ਅਹੰਕਾਰ ਮੋਹ ਵਿਕਾਰ ਝੂਠ ਤਿਆਗ ਦੇਹ, ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ,
ਹੇ ਮਨ! ਤੇ ਸੰਤ ਜਨਾਂ ਦੀ ਸਰਨ ਪਿਆ ਰਹੁ ॥੧॥
ਉਸ ਹਰੀ-ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹੁ ਜੋ ਧਰਤੀ ਦਾ ਰਾਖਾ ਹੈ ਜੋ ਦੀਨਾਂ ਉਤੇ ਦਇਆ ਕਰਨ ਵਾਲਾ ਹੈ ਅਤੇ ਜੋ ਵਿਕਾਰਾਂ ਵਿਚ ਡਿੱਗੇ ਹੋਏ ਬੰਦਿਆਂ ਨੂੰ ਪਵ੍ਰਿਤ ਕਰਨ ਵਾਲਾ ਹੈ।
ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦੀ ਭਗਤੀ ਕਰ, ਤੇਰੀ ਕਿਸਮਤ ਜਾਗ ਪਏਗੀ ॥੨॥੪॥੧੫੫॥
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਹੇ ਸਹੇਲੀ! (ਹੇ ਸਤਸੰਗੀ!) ਆਨੰਦ-ਰੂਪ ਪਰਮਾਤਮਾ ਨੇ ਮੈਨੂੰ ਇਹ ਜਗਤ-ਤਮਾਸ਼ਾ ਵਿਖਾ ਦਿੱਤਾ ਹੈ (ਇਸ ਜਗਤ-ਤਮਾਸ਼ੇ ਦੀ ਅਸਲੀਅਤ ਵਿਖਾ ਦਿਤੀ ਹੈ)। (ਇਸ ਵਿਚ ਕਿਤੇ) ਖ਼ੁਸ਼ੀ ਹੈ (ਕਿਤੇ) ਗ਼ਮੀ ਹੈ (ਕਿਤੇ) ਵੈਰਾਗ ਹੈ ॥੧॥ ਰਹਾਉ ॥
(ਹੇ ਸਤਸੰਗੀ! ਇਸ ਜਗਤ-ਤਮਾਸ਼ੇ ਵਿਚ ਕਿਤੇ) ਇਕ ਪਲ ਵਿਚ ਅਨੇਕਾਂ ਡਰ (ਆ ਘੇਰਦੇ ਹਨ, ਕਿਤੇ) ਨਿਡਰਤਾ ਹੈ (ਕਿਤੇ ਕੋਈ ਦੁਨੀਆ ਦੇ ਪਦਾਰਥਾਂ ਵਲ) ਉਠ ਭੱਜਦਾ ਹੈ,
ਕਿਤੇ ਇਕ ਪਲ ਵਿਚ ਸੁਆਦਲੇ ਪਦਾਰਥ ਭੋਗੇ ਜਾ ਰਹੇ ਹਨ ਕਿਤੇ ਕੋਈ ਇਕ ਪਲ ਵਿਚ ਇਹਨਾਂ ਭੋਗਾਂ ਨੂੰ ਤਿਆਗ ਜਾਂਦਾ ਹੈ ॥੧॥
(ਹੇ ਸਖੀ! ਇਸ ਜਗਤ-ਤਮਾਸ਼ੇ ਵਿਚ ਕਿਤੇ) ਜੋਗ-ਸਾਧਨ ਕੀਤੇ ਜਾ ਰਹੇ ਹਨ ਕਿਤੇ ਧੂਣੀਆਂ ਤਪਾਈਆਂ ਜਾ ਰਹੀਆਂ ਹਨ ਕਿਤੇ ਅਨੇਕਾਂ ਦੇਵ-ਪੂਜਾ ਹੋ ਰਹੀਆਂ ਹਨ, ਕਿਤੇ ਹੋਰ ਹੋਰ ਭਟਕਣਾ ਭਟਕੀਆਂ ਜਾ ਰਹੀਆਂ ਹਨ।
ਹੇ ਨਾਨਕ! (ਆਖ-ਹੇ ਸਖੀ!) ਕਿਤੇ ਸਾਧ ਸੰਗਤਿ ਵਿਚ ਰੱਖ ਕੇ ਇਕ ਪਲ ਵਿਚ ਪਰਮਾਤਮਾ ਦੀ ਮੇਹਰ ਹੋ ਰਹੀ ਹੈ, ਤੇ ਪਰਮਾਤਮਾ ਦਾ ਪ੍ਰੇਮ-ਰੰਗ ਬਖ਼ਸ਼ਿਆ ਜਾ ਰਿਹਾ ਹੈ ॥੨॥੫॥੧੫੬॥
ਰਾਗ ਆਸਾਵਰੀ, ਘਰ ੧੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਸਖੀ!) ਸਦਾ ਪਰਮਾਤਮਾ ਦਾ ਸਿਮਰਨ ਕਰਦੀ ਰਹੁ, (ਇਸ ਤਰ੍ਹਾਂ ਆਪਣੇ)।
ਮਨ ਵਿਚ ਪਰਮਾਤਮਾ ਨਾਲ ਪਿਆਰ ਬਣਾ।
ਜੋ ਕੁਝ ਗੁਰੂ ਨੇ ਦੱਸਿਆ ਉਹ ਆਪਣੇ ਚਿੱਤ ਵਿਚ ਵਸਾ।
ਪਰਮਾਤਮਾ ਤੋਂ ਬਿਨਾ ਹੋਰ ਨਾਲ ਬਣਾਈ ਹੋਈ ਪ੍ਰੀਤ ਤੋੜ ਦੇ, ਹੋਰ ਵਲੋਂ ਆਪਣੇ ਮਨ ਨੂੰ ਪਰਤਾ ਲੈ।
ਹੇ ਸਹੇਲੀ! (ਜਿਸ ਨੇ ਭੀ) ਪਰਮਾਤਮਾ ਨੂੰ (ਲੱਭਾ ਹੈ) ਇਸ ਤਰੀਕੇ ਨਾਲ ਹੀ ਲੱਭਾ ਹੈ ॥੧॥ ਰਹਾਉ ॥
ਹੇ ਸਹੇਲੀ! ਸੰਸਾਰ-ਸਮੁੰਦਰ ਵਿਚ ਮੋਹ ਦਾ ਚਿੱਕੜ ਹੈ (ਇਸ ਵਿਚ ਫਸਿਆ ਹੋਇਆ),
ਪੈਰ ਪਰਮਾਤਮਾ ਵਾਲੇ ਪਾਸੇ ਨਹੀਂ ਤੁਰ ਸਕਦਾ।
ਮੂਰਖ ਮਨੁੱਖ ਨੇ (ਆਪਣਾ ਪੈਰ ਮੋਹ ਦੇ ਚਿੱਕੜ ਵਿਚ) ਫਸਾਇਆ ਹੋਇਆ ਹੈ,
ਤੇ ਹੋਰ ਹੋਰ ਸਾਧਨ ਕਰ ਰਿਹਾ ਹੈ।
ਹੇ ਸਖੀ! ਜਦੋਂ ਪਰਮਾਤਮਾ ਦੀ ਸਰਨ ਪਿਆ ਜਾਂਦਾ, ਤਦੋਂ ਹੀ (ਮੋਹ-ਚਿੱਕੜ ਵਿਚ ਫਸਿਆ ਪੈਰ) ਨਿਕਲ ਸਕਦਾ ਹੈ ॥੧॥
ਆਪਣੇ ਚਿੱਤ ਨੂੰ (ਮਾਇਆ ਦੇ ਮੋਹ ਵਲੋਂ) ਅਡੋਲ ਬਣਾ ਲੈ,
(ਇਤਨਾ ਅਡੋਲ ਕਿ) ਜੰਗਲ ਅਤੇ ਘਰ ਇਕ-ਸਮਾਨ ਪ੍ਰਤੀਤ ਹੋਣ।
ਆਪਣੇ ਹਿਰਦੇ ਵਿਚ ਇਕ ਪਰਮਾਤਮਾ ਦੀ ਯਾਦ ਟਿਕਾਈ ਰੱਖ,
ਤੇ, ਜਗਤ ਵਿੱਚ ਬੇ-ਸ਼ੱਕ ਕਈ ਤਰ੍ਹਾਂ ਦੀ ਕਿਰਤ-ਕਾਰ ਕਰ,
(ਇਸ ਤਰ੍ਹਾਂ) ਰਾਜ ਭੀ ਕਰ ਤੇ ਜੋਗ ਭੀ ਕਮਾ।
(ਪਰ,) ਨਾਨਕ ਆਖਦਾ ਹੈ- ਹੇ ਸਖੀ! (ਕਿਰਤ-ਕਾਰ ਕਰਦਿਆਂ ਹੀ ਨਿਰਲੇਪ ਰਹਿਣਾ-ਇਹ) ਸੰਸਾਰ ਤੋਂ ਨਿਰਾਲਾ ਰਸਤਾ ਹੈ ॥੨॥੧॥੧੫੭॥
(ਹੇ ਮੇਰੇ ਮਨ!) ਇਕ (ਪਰਮਾਤਮਾ ਦੇ ਮਿਲਾਪ) ਦੀ ਤਾਂਘ (ਆਪਣੇ ਅੰਦਰ) ਕਾਇਮ ਕਰ।
ਗੁਰੂ-ਚਰਨਾਂ ਵਿਚ ਜੁੜ ਕੇ ਸਦਾ (ਪਰਮਾਤਮਾ ਦੇ) ਧਿਆਨ ਵਿਚ ਟਿਕਿਆ ਰਹੁ।
ਗੁਰੂ ਦੇ ਉਪਦੇਸ਼ ਦੀ ਜਾਣ-ਪਛਾਣ ਵਿਚ ਮਜ਼ਬੂਤ-ਚਿੱਤ ਹੋ।
ਗੁਰੂ-ਚਰਨਾਂ ਵਿਚ (ਰਹਿ ਕੇ) ਸੇਵਾ-ਭਗਤੀ ਕਰ।
ਹੇ ਮੇਰੇ ਮਨ! ਤਦੋਂ ਹੀ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਨੂੰ) ਮਿਲ ਸਕੀਦਾ ਹੈ ॥੧॥ ਰਹਾਉ ॥
ਹੇ ਮੇਰੇ ਮਨ! ਜਦੋਂ ਹੋਰ ਭਟਕਣਾਂ ਮੁੱਕ ਜਾਂਦੀਆਂ ਹਨ,
ਜਦੋਂ ਹਰੇਕ ਥਾਂ ਵਿਚ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ,
ਤਦੋਂ ਡਰਾਉਣੇ ਜਮ ਦਾ ਸਹਮ ਲਹਿ ਜਾਂਦਾ ਹੈ,
ਸੰਸਾਰ-ਰੁੱਖ ਦੇ ਮੁੱਢ-ਹਰੀ ਦੇ ਚਰਨਾਂ ਵਿਚ ਟਿਕਾਣਾ ਮਿਲ ਜਾਂਦਾ ਹੈ,
ਤਦੋਂ ਹਰੇਕ ਕਿਸਮ ਦੀ ਮੁਥਾਜੀ ਮੁੱਕ ਜਾਂਦੀ ਹੈ ॥੧॥
ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗਦੇ ਹਨ,
ਉਹ (ਵਿਕਾਰਾਂ ਦੀ) ਅੱਗ ਦੇ ਖ਼ਤਰੇ ਤੋਂ ਪਾਰ ਲੰਘ ਜਾਂਦਾ ਹੈ,
ਉਸ ਨੂੰ ਆਪਣੇ ਅਸਲ ਘਰ (ਪ੍ਰਭੂ-ਚਰਨਾਂ ਵਿਚ) ਥਾਂ ਮਿਲ ਜਾਂਦਾ ਹੈ,
ਉਹ ਰਸਾਂ ਵਿਚ ਸ੍ਰੇਸ਼ਟ ਰਸ ਹਰਿ ਨਾਮ ਰਸ ਨੂੰ ਸਦਾ ਮਾਣਦਾ ਹੈ,
ਉਸ ਦੀ (ਮਾਇਆ ਵਾਲੀ) ਤ੍ਰੇਹ ਭੁੱਖ ਦੂਰ ਹੋ ਜਾਂਦੀ ਹੈ,
ਤੇ, ਹੇ ਨਾਨਕ! (ਆਖ-) ਹੇ ਮੇਰੇ ਮਨ! ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੨॥੨॥੧੫੮॥
(ਹੇ ਮੇਰੇ ਮਨ!) ਉਸ ਪਰਮਾਤਮਾ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ,
ਦਾ ਨਾਮ ਆਤਮਕ ਅਡੋਲਤਾ ਦੀ ਲਹਿਰ ਵਿਚ ਲੀਨ ਹੋ ਕੇ ਜਪਣਾ ਚਾਹੀਦਾ,
ਗੁਰੂ ਦੀ ਸਰਨ ਪੈ ਕੇ (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣ ਉਚਾਰ!
ਸੁਣ, ਇਹੀ ਹੈ ਵਿਕਾਰਾਂ ਤੋਂ ਬਚਣ ਦਾ ਤਰੀਕਾ,
ਹੇ ਮੇਰੇ ਮਨ! ਪਰ ਇਹ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ॥੧॥ ਰਹਾਉ ॥
ਸਾਰੇ ਰਿਸ਼ੀ ਮੁਨੀ ਉਸ ਪਰਮਾਤਮਾ ਨੂੰ ਖੋਜਦੇ ਆ ਰਹੇ ਹਨ,
ਜੇਹੜਾ ਸਾਰੇ ਜੀਵਾਂ ਦਾ ਮਾਲਕ ਪ੍ਰਭੂ ਹੈ,
ਜੇਹੜਾ ਇਸ ਮਾਇਆ-ਵੇੜ੍ਹੀ ਦੁਨੀਆ ਵਿਚ ਲੱਭਣਾ ਔਖਾ ਹੈ,
ਜੇਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ,
ਹੇ ਮੇਰੇ ਮਨ! ਤੇ ਜੇਹੜਾ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ ॥੧॥
ਹੇ (ਮੇਰੇ) ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ,