ਮਾਨੋ) ਸਿੱਧਾਂ ਨੂੰ ਮਿਲੇ ਸੁਖਾਂ ਨਾਲ ਸਾਂਝ ਪਾ ਲਈ,
ਜਿਸ ਮਨੁੱਖ ਦਾ ਮਨ ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਪਰਮਾਤਮਾ ਨਾਲ ਗਿੱਝ ਜਾਂਦਾ ਹੈ ॥੩॥
(ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰਦਾ ਹੈ, ਉਹ ਮਨੁੱਖ) ਉਸ ਅਥਾਹ ਹਸਤੀ ਵਾਲੇ ਅਪਹੁੰਚ ਤੇ ਬੇਅੰਤ ਪਰਮਾਤਮਾ ਦਾ ਨਾਮ ਜਪਦਾ ਹੈ,
ਉਸ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਂਦਾ ਹੈ।
(ਹੇ ਨਾਨਕ! ਤੂੰ ਭੀ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਮੈਂ ਨਾਨਕ ਉਤੇ ਕਿਰਪਾ ਕਰ (ਤਾ ਕਿ ਮੈਂ ਤੇਰਾ ਨਾਮ ਜਪ ਸਕਾਂ) ॥੪॥੧੧੧॥
(ਹੇ ਭਾਈ! ਗੋਬਿੰਦ ਦਾ ਆਰਾਧਨ ਗੁਰੂ ਦੀ ਰਾਹੀਂ ਹੀ ਮਿਲਦਾ ਹੈ।) ਉਸ ਨੇ ਗੋਬਿੰਦ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਿਆ ਹੈ,
(ਜਿਸ ਮਨੁੱਖ ਨੇ) ਗੁਰੂ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾਏ ਹਨ ॥੧॥
(ਹੇ ਭਾਈ!) ਗੋਬਿੰਦ ਪਾਰਬ੍ਰਹਮ (ਸਭ ਹਸਤੀਆਂ ਨਾਲੋਂ) ਵੱਡਾ ਹੈ, ਸਾਰੇ ਗੁਣਾਂ ਦਾ ਮਾਲਕ ਹੈ (ਉਸ ਵਿਚ ਕੋਈ ਕਿਸੇ ਕਿਸਮ ਦੀ ਘਾਟ ਨਹੀਂ ਹੈ)।
ਉਸ ਗੋਬਿੰਦ ਨੂੰ ਆਰਾਧ ਕੇ ਮੇਰਾ ਮਨ ਹੌਸਲੇ ਵਾਲਾ ਬਣ ਜਾਂਦਾ ਹੈ (ਤੇ ਅਨੇਕਾਂ ਕਿਲਬਿਖਾਂ ਦਾ ਟਾਕਰਾ ਕਰਨ ਜੋਗਾ ਹੋ ਜਾਂਦਾ ਹੈ)।ਰਹਾਉ।
(ਹੇ ਭਾਈ!) ਮੈਂ ਤਾਂ ਹਰ ਵੇਲੇ ਗੁਰੂ ਦਾ ਨਾਮ ਚੇਤੇ ਰੱਖਦਾ ਹਾਂ (ਗੁਰੂ ਦੀ ਮਿਹਰ ਨਾਲ ਹੀ ਗੋਬਿੰਦ ਦਾ ਸਿਮਰਨ ਪ੍ਰਾਪਤ ਹੁੰਦਾ ਹੈ, ਤੇ)
ਉਸ ਸਿਮਰਨ ਦੀ ਬਰਕਤਿ ਨਾਲ ਸਾਰੇ ਕੰਮਾਂ ਵਿਚ ਸਫਲਤਾ ਹਾਸਲ ਹੁੰਦੀ ਹੈ ॥੨॥
(ਹੇ ਭਾਈ! ਗੁਰੂ ਦੀ ਰਾਹੀਂ ਹਰ ਥਾਂ ਪਰਮਾਤਮਾ ਦਾ) ਦਰਸਨ ਕਰ ਕੇ (ਦਰਸਨ ਕਰਨ ਵਾਲੇ) ਠੰਢੇ ਠਾਰ ਮਨ ਵਾਲੇ ਹੋ ਜਾਂਦੇ ਹਨ,
ਤੇ ਉਹਨਾਂ ਦੇ ਅਨੇਕਾਂ (ਪਹਿਲੇ) ਜਨਮਾਂ ਦੇ ਕੀਤੇ ਹੋਏ ਪਾਪ ਨਾਸ ਹੋ ਜਾਂਦੇ ਹਨ ॥੩॥
ਨਾਨਕ ਆਖਦਾ ਹੈ- ਹੇ ਭਾਈ! (ਗੁਰੂ ਦੀ ਸਰਨ ਪੈ ਕੇ ਗੋਬਿੰਦ ਦਾ ਨਾਮ ਸਿਮਰਿਆਂ ਦੁਨੀਆ ਵਾਲੇ) ਸਾਰੇ ਡਰ-ਖ਼ਤਰੇ ਮਨ ਤੋਂ ਲਹਿ ਜਾਂਦੇ ਹਨ,
(ਕਿਉਂਕਿ) ਸਿਮਰਨ ਦੀ ਬਰਕਤਿ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ (ਗੋਬਿੰਦ ਆਪਣੇ ਸੇਵਕ ਦੀ ਆਪ ਲਾਜ ਰੱਖਦਾ ਹੈ ॥੪॥੧੧੨॥
(ਹੇ ਭਾਈ!) ਪਰਮਾਤਮਾ ਆਪਣੇ ਸੇਵਕ ਦੇ ਵਾਸਤੇ (ਸਦਾ) ਮਦਦਗਾਰ ਬਣਿਆ ਰਹਿੰਦਾ ਹੈ,
ਸਦਾ (ਆਪਣੇ ਸੇਵਕ ਦੀ) ਸੰਭਾਲ ਕਰਦਾ ਹੈ ਜਿਵੇਂ ਮਾਂ ਤੇ ਪਿਉ (ਆਪਣੇ ਬੱਚੇ ਦੀ ਸੰਭਾਲ ਕਰਦੇ ਹਨ) ॥੧॥
(ਹੇ ਭਾਈ!) ਹਰੇਕ ਮਨੁੱਖ (ਜੇਹੜਾ) ਪਰਮਾਤਮਾ ਦੀ ਸਰਨ ਵਿਚ (ਆਉਂਦਾ ਹੈ, ਸਾਰੇ ਵਿਕਾਰਾਂ ਡਰਾਂ-ਸਹਿਮਾਂ ਤੋਂ) ਬਚ ਜਾਂਦਾ ਹੈ,
ਉਸ ਨੂੰ ਨਿਸਚਾ ਬਣ ਜਾਂਦਾ ਹੈ ਕਿ ਉਹ ਸਰਬ-ਵਿਆਪਕ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਜੀਵਾਂ ਪਾਸੋਂ ਸਭ ਕੁਝ ਕਰਾਣ ਵਾਲਾ ਹੈ।ਰਹਾਉ।
(ਹੇ ਭਾਈ!) ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਪਰਮਾਤਮਾ (ਮੇਰੇ) ਮਨ ਵਿਚ ਆ ਵੱਸਿਆ ਹੈ,
ਹੁਣ ਮੇਰੇ ਸਾਰੇ ਡਰ-ਖ਼ਤਰੇ ਨਾਸ ਹੋ ਗਏ ਹਨ ਤੇ ਮੈਂ ਆਤਮਕ ਆਨੰਦ ਮਾਣ ਰਿਹਾ ਹਾਂ ॥੨॥
(ਹੇ ਭਾਈ!) ਪਰਮਾਤਮਾ ਕਿਰਪਾ ਕਰ ਕੇ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ ਹੈ,
ਉਹਨਾਂ ਦੇ (ਪਹਿਲੇ) ਅਨੇਕਾਂ ਜਨਮਾਂ ਦੇ (ਕੀਤੇ) ਪਾਪਾਂ ਦੇ ਸੰਸਕਾਰ (ਉਹਨਾਂ ਦੇ ਮਨ ਤੋਂ) ਲਹਿ ਜਾਂਦੇ ਹਨ ॥੩॥
ਪਰਮਾਤਮਾ ਕੇਡੀ ਵੱਡੀ ਸਮਰੱਥਾ ਵਾਲਾ ਹੈ-ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ।
ਹੇ ਨਾਨਕ! ਪਰਮਾਤਮਾ ਦੇ ਸੇਵਕ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ ॥੪॥੧੧੩॥
ਰਾਗ ਗਉੜੀ-ਚੇਤੀ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਪਦਿਆਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਪਰਮਾਤਮਾ ਦੀ ਤਾਕਤ ਹਰ ਥਾਂ (ਆਪਣਾ ਪ੍ਰਭਾਵ ਪਾ ਰਹੀ ਹੈ)।
(ਇਸ ਵਾਸਤੇ ਜਿਸ ਸੇਵਕ ਦੇ ਸਿਰ ਉਤੇ ਪਰਮਾਤਮਾ ਆਪਣਾ ਮਿਹਰ ਦਾ ਹੱਥ ਰੱਖਦਾ ਹੈ) ਉਸ ਤਾਕਤ ਦੀ ਬਰਕਤਿ ਨਾਲ (ਉਸ ਸੇਵਕ ਉੱਤੇ) ਕੋਈ ਦੁੱਖ-ਕਲੇਸ਼ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥
ਹੇ (ਮੇਰੀ) ਮਾਂ! ਪਰਮਾਤਮਾ ਦਾ ਸੇਵਕ ਜੇਹੜੀ ਜੇਹੜੀ ਮੰਗ ਆਪਣੇ ਮਨ ਵਿਚ ਚਿਤਾਰਦਾ ਹੈ,
ਕਰਤਾਰ ਆਪ ਉਸ ਦੀ ਉਹ ਮੰਗ ਪੂਰੀ ਕਰ ਦੇਂਦਾ ਹੈ ॥੧॥
(ਸੇਵਕ ਦੇ) ਦੋਖੀ-ਨਿੰਦਕ ਦੀ ਇੱਜ਼ਤ ਪ੍ਰਭੂ ਨੇ ਲੋਕ-ਪਰਲੋਕ ਵਿਚ ਆਪ ਗਵਾ ਦਿੱਤੀ ਹੁੰਦੀ ਹੈ।
ਹੇ ਨਾਨਕ! (ਪਰਮਾਤਮਾ ਦਾ ਸੇਵਕ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਤੇ ਦੁਨੀਆ ਦੇ ਡਰਾਂ ਵਲੋਂ) ਨਿਡਰ ਹੋ ਜਾਂਦਾ ਹੈ ॥੨॥੧੧੪॥