(ਜਿਸ ਨਾਮ-ਪਦਾਰਥ ਨੂੰ) ਦੇਵਤੇ ਮਨੁੱਖ ਮੋਨਧਾਰੀ ਲੋਕ ਤਰਸਦੇ ਆ ਰਹੇ ਹਨ ਉਹ (ਪਦਾਰਥ) ਸਤਿਗੁਰੂ ਨੇ ਸਮਝਾ ਦਿੱਤਾ ਹੈ ॥੪॥
ਕਿਹੋ ਜਿਹੇ ਇਕੱਠ ਨੂੰ ਸਤ ਸੰਗਤਿ ਸਮਝਣਾ ਚਾਹੀਦਾ ਹੈ?
(ਸਤਸੰਗਤਿ ਉਹ ਹੈ) ਜਿੱਥੇ ਸਿਰਫ਼ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ।
ਹੇ ਨਾਨਕ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ (ਸਤਸੰਗਤਿ ਵਿਚ) ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਹੀ (ਪ੍ਰਭੂ ਦਾ) ਹੁਕਮ ਹੈ ॥੫॥
ਇਹ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਾਹ ਤੋਂ ਲਾਂਭੇ ਜਾ ਰਿਹਾ ਹੈ।
(ਪਰ ਜੀਵਾਂ ਦੇ ਕੀਹ ਵੱਸ? ਹੇ ਪ੍ਰਭੂ!) ਤੂੰ ਆਪ ਹੀ (ਜਗਤ ਨੂੰ) ਆਪਣੇ ਆਪ ਤੋਂ ਵਿਛੋੜਿਆ ਹੋਇਆ ਹੈ।
ਜਿਨ੍ਹਾਂ ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਚੰਗੇ ਭਾਗ ਨਹੀਂ ਹਨ, ਉਹਨਾਂ ਨੂੰ (ਮਾਇਆ ਦੇ ਮੋਹ ਵਿਚ ਫਸਣ ਦੇ ਕਾਰਨ ਆਤਮਕ) ਦੁੱਖ ਲੱਗਾ ਹੋਇਆ ਹੈ ॥੬॥
ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਕੀ ਲੱਛਣ ਹਨ?
(ਮੰਦ-ਭਾਗਣ, ਜੀਵ-ਇਸਤ੍ਰੀਆਂ ਉਹ ਹਨ) ਜੇਹੜੀਆਂ ਖਸਮ-ਪ੍ਰਭੂ ਤੋਂ ਖੁੰਝੀਆਂ ਹੋਈਆਂ ਹਨ ਤੇ ਨਿਆਸਰੀਆਂ ਹੋ ਕੇ ਭਟਕ ਰਹੀਆਂ ਹਨ।
ਅਜੇਹੀਆਂ ਜੀਵ-ਇਸਤ੍ਰੀਆਂ ਦੇ ਚੇਹਰੇ ਭੀ ਵਿਕਾਰਾਂ ਦੀ ਮੈਲ ਨਾਲ ਭਰਿਸ਼ਟੇ ਹੋਏ ਦਿੱਸਦੇ ਹਨ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਬੀਤਦੀ ਹੈ ॥੭॥
ਜੇਹੜੀਆਂ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਅਖਵਾਂਦੀਆਂ ਹਨ ਉਹਨਾਂ ਕੇਹੜਾ (ਚੰਗਾ ਕੰਮ) ਕੀਤਾ ਹੋਇਆ ਹੈ?
ਉਹਨਾਂ ਨੇ ਪਿਛਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਸੰਸਕਾਰਾਂ ਵਜੋਂ ਹੁਣ ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਲਿਆ ਹੈ।
ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰ ਕੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੮॥
ਪਰਮਾਤਮਾ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਆਪਣਾ ਹੁਕਮ ਮੰਨਣ ਲਈ ਪ੍ਰੇਰਦਾ ਹੈ,
ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਸਾਂਦੀਆਂ ਹਨ।
ਉਹੀ ਜੀਵ-ਸਹੇਲੀਆਂ ਭਾਗਾਂ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਆਪਣੇ ਖਸਮ-ਪ੍ਰਭੂ ਨਾਲ ਪਿਆਰ ਬਣਿਆ ਰਹਿੰਦਾ ਹੈ ॥੯॥
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਵਿਚ ਤੁਰਨ ਦਾ ਆਨੰਦ ਆ ਜਾਂਦਾ ਹੈ,
ਉਹ ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦੇ ਹਨ (ਪਰ ਇਹ ਮਿਹਰ ਸਤਿਗੁਰੂ ਦੀ ਹੀ ਹੈ)।
ਹੇ ਨਾਨਕ! ਗੁਰੂ ਅਜੇਹਾ (ਦਿਆਲ) ਹੈ ਕਿ ਉਹ (ਸਰਨ ਆਏ) ਸਭ ਜੀਵਾਂ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ ॥੧੦॥
ਉਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਰਸ ਪ੍ਰਾਪਤ ਕਰ ਲਿਆ,
ਜਿਸ ਮਨੁੱਖ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ।
ਉਸ ਮਨੁੱਖ ਦੇ ਅੰਦਰੋਂ ਭੈੜੀ ਮਤਿ ਦਾ ਦੁੱਖ ਕੱਟਿਆ ਜਾਂਦਾ ਹੈ, ਉਸ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ ॥੧੧॥
(ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਦੀ ਬਾਣੀ (ਮਾਨੋ) ਆਤਮਕ ਜੀਵਨ ਦੇਣ ਵਾਲਾ ਜਲ ਹੈ,
ਇਹ ਬਾਣੀ ਤੇਰੇ ਭਗਤਾਂ ਦੇ ਹਿਰਦੇ ਵਿਚ (ਹਰ ਵੇਲੇ) ਟਿਕੀ ਰਹਿੰਦੀ ਹੈ।
ਤੇਰੀ ਸੁਖਦਾਈ ਸੇਵਾ-ਭਗਤੀ ਭਗਤਾਂ ਦੇ ਅੰਦਰ ਟਿਕਣ ਕਰ ਕੇ ਤੂੰ ਉਹਨਾਂ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਤੇ ਉਹਨਾਂ ਨੂੰ ਪਾਰ ਲੰਘਾ ਦੇਂਦਾ ਹੈਂ ॥੧੨॥
ਤਦੋਂ (ਕਿਸੇ ਵਡਭਾਗੀ ਨੂੰ) ਗੁਰੂ ਮਿਲਿਆ ਸਮਝਣਾ ਚਾਹੀਦਾ ਹੈ,
ਜੇ ਗੁਰੂ ਦੇ ਮਿਲਣ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾਏ।
ਗੁਰੂ ਦੀ ਸਰਨ ਪੈਣ ਤੋਂ ਬਿਨਾ (ਪਰਮਾਤਮਾ ਦਾ ਨਾਮ) ਨਹੀਂ ਮਿਲਦਾ, (ਗੁਰੂ ਦਾ ਆਸਰਾ ਛੱਡ ਕੇ) ਸਾਰੀ ਦੁਨੀਆ (ਤੀਰਥ ਵਰਤ ਆਦਿਕ ਹੋਰ ਹੋਰ ਮਿਥੇ ਹੋਏ ਧਾਰਮਿਕ) ਕੰਮ ਕਰ ਕੇ ਖਪ ਜਾਂਦੀ ਹੈ ॥੧੩॥
ਮੈਂ (ਤਾਂ) ਗੁਰੂ ਤੋਂ ਕੁਰਬਾਨ ਹਾਂ,
ਜਿਸ ਨੇ ਭਟਕਣਾ ਵਿਚ ਕੁਰਾਹੇ ਪਏ ਜੀਵ ਨੂੰ ਸਹੀ ਜੀਵਨ-ਰਾਹ ਤੇ ਪਾਇਆ ਹੈ।
ਜੇ ਗੁਰੂ ਆਪਣੀ ਮਿਹਰ ਦੀ ਨਿਗਾਹ ਕਰੇ, ਤਾਂ ਉਹ ਆਪ ਹੀ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ ॥੧੪॥
(ਹੇ ਪ੍ਰਭੂ!) ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ।
(ਹੇ ਭਾਈ! ਸਾਰੇ ਜੀਵਾਂ ਵਿਚ ਵਿਆਪਕ ਹੁੰਦਿਆਂ ਭੀ) ਉਸ ਕਰਤਾਰ ਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਹੈ।
ਹੇ ਨਾਨਕ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਕਰਤਾਰ ਨੇ ਆਪਣੀ ਜੋਤਿ ਪਰਗਟ ਕੀਤੀ ਹੈ, ਉਸ ਦੇ ਅੰਦਰ ਕਰਤਾਰ ਪਰਗਟ ਹੋ ਜਾਂਦਾ ਹੈ ॥੧੫॥
ਖਸਮ-ਪ੍ਰਭੂ ਨੇ (ਆਪਣੇ ਸੇਵਕ ਨੂੰ) ਆਪ ਹੀ ਵਡਿਆਈ ਦਿੱਤੀ ਹੈ,
ਜਿੰਦ ਤੇ ਸਰੀਰ ਦੇ ਕੇ ਆਪ ਹੀ ਉਸ ਨੂੰ ਪੈਦਾ ਕੀਤਾ ਹੈ।
ਆਪਣੇ ਦੋਵੇਂ ਹੱਥ ਸੇਵਕ ਦੇ ਸਿਰ ਉੱਤੇ ਰੱਖ ਕੇ ਖਸਮ-ਪ੍ਰਭੂ ਨੇ ਆਪ ਹੀ ਉਸ ਦੀ ਲਾਜ ਰੱਖੀ ਹੈ (ਤੇ ਉਸ ਨੂੰ ਵਿਕਾਰਾਂ ਤੋਂ ਬਚਾਇਆ ਹੈ) ॥੧੬॥
ਇੰਦ੍ਰੀਆਂ ਨੂੰ ਵੱਸ ਕਰਨ ਦੇ ਸਾਰੇ ਜਤਨ ਤੇ ਇਹੋ ਜਿਹੀਆਂ ਹੋਰ ਸਾਰੀਆਂ ਸਿਆਣਪਾਂ ਸੇਵਕ ਨੂੰ ਕਰਨ ਦੀ ਲੋੜ ਨਹੀਂ ਪੈਂਦੀ।
ਪਿਆਰਾ ਪ੍ਰਭੂ ਸੇਵਕ ਦੀ ਹਰੇਕ ਲੋੜ ਆਪ ਜਾਣਦਾ ਹੈ।
ਪਰਮਾਤਮਾ ਆਪਣੇ ਸੇਵਕ ਦਾ ਤੇਜ-ਪ੍ਰਤਾਪ ਪਰਗਟ ਕਰ ਦੇਂਦਾ ਹੈ, ਸਾਰਾ ਜਗਤ ਉਸ ਦੀ ਜੈ-ਜੈਕਾਰ ਕਰਦਾ ਹੈ ॥੧੭॥
ਪ੍ਰਭੂ ਨੇ ਨਾਹ ਮੇਰੇ ਗੁਣਾਂ ਦਾ ਖ਼ਿਆਲ ਕੀਤਾ ਹੈ, ਨਾਹ ਮੇਰੇ ਔਗੁਣਾਂ ਦੀ ਪਰਵਾਹ ਕੀਤੀ ਹੈ,
ਪ੍ਰਭੂ ਨੇ ਤਾਂ ਸਿਰਫ਼ ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਹੀ ਚੇਤੇ ਰੱਖਿਆ ਹੈ।
ਉਸ ਨੇ ਮੈਨੂੰ ਆਪਣੇ ਗਲ ਨਾਲ ਲਾ ਕੇ (ਵਿਕਾਰਾਂ ਵਲੋਂ) ਬਚਾ ਲਿਆ ਹੈ, ਕੋਈ ਦੁੱਖ-ਵਿਕਾਰ ਮੇਰਾ ਵਾਲ ਵਿੰਗਾ ਨਹੀਂ ਕਰ ਸਕੇ ॥੧੮॥
ਮੈਂ ਆਪਣੇ ਮਨ ਵਿਚ ਪ੍ਰਭੂ ਨੂੰ ਸਿਮਰਿਆ ਹੈ ਆਪਣੇ ਹਿਰਦੇ ਵਿਚ ਪ੍ਰਭੂ ਨੂੰ ਧਿਆਇਆ ਹੈ।
ਮੈਨੂੰ ਉਹ ਨਾਮ-ਫਲ ਮਿਲ ਗਿਆ ਹੈ, ਜਿਸ ਦੀ ਮੈਂ ਸਦਾ ਆਪਣੇ ਜੀ ਵਿਚ ਇੱਛਾ ਕਰਿਆ ਕਰਦਾ ਸਾਂ।
ਹੇ ਪ੍ਰਭੂ! ਤੂੰ ਸਾਰੇ ਸ਼ਾਹਾਂ ਦੇ ਸਿਰ ਉੱਤੇ, ਤੂੰ ਪਾਤਿਸ਼ਾਹਾਂ ਦੇ ਸਿਰ ਉੱਤੇ ਮਾਲਕ ਹੈਂ। ਹੇ ਨਾਨਕ! (ਵਡਭਾਗੀ ਮਨੁੱਖ) ਪ੍ਰਭੂ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੧੯॥