ਹੇ ਨਾਨਕ! (ਆਖ-ਹੇ ਸਹੇਲੀਓ! ਜਿਨ੍ਹਾਂ ਨੂੰ ਉਹ) ਆਪ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ (ਉਸ ਸਰਬ-ਵਿਆਪਕ ਦਾ) ਦਰਸਨ ਕਰ ਕੇ ਆਨੰਦ-ਭਰਪੂਰ ਰਹਿੰਦੇ ਹਨ ॥੪॥੫॥੮॥
ਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਸਭ ਤੋਂ ਵੱਡੇ ਗੋਬਿੰਦ ਦਾ ਨਾਮ ਜਪਦਿਆਂ ਆਤਮਕ ਆਨੰਦ ਪ੍ਰਾਪਤ ਕਰ ਲਿਆ, (ਉਹਨਾਂ ਦਾ ਸਰੀਰ) ਅਬਿਨਾਸੀ ਪਰਮਾਤਮਾ ਦੇ ਰਹਿਣ ਲਈ ਸ਼ਹਰ ਬਣ ਗਿਆ।
ਕਰਤਾਰ ਨੇ (ਉਸ ਸਰੀਰ-ਸ਼ਹਰ ਨੂੰ) ਆਪ ਵਸਾ ਦਿੱਤਾ (ਆਪਣੇ ਵੱਸਣ ਲਈ ਤਿਆਰ ਕਰ ਲਿਆ) ਉਹਨਾਂ ਮਨੁੱਖਾਂ ਨੇ ਮਨ-ਮੰਗੀਆਂ ਮੁਰਾਦਾਂ ਸਦਾ ਹਾਸਲ ਕੀਤੀਆਂ।
ਹੇ ਭਾਈ! ਕਰਤਾਰ ਨੇ (ਜਿਨ੍ਹਾਂ ਮਨੁੱਖਾਂ ਦੇ ਸਰੀਰ ਨੂੰ) ਆਪਣੇ ਵੱਸਣ ਲਈ ਤਿਆਰ ਕਰ ਲਿਆ, ਉਹਨਾਂ ਨੇ ਸਾਰੇ ਸੁਖ-ਆਨੰਦ ਮਾਣੇ, (ਗੁਰੂ ਕੇ ਉਹ) ਸਿੱਖ (ਗੁਰੂ ਕੇ ਉਹ) ਪੁੱਤਰ (ਗੁਰੂ ਕੇ ਉਹ) ਭਰਾ ਸਦਾ ਖਿੜੇ-ਮੱਥੇ ਰਹਿੰਦੇ ਹਨ।
(ਉਹ ਵਡ-ਭਾਗੀ ਮਨੁੱਖ) ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, (ਉਹਨਾਂ ਮਨੁੱਖਾਂ ਦਾ) ਜੀਵਨ ਮਨੋਰਥ ਸਿਰੇ ਚੜ੍ਹ ਜਾਂਦਾ ਹੈ।
ਹੇ ਭਾਈ! (ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਜਿਨ੍ਹਾਂ ਦੇ ਸਰੀਰ ਨੂੰ ਪਰਮਾਤਮਾ ਨੇ ਆਪਣੇ ਵੱਸਣ ਲਈ ਸ਼ਹਰ ਬਣਾ ਲਿਆ) ਮਾਲਕ-ਪ੍ਰਭੂ (ਉਹਨਾਂ ਦੇ ਸਿਰ ਉੱਤੇ) ਸਦਾ ਆਪ ਹੀ ਰਾਖਾ ਬਣਿਆ ਰਹਿੰਦਾ ਹੈ (ਜਿਵੇਂ ਮਾਪੇ ਆਪਣੇ ਪੁੱਤਰ ਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਉਹਨਾਂ ਮਨੁੱਖਾਂ ਲਈ) ਆਪ ਹੀ ਪਿਉ ਆਪ ਹੀ ਮਾਂ ਬਣਿਆ ਰਹਿੰਦਾ ਹੈ।
ਨਾਨਕ ਆਖਦਾ ਹੈ- (ਹੇ ਭਾਈ!) ਉਸ ਗੁਰੂ ਤੋਂ ਸਦਾ ਕੁਰਬਾਨ ਹੁੰਦਾ ਰਹੁ, ਜਿਸ ਨੇ (ਹਰਿ-ਨਾਮ-ਸਿਮਰਨ ਦੀ ਦਾਤ ਦੇ ਕੇ ਕਿਸੇ ਵਡ-ਭਾਗੀ ਦੇ) ਇਸ ਸਰੀਰ-ਥਾਂ ਨੂੰ ਸੁੰਦਰ ਬਣਾ ਦਿੱਤਾ ॥੧॥
ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਜਿਸ (ਸਰੀਰ-ਨਗਰ) ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, (ਉਸ ਸਰੀਰ ਦੇ) ਸਾਰੇ ਹੀ ਗਿਆਨ-ਇੰਦ੍ਰੇ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।
(ਉਸ ਸਰੀਰ-ਨਗਰ ਵਿਚ ਬੈਠੇ) ਸੰਤ-ਜਨ ਭਗਤ-ਜਨ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ। (ਨਾਮ-ਸਿਮਰਨ ਦੀ ਬਰਕਤਿ ਨਾਲ) ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦਾ ਨਾਮ ਸਿਮਰਿਆ, ਅਬਿਨਾਸੀ ਪ੍ਰਭੂ ਨੇ ਉਹਨਾਂ ਦੀ ਆਤਮਕ ਮੌਤ ਦੀ ਫਾਹੀ ਕੱਟ ਦਿੱਤੀ।
(ਆਤਮਕ ਮੌਤ ਦੀ ਫਾਹੀ ਕੱਟਣ ਲਈ ਉਹਨਾਂ ਦੇ ਅੰਦਰ) ਸਾਰੇ ਲੋੜੀਂਦੇ ਆਤਮਕ ਗੁਣ ਮੁਕੰਮਲ ਹੋ ਗਏ, ਉਹਨਾਂ ਦੀਆਂ ਮਨ-ਬਾਂਛਤ ਮੁਰਾਦਾਂ ਪੂਰੀਆਂ ਹੋ ਗਈਆਂ।
ਹੇ ਭਾਈ! (ਗੁਰੂ ਦੀ ਰਾਹੀਂ ਨਾਮ ਸਿਮਰ ਕੇ) ਸੰਤ-ਜਨ ਭਗਤ-ਜਨ ਸੁਖ ਵਿਚ (ਟਿਕ ਕੇ) ਆਤਮਕ ਆਨੰਦ ਮਾਣਦੇ ਹਨ। (ਉਹਨਾਂ ਦੇ ਅੰਦਰੋਂ) ਸਾਰੇ ਦੁੱਖ ਦਰਦ ਤੇ ਭਰਮ ਨਾਸ ਹੋ ਜਾਂਦੇ ਹਨ।
ਹੇ ਨਾਨਕ! (ਆਖ-ਮੈਂ) ਉਸ ਪੂਰੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸ ਨੇ (ਆਪਣੇ) ਸ਼ਬਦ ਦੀ ਰਾਹੀਂ (ਸਰਨ-ਪਏ ਮਨੁੱਖ ਦੇ) ਜੀਵਨ ਸੋਹਣੇ ਬਣਾ ਦਿੱਤੇ ॥੨॥
ਹੇ ਭਾਈ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਉਤੇ ਨਾਮ ਸਿਮਰਨ ਦੀ) ਪੂਰਨ ਬਖ਼ਸ਼ਸ਼ ਪਰਮਾਤਮਾ ਵਲੋਂ ਹੁੰਦੀ ਹੈ (ਉਸ ਦੇ ਅੰਦਰ ਇਹ ਬਖ਼ਸ਼ਸ਼) ਸਦਾ ਵਧਦੀ ਰਹਿੰਦੀ ਹੈ,
ਕਿਉਂਕਿ ਜਿਸ ਪਰਮਾਤਮਾ ਦੀ ਬੇਅੰਤ ਸਮਰਥਾ ਹੈ ਉਸ ਨੇ ਆਪ ਉਸ ਮਨੁੱਖ ਦੇ ਸਿਰ ਉੱਤੇ ਆਪਣਾ ਹੱਥ ਰੱਖਿਆ ਹੁੰਦਾ ਹੈ।
ਹੇ ਭਾਈ! ਜਗਤ ਦੇ ਸ਼ੁਰੂ ਤੋਂ ਹੀ ਪਰਮਾਤਮਾ ਆਪਣੇ ਭਗਤਾਂ ਦਾ ਰਾਖਾ ਬਣਿਆ ਆ ਰਿਹਾ ਹੈ, ਭਗਤਾਂ ਉਤੇ ਦਇਆਵਾਨ ਹੁੰਦਾ ਆ ਰਿਹਾ ਹੈ।
ਉਸ ਪ੍ਰਭੂ ਨੇ ਆਪ ਹੀ ਸਭ ਜੀਵਾਂ ਦੀ ਪਾਲਣਾ ਕੀਤੀ, ਉਸ ਨੇ ਆਪ ਹੀ ਸਾਰੇ ਜੀਵਾਂ ਨੂੰ ਸੁਖੀ ਵਸਾਇਆ ਹੋਇਆ ਹੈ।
ਸਾਰੇ ਹੀ ਜਗਤ ਵਿਚ ਉਸ ਦੀ ਸੋਭਾ ਖਿਲਰੀ ਹੋਈ ਹੈ, (ਉਸ ਦੀ ਵਡਿਆਈ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ।
ਨਾਨਕ ਆਖਦਾ ਹੈ- ਹੇ ਭਾਈ! ਉਸ ਗੁਰੂ ਤੋਂ ਸਦਾ ਕੁਰਬਾਨ ਹੋ, ਜਿਸ ਨੇ ਕਦੇ ਨਾਹ ਹਿੱਲਣ ਵਾਲੀ (ਹਰਿ-ਨਾਮ ਸਿਮਰਨ ਦੀ) ਨੀਂਹ ਰੱਖੀ ਹੈ (ਜਿਹੜਾ ਗੁਰੂ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਸਿਮਰਨ ਦੀ ਅਹਿੱਲ ਨੀਂਹ ਰੱਖ ਦੇਂਦਾ ਹੈ) ॥੩॥
ਹੇ ਭਾਈ! (ਉਸ 'ਅਬਿਚਲ ਨਗਰ' ਵਿਚ) ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਦੀ, ਪਰਮਾਤਮਾ ਵਿਚ ਸੁਰਤ ਜੋੜਨ ਦੀ ਕਥਾ-ਵਿਚਾਰ ਹੁੰਦੀ ਸੁਣੀਦੀ ਰਹਿੰਦੀ ਹੈ।
(ਸੰਤ ਜਨਾਂ ਦੇ ਉਸ ਸਰੀਰ ਨਗਰ ਵਿਚ) ਭਗਤਾਂ ਦੇ ਜਨਮ ਮਰਨ ਦੇ ਗੇੜ ਨਾਸ ਕਰਨ ਵਾਲੇ ਪਰਮਾਤਮਾ ਦੇ ਚੋਜ-ਤਮਾਸ਼ਿਆਂ ਅਤੇ ਸਿਫ਼ਤਿ-ਸਾਲਾਹ ਦੀ ਇਕ-ਰਸ ਪ੍ਰਬਲ ਧੁਨੀ ਉਠਦੀ ਰਹਿੰਦੀ ਹੈ।
ਹੇ ਭਾਈ! (ਉਸ 'ਅਬਿਚਲ ਨਗਰ' ਵਿਚ, ਸੰਤ ਜਨਾਂ ਦੇ ਉਸ ਸਰੀਰ-ਨਗਰ ਵਿਚ) ਪਰਮਾਤਮਾ ਦੀ ਇਕ-ਰਸ ਸਿਫ਼ਤਿ-ਸਾਲਾਹ ਹੁੰਦੀ ਰਹਿੰਦੀ ਹੈ, ਜਗਤ-ਦੇ-ਮੂਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੁੰਦੀ ਰਹਿੰਦੀ ਹੈ, ਸੰਤ-ਜਨਾਂ ਦੀ ਪਰਸਪਰ ਰੱਬੀ ਵਿਚਾਰ ਹੁੰਦੀ ਰਹਿੰਦੀ ਹੈ।
(ਸੰਤ-ਜਨ ਉਸ 'ਅਬਿਚਲ ਨਗਰ' ਵਿਚ) ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, (ਇਸ ਤਰ੍ਹਾਂ ਆਪਣੇ ਅੰਦਰੋਂ ਵਿਕਾਰਾਂ ਦੀ) ਸਾਰੀ ਮੈਲ ਦੂਰ ਕਰਦੇ ਰਹਿੰਦੇ ਹਨ, (ਪਰਮਾਤਮਾ ਦਾ ਨਾਮ ਉਹਨਾਂ ਦੇ) ਸਾਰੇ ਪਾਪ ਦੂਰ ਕਰਦਾ ਰਹਿੰਦਾ ਹੈ।
ਹੇ ਭਾਈ! ਉਸ ('ਅਬਿਚਲ ਨਗਰ') ਵਿਚ ਟਿਕਿਆਂ ਜਨਮ-ਮਰਨ ਦਾ ਗੇੜ ਨਹੀਂ ਰਹਿ ਜਾਂਦਾ, ਮੁੜ ਮੁੜ ਜੂਨਾਂ ਵਿਚ ਨਹੀਂ ਪਈਦਾ।
ਹੇ ਨਾਨਕ, (ਆਖ-ਹੇ) ਭਾਈ!) ਜਿਸ ਗੁਰੂ ਦੀ ਕਿਰਪਾ ਨਾਲ ਜਿਸ ਪ੍ਰਭੂ ਦੀ ਮਿਹਰ ਨਾਲ (ਮਨੁੱਖ ਦੀ) ਹਰੇਕ ਇੱਛਾ ਪੂਰੀ ਹੁੰਦੀ ਜਾਂਦੀ ਹੈ, ਉਹ ਗੁਰੂ ਉਹ ਪਰਮੇਸਰ (ਉਸ 'ਅਬਿਚਲ ਨਗਰ' ਵਿਚ ਟਿਕਿਆਂ) ਮਿਲ ਪੈਂਦਾ ਹੈ ॥੪॥੬॥੯॥
ਹੇ ਭਾਈ! (ਪਰਮਾਤਮਾ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਆਪਣੇ) ਸੰਤਾਂ ਦੇ ਕੰਮ ਵਿਚ ਉਹ ਆਪ ਸਹਾਈ ਹੁੰਦਾ ਰਿਹਾ ਹੈ, ਆਪਣੇ ਸੰਤਾਂ ਦਾ ਕੰਮ ਸਿਰੇ ਚੜ੍ਹਾਣ ਲਈ ਉਹ ਆਪ ਆਉਂਦਾ ਰਿਹਾ ਹੈ।
ਹੇ ਭਾਈ! (ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪਣਾ ਪੂਰਾ ਪ੍ਰਭਾਵ ਪਾ ਲੈਂਦਾ ਹੈ, ਉਸ ਮਨੁੱਖ ਦੀ (ਕਾਂਇਆਂ-) ਧਰਤੀ ਸੋਹਣੀ ਬਣ ਜਾਂਦੀ ਹੈ, ਉਸ ਮਨੁੱਖ ਦਾ (ਹਿਰਦਾ) ਤਲਾਬ ਸੋਹਣਾ ਹੋ ਜਾਂਦਾ ਹੈ।
(ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰ ਜਾਂਦਾ ਹੈ, (ਆਤਮਕ ਜੀਵਨ ਉੱਚਾ ਕਰਨ ਵਾਲਾ ਉਸ ਮਨੁੱਖ ਦਾ) ਸਾਰਾ ਉੱਦਮ ਪਰਮਾਤਮਾ ਸਿਰੇ ਚਾੜ੍ਹ ਦੇਂਦਾ ਹੈ, (ਉਸ ਮਨੁੱਖ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ।
(ਉਸ ਮਨੁੱਖ ਦੀ) ਸੋਭਾ ਸਾਰੇ ਜਗਤ ਵਿਚ ਹੋਣ ਲੱਗ ਪੈਂਦੀ ਹੈ, (ਉਸ ਦੇ) ਸਾਰੇ ਚਿੰਤਾ-ਝੋਰੇ ਮੁੱਕ ਜਾਂਦੇ ਹਨ।
ਉਸ ਸਰਬ-ਵਿਆਪਕ ਅਤੇ ਕਦੇ ਨਾਹ ਨਾਸ ਹੋਣ ਵਾਲੇ ਪਰਮਾਤਮਾ ਦੀ (ਇਹੀ) ਸਿਫ਼ਤਿ (ਪੁਰਾਣੇ ਧਰਮ-ਪੁਸਤਕਾਂ) ਵੇਦਾਂ ਅਤੇ ਪੁਰਾਣਾਂ ਨੇ (ਭੀ) ਕੀਤੀ ਹੈ।
ਹੇ ਨਾਨਕ! ਪਰਮੇਸਰ ਨੇ ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਸਦਾ ਹੀ ਕਾਇਮ ਰੱਖਿਆ ਹੈ (ਕਿ ਜਿਸ ਉਤੇ ਉਸ ਨੇ ਮਿਹਰ ਕੀਤੀ, ਉਸ ਨੇ ਉਸ ਦਾ) ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੧॥
ਹੇ ਭਾਈ! (ਜਿਹੜੇ ਮਨੁੱਖ ਮਾਲਕ-ਪ੍ਰਭੂ ਦੀ ਮਿਹਰ ਨਾਲ ਉਸ ਦੇ ਗੁਣ ਗਾਂਦੇ ਹਨ ਉਹਨਾਂ ਨੂੰ) ਕਰਤਾਰ ਨੇ ਇਹ ਇਕ ਅਜਿਹੀ ਦਾਤ ਬਖ਼ਸ਼ੀ ਹੈ ਜੋ, ਮਾਨੋ, ਧਰਤੀ ਦੇ ਸਾਰੇ ਹੀ ਨੌ ਖ਼ਜ਼ਾਨੇ ਹੈ ਜੋ, ਮਾਨੋ, ਸਾਰੀਆਂ ਕਰਾਮਾਤੀ ਤਾਕਤਾਂ ਹੈ, ਇਸ ਦਾਤ ਵਿਚ ਕਦੇ ਕੋਈ ਕਮੀ ਨਹੀਂ ਹੁੰਦੀ।