ਹੇ ਗਿਆਨਵਾਨ! ਅਕੱਥ ਪ੍ਰਭੂ ਦੀ ਇਹ ਡੂੰਘੀ ਰਾਜ਼ ਵਾਲੀ ਗੱਲ ਆਪਣੇ ਮਨ ਵਿਚ ਸਮਝ।
ਅਲੱਖ ਪ੍ਰਭੂ ਵੱਸਦਾ ਤਾਂ ਸਭ ਦੇ ਅੰਦਰ ਹੈ, ਪਰ ਇਹ ਅਸਲੀਅਤ ਗੁਰੂ ਤੋਂ ਬਿਨਾ ਨਹੀਂ ਲੱਭਦੀ।
ਜਦੋਂ ਗੁਰੂ ਮਿਲ ਪਏ ਜਦੋਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸੇ ਤਾਂ ਇਹ ਸਮਝ ਪੈਂਦੀ ਹੈ।
ਜਿਸ ਮਨੁੱਖ ਦੀ 'ਹਉਂ' ਦੂਰ ਹੋ ਜਾਂਦੀ ਹੈ, (ਮਾਇਆ ਦੀ ਖ਼ਾਤਰ) ਭਟਕਣਾ ਮਿਟ ਜਾਂਦੀ ਹੈ (ਮੌਤ ਆਦਿਕ ਦਾ) ਡਰ ਮੁੱਕ ਜਾਂਦਾ ਹੈ, ਉਸ ਦੇ ਸਾਰੀ ਉਮਰ ਦੇ ਦੁੱਖ ਨਾਸ ਹੋ ਜਾਂਦੇ ਹਨ (ਕਿਉਂਕਿ ਜੀਵਨ ਵਿਚ ਦੁੱਖ ਹੁੰਦੇ ਹੀ ਇਹੀ ਹਨ)।
ਜਿਨ੍ਹਾਂ ਨੂੰ ਗੁਰੂ ਦੀ ਮੱਤ ਲਿਆਂ ਰੱਬ ਦਿੱਸ ਪੈਂਦਾ ਹੈ, ਜਿਨ੍ਹਾਂ ਦੀ ਬੁੱਧ ਉੱਜਲ ਹੋ ਜਾਂਦੀ ਹੈ ਉਹ (ਇਹਨਾਂ ਦੁੱਖਾਂ ਦੇ ਸਮੁੰਦਰ ਤੋਂ) ਤਰ ਜਾਂਦੇ ਹਨ।
(ਸੋ,) ਹੇ ਨਾਨਕ! (ਤੂੰ ਭੀ) ਸਿਮਰਨ ਕਰ ਜਿਸ ਨਾਲ ਤੇਰੀ ਆਤਮਾ ਪ੍ਰਭੂ ਨਾਲ ਇਕ-ਰੂਪ ਹੋ ਜਾਏ, (ਵੇਖ!) ਤ੍ਰਿਲੋਕੀ ਦੇ ਹੀ ਜੀਵ ਉਸੇ ਵਿਚ ਟਿਕੇ ਹੋਏ ਹਨ (ਉਸੇ ਦੇ ਆਸਰੇ ਹਨ) ॥੧॥
ਇਹ ਮਨ ਸੁੱਚਾ ਮੋਤੀ ਹੈ, ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ (ਇਸ ਸੁੱਚੇ ਮੋਤੀ ਨੂੰ) ਪਰਖ ਲਿਆ ਹੈ,
ਅਜੇਹੇ ਬੰਦੇ ਇਸ ਸੰਸਾਰ ਵਿਚ ਜਿੱਥੇ ਵਿਕਾਰਾਂ ਦਾ ਪਹਿਰਾ ਹੈ ਬੜੇ ਘੱਟ ਵੇਖੀਦੇ ਹਨ।
ਉਸ ਦਾ ਆਪਾ ਹਉਮੈ ਤੇ ਮੇਰ-ਤੇਰ ਨੂੰ ਮਾਰ ਕੇ 'ਆਪੇ' ਨਾਲ ਮਿਲਿਆ ਰਹਿੰਦਾ ਹੈ।
ਹੇ ਨਾਨਕ! ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ ਉਹ ਇਸ ਡਰਾਉਣੇ ਸੰਸਾਰ-ਸਮੁੰਦਰ ਤੋਂ ਲੰਘ ਜਾਂਦੇ ਹਨ ਜਿਸ ਨੂੰ ਤਰਨਾ ਬੜਾ ਔਖਾ ਹੈ ॥੨॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹਉਮੈ ਦੇ ਠੱਗੇ ਹੋਏ ਆਪਣਾ ਮਨ ਨਹੀਂ ਖੋਜਦੇ।
ਅੰਦਰੋਂ ਤ੍ਰਿਸ਼ਨਾ ਨਾਲ ਸੜੇ ਹੋਏ (ਹੋਣ ਕਰਕੇ) (ਮਾਇਆ ਦੀ ਖ਼ਾਤਰ) ਚੌਹੀਂ ਪਾਸੀਂ ਭਟਕ ਭਟਕ ਕੇ ਥੱਕ ਜਾਂਦੇ ਹਨ।
ਸਿੰਮ੍ਰਿਤੀਆਂ ਸ਼ਾਸਤ੍ਰਾਂ (ਭਾਵ, ਆਪਣੇ ਧਰਮ-ਪੁਸਤਕਾਂ) ਨੂੰ ਗਹੁ ਨਾਲ ਨਹੀਂ ਖੋਜਦੇ ਤੇ (ਧਰਮ-ਪੁਸਤਕਾਂ ਦੇ ਥਾਂ ਆਪਣੇ) ਮਨ ਦੇ ਪਿੱਛੇ ਤੁਰ ਕੋ ਖ਼ੁਆਰ ਹੁੰਦੇ ਹਨ।
ਸਦਾ-ਥਿਰ ਰਹਿਣ ਪਰਮਾਤਮਾ ਦਾ ਨਾਮ ਗੁਰੂ ਦੀ ਸਰਨ ਆਉਣ ਤੋਂ ਬਿਨਾ ਕਿਸੇ ਨੇ ਭੀ ਨਹੀਂ ਲੱਭਾ।
ਅਸਾਂ ਅਸਲ ਵਿਚਾਰ ਦੀ ਇਹ ਗੱਲ ਲੱਭੀ ਹੈ ਕਿ ਪਰਮਾਤਮਾ ਦਾ ਨਾਮ ਜਪਿਆਂ ਹੀ ਮਨੁੱਖ ਦੀ ਆਤਮਕ ਹਾਲਤ ਸੁਧਰਦੀ ਹੈ ॥੧੯॥
ਪ੍ਰਭੂ ਆਪ ਹੀ (ਜੀਵਾਂ ਦੇ ਦਿਲਾਂ ਦੀ) ਜਾਣਦਾ ਹੈ (ਕਿਉਂਕਿ) ਉਹ ਆਪ ਹੀ (ਇਹਨਾਂ ਨੂੰ) ਪੈਦਾ ਕਰਦਾ ਹੈ, ਆਪ ਹੀ (ਜੀਵਾਂ ਦੇ ਕਾਰਜ) ਸਿਰੇ ਚਾੜ੍ਹਦਾ ਹੈ।
(ਇਸ ਲਈ) ਹੇ ਨਾਨਕ! ਉਸ ਪ੍ਰਭੂ ਅੱਗੇ ਖਲੋ ਕੇ ਹੀ ਅਦਬ ਸਰਧਾ ਨਾਲ ਅਰਜ਼ੋਈ ਕਰਨੀ ਚਾਹੀਦੀ ਹੈ ॥੧॥
ਜਿਸ ਪਰਮਾਤਮਾ ਨੇ ਜਗਤ ਪੈਦਾ ਕੀਤਾ ਹੈ, ਉਸ ਨੇ ਹੀ ਇਸ ਦੀ ਸੰਭਾਲ ਕੀਤੀ ਹੋਈ ਹੈ, ਉਹ ਆਪ ਹੀ (ਹਰੇਕ ਦੇ ਦਿਲ ਦੀ) ਜਾਣਦਾ ਹੈ।
ਹੇ ਨਾਨਕ! ਜਦੋਂ ਹਰੇਕ ਜੀਵ (ਉਸ ਪਰਮਾਤਮਾ ਦੇ ਘਰ ਤੋਂ ਹਰੇਕ ਲੋੜ ਪੂਰੀ ਕਰਦਾ ਹੈ ਜੋ) ਹਰੇਕ ਦੇ ਹਿਰਦੇ-ਘਰ ਵਿਚ ਮੌਜੂਦ ਹੈ, ਤਾਂ ਉਸ ਤੋਂ ਬਿਨਾ ਕਿਸੇ ਹੋਰ ਅੱਗੇ ਅਰਜ਼ੋਈ ਕਰਨੀ ਵਿਅਰਥ ਹੈ ॥੨॥
ਹੋਰ ਸਭ ਚੀਜ਼ਾਂ (ਦਾ ਮੋਹ) ਵਿਸਾਰ ਕੇ ਇਕ ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾ,
ਤੇਰਾ ਮਨ ਖਿੜ ਆਵੇਗਾ ਤੇਰਾ ਸਰੀਰ ਹੌਲਾ-ਫੁੱਲ ਹੋ ਜਾਇਗਾ (ਕਿਉਂਕਿ) ਪਰਮਾਤਮਾ ਸਾਰੇ ਪਾਪ ਸਾੜ ਦੇਂਦਾ ਹੈ।
(ਜਗਤ ਵਿਚ ਤੇਰਾ) ਜੰਮਣਾ ਮਰਨਾ ਮੁੱਕ ਜਾਇਗਾ, ਤੂੰ ਮੁੜ ਮੁੜ ਨਹੀਂ ਜੰਮੇ ਮਰੇਂਗਾ।
ਪ੍ਰਭੂ ਦੇ ਨਾਮ ਨੂੰ ਆਸਰਾ ਬਣਾ, ਤੂੰ ਚਿੰਤਾ ਵਿਚ ਤੇ ਮੋਹ ਵਿਚ ਨਹੀਂ ਸੜੇਂਗਾ।
ਹੇ ਨਾਨਕ! ਪਰਮਾਤਮਾ ਦਾ ਨਾਮ-ਖ਼ਜ਼ਾਨਾ ਆਪਣੇ ਮਨ ਵਿਚ ਇਕੱਠਾ ਕਰ ਰੱਖ ॥੨੦॥
ਹੇ ਨਾਨਕ! ਜਿਸ ਮਨੁੱਖ ਨੂੰ ਮਨੋਂ ਮਾਇਆ ਨਹੀਂ ਭੁੱਲਦੀ, ਜੋ (ਨਾਮ ਦੀ ਦਾਤ ਮੰਗਣ ਦੇ ਥਾਂ) ਸੁਆਸ-ਸੁਆਸ (ਮਾਇਆ ਹੀ) ਮੰਗਦਾ ਹੈ,
ਜਿਸ ਨੂੰ ਉਹ ਪਰਮਾਤਮਾ ਕਦੇ ਚੇਤੇ ਨਹੀਂ ਆਉਂਦਾ (ਇਹ ਜਾਣੋ ਕਿ) ਉਸ ਦੇ ਭਾਗ ਚੰਗੇ ਨਹੀਂ ਹਨ ॥੧॥
ਹੇ ਅੰਨ੍ਹੇ (ਜੀਵ)! ਤੂੰ (ਮੁੜ ਮੁੜ) ਮਾਇਆ ਨੂੰ ਕਿਉਂ ਚੰਬੜਦਾ ਹੈਂ? ਇਹ ਤਾਂ ਕਦੇ ਕਿਸੇ ਦੇ ਨਾਲ ਨਹੀਂ ਜਾਂਦੀ।
ਤੂੰ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ (ਭਾਵ, ਹਉਮੈ ਛੱਡ ਕੇ ਗੁਰੂ ਦਾ ਆਸਰਾ ਲੈ) (ਤਾਂ ਜੁ) ਤੇਰੀਆਂ ਇਹ ਮੁਸ਼ਕਾਂ ਜੋ ਮਾਇਆ ਨੇ ਕੱਸੀਆਂ ਹੋਈਆਂ ਹਨ ਟੁੱਟ ਜਾਣ ॥੨॥
ਉਸ ਪਰਮਾਤਮਾ ਨੇ (ਜਿਸ ਮਨੁੱਖ ਤੋਂ) ਆਪਣੀ ਰਜ਼ਾ ਵਿਚ ਆਪਣਾ ਹੁਕਮ ਮਨਾਇਆ ਹੈ ਉਸ ਮਨੁੱਖ ਨੇ ਰਜ਼ਾ ਵਿਚ ਰਹਿ ਕੇ ਸੁਖ ਲੱਭਾ ਹੈ।
ਉਸ ਪ੍ਰਭੂ ਨੇ ਆਪਣੀ ਰਜ਼ਾ ਵਿਚ ਜਿਸ ਮਨੁੱਖ ਨੂੰ ਗੁਰੂ ਮਿਲਾਇਆ ਹੈ ਉਹ ਮਨੁੱਖ ਰਜ਼ਾ ਵਿਚ ਰਹਿ ਕੇ 'ਨਾਮ' ਸਿਮਰਦਾ ਹੈ।
ਜਿਸ ਮਨੁੱਖ ਨੂੰ ਪ੍ਰਭੂ ਦੀ ਰਜ਼ਾ ਵਿਚ ਰਹਿਣਾ ਸਭ ਤੋਂ ਵੱਡੀ ਰੱਬੀ ਬਖ਼ਸ਼ਸ਼ ਪ੍ਰਤੀਤ ਹੁੰਦੀ ਹੈ ਉਹ ਆਪ 'ਨਾਮ' ਸਿਮਰਦਾ ਹੈ ਤੇ ਹੋਰਨਾਂ ਨੂੰ ਸੁਣਾਂਦਾ ਹੈ।
ਪਰ 'ਨਾਮ' ਸਿਮਰਦੇ ਉਹੀ ਹਨ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਮੁੱਢ ਤੋਂ ਲਿਖਿਆ ਹੋਇਆ ਹੈ (ਭਾਵ, ਜਿਨ੍ਹਾਂ ਦੇ ਅੰਦਰ ਪੂਰਬਲੇ ਕਰਮਾਂ ਅਨੁਸਾਰ ਸਿਮਰਨ ਦੇ ਸੰਸਕਾਰ ਮੌਜੂਦ ਹਨ)।
(ਸੋ) ਹੇ ਨਾਨਕ! ਉਸ ਪ੍ਰਭੂ ਦੀ ਸਰਨ ਵਿਚ ਰਹੁ ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ ॥੨੧॥
ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦਾ ਰਤਾ ਭਰ ਭੀ ਡਰ ਨਹੀਂ, ਤੇ ਜਿਨ੍ਹਾਂ ਨੂੰ ਪ੍ਰਭੂ ਨਾਲ ਜਾਣ-ਪਛਾਣ ਪ੍ਰਾਪਤ ਨਹੀਂ ਹੋਈ,
ਹੇ ਨਾਨਕ! ਉਹ (ਆਤਮਕ ਮੌਤੇ) ਮੋਏ ਹੋਏ ਹਨ, ਉਹਨਾਂ ਨੂੰ (ਮਾਨੋ) ਰੱਬ ਨੇ ਆਪ ਮਾਰ ਦਿੱਤਾ ਹੈ, ਇਹਨਾਂ ਮੁਇਆਂ ਨੂੰ (ਏਦੂੰ ਵਧੀਕ) ਕਿਸੇ ਹੋਰ ਨੇ ਕੀਹ ਮਾਰਨਾ ਹੈ? ॥੧॥
(ਲੋਕਾਂ ਨੂੰ ਥਿੱਤਾਂ ਆਦਿਕ ਦੱਸਣ ਲਈ ਪੱਤ੍ਰੀ ਪੜ੍ਹਨ ਦੇ ਥਾਂ) ਆਪਣੇ ਮਨ ਦੀ ਪੱਤ੍ਰੀ ਪੜ੍ਹਨੀ ਚਾਹੀਦੀ ਹੈ (ਕਿ ਇਸ ਦੀ ਕੇਹੜੇ ਵੇਲੇ ਕੀਹ ਹਾਲਤ ਹੈ; ਇਹ ਪੱਤ੍ਰੀ ਵਾਚਣ ਨਾਲ) ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ।
(ਜੋ ਥਿੱਤਾਂ ਦੀ ਭਲਾਈ ਬੁਰਾਈ ਵਿਚਾਰਨ ਦੇ ਥਾਂ) ਰੱਬੀ ਵਿਚਾਰ ਨੂੰ ਸਮਝਦਾ ਹੈ ਉਸ ਬ੍ਰਾਹਮਣ ਨੂੰ ਚੰਗਾ ਜਾਣੋ।
ਜੋ (ਬ੍ਰਾਹਮਣ) ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਪ੍ਰਭੂ ਦਾ ਨਾਮ ਪੜ੍ਹਦਾ ਹੈ,