ਆਤਮਕ ਅਡੋਲਤਾ ਨੂੰ ਪਿਆਰ ਕਰਨ ਵਾਲਾ ਪਿਆਰਾ ਪ੍ਰਭੂ ਉਸ ਨੂੰ ਛੱਡ ਨਹੀਂ ਜਾਂਦਾ, ਉਸ ਦੇ ਮਨ ਵਿਚ (ਪ੍ਰਭੂ-ਪ੍ਰੇਮ ਦਾ ਪੱਕਾ) ਰੰਗ ਚੜ੍ਹ ਜਾਂਦਾ ਹੈ (ਜਿਵੇਂ) ਮਜੀਠ (ਦਾ ਪੱਕਾ ਰੰਗ)।
ਹੇ ਨਾਨਕ! ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਵਿਚ ਵਿੱਝ ਗਿਆ, ਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ ॥੧॥
ਉਹ ਮਨੁੱਖ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ (ਡੂੰਘੇ) ਪਾਣੀ ਵਿਚ ਮੱਛੀ ਖ਼ੁਸ਼ ਰਹਿੰਦੀ ਹੈ,
(ਜਿਨ੍ਹਾਂ ਨੂੰ) ਪੂਰੇ ਗੁਰੂ ਨੇ (ਹਰਿ-ਨਾਮ ਸਿਮਰਨ ਦਾ) ਉਪਦੇਸ਼ ਦੇ ਦਿੱਤਾ, ਉਹ ਮਨੁੱਖ ਆਤਮਕ-ਜੀਵਨ-ਦਾਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ।
ਆਤਮਕ ਜੀਵਨ ਦੇਣ ਵਾਲਾ ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਉਹਨਾਂ ਮਨੁੱਖਾਂ ਨੂੰ ਆਪ ਹੀ ਆਪਣੇ ਲੜ ਲਾ ਲੈਂਦਾ ਹੈ,
ਉਹ ਸਰਬ-ਵਿਆਪਕ ਪ੍ਰਭੂ ਉਹਨਾਂ ਦੇ ਅੰਦਰ ਆਪਣੇ ਸ੍ਰੇਸ਼ਟ ਨਾਮ-ਰਤਨ ਪਰਗਟ ਕਰ ਦੇਂਦਾ ਹੈ ਉਹਨਾਂ ਨੂੰ ਫਿਰ ਛੱਡ ਕੇ ਕਿਤੇ ਨਹੀਂ ਜਾਂਦਾ।
ਹੇ ਨਾਨਕ! ਪਰਮਾਤਮਾ ਸੋਹਣੀ ਆਤਮਕ ਘਾੜਤ ਵਾਲਾ ਹੈ, ਸੋਹਣੇ ਰੂਪ ਵਾਲਾ ਹੈ, ਸਿਆਣਾ ਹੈ, (ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਉਪਦੇਸ਼ ਦਿੰਦਾ ਹੈ ਉਹਨਾਂ ਉਤੇ ਹੋਈ ਹੋਈ) ਉਸ ਪਰਮਾਤਮਾ ਦੀ ਬਖਸ਼ਸ਼ ਕਦੇ ਮਿਟਦੀ ਨਹੀਂ।
(ਇਸ ਵਾਸਤੇ ਉਹ ਮਨੁੱਖ) ਹਰਿ-ਨਾਮ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ ਮੱਛੀ (ਡੂੰਘੇ) ਪਾਣੀ ਦੀ ਸੰਗਤਿ ਵਿਚ ॥੨॥
ਜਿਵੇਂ ਪਪੀਹਾ (ਸ੍ਵਾਂਤ ਨਛੱਤ੍ਰ ਦੀ ਵਰਖਾ ਦੀ) ਕਣੀ ਮੰਗਦਾ ਹੈ, (ਤਿਵੇਂ ਸੰਤ ਜਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ ਮੰਗਦੇ ਹਨ, ਤਿਵੇਂ ਸੰਤ ਜਨਾਂ ਵਾਸਤੇ) ਪਰਮਾਤਮਾ ਦਾ ਨਾਮ-ਜਲ ਜ਼ਿੰਦਗੀ ਦਾ ਸਹਾਰਾ;
ਦੁਨੀਆ ਦਾ ਧਨ-ਪਦਾਰਥ, ਖ਼ਜ਼ਾਨੇ, ਪੁੱਤਰ, ਭਰਾ, ਮਿੱਤਰ-ਇਹਨਾਂ ਸਭਨਾਂ ਨਾਲੋਂ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ।
ਜਿਸ ਪਰਮਾਤਮਾ ਦੀ ਉੱਚੀ ਆਤਮਕ ਅਵਸਥਾ ਜਾਣੀ ਨਹੀਂ ਜਾ ਸਕਦੀ ਉਹ (ਸਾਰੇ ਸੰਸਾਰ ਤੋਂ) ਨਿਰਾਲਾ ਤੇ ਸਰਬ-ਵਿਆਪਕ ਪ੍ਰਭੂ ਉਹਨਾਂ ਨੂੰ ਪਿਆਰਾ ਲੱਗਦਾ ਹੈ;
ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ-ਕਦੇ ਭੀ ਪਰਮਾਤਮਾ ਉਹਨਾਂ ਨੂੰ ਭੁੱਲਦਾ ਨਹੀਂ। (ਪਰ, ਹੇ ਭਾਈ!) ਉਸ ਪਰਮਾਤਮਾ ਦੇ ਮਿਲਾਪ ਦਾ ਆਨੰਦ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਮਾਣਿਆ ਜਾ ਸਕਦਾ ਹੈ।
ਜੇਹੜਾ ਪਰਮਾਤਮਾ ਸਰਬ-ਵਿਆਪਕ ਹੈ ਸਾਰੇ ਜਗਤ ਦੀ ਜ਼ਿੰਦਗੀ (ਦਾ ਸਹਾਰਾ) ਹੈ, ਸੰਤ ਜਨ ਉਸ ਦੇ ਨਾਮ-ਜਲ ਦਾ ਰਸ ਪੀਂਦੇ ਹਨ, ਉਸ ਦਾ ਨਾਮ ਜਪ ਜਪ ਕੇ ਉਹ (ਆਪਣੇ ਅੰਦਰੋਂ) ਭਟਕਣਾ ਤੇ ਮੋਹ ਦੇ ਦੁੱਖ ਦੂਰ ਕਰ ਲੈਂਦੇ ਹਨ।
ਜਿਵੇਂ ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ ਤਿਵੇਂ ਸੰਤ ਜਨਾਂ ਵਾਸਤੇ ਪਰਮਾਤਮਾ ਦਾ ਨਾਮ-ਜਲ ਜੀਵਨ ਦਾ ਆਸਰਾ ਹੈ ॥੩॥
ਜੇਹੜੇ ਮਨੁੱਖ ਆਪਣੇ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਹੋ ਜਾਂਦੇ ਹਨ ਉਹਨਾਂ ਦਾ ਜ਼ਿੰਦਗੀ ਦਾ ਨਿਸ਼ਾਨਾ ਪੂਰਾ ਹੋ ਜਾਂਦਾ ਹੈ (ਪ੍ਰਭੂ-ਚਰਨਾਂ ਵਿਚ ਲੀਨ ਹੋਣਾ ਹੀ ਇਨਸਾਨੀ ਜੀਵਨ ਦਾ ਮਨੋਰਥ ਹੈ।)
ਸੂਰਮੇ ਗੁਰੂ ਨੂੰ ਮਿਲਿਆਂ (ਉਹਨਾਂ ਦੇ ਅੰਦਰੋਂ) ਭਟਕਣਾ ਦੀ ਕੰਧ ਢਹਿ ਜਾਂਦੀ ਹੈ (ਜੇਹੜੀ ਪਰਮਾਤਮਾ ਨਾਲੋਂ ਵਿਛੋੜੀ ਰੱਖਦੀ ਸੀ)।
(ਪਰ, ਹੇ ਭਾਈ!) ਪੂਰਨ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਪੂਰਬਲੇ ਜੀਵਨ ਅਨੁਸਾਰ ਸਾਰੇ ਸਾਰੇ ਗੁਣਾਂ ਦੇ ਖ਼ਜ਼ਾਨੇ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ (ਗੁਰੂ-ਮਿਲਾਪ ਦਾ ਲੇਖ) ਲਿਖਿਆ ਹੋਇਆ ਹੈ।
(ਅਜੇਹੇ ਵਡ-ਭਾਗੀਆਂ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹ ਸਭ ਤੋਂ ਵੱਡਾ ਤੇ ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਹੀ ਜਗਤ ਦੇ ਸ਼ੁਰੂ ਵਿਚ (ਅਟੱਲ) ਸੀ, ਜਗਤ-ਰਚਨਾ ਦੇ ਵਿਚਕਾਰ (ਅਟੱਲ) ਹੈ, ਤੇ ਅਖ਼ੀਰ ਵਿਚ ਭੀ (ਅਟੱਲ) ਰਹੇਗਾ।
ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੇ ਗੁਰੂ ਦੀ ਚਰਨ-ਧੂੜ ਜਿਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ ਉਸ ਨੂੰ ਆਤਮਕ ਅਡੋਲਤਾ ਦੇ ਅਨੇਕਾਂ ਸੁੱਖ-ਆਨੰਦ ਮਿਲ ਜਾਂਦੇ ਹਨ।
ਹੇ ਨਾਨਕ! (ਆਖ-) ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਂਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ॥੪॥੧॥੩॥
ਰਾਗ ਆਸਾ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਲੋਕੁ।
ਜਿਨ੍ਹਾਂ ਮਨੁੱਖਾਂ ਉਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ ਉਹੀ ਮਨੁੱਖ ਪਰਮਾਤਮਾ ਦਾ ਨਾਮ ਸਦਾ ਜਪਦੇ ਹਨ।
ਪਰ, ਹੇ ਨਾਨਕ! ਗੁਰੂ ਦੀ ਸੰਗਤਿ ਵਿਚ ਮਿਲਿਆਂ ਹੀ ਉਹਨਾਂ ਦੀ ਪ੍ਰੀਤਿ ਪਰਮਾਤਮਾ ਨਾਲ ਬਣਦੀ ਹੈ ॥੧॥
ਛੰਤੁ।
ਪਰਮਾਤਮਾ ਤੇ ਜੀਵਾਤਮਾ ਦੇ ਪਿਆਰ ਦੀ ਮਰਯਾਦਾ ਪਾਣੀ ਤੇ ਦੁੱਧ ਦੇ ਪਿਆਰ ਵਰਗੀ ਹੈ। (ਜਦੋਂ ਪਾਣੀ ਦੁੱਧ ਨਾਲ ਇੱਕ-ਰੂਪ ਹੋ ਜਾਂਦਾ ਹੈ) ਤਦੋਂ (ਪਾਣੀ) ਦੁੱਧ ਨੂੰ ਸੇਕ ਨਹੀਂ ਲੱਗਣ ਦੇਂਦਾ। ਹੇ ਮਨ! ਪਰਮਾਤਮਾ ਦਾ ਪਿਆਰ ਇਹੋ ਜਿਹਾ ਹੀ ਹੈ (ਉਹ ਜੀਵ ਨੂੰ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦਾ)।
(ਜਦੋਂ ਕੌਲ-ਫੁੱਲ ਖਿੜਦਾ ਹੈ ਆਪਣੀ ਸੁਗੰਧੀ ਖਿਲਾਰਦਾ ਹੈ) ਤਦੋਂ ਭੌਰਾ ਕੌਲ-ਫੁੱਲ਼ ਦੀ ਸੁਗੰਧੀ ਵਿਚ ਮਸਤ ਹੋ ਜਾਂਦਾ ਹੈ (ਕੌਲ-ਫੁੱਲ ਤੋਂ) ਇਕ ਖਿਨ ਵਾਸਤੇ ਭੀ ਪਰੇ ਨਹੀਂ ਹਟਦਾ ਤੇ (ਫੁੱਲ ਦੀਆਂ ਪੱਤੀਆਂ ਵਿਚ) ਫਸ ਜਾਂਦਾ ਹੈ।
(ਇਸੇ ਤਰ੍ਹਾਂ ਹੇ ਭਾਈ!) ਪਰਮਾਤਮਾ ਦੀ ਪ੍ਰੀਤਿ ਤੋਂ ਇਕ ਖਿਨ ਲਈ ਭੀ ਪਰੇ ਨਹੀਂ ਹਟਣਾ ਚਾਹੀਦਾ, ਸਾਰੇ ਸਰੀਰਕ ਸੁਹਜ ਸਾਰੇ ਮਾਇਕ ਸੁਆਦ (ਉਸ ਪ੍ਰੀਤਿ ਤੋਂ) ਸਦਕੇ ਕਰ ਦੇਣੇ ਚਾਹੀਦੇ ਹਨ।
(ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜਿੱਥੇ ਜਮਾਂ (ਦੇ ਦੇਸ) ਦਾ ਰਸਤਾ ਦੱਸਿਆ ਜਾਂਦਾ ਹੈ ਜਿੱਥੇ ਸੁਣੀਦਾ ਹੈ (ਕਿ ਜਮਾਂ ਪਾਸੋਂ) ਦੁੱਖ (ਮਿਲਦਾ ਹੈ) ਉਥੇ ਗੁਰੂ ਦੀ ਸੰਗਤਿ ਕਰਨ ਦੀ ਬਰਕਤਿ ਨਾਲ ਕੋਈ ਡਰ ਨਹੀਂ ਆਉਂਦਾ।
ਸੋ, ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਉਹ ਪਰਮਾਤਮਾ ਸਾਰੇ ਪਛੁਤਾਵੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ।
ਨਾਨਕ ਆਖਦਾ ਹੈ- (ਹੇ ਮਨ! ਗੋਬਿੰਦ ਹਰੀ ਦੀਆਂ ਸਿਫ਼ਤਾਂ ਦੇ ਗੀਤ ਗਾਂਦਾ ਰਹੁ। ਪਰਮਾਤਮਾ ਨਾਲ ਪਿਆਰ ਬਣਾਈ ਰੱਖ। ਹੇ ਮਨ! ਪਰਮਾਤਮਾ ਦੀ ਪ੍ਰੀਤਿ ਇਹੋ ਜਿਹੀ ਹੈ (ਕਿ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦੀ, ਤੇ ਜਮਾਂ ਦੇ ਵੱਸ ਪੈਣ ਨਹੀਂ ਦੇਂਦੀ) ॥੧॥
ਹੇ (ਮੇਰੇ) ਮਨ! ਤੂੰ (ਪਰਮਾਤਮਾ ਨਾਲ) ਇਹੋ ਜਿਹਾ ਪ੍ਰੇਮ ਬਣਾ ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ (ਮੱਛੀ ਪਾਣੀ ਤੋਂ ਬਿਨਾ) ਇਕ ਖਿਨ ਭੀ ਨਹੀਂ ਜੀਊ ਸਕਦੀ;