ਤਾਂ ਭੀ ਆਤਮਕ ਅਡੋਲਤਾ ਵਿਚ ਟਿਕੇ ਰਹਿਣ ਕਰਕੇ ਉਸ ਦੇ ਹਿਰਦੇ ਵਿਚੋਂ ਮੇਰ-ਤੇਰ ਦੂਰ ਹੋ ਜਾਂਦੀ ਹੈ।
(ਹੇ ਭਾਈ!) ਆਤਮਕ ਅਡੋਲਤਾ ਦੇ ਕਾਰਨ ਜਿਸ ਮਨੁੱਖ ਦੇ ਮਨ ਵਿਚ ਆਨੰਦ ਪੈਦਾ ਹੁੰਦਾ ਹੈ,
ਉਸ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਜੋ ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ ਹੈ ॥੫॥
ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ,
ਇਸ ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹ (ਹੋਰਨਾਂ ਨੂੰ ਭੀ) ਆਤਮਕ ਜੀਵਨ ਦੀ ਦਾਤ ਦੇਂਦਾ ਹੈ;
ਆਤਮਕ ਅਡੋਲਤਾ ਪੈਦਾ ਕਰਨ ਵਾਲੀਆਂ ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਵਿਚ ਉਸ ਦੀ ਜਿੰਦ ਰਚੀ-ਮਿਚੀ ਰਹਿੰਦੀ ਹੈ,
ਉਸ ਦੇ ਹਿਰਦੇ ਵਿਚ ਅਬਿਨਾਸੀ ਪਰਮਾਤਮਾ ਆ ਵੱਸਦਾ ਹੈ ॥੬॥
ਆਤਮਕ ਅਡੋਲਤਾ ਵਿਚ ਉਸ ਦਾ ਸਦਾ-ਟਿਕਵਾਂ ਟਿਕਾਣਾ ਬਣਿਆ ਰਹਿੰਦਾ ਹੈ ਤੇ ਉਸ ਨੂੰ ਉਹ ਟਿਕਾਣਾ ਚੰਗਾ ਲੱਗਦਾ ਹੈ,
ਆਤਮਕ ਅਡੋਲਤਾ ਵਿਚ ਟਿਕ ਕੇ ਹੀ ਉਹ ਆਪਣੇ ਅੰਦਰ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਪ੍ਰਬਲ ਕਰੀ ਰੱਖਦਾ ਹੈ;
ਆਤਮਕ ਅਡੋਲਤਾ ਦੇ ਕਾਰਨ ਹੀ ਉਸ ਦੇ ਅੰਦਰ ਆਤਮਕ ਆਨੰਦ ਦੀ ਇਕ-ਰਸ ਰੌ ਸੁਹਾਵਣੀ ਬਣੀ ਰਹਿੰਦੀ ਹੈ।
(ਹੇ ਭਾਈ!) ਉਸ ਦੇ ਹਿਰਦੇ ਵਿਚ ਪਰਮਾਤਮਾ ਸਦਾ ਪਰਗਟ ਰਹਿੰਦਾ ਹੈ ॥੭॥
(ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਆਤਮਕ ਅਡੋਲਤਾ ਵਿਚ ਟਿਕਦਾ ਹੈ,
ਉਸ ਨੂੰ ਗੁਰੂ ਮਿਲਦਾ ਹੈ, ਸਦਾ-ਥਿਰ ਨਾਮ ਦੇ ਸਿਮਰਨ ਨੂੰ ਉਹ ਆਪਣਾ ਧਰਮ ਬਣਾ ਲੈਂਦਾ ਹੈ।
(ਪਰ ਇਹ ਸਹਜ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ) ਜਿਸ ਮਨੁੱਖ ਦੇ ਅੰਦਰ ਇਹ ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਉਹੀ ਮਨੁੱਖ ਉਸ ਨੂੰ ਸਮਝ ਸਕਦਾ ਹੈ,
ਦਾਸ ਨਾਨਕ ਉਸ (ਵਡ-ਭਾਗੀ ਮਨੁੱਖ) ਤੋਂ ਕੁਰਬਾਨ ਜਾਂਦਾ ਹੈ ॥੮॥੩॥
(ਹੇ ਭਾਈ!) ਜੀਵ ਪਹਿਲਾਂ ਮਾਂ ਦੇ ਪੇਟ ਵਿਚ ਵੱਸਣ ਤੋਂ ਖ਼ਲਾਸੀ ਹਾਸਲ ਕਰਦਾ ਹੈ,
(ਜਗਤ ਵਿਚ ਜਨਮ ਲੈ ਕੇ ਫਿਰ ਸਹਜੇ ਸਹਜੇ ਜਵਾਨੀ ਤੇ ਪਹੁੰਚ ਕੇ) ਪੁੱਤ੍ਰ ਇਸਤ੍ਰੀ ਆਦਿਕ ਪਰਵਾਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ,
ਕਈ ਕਿਸਮ ਦਾ ਖਾਣਾ ਖਾਂਦਾ ਹੈ, ਕਈ ਕਿਸਮਾਂ ਦੇ ਕੱਪੜੇ ਪਹਿਨਦਾ ਹੈ (ਸਾਰੀ ਉਮਰ ਇਹਨਾਂ ਰੰਗਾਂ ਵਿਚ ਹੀ ਮਸਤ ਰਹਿ ਕੇ ਕੁਰਾਹੇ ਪਿਆ ਰਹਿੰਦਾ ਹੈ,
ਪਰ ਅਜੇਹੇ ਬੰਦੇ ਭੀ) ਜ਼ਰੂਰ ਯਤੀਮਾਂ ਵਾਂਗ ਹੀ (ਜਗਤ ਤੋਂ) ਕੂਚ ਕਰ ਜਾਣਗੇ ॥੧॥
(ਹੇ ਭਾਈ!) ਉਹ ਕੇਹੜਾ ਥਾਂ ਹੈ ਜੇਹੜਾ ਸਦਾ ਅਟੱਲ ਰਹਿੰਦਾ ਹੈ?
ਉਹ ਕੇਹੜਾ ਸ਼ਬਦ ਹੈ ਜਿਸ ਦੀ ਬਰਕਤਿ ਨਾਲ (ਮਨੁੱਖ ਦੀ) ਖੋਟੀ ਮਤਿ ਦੂਰ ਹੋ ਜਾਂਦੀ ਹੈ? ॥੧॥ ਰਹਾਉ ॥
(ਹੇ ਭਾਈ! ਹੋਰਨਾਂ ਦੀ ਤਾਂ ਗੱਲ ਹੀ ਕੀਹ ਹੈ?) ਇੰਦ੍ਰ-ਪੁਰੀ ਵਿਚ ਭੀ ਮੌਤ ਜ਼ਰੂਰ ਆ ਜਾਂਦੀ ਹੈ।
ਬ੍ਰਹਮਾ ਦੀ ਪੁਰੀ ਭੀ ਸਦਾ ਅਟੱਲ ਨਹੀਂ ਰਹਿ ਸਕਦੀ।
ਸ਼ਿਵ ਦੀ ਪੁਰੀ ਦਾ ਭੀ ਨਾਸ ਹੋ ਜਾਇਗਾ।
(ਪਰ ਜਗਤ) ਤਿੰਨਾਂ ਗੁਣਾਂ ਵਾਲੀ ਮਾਇਆ ਦੇ ਅਸਰ ਹੇਠ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ ॥੨॥
(ਹੇ ਭਾਈ!) ਪਹਾੜ, ਰੁੱਖ, ਧਰਤੀ, ਆਕਾਸ਼ ਅਤੇ ਤਾਰੇ;
ਸੂਰਜ, ਚੰਦ, ਹਵਾ, ਅੱਗ, ਪਾਣੀ, ਦਿਨ ਤੇ ਰਾਤ;
ਵਰਤ ਆਦਿਕ ਵਖ ਵਖ ਕਿਸਮ ਦੀਆਂ ਮਰਯਾਦਾ;
ਵੇਦ, ਸਿਮ੍ਰਿਤੀਆਂ, ਸ਼ਾਸਤ੍ਰ-ਇਹ ਸਭ ਕੁਝ ਆਖ਼ਰ ਨਾਸ ਹੋ ਜਾਣਗੇ ॥੩॥
(ਹੇ ਭਾਈ!) ਤੀਰਥ, ਦੇਵਤੇ, ਮੰਦਰ, (ਧਰਮ-) ਪੁਸਤਕਾਂ;
ਮਾਲਾ, ਤਿਲਕ, ਸੁੱਚੀ ਰਸੋਈ, ਹਵਨ ਕਰਨ ਵਾਲੇ;
(ਨੇਤੀ-) ਧੋਤੀ ਤੇ ਡੰਡਉਤ-ਨਮਸਕਾਰਾਂ;
(ਦੂਜੇ ਪਾਸੇ) ਮਹਲਾਂ ਦੇ ਭੋਗ-ਬਿਲਾਸ-ਸਾਰਾ ਜਗਤ ਹੀ (ਆਖ਼ਰ) ਕੂਚ ਕਰ ਜਾਇਗਾ ॥੪॥
(ਵਖ ਵਖ) ਜਾਤਾਂ, (ਬ੍ਰਾਹਮਣ, ਖੱਤ੍ਰੀ ਆਦਿਕ) ਵਰਨ, ਮੁਸਲਮਾਨ ਅਤੇ ਹਿੰਦੂ;
ਪਸ਼ੂ, ਪੰਛੀ, ਅਨੇਕਾਂ ਜੂਨਾਂ ਦੇ ਜੀਵ;
ਇਹ ਸਾਰਾ ਜਗਤ-ਖਿਲਾਰਾ ਜੋ ਦਿੱਸ ਰਿਹਾ ਹੈ-
ਇਹ ਸਾਰਾ ਦ੍ਰਿਸ਼ਟ-ਮਾਨ ਸੰਸਾਰ (ਆਖ਼ਰ) ਨਾਸ ਹੋ ਜਾਇਗਾ ॥੫॥
(ਪਰ, ਹੇ ਭਾਈ!) ਉਹ (ਉੱਚੀ ਆਤਮਕ ਅਵਸਥਾ-) ਥਾਂ ਸਦਾ ਕਾਇਮ ਰਹਿਣ ਵਾਲੀ ਹੈ ਅਟੱਲ ਹੈ,
ਤੇ ਉਥੇ ਸਦਾ ਹੀ ਆਨੰਦ ਭੀ ਹੈ, ਜਿਥੇ ਆਤਮਕ ਅਡੋਲਤਾ ਦੇਣ ਵਾਲੀ ਸਿਫ਼ਤ-ਸਾਲਾਹ ਹੋ ਰਹੀ ਹੈ ਜਿਥੇ ਭਗਤੀ ਹੋ ਰਹੀ ਹੈ।
ਜਿਥੇ ਜਗਤ ਦੇ ਮੂਲ-ਪਰਮਾਤਮਾ ਨਾਲ ਡੂੰਘੀ ਸਾਂਝ ਪੈ ਰਹੀ ਹੈ, ਉਥੇ ਸਾਧ ਸੰਗਤਿ ਪਰਮਾਤਮਾ ਦੇ ਗੁਣਾਂ ਦਾ ਆਨੰਦ ਮਾਣਦੀ ਹੈ।
ਉਥੇ ਸਦਾ ਇਕ ਐਸਾ ਨਗਰ ਵੱਸਿਆ ਰਹਿੰਦਾ ਹੈ ਜਿਥੇ ਕਿਸੇ ਕਿਸਮ ਦਾ ਕੋਈ ਡਰ ਪੋਹ ਨਹੀਂ ਸਕਦਾ ॥੬॥
(ਹੇ ਭਾਈ!) ਉਸ (ਉੱਚੀ ਆਤਮਕ ਅਵਸਥਾ-) ਥਾਂ ਵਿਚ ਕੋਈ ਡਰ, ਕੋਈ ਭਰਮ, ਕੋਈ ਗ਼ਮ, ਕੋਈ ਚਿੰਤਾ ਪੋਹ ਨਹੀਂ ਸਕਦੀ,
ਉਥੇ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਉਥੇ ਆਤਮਕ ਮੌਤ ਨਹੀਂ ਹੁੰਦੀ।
ਉਥੇ ਸਦਾ ਇਕ-ਰਸ ਆਤਮਕ ਆਨੰਦ ਦੇ (ਮਾਨੋ) ਅਖਾੜੇ ਲੱਗੇ ਰਹਿੰਦੇ ਹਨ,
ਉਥੇ ਭਗਤ-ਜਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਆਸਰੇ ਵੱਸਦੇ ਹਨ ॥੭॥
(ਹੇ ਭਾਈ! ਜਿਸ ਪਰਮਾਤਮਾ ਦੀ ਇਹ ਰਚਨਾ ਰਚੀ ਹੋਈ ਹੈ) ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ।
(ਜਗਤ ਵਿਚ) ਕੋਈ ਐਸਾ ਮਨੁੱਖ ਨਹੀਂ ਹੈ, ਜੋ ਉਸ ਦੇ ਗੁਣਾਂ ਦਾ ਅੰਤ ਪਾਣ ਦਾ ਵਿਚਾਰ ਕਰ ਸਕੇ।
ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਥਾਂ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ,
ਸਾਧ ਸੰਗਤਿ ਵਿਚ ਰਹਿ ਕੇ ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੮॥੪॥
(ਹੇ ਭਾਈ!) ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ (ਵਿਕਾਰਾਂ ਦੇ ਟਾਕਰੇ ਤੇ) ਬਲੀ ਸੂਰਮਾ ਹੈ,
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਸਾਰੇ ਗੁਣਾਂ ਦਾ ਮਾਲਕ ਹੈ।
ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਲੈਂਦਾ ਹੈ, ਉਸ ਨੂੰ (ਹਰ ਥਾਂ) ਆਦਰ ਮਿਲਦਾ ਹੈ,
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਮਨੁੱਖ ਦਾ (ਹਰੇਕ ਕਿਸਮ ਦਾ) ਦੁੱਖ ਦੂਰ ਹੋ ਜਾਂਦਾ ਹੈ ॥੧॥
(ਹੇ ਭਾਈ! ਜਗਤ ਵਿਚ) ਅਜੇਹਾ ਕੋਈ ਵਿਰਲਾ ਮਨੁੱਖ ਹੈ, ਜੇਹੜਾ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਂਦਾ ਹੈ।
ਜੇਹੜਾ ਇਸ ਮੇਰ-ਤੇਰ ਨੂੰ ਮਾਰ ਲੈਂਦਾ ਹੈ, ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਪਰਮਾਤਮਾ ਨਾਲ ਜੋੜ ਪੈਦਾ ਕਰਨ ਦਾ ਅੱਭਿਆਸੀ ਹੈ ॥੧॥ ਰਹਾਉ ॥