ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1366


ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥੨੯॥

(ਸਾਧ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਜੋ ਮਨੁੱਖ ਜਿਊਂਦਾ ਹੀ ਮਰਦਾ ਹੈ ('ਦੁਨੀਆ' ਵਲੋਂ ਮੋਹ ਤੋੜਦਾ ਹੈ) ਉਸ ਨੂੰ ਫਿਰ ਇਹ ਸਹਿਮ ਨਹੀਂ ਰਹਿੰਦਾ ॥੨੯॥

ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥

ਹੇ ਕਬੀਰ! ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, (ਤੇ, ਜੇ ਪ੍ਰਭੂ ਦਾ ਨਾਮ ਵਿਸਾਰ ਕੇ ਨਿਰਾ 'ਦੁਨੀਆ' ਵਿਚ ਲੱਗ ਕੇ ਇੱਕ ਵਾਰੀ ਹੱਥੋਂ ਗਿਆ) ਤਾਂ ਮੁੜ ਮੁੜ ਨਹੀਂ ਮਿਲਦਾ;

ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥੩੦॥

ਜਿਵੇਂ ਜੰਗਲ ਦੇ ਰੁੱਖਾਂ ਦੇ ਪੱਕੇ ਹੋਏ ਫਲ (ਜਦੋਂ) ਜ਼ਮੀਨ ਉਤੇ ਡਿੱਗ ਪੈਂਦੇ ਹਨ ਤਾਂ ਮੁੜ ਡਾਲੀ ਨਾਲ ਨਹੀਂ ਲੱਗਦੇ ॥੩੦॥

ਕਬੀਰਾ ਤੁਹੀ ਕਬੀਰੁ ਤੂ ਤੇਰੋ ਨਾਉ ਕਬੀਰੁ ॥

(ਇਸ ਮਨੁੱਖਾ ਜਨਮ ਦਾ ਅਸਲ ਮਨੋਰਥ 'ਪਰਮਾਤਮਾ ਦੇ ਨਾਮ ਦੀ ਪ੍ਰਾਪਤੀ' ਹੈ, ਇਸ ਦੀ ਖ਼ਾਤਰ ਇਹ ਜ਼ਰੂਰੀ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਜਾਏ, ਪ੍ਰਭੂ ਦੇ ਗੁਣ ਜਾਏ ਜਾਣ; ਸੋ) ਹੇ ਕਬੀਰ! (ਸਦਾ ਇਉਂ ਆਖ-ਹੇ ਪ੍ਰਭੂ!) ਤੂੰ ਹੀ ਸਭ ਤੋਂ ਵੱਡਾ ਹੈਂ, ਤੇਰਾ ਹੀ ਨਾਮ ਸਭ ਤੋਂ ਵੱਡਾ ਹੈ।

ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ ॥੩੧॥

(ਪਰ ਇਸ ਸਿਫ਼ਤ-ਸਾਲਾਹ ਦੇ ਨਾਲ ਨਾਲ ਹੇ ਕਬੀਰ!) ਜੇ ਤੂੰ ਪਹਿਲਾਂ ਆਪਣੇ ਸਰੀਰ ਦਾ ਮੋਹ ਭੀ ਤਿਆਗੇਂ, ਤਦੋਂ ਹੀ ਪਰਮਾਤਮਾ ਦਾ ਨਾਮ-ਰੂਪ ਰਤਨ ਮਿਲਦਾ ਹੈ ॥੩੧॥

ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥

ਹੇ ਕਬੀਰ! ('ਸਰੀਰ ਤਜਣ' ਦਾ ਭਾਵ ਇਹ ਹੈ ਕਿ 'ਦੁਨੀਆ' ਦੀ ਖ਼ਾਤਰ) ਗਿਲੇ-ਗੁਜ਼ਾਰੀ ਨਾਹ ਕਰਦੇ ਰਹੀਏ, ('ਦੁਨੀਆ' ਦੇ ਲਾਲਚ ਵਿਚ ਫਸਿਆ ਹੋਇਆ) ਜੋ ਕੁਝ ਤੂੰ ਆਖਦਾ ਹੈਂ ਉਹੀ ਨਹੀਂ ਹੋ ਸਕਦਾ,

ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ ॥੩੨॥

(ਸਿਫ਼ਤ-ਸਾਲਾਹ ਕਰਨ ਦੇ ਨਾਲ ਨਾਲ ਇਹ ਭੀ ਯਕੀਨ ਰੱਖ ਕਿ) ਬਖ਼ਸ਼ਸ਼ ਕਰਨ ਵਾਲੇ ਪ੍ਰਭੂ ਜੀ ਜੋ ਬਖ਼ਸ਼ਸ਼ਾਂ (ਜੀਵਾਂ ਉਤੇ) ਕਰਦੇ ਹਨ ਉਹਨਾਂ ਨੂੰ ਕੋਈ (ਹੋਰ ਜੀਵ) ਵਧਾ-ਘਟਾ ਨਹੀਂ ਸਕਦਾ ॥੩੨॥

ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥

ਹੇ ਕਬੀਰ! ਜੋ ਮਨੁੱਖ 'ਦੁਨੀਆ' ਨਾਲ ਮੋਹ ਕਰਨ ਵਾਲਾ ਹੈ ਉਹ ਉਸ ਕਸੌਟੀ ਉਤੇ ਖਰਾ ਸਾਬਤ ਨਹੀਂ ਹੁੰਦਾ ਜਿਸ ਦੀ ਰਾਹੀਂ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤ ਪਰਖੀ ਜਾਂਦੀ ਹੈ।

ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ ਹੋਇ ॥੩੩॥

ਪ੍ਰਭੂ ਨਾਲ ਪ੍ਰੀਤ ਦੀ ਪਰਖ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ 'ਦੁਨੀਆ' ਦੇ ਮੋਹ ਵਲੋਂ ਮਰ ਕੇ 'ਦੀਨ' ਦੇ ਪਿਆਰ ਵਿਚ ਜੀਊ ਪਿਆ ਹੈ ॥੩੩॥

ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ ॥

ਹੇ ਕਬੀਰ! (ਨਿਰੀ 'ਦੁਨੀਆ' ਦੇ ਵਪਾਰੀ ਬੰਦੇ ਆਪਣੇ ਆਪ ਦੀ ਸ਼ੂਕਾ-ਸ਼ਾਕੀ ਵਾਸਤੇ) ਵਧੀਆ ਕੱਪੜੇ ਪਾਂਦੇ ਹਨ ਤੇ ਪਾਨ ਸੁਪਾਰੀਆਂ ਖਾਂਦੇ ਹਨ;

ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥੩੪॥

ਪਰ (ਸਰੀਰ ਨੂੰ ਸਜਾਈ ਰੱਖਣ ਦੇ ਮੋਹ ਨਾਲ) ਬੱਝੇ ਹੋਏ ਉਹ ਬੰਦੇ ਮੌਤ ਆਦਿਕ ਦੇ ਸਹਿਮ ਵਿਚ ਟਿਕੇ ਰਹਿੰਦੇ ਹਨ ਕਿਉਂਕਿ ਉਹ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ ('ਦੀਨ' ਵਿਸਾਰ ਕੇ 'ਦੁਨੀ' ਦਾ ਮੋਹ ਹਰ ਹਾਲਤ ਵਿਚ ਦੁਖਦਾਈ ਹੈ) ॥੩੪॥

ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ ॥

ਹੇ ਕਬੀਰ! ਜੇ ਇਕ ਬਹੁਤ ਹੀ ਪੁਰਾਣਾ ਜਹਾਜ਼ ਹੋਵੇ, ਜਿਸ ਵਿਚ ਹਜ਼ਾਰਾਂ ਹੀ ਛੇਕ ਫੁੱਟ ਪਏ ਹੋਣ,

ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ ॥੩੫॥

(ਉਹ ਆਖ਼ਰ ਸਮੁੰਦਰ ਵਿਚ ਡੁੱਬ ਹੀ ਜਾਂਦਾ ਹੈ, ਇਸ ਜਹਾਜ਼ ਦੇ ਮੁਸਾਫ਼ਿਰਾਂ ਵਿਚੋਂ) ਸਿਰਫ਼ ਉਹੀ ਬੰਦੇ ਤਰ ਕੇ ਪਾਰ ਲੰਘ ਜਾਂਦੇ ਹਨ ਜਿਨ੍ਹਾਂ ਨੇ ਕੋਈ ਭਾਰ ਨਹੀਂ ਚੁੱਕਿਆ ਹੁੰਦਾ; ਪਰ ਜਿੰਨ੍ਹਾਂ ਦੇ ਸਿਰਾਂ ਉਤੇ ਭਾਰ ਹੁੰਦਾ ਹੈ, ਉਹ (ਭਾਰ ਹੇਠ ਦੱਬ ਕੇ) ਡੁੱਬ ਜਾਂਦੇ ਹਨ ॥੩੫॥

ਕਬੀਰ ਹਾਡ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸੁ ॥

('ਦੀਨ' ਨੂੰ ਵਿਸਾਰ ਕੇ ਨਿਰੀ 'ਦੁਨੀਆ' ਦੀ ਖ਼ਾਤਰ ਦੌੜ-ਭੱਜ ਕਰਦਿਆਂ ਮਨੁੱਖ ਆਪਣੇ ਸਰੀਰ ਦੇ ਮੋਹ ਵਿਚ ਇਤਨਾ ਫਸਦਾ ਹੈ ਕਿ ਹਰ ਵੇਲੇ ਮੌਤ ਤੋਂ ਸਹਿਮਿਆ ਰਹਿੰਦਾ ਹੈ। ਫਿਰ ਭੀ, ਇਹ ਸਰੀਰ ਸਦਾ ਕਾਇਮ ਨਹੀਂ ਰਹਿ ਸਕਦਾ, ਮੌਤ ਆ ਹੀ ਜਾਂਦੀ ਹੈ, ਤਦੋਂ) ਹੇ ਕਬੀਰ! (ਸਰੀਰ ਨੂੰ ਚਿਖਾ ਤੇ ਪਾਇਆਂ) ਹੱਡ ਲੱਕੜਾਂ ਵਾਂਗ ਸੜਦੇ ਹਨ, ਕੇਸ ਘਾਹ ਵਾਂਗ ਸੜਦੇ ਹਨ।

ਇਹੁ ਜਗੁ ਜਰਤਾ ਦੇਖਿ ਕੈ ਭਇਓ ਕਬੀਰੁ ਉਦਾਸੁ ॥੩੬॥

ਇਸ ਸਾਰੇ ਸੰਸਾਰ ਨੂੰ ਹੀ ਸੜਦਿਆਂ ਵੇਖ ਕੇ (ਭਾਵ, ਇਹ ਵੇਖ ਕੇ ਕਿ ਸਭ ਜੀਵਾਂ ਦਾ ਇਸ ਸਰੀਰ ਨਾਲੋਂ ਵਿਛੋੜਾ ਆਖ਼ਰ ਜ਼ਰੂਰ ਹੁੰਦਾ ਹੈ) ਮੈਂ ਕਬੀਰ ਇਸ ਸਰੀਰ ਦੇ ਮੋਹ ਤੋਂ ਉਪਰਾਮ ਹੋ ਗਿਆ ਹਾਂ (ਮੈਂ ਸਰੀਰ ਦਾ ਮੋਹ ਛੱਡ ਦਿੱਤਾ ਹੈ) ॥੩੬॥

ਕਬੀਰ ਗਰਬੁ ਨ ਕੀਜੀਐ ਚਾਮ ਲਪੇਟੇ ਹਾਡ ॥

ਹੇ ਕਬੀਰ! (ਇਸ ਸਰੀਰ ਦੀ ਜੁਆਨੀ ਸੁੰਦਰਤਾ ਆਦਿਕ ਦਾ) ਮਾਣ ਨਹੀਂ ਕਰਨਾ ਚਾਹੀਦਾ (ਆਖ਼ਰ ਹੈ ਤਾਂ ਇਹ) ਹੱਡੀਆਂ (ਦੀ ਮੁੱਠ) ਜੋ ਚੰਮ ਨਾਲ ਲਪੇਟੀਆਂ ਹੋਈਆਂ ਹਨ।

ਹੈਵਰ ਊਪਰਿ ਛਤ੍ਰ ਤਰ ਤੇ ਫੁਨਿ ਧਰਨੀ ਗਾਡ ॥੩੭॥

(ਇਸ ਸਰੀਰ ਦਾ ਅਹੰਕਾਰ ਕਰਦੇ) ਉਹ ਬੰਦੇ ਭੀ (ਅੰਤ ਨੂੰ) ਮਿੱਟੀ ਵਿਚ ਜਾ ਰਲੇ ਜੋ ਵਧੀਆ ਘੋੜਿਆਂ ਉੱਤੇ (ਸਵਾਰ ਹੁੰਦੇ ਸਨ) ਤੇ ਜੋ (ਝੁਲਦੇ) ਛਤਰਾਂ ਹੇਠ ਬੈਠਦੇ ਸਨ ॥੩੭॥

ਕਬੀਰ ਗਰਬੁ ਨ ਕੀਜੀਐ ਊਚਾ ਦੇਖਿ ਅਵਾਸੁ ॥

ਹੇ ਕਬੀਰ! ਆਪਣਾ ਉੱਚਾ ਮਹਲ ਵੇਖ ਕੇ (ਭੀ) ਅਹੰਕਾਰ ਨਹੀਂ ਕਰਨਾ ਚਾਹੀਦਾ (ਇਹ ਭੀ ਚਾਰ ਦਿਨ ਦੀ ਹੀ ਖੇਡ ਹੈ;

ਆਜੁ ਕਾਲਿੑ ਭੁਇ ਲੇਟਣਾ ਊਪਰਿ ਜਾਮੈ ਘਾਸੁ ॥੩੮॥

ਮੌਤ ਆਉਣ ਤੇ ਇਸ ਮਹਲ ਨੂੰ ਛੱਡ ਕੇ) ਅੱਜ ਭਲਕ ਹੀ ਮਿੱਟੀ ਵਿਚ ਰਲ ਜਾਣਾ ਹੈ, ਸਾਡੇ (ਸਰੀਰ) ਉਤੇ ਘਾਹ ਉੱਗ ਪਏਗਾ ॥੩੮॥

ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥

ਹੇ ਕਬੀਰ! (ਜੇ ਤੂੰ ਧਨਵਾਨ ਹੈਂ, ਤਾਂ ਇਸ ਧਨ-ਪਦਾਰਥ ਦਾ ਭੀ) ਮਾਣ ਨਾਹ ਕਰੀਂ, ਨਾਹ ਕਿਸੇ ਕੰਗਾਲ ਨੂੰ (ਵੇਖ ਕੇ) ਠੱਠਾ-ਮਖ਼ੌਲ ਕਰੀਂ।

ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥੩੯॥

(ਤੇਰੀ ਆਪਣੀ ਜੀਵਨ-) ਬੇੜੀ ਅਜੇ ਸਮੁੰਦਰ ਵਿਚ ਹੈ, ਪਤਾ ਨਹੀਂ ਕੀਹ ਹੋ ਜਾਏ (ਇਹ ਧਨ-ਪਦਾਰਥ ਹੱਥੋਂ ਜਾਂਦਿਆਂ ਚਿਰ ਨਹੀਂ ਲੱਗਦਾ) ॥੩੯॥

ਕਬੀਰ ਗਰਬੁ ਨ ਕੀਜੀਐ ਦੇਹੀ ਦੇਖਿ ਸੁਰੰਗ ॥

ਹੇ ਕਬੀਰ! ਇਸ ਸੋਹਣੇ ਰੰਗ ਵਾਲੇ ਸਰੀਰ ਨੂੰ ਵੇਖ ਕੇ ਭੀ ਅਹੰਕਾਰ ਨਾਹ ਕਰੀਏ;

ਆਜੁ ਕਾਲਿੑ ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ ॥੪੦॥

ਇਹ ਸਰੀਰ ਭੀ ਥੋਹੜੇ ਦਿਨਾਂ ਵਿਚ ਹੀ ਛੱਡ ਜਾਉਗੇ ਜਿਵੇਂ ਸੱਪ ਕੁੰਜ ਲਾਹ ਦੇਂਦਾ ਹੈ (ਜਿੰਦ ਤੇ ਸਰੀਰ ਦਾ ਭੀ ਪੱਕਾ ਸਦਾ-ਨਿਭਵਾਂ ਸਾਥ ਨਹੀਂ ਹੈ) ॥੪੦॥

ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥

ਹੇ ਕਬੀਰ! ('ਦੁਨੀਆ' ਦੀ ਖ਼ਾਤਰ ਕੀਹ ਭਟਕ ਰਿਹਾ ਹੈਂ? ਵੇਖ) ਪਰਮਾਤਮਾ ਦਾ ਨਾਮ ਦਬਾ-ਦਬ ਵੰਡਿਆ ਜਾ ਰਿਹਾ ਹੈ, ਜੇ ਇਕੱਠਾ ਕਰਨਾ ਹੈ ਤਾਂ ਇਹ ਨਾਮ-ਧਨ ਇਕੱਠਾ ਕਰ।

ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥੪੧॥

ਜਦੋਂ ਜਿੰਦ (ਸਰੀਰ ਵਿਚੋਂ) ਨਿਕਲ ਗਈ, ਸਮਾਂ ਵਿਹਾ ਜਾਣ ਤੇ ਅਫ਼ਸੋਸ ਕਰਨਾ ਪਏਗਾ ॥੪੧॥

ਕਬੀਰ ਐਸਾ ਕੋਈ ਨ ਜਨਮਿਓ ਅਪਨੈ ਘਰਿ ਲਾਵੈ ਆਗਿ ॥

(ਪਰ ਨਾਮ ਧਨ ਇਕੱਠਾ ਕਰਨ ਲਈ ਜ਼ਰੂਰੀ ਹੈ ਕਿ ਮਨੁੱਖ ਅਪਣੱਤ ਨੂੰ ਪਹਿਲਾਂ ਖ਼ਤਮ ਕਰੇ, ਤੇ) ਹੇ ਕਬੀਰ! (ਜਗਤ ਵਿਚ) ਅਜਿਹਾ ਕੋਈ ਵਿਰਲਾ ਹੀ ਮਿਲਦਾ ਹੈ ਜੋ ਆਪਣੇ ਸਰੀਰਕ ਮੋਹ ਨੂੰ ਸਾੜਦਾ ਹੈ,

ਪਾਂਚਉ ਲਰਿਕਾ ਜਾਰਿ ਕੈ ਰਹੈ ਰਾਮ ਲਿਵ ਲਾਗਿ ॥੪੨॥

ਤੇ, ਕਾਮਾਦਿਕ ਮਾਇਆ ਦੇ ਪੰਜਾਂ ਹੀ ਪੁੱਤ੍ਰਾਂ ਨੂੰ ਸਾੜ ਕੇ ਪਰਮਾਤਮਾ (ਦੀ ਯਾਦ) ਵਿਚ ਸੁਰਤ ਜੋੜੀ ਰੱਖਦਾ ਹੈ ॥੪੨॥

ਕੋ ਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ ॥

ਕੋਈ ਵਿਰਲਾ ਹੀ ਹੁੰਦਾ ਹੈ ਜੋ ਪਰਮਾਤਮਾ ਨਾਲ (ਉਸ ਦੇ ਨਾਮ ਦਾ) ਵਣਜ ਕਰਦਾ ਹੈ, ਜੋ (ਨਾਮ ਧਨ ਖ਼ਰੀਦਣ ਲਈ ਕਾਮਾਦਿਕ ਮਾਇਆ ਦੇ ਪੰਜ) ਪੁੱਤ੍ਰ ਅਤੇ (ਆਸ਼ਾ ਤ੍ਰਿਸ਼ਨਾ ਈਰਖਾ ਆਦਿਕ) ਧੀਆਂ ਵੱਟੇ ਵਿਚ ਦੇਂਦਾ ਹੈ।

ਸਾਝਾ ਕਰੈ ਕਬੀਰ ਸਿਉ ਹਰਿ ਸੰਗਿ ਬਨਜੁ ਕਰੇਇ ॥੪੩॥

ਕਬੀਰ ਚਾਹੁੰਦਾ ਹੈ ਕਿ ਅਜੇਹਾ ਮਨੁੱਖ (ਇਸ ਵਪਾਰ ਵਿਚ) ਮੇਰੇ ਨਾਲ ਭੀ ਸਤ-ਸੰਗ ਦੀ ਸਾਂਝ ਬਣਾਏ ॥੪੩॥

ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਇ ॥

ਹੇ ਕਬੀਰ! ਮੈਂ ਤੈਨੂੰ ਚੇਤਾ ਕਰਾਂਦਾ ਹਾਂ, ਮਤਾਂ ਫਿਰ ਗੁਮਰ ਰਹਿ ਜਾਏ;

ਪਾਛੈ ਭੋਗ ਜੁ ਭੋਗਵੇ ਤਿਨ ਕੋ ਗੁੜੁ ਲੈ ਖਾਹਿ ॥੪੪॥

ਜੋ ਭੋਗ ਹੁਣ ਤਾਈਂ ਤੂੰ ਭੋਗੇ ਹਨ (ਮਤਾਂ ਸਮਝੇਂ ਕਿ ਤੂੰ ਬੜੀਆਂ ਮੌਜਾਂ ਮਾਣ ਲਈਆਂ ਹਨ, ਅਸਲ ਵਿਚ) ਇਹਨਾਂ ਦੀ ਪਾਂਇਆਂ ਇਤਨੀ ਕੁ ਹੀ ਹੈ (ਜਿਵੇਂ ਕਿਸੇ ਹੱਟੀ ਤੋਂ ਸੌਦਾ ਲੈ ਕੇ ਝੂੰਗੇ ਵਜੋਂ) ਰਤਾ ਕੁ ਗੁੜ ਲੈ ਕੇ ਖਾ ਲਏਂ ॥੪੪॥

ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ ॥

ਹੇ ਕਬੀਰ! (ਇਥੇ ਕਾਸ਼ੀ ਵਿਚ ਉੱਚੀਆਂ ਜਾਤਾਂ ਵਾਲਿਆਂ ਨੂੰ ਵੇਦ ਸ਼ਾਸਤ੍ਰ ਆਦਿਕ ਪੜ੍ਹਦਿਆਂ ਵੇਖ ਕੇ) ਮੈਂ ਸਮਝਿਆ ਸੀ ਕਿ ਵਿੱਦਿਆ ਪੜ੍ਹਨੀ ਮਨੁੱਖਾ ਜਨਮ ਦਾ ਸਭ ਤੋਂ ਚੰਗਾ ਕੰਮ ਹੋਵੇਗਾ, ਪਰ (ਇਹਨਾਂ ਲੋਕਾਂ ਦੇ ਨਿਰੇ ਵਾਦ ਵਿਵਾਦ ਵੇਖ ਕੇ ਮੈਨੂੰ ਯਕੀਨ ਆ ਗਿਆ ਹੈ ਕਿ ਅਜੇਹੀ ਵਿੱਦਿਆ) ਪੜ੍ਹਨ ਨਾਲੋਂ ਪ੍ਰਭੂ-ਚਰਨਾਂ ਵਿਚ ਜੁੜਨਾ (ਮਨੁੱਖ ਲਈ) ਭਲਾ ਹੈ।

ਭਗਤਿ ਨ ਛਾਡਉ ਰਾਮ ਕੀ ਭਾਵੈ ਨਿੰਦਉ ਲੋਗੁ ॥੪੫॥

(ਸੋ, ਇਸ ਗੱਲੋਂ) ਜਗਤ ਬੇ-ਸ਼ੱਕ ਮੈਨੂੰ ਮਾੜਾ ਪਿਆ ਆਖੇ ਮੈਂ (ਵਿੱਦਿਆ ਦੇ ਵੱਟੇ ਭੀ) ਪਰਮਾਤਮਾ ਦੀ ਭਗਤੀ ਨਹੀਂ ਛੱਡਾਂਗਾ ॥੪੫॥

ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ ॥

ਹੇ ਕਬੀਰ! ਜਿਸ ਮਨੁੱਖ ਦੇ ਅੰਦਰ (ਇਹ) ਸੂਝ ਨਹੀਂ ਹੈ (ਕਿ ਵਿੱਦਿਆ ਦੇ ਟਾਕਰੇ ਤੇ ਪ੍ਰਭੂ ਦੀ ਭਗਤੀ ਕਿਤਨੀ ਵਡ-ਮੁੱਲੀ ਦਾਤ ਹੈ, ਉਹ ਮਨੁੱਖ ਜੇ ਮੇਰੀ ਇਸ ਚੋਣ ਤੇ ਮੈਨੂੰ ਮਾੜਾ ਆਖੇ) ਤਾਂ ਉਸ ਮਨੁੱਖ ਦੇ ਇਹ ਨਿੰਦਾ ਕਰਨ ਦਾ ਕੋਈ ਅਰਥ ਨਹੀਂ ਹੈ।

ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥

ਸੋ, ਕਬੀਰ (ਅਜੇਹੇ ਬੰਦਿਆਂ ਦੀ ਇਸ ਦੰਦ-ਕਥਾ ਦੀ ਪਰਵਾਹ ਨਹੀਂ ਕਰਦਾ, ਤੇ) ਪਰਮਾਤਮਾ ਦਾ ਸਿਮਰਨ ਕਰ ਰਿਹਾ ਹੈ, ਅਤੇ ਹੋਰ ਸਾਰੇ (ਕੰਮਾਂ ਦੇ) ਮੋਹ ਦਾ ਤਿਆਗ ਕਰ ਰਿਹਾ ਹੈ ॥੪੬॥

ਕਬੀਰ ਪਰਦੇਸੀ ਕੈ ਘਾਘਰੈ ਚਹੁ ਦਿਸਿ ਲਾਗੀ ਆਗਿ ॥

ਇਸ ਪਰਦੇਸੀ ਜੀਵ ਦੇ ਗਿਆਨ-ਇੰਦ੍ਰਿਆਂ ਨੂੰ ਹਰ ਪਾਸੇ ਵਲੋਂ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ,

ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ ॥੪੭॥

(ਜੋ ਪਰਦੇਸੀ ਜੋਗੀ ਬੇ-ਪਰਵਾਹ ਹੋ ਕੇ ਇਸ ਅੱਗ ਦਾ ਨਿੱਘ ਮਾਣਦਾ ਰਿਹਾ, ਉਸ ਦੀ) ਸਰੀਰ-ਗੋਦੜੀ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਕੋਲੇ ਹੋ ਗਈ, (ਪਰ ਜਿਸ ਪਰਦੇਸੀ ਜੋਗੀ ਨੇ ਇਸ ਗੋਦੜੀ ਦੇ ਧਾਗੇ ਦਾ, ਇਸ ਸਰੀਰ ਵਿਚ ਵੱਸਦੀ ਜਿੰਦ ਦਾ, ਖ਼ਿਆਲ ਰੱਖਿਆ ਤੇ ਵਿਕਾਰ-ਅਗਨੀ ਦੇ ਨਿੱਘ ਦਾ ਸੁਆਦ ਮਾਣਨ ਤੋਂ ਸੰਕੋਚ ਕੀਤੀ ਰੱਖਿਆ, ਉਸ ਦੀ) ਆਤਮਾ ਨੂੰ (ਇਹਨਾਂ ਵਿਕਾਰਾਂ ਦੀ ਅੱਗ ਦਾ) ਸੇਕ ਭੀ ਨਾਹ ਲੱਗਾ (ਭਾਵ, ਉਹ ਇਸ ਬਲਦੀ ਅੱਗ ਵਿਚੋਂ ਬਚ ਗਿਆ) ॥੪੭॥

ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ ॥

ਹੇ ਕਬੀਰ! (ਵਿਕਾਰਾਂ ਦੀ ਅੱਗ ਵਿਚ ਪੈ ਕੇ ਜਿਸ ਬਦ-ਨਸੀਬ ਜੀਵ-ਜੋਗੀ ਦੀ) ਸਰੀਰ-ਗੋਦੜੀ ਸੜ ਕੇ ਕੋਲਾ ਹੋ ਗਈ ਤੇ (ਜਿਸ ਦਾ) ਮਨ-ਖੱਪਰ ਦਰ ਦਰ ਤੋਂ ਵਾਸਨਾਂ ਦੀ ਭਿੱਛਿਆ ਹੀ ਇਕੱਠੀ ਕਰਦਾ ਰਿਹਾ,

ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ ॥੪੮॥

(ਉਹ) ਮੰਦ-ਭਾਗੀ ਜੀਵ-ਜੋਗੀ ਮਨੁੱਖਾ ਜਨਮ ਦੀ ਖੇਡ ਉਜਾੜ ਕੇ ਹੀ ਜਾਂਦਾ ਹੈ, ਉਸ ਦੇ ਪੱਲੇ ਖੇਹ-ਖ਼ੁਆਰੀ ਹੀ ਪੈਂਦੀ ਹੈ ॥੪੮॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430