ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 637


ਬਿਖੁ ਮਾਇਆ ਚਿਤੁ ਮੋਹਿਆ ਭਾਈ ਚਤੁਰਾਈ ਪਤਿ ਖੋਇ ॥

ਹੇ ਪ੍ਰਭੂ! (ਜੀਵ ਦਾ) ਚਿੱਤ ਆਤਮਕ ਮੌਤ ਲਿਆਉਣ ਵਾਲੀ ਮਾਇਆ ਵਿਚ ਮੋਹਿਆ ਰਹਿੰਦਾ ਹੈ (ਮਾਇਆ ਰੁਚੀ ਵਾਲੀ) ਸਿਆਣਪ ਨਾਲ ਆਪਣੀ ਇੱਜ਼ਤ ਗਵਾ ਲੈਂਦਾ ਹੈ।

ਚਿਤ ਮਹਿ ਠਾਕੁਰੁ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ ॥੨॥

ਪਰ ਜੇ ਗੁਰੂ ਦਾ (ਦਿੱਤਾ) ਗਿਆਨ ਜੀਵ (ਦੇ ਮਨ ਵਿਚ) ਟਿਕ ਜਾਏ ਤਾਂ ਇਸ ਦੇ ਚਿੱਤ ਵਿਚ ਠਾਕੁਰ ਵੱਸ ਪੈਂਦਾ ਹੈ, ਤਾਂ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੨॥

ਰੂੜੌ ਰੂੜੌ ਆਖੀਐ ਭਾਈ ਰੂੜੌ ਲਾਲ ਚਲੂਲੁ ॥

ਹੇ ਭਾਈ! ਪਰਮਾਤਮਾ ਸੁੰਦਰ-ਸਰੂਪ ਹੈ, ਉਸ ਨੂੰ (ਮਾਨੋ ਪਿਆਰ ਦਾ) ਗੂੜ੍ਹਾ ਲਾਲ ਰੰਗ ਚੜ੍ਹਿਆ ਰਹਿੰਦਾ ਹੈ, ਉਸ ਸੁੰਦਰ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ।

ਜੇ ਮਨੁ ਹਰਿ ਸਿਉ ਬੈਰਾਗੀਐ ਭਾਈ ਦਰਿ ਘਰਿ ਸਾਚੁ ਅਭੂਲੁ ॥੩॥

ਜੇ ਜੀਵ ਦਾ ਮਨ ਉਸ ਪਰਮਾਤਮਾ ਨਾਲ ਪ੍ਰੇਮ ਕਰੇ, ਤਾਂ, ਹੇ ਭਾਈ! ਉਸ ਦੇ ਅੰਦਰ ਉਸ ਦੇ ਹਿਰਦੇ ਵਿਚ ਉਹ ਸਦਾ-ਥਿਰ ਤੇ ਅਭੁੱਲ ਪ੍ਰਭੂ (ਪਰਗਟ ਹੋ ਜਾਂਦਾ ਹੈ) ॥੩॥

ਪਾਤਾਲੀ ਆਕਾਸਿ ਤੂ ਭਾਈ ਘਰਿ ਘਰਿ ਤੂ ਗੁਣ ਗਿਆਨੁ ॥

ਹੇ ਪ੍ਰਭੂ! ਪਾਤਾਲਾਂ ਵਿਚ ਆਕਾਸ਼ ਵਿਚ ਹਰ ਥਾਂ (ਤੇ) ਹਰੇਕ ਦੇ ਹਿਰਦੇ ਵਿਚ ਤੂੰ ਮੌਜੂਦ ਹੈਂ, ਆਪਣੇ ਗੁਣਾਂ ਦੀ ਜਾਣ-ਪਛਾਣ (ਗੁਰੂ ਦੀ ਰਾਹੀਂ) ਤੂੰ (ਜੀਵਾਂ ਨੂੰ) ਆਪ ਹੀ ਦੇਂਦਾ ਹੈਂ।

ਗੁਰ ਮਿਲਿਐ ਸੁਖੁ ਪਾਇਆ ਭਾਈ ਚੂਕਾ ਮਨਹੁ ਗੁਮਾਨੁ ॥੪॥

ਜੇ (ਜੀਵ ਨੂੰ) ਗੁਰੂ ਮਿਲ ਪਏ, ਤਾਂ (ਪ੍ਰਭੂ ਦੇ ਗੁਣਾਂ ਦੀ ਬਰਕਤਿ ਨਾਲ) ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ, ਤੇ ਉਸ ਦੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਂਦਾ ਹੈ ॥੪॥

ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ ॥

ਹੇ ਭਾਈ! ਜੇ ਪਾਣੀ ਨਾਲ ਮਲ ਮਲ ਕੇ ਸਰੀਰ ਨੂੰ ਮਾਂਜੀਏ ਤਾਂ ਭੀ ਸਰੀਰ ਮੈਲਾ ਹੀ ਰਹਿੰਦਾ ਹੈ।

ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ ॥੫॥

ਪਰ ਜੇ ਪਰਮਾਤਮਾ ਦੇ ਗਿਆਨ (-ਰੂਪ ਜਲ ਵਿਚ) ਪਰਮਾਤਮਾ ਦੇ ਨਾਮ (-ਅੰਮ੍ਰਿਤ) ਵਿਚ ਇਸ਼ਨਾਨ ਕਰੀਏ, ਤਾਂ ਮਨ ਭੀ ਪਵਿਤ੍ਰ ਤੇ ਸਰੀਰ ਭੀ ਪਵਿਤ੍ਰ ਹੋ ਜਾਂਦਾ ਹੈ ॥੫॥

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥

ਹੇ ਭਾਈ! ਜੇ ਦੇਵੀ ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਕਰੀਏ, ਤਾਂ ਇਹ ਕੁਝ ਭੀ ਨਹੀਂ ਦੇ ਸਕਦੇ, ਮੈਂ ਇਹਨਾਂ ਪਾਸੋਂ ਕੁਝ ਭੀ ਨਹੀਂ ਮੰਗਦਾ।

ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥੬॥

ਪੱਥਰ ਨੂੰ ਪਾਣੀ ਨਾਲ ਧੋਂਦੇ ਰਹੀਏ, ਤਾਂ ਭੀ ਉਹ (ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ) ਪਾਣੀ ਵਿਚ ਡੁੱਬ ਜਾਂਦੇ ਹਨ (ਆਪਣੇ ਪੁਜਾਰੀਆਂ ਨੂੰ ਉਹ ਕਿਵੇਂ ਸੰਸਾਰ-ਸਮੁੰਦਰ ਤੋਂ ਤਾਰ ਸਕਦੇ ਹਨ? ॥੬॥

ਗੁਰ ਬਿਨੁ ਅਲਖੁ ਨ ਲਖੀਐ ਭਾਈ ਜਗੁ ਬੂਡੈ ਪਤਿ ਖੋਇ ॥

ਪਰਮਾਤਮਾ ਦੀ ਹਸਤੀ ਬਿਆਨ ਤੋਂ ਪਰੇ ਹੈ ਬਿਆਨ ਨਹੀਂ ਕੀਤੀ ਜਾ ਸਕਦੀ। ਹੇ ਭਾਈ! ਗੁਰੂ ਤੋਂ ਬਿਨਾ ਜਗਤ (ਵਿਕਾਰਾਂ ਵਿਚ) ਡੁੱਬਦਾ ਹੈ ਤੇ ਆਪਣੀ ਇੱਜ਼ਤ ਗਵਾਂਦਾ ਹੈ।

ਮੇਰੇ ਠਾਕੁਰ ਹਾਥਿ ਵਡਾਈਆ ਭਾਈ ਜੈ ਭਾਵੈ ਤੈ ਦੇਇ ॥੭॥

(ਪਰ ਜੀਵਾਂ ਦੇ ਕੀਹ ਵੱਸ?) ਵਡਿਆਈਆਂ ਪਰਮਾਤਮਾ ਦੇ ਆਪਣੇ ਹੱਥ ਵਿਚ ਹਨ। ਜੋ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਦੇਂਦਾ ਹੈ ॥੭॥

ਬਈਅਰਿ ਬੋਲੈ ਮੀਠੁਲੀ ਭਾਈ ਸਾਚੁ ਕਹੈ ਪਿਰ ਭਾਇ ॥

ਜੇਹੜੀ ਜੀਵ-ਇਸਤ੍ਰੀ, ਹੇ ਭਾਈ! (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਮਿੱਠੇ ਬੋਲ ਬੋਲਦੀ ਹੈ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੀ ਹੈ ਪਤੀ-ਪ੍ਰਭੂ ਦੇ ਪ੍ਰੇਮ ਵਿਚ (ਮਗਨ ਰਹਿੰਦੀ ਹੈ),

ਬਿਰਹੈ ਬੇਧੀ ਸਚਿ ਵਸੀ ਭਾਈ ਅਧਿਕ ਰਹੀ ਹਰਿ ਨਾਇ ॥੮॥

ਉਹ ਪ੍ਰਭੂ-ਪ੍ਰੇਮ ਵਿਚ ਵਿੱਝੀ ਹੋਈ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਵਿਚ ਟਿਕੀ ਰਹਿੰਦੀ ਹੈ, ਉਹ ਬਹੁਤ ਪ੍ਰੇਮ ਕਰ ਕੇ ਪ੍ਰਭੂ ਦੇ ਨਾਮ ਵਿਚ ਜੁੜੀ ਰਹਿੰਦੀ ਹੈ ॥੮॥

ਸਭੁ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨੁ ॥

ਹੇ ਭਾਈ! ਹਰੇਕ ਜੀਵ ਮਾਇਆ ਦੀ ਅਪਣੱਤ ਦੀਆਂ ਗੱਲਾਂ ਹੀ ਕਰਦਾ ਹੈ, ਪਰ ਜੇਹੜਾ ਮਨੁੱਖ ਗੁਰੂ ਪਾਸੋਂ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ਉਹ ਸਿਆਣਾ ਹੋ ਜਾਂਦਾ ਹੈ (ਉਹ ਮਾਇਆ-ਮੋਹ ਦੇ ਥਾਂ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ)।

ਜੋ ਬੀਧੇ ਸੇ ਊਬਰੇ ਭਾਈ ਸਬਦੁ ਸਚਾ ਨੀਸਾਨੁ ॥੯॥

ਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ ਵਿਚ ਵਿੱਝਦੇ ਹਨ ਉਹ (ਮਾਇਆ ਦੇ ਮੋਹ ਵਿਚ ਡੁੱਬਣ ਤੋਂ, ਵਿਕਾਰਾਂ ਵਿਚ ਫਸਣ ਤੋਂ) ਬਚ ਜਾਂਦੇ ਹਨ। ਗੁਰੂ ਦਾ ਸ਼ਬਦ ਉਹਨਾਂ ਪਾਸ ਸਦਾ ਟਿਕਿਆ ਰਹਿਣ ਵਾਲਾ ਪਰਵਾਨਾ ਹੈ ॥੯॥

ਈਧਨੁ ਅਧਿਕ ਸਕੇਲੀਐ ਭਾਈ ਪਾਵਕੁ ਰੰਚਕ ਪਾਇ ॥

ਹੇ ਭਾਈ! ਜੇ ਬਹੁਤ ਸਾਰਾ ਬਾਲਣ ਇਕੱਠਾ ਕਰ ਲਈਏ, ਤੇ ਉਸ ਵਿਚ ਰਤਾ ਕੁ ਅੱਗ ਪਾ ਦੇਈਏ (ਤਾਂ ਉਹ ਸਾਰਾ ਬਾਲਣ ਸੜ ਕੇ ਸੁਆਹ ਹੋ ਜਾਂਦਾ ਹੈ)।

ਖਿਨੁ ਪਲੁ ਨਾਮੁ ਰਿਦੈ ਵਸੈ ਭਾਈ ਨਾਨਕ ਮਿਲਣੁ ਸੁਭਾਇ ॥੧੦॥੪॥

ਇਸੇ ਤਰ੍ਹਾਂ, ਹੇ ਨਾਨਕ! ਜੇ ਪਰਮਾਤਮਾ ਦਾ ਨਾਮ ਘੜੀ ਪਲ ਵਾਸਤੇ ਭੀ ਮਨੁੱਖ ਦੇ ਮਨ ਵਿਚ ਵੱਸ ਪਏ (ਤਾਂ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਤੇ) ਸਹਿਜੇ ਹੀ ਉਸ ਦਾ ਮਿਲਾਪ (ਪਰਮਾਤਮਾ ਦੇ ਚਰਨਾਂ ਵਿਚ) ਹੋ ਜਾਂਦਾ ਹੈ ॥੧੦॥੪॥

ਸੋਰਠਿ ਮਹਲਾ ੩ ਘਰੁ ੧ ਤਿਤੁਕੀ ॥

ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਤਿਨ-ਤੁਕੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥

ਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ।

ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥

ਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ।

ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥

ਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ ॥੧॥

ਹਰਿ ਜੀ ਏਹ ਤੇਰੀ ਵਡਿਆਈ ॥

ਹੇ ਹਰੀ! (ਭਗਤਾਂ ਦੀ ਇੱਜ਼ਤ) ਤੇਰੀ ਹੀ ਇੱਜ਼ਤ ਹੈ।

ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥

ਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ ਰਹਾਉ॥

ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥

ਹੇ ਭਾਈ! ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ,

ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥

(ਕਿਉਂਕਿ ਮੌਤ ਦੇ ਡਰ ਦੇ ਥਾਂ) ਸਿਰਫ਼ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਦਾ ਹੈ, ਨਾਮ ਦੀ ਬਰਕਤਿ ਨਾਲ ਹੀ ਉਹ (ਮੌਤ ਦੇ ਡਰ ਤੋਂ) ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ।

ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥

ਭਗਤ ਗੁਰੂ ਦੀ ਰਾਹੀਂ (ਗੁਰੂ ਦੀ ਸ਼ਰਨ ਪੈ ਕੇ) ਆਤਮਕ ਅਡੋਲਤਾ ਵਿਚ ਪ੍ਰਭੂ-ਪਿਆਰ ਵਿਚ (ਟਿਕੇ ਰਹਿੰਦੇ ਹਨ, ਇਸ ਵਾਸਤੇ) ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀਂ ਲੱਗੀਆਂ ਰਹਿੰਦੀਆਂ ਹਨ ॥੨॥

ਮਨਮੁਖਾ ਨੋ ਪਰਤੀਤਿ ਨ ਆਵੀ ਅੰਤਰਿ ਲੋਭ ਸੁਆਉ ॥

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ (ਪਰਮਾਤਮਾ ਉਤੇ) ਯਕੀਨ ਨਹੀਂ ਬੱਝਦਾ, ਉਹਨਾਂ ਦੇ ਅੰਦਰ ਲੋਭ-ਭਰੀ ਗ਼ਰਜ਼ ਟਿਕੀ ਰਹਿੰਦੀ ਹੈ।

ਗੁਰਮੁਖਿ ਹਿਰਦੈ ਸਬਦੁ ਨ ਭੇਦਿਓ ਹਰਿ ਨਾਮਿ ਨ ਲਾਗਾ ਭਾਉ ॥

ਗੁਰੂ ਦੀ ਸਰਨ ਪੈ ਕੇ ਉਹਨਾਂ (ਮਨਮੁਖਾਂ) ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਨਹੀਂ ਵਿੱਝਦਾ, ਪਰਮਾਤਮਾ ਦੇ ਨਾਮ ਵਿਚ ਉਹਨਾਂ ਦਾ ਪਿਆਰ ਨਹੀਂ ਬਣਦਾ।

ਕੂੜ ਕਪਟ ਪਾਜੁ ਲਹਿ ਜਾਸੀ ਮਨਮੁਖ ਫੀਕਾ ਅਲਾਉ ॥੩॥

ਮਨਮੁਖਾਂ ਦਾ ਬੋਲ ਭੀ ਰੁੱਖਾ ਰੁੱਖਾ ਹੁੰਦਾ ਹੈ। ਪਰ ਉਹਨਾਂ ਦਾ ਝੂਠ ਤੇ ਠੱਗੀ ਦਾ ਪਾਜ ਉੱਘੜ ਹੀ ਜਾਂਦਾ ਹੈ ॥੩॥

ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ॥

ਹੇ ਪ੍ਰਭੂ! ਆਪਣੇ ਭਗਤਾਂ ਵਿਚ ਤੂੰ ਆਪ ਕੰਮ ਕਰਦਾ ਹੈਂ, ਤੇਰੇ ਭਗਤਾਂ ਨੇ ਹੀ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।

ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖੁ ਬਿਧਾਤਾ ॥

ਪਰ, ਹੇ ਪ੍ਰਭੂ! ਮਾਇਆ ਦਾ ਮੋਹ ਭੀ ਤੇਰੀ ਹੀ ਰਚਨਾ ਹੈ, ਤੂੰ ਆਪ ਹੀ ਸਰਬ-ਵਿਆਪਕ ਹੈਂ, ਤੇ ਰਚਨਹਾਰ ਹੈਂ,


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430
Flag Counter