ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਭੁਲਾ ਦੇਂਦਾ ਹੈ, ਮੈਂ ਸਮਝਦਾ ਹਾਂ ਕਿ ਉਸ ਦੇ ਜੋਗ-ਸਾਧਨ ਅਤੇ ਜੱਗ (ਆਦਿਕ ਕਰਮ ਸਭ) ਵਿਅਰਥ ਹਨ ॥੧॥
ਜੇਹੜਾ ਮਨੁੱਖ ਅਹੰਕਾਰ ਅਤੇ ਮਾਇਆ ਦਾ ਮੋਹ ਛੱਡ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ,
ਨਾਨਕ ਆਖਦਾ ਹੈ- ਜੇਹੜਾ ਮਨੁੱਖ ਇਸ ਕਿਸਮ ਦਾ ਜੀਵਨ ਬਿਤੀਤ ਕਰਨ ਵਾਲਾ ਹੈ, ਉਹ ਜੀਵਨ-ਮੁਕਤਿ ਅਖਵਾਂਦਾ ਹੈ (ਉਹ ਮਨੁੱਖ ਉਸ ਸ਼੍ਰੇਣੀ ਵਿਚੋਂ ਗਿਣਿਆ ਜਾਂਦਾ ਹੈ, ਜੇਹੜੇ ਇਸ ਜ਼ਿੰਦਗੀ ਵਿਚ ਵਿਕਾਰਾਂ ਦੀ ਪਕੜ ਤੋਂ ਬਚੇ ਰਹਿੰਦੇ ਹਨ) ॥੨॥੨॥
ਹੇ ਭਾਈ! ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਭਜਨ ਨਹੀਂ ਹੈ,
ਇਹ ਗੱਲ ਪੱਕੀ ਚੇਤੇ ਰੱਖੋ ਕਿ ਉਸ ਮਨੁੱਖ ਨੇ ਆਪਣੀ ਜ਼ਿੰਦਗੀ ਵਿਅਰਥ ਹੀ ਗਵਾ ਲਈ ਹੈ ॥੧॥ ਰਹਾਉ ॥
ਹੇ ਭਾਈ! ਜਿਸ ਮਨੁੱਖ ਦਾ ਮਨ ਆਪਣੇ ਵੱਸ ਵਿਚ ਨਹੀਂ ਹੈ, ਉਹ ਭਾਵੇਂ ਤੀਰਥਾਂ ਦੇ ਇਸ਼ਨਾਨ ਕਰਦਾ ਹੈ ਵਰਤ ਭੀ ਰੱਖਦਾ ਹੈ,
ਪਰ ਤੁਸੀ (ਇਹ ਤੀਰਥ ਵਰਤ ਆਦਿਕ ਵਾਲਾ) ਉਸ ਦਾ ਧਰਮ ਵਿਅਰਥ ਸਮਝੋ। ਮੈਂ ਅਜੇਹੇ ਮਨੁੱਖ ਨੂੰ ਭੀ ਇਹ ਸੱਚੀ ਗੱਲ ਆਖ ਦੇਂਦਾ ਹਾਂ ॥੧॥
ਹੇ ਭਾਈ! ਜਿਵੇਂ ਪੱਥਰ ਪਾਣੀ ਵਿਚ ਰੱਖਿਆ ਹੋਇਆ ਹੋਵੇ, ਉਸ ਨੂੰ ਪਾਣੀ ਵਿੰਨ੍ਹ ਨਹੀਂ ਸਕਦਾ। (ਪਾਣੀ ਉਸ ਉਤੇ ਅਸਰ ਨਹੀਂ ਕਰ ਸਕਦਾ),
ਇਹੋ ਜਿਹਾ ਹੀ ਤੁਸੀ ਉਸ ਮਨੁੱਖ ਨੂੰ ਸਮਝੋ ਜੋ ਪ੍ਰਭੂ ਦੀ ਭਗਤੀ ਤੋਂ ਵਾਂਜਿਆਂ ਰਹਿੰਦਾ ਹੈ ॥੨॥
ਹੇ ਭਾਈ! ਗੁਰੂ ਜ਼ਿੰਦਗੀ ਦਾ ਇਹ ਰਾਜ਼ ਦੱਸਦਾ ਹੈ ਕਿ ਮਨੁੱਖਾ ਜੀਵਨ ਵਿਚ ਇਨਸਾਨ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਸਕਦਾ ਹੈ।
ਨਾਨਕ ਆਖਦਾ ਹੈ- ਉਹੀ ਮਨੁੱਖ ਆਦਰ-ਜੋਗ ਹੈ ਜੇਹੜਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥੩॥
ਰਾਗ ਬਿਲਾਵਲੁ, ਘਰ ੧੦ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪਰਮਾਤਮਾ (ਹਰੇਕ ਜੀਵ ਦੇ) ਨੇੜੇ ਵੱਸਦਾ ਹੈ, ਉਹ ਆਪ ਹੀ ਹਰੇਕ ਦੀ ਸੰਭਾਲ ਕਰਦਾ ਹੈ,
ਪਰ ਇਹ ਭੇਤ ਕੋਈ ਵਿਰਲਾ ਬੰਦਾ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿ ਕੇ ਨਾਮ ਜਪਦਾ ਹੈ।
ਜਿਤਨਾ ਚਿਰ (ਇਹ) ਡਰ ਪੈਦਾ ਹੋਵੇ (ਕਿ ਉਹ ਹਰ ਵੇਲੇ ਨੇੜੇ ਵੇਖ ਰਿਹਾ ਹੈ) ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
ਜੇਹੜੇ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ-ਰੰਗ ਵਿਚ) ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ ॥੧॥
ਪਰਮਾਤਮਾ ਦਾ ਨਾਮ ਇਕ ਅਜੇਹਾ (ਸ੍ਰੇਸ਼ਟ) ਪਦਾਰਥ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰ ਦੇਂਦਾ ਹੈ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਇਹ ਪਦਾਰਥ) ਹਾਸਲ ਕਰਦਾ ਹੈ, ਉਹ (ਇਸ ਦੇ) ਰਸ ਵਿਚ ਭਿੱਜ ਕੇ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ ॥੧॥ ਰਹਾਉ ॥
(ਜ਼ਬਾਨੀ ਜ਼ਬਾਨੀ ਤਾਂ) ਹਰ ਕੋਈ ਆਖਦਾ ਹੈ (ਕਿ ਮੈਨੂੰ ਪਰਮਾਤਮਾ ਦਾ) ਗਿਆਨ (ਪ੍ਰਾਪਤ ਹੋ ਗਿਆ ਹੈ), ਗਿਆਨ (ਮਿਲ ਗਿਆ ਹੈ),
(ਜਿਉਂ ਜਿਉਂ ਗਿਆਨ ਗਿਆਨ) ਆਖ ਕੇ ਚਰਚਾ ਕਰਦਾ ਹੈ (ਉਸ ਚਰਚਾ ਵਿਚੋਂ) ਕਲੇਸ਼ ਹੀ ਪੈਦਾ ਹੁੰਦਾ ਹੈ।
ਚਰਚਾ ਕਰ ਕੇ (ਅਜੇਹੀ ਆਦਤ ਪੈ ਜਾਂਦੀ ਹੈ ਕਿ) ਚਰਚਾ ਕਰਨ ਤੋਂ ਜੀਵ ਹਟਦਾ ਭੀ ਨਹੀਂ।
(ਪਰ ਚਰਚਾ ਤੋਂ ਕੋਈ ਆਤਮਕ ਆਨੰਦ ਨਹੀਂ ਮਿਲਦਾ, ਕਿਉਂਕਿ) ਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਣ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ ॥੨॥
ਪਰਮਾਤਮਾ ਨਾਲ ਡੂੰਘੀ ਸਾਂਝ ਤੇ ਉਸ ਵਿਚ ਸੁਰਤ ਦਾ ਟਿਕਾਉ-ਇਹ ਸਭ ਕੁਝ ਗੁਰੂ ਤੋਂ ਹੀ ਮਿਲਦਾ ਹੈ।
(ਜਿਸ ਨੂੰ ਮਿਲਦਾ ਹੈ ਉਸ ਦੀ) ਰਹਿਣੀ ਪਵਿਤ੍ਰ ਹੋ ਜਾਂਦੀ ਹੈ ਉਸ ਦੇ ਮਨ ਵਿਚ ਉਹ ਸਦਾ-ਥਿਰ ਪ੍ਰਭੂ ਵੱਸ ਪੈਂਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਗਿਆਨ ਦੀਆਂ ਨਿਰੀਆਂ) ਗੱਲਾਂ ਹੀ ਕਰਦਾ ਹੈ, ਪਰ ਉਸ ਦੀ ਰਹਿਣੀ (ਪਵਿਤ੍ਰ) ਨਹੀਂ ਹੁੰਦੀ।
ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਨੂੰ (ਮਾਇਆ ਦੀ ਭਟਕਣ ਤੋਂ ਬਚਣ ਲਈ) ਕੋਈ ਆਸਰਾ ਨਹੀਂ ਮਿਲਦਾ ॥੩॥
ਮਾਇਆ ਨੇ (ਜੀਵਾਂ ਦੇ) ਮਨ ਨੂੰ (ਮੋਹ ਦੇ) ਤੀਰਾਂ ਦੇ ਜਾਲ ਵਿਚ ਬੰਨ੍ਹਿਆ ਹੋਇਆ ਹੈ।
(ਭਾਵੇਂ ਪਰਮਾਤਮਾ) ਹਰੇਕ ਸਰੀਰ ਵਿਚ ਮੌਜੂਦ ਹੈ, ਪਰ (ਮਾਇਆ ਦੇ ਮੋਹ ਦਾ) ਜ਼ਹਿਰ ਭੀ ਹਰੇਕ ਦੇ ਅੰਦਰ ਹੀ ਹੈ,
(ਇਸ ਵਾਸਤੇ) ਜੋ ਭੀ (ਜਗਤ ਵਿਚ) ਜੰਮਦਾ ਹੈ ਉਹ ਆਤਮਕ ਮੌਤ ਦੇ ਵੱਸ ਵਿਚ ਦਿੱਸ ਰਿਹਾ ਹੈ।
ਪਰਮਾਤਮਾ ਨੂੰ ਹਿਰਦੇ ਵਿਚ ਯਾਦ ਕਰਨ ਨਾਲ ਹੀ (ਮਨੁੱਖਾ ਜੀਵਨ ਵਿਚ) ਕਰਨ-ਜੋਗ ਕੰਮ ਸਿਰੇ ਚੜ੍ਹਦਾ ਹੈ ॥੪॥
ਉਹੀ ਮਨੁੱਖ ਗਿਆਨ-ਵਾਨ (ਅਖਵਾ ਸਕਦਾ) ਹੈ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਉਮੈ ਦੇ ਅਧੀਨ ਰਹਿ ਕੇ ਆਪਣੀ ਇੱਜ਼ਤ ਗਵਾਂਦਾ ਹੈ।
(ਪਰ ਜੀਵ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਆਪਣੀ ਭਗਤੀ (ਜੀਵਾਂ ਪਾਸੋਂ) ਕਰਾਂਦਾ ਹੈ,
ਆਪ ਹੀ (ਜੀਵ ਨੂੰ) ਗੁਰੂ ਦੇ ਸਨਮੁਖ ਕਰ ਕੇ ਵਡਿਆਈ ਦੇਂਦਾ ਹੈ ॥੫॥
(ਸਿਮਰਨ ਤੋਂ ਬਿਨਾ ਮਨੁੱਖ ਦੀ ਉਮਰ) ਇਕ ਹਨੇਰੀ ਰਾਤ ਹੈ, ਪਰਮਾਤਮਾ ਦੀ ਜੋਤਿ ਦੇ ਪਰਗਟ ਹੋਣ ਨਾਲ ਹੀ ਇਹ ਰੌਸ਼ਨ ਹੋ ਸਕਦੀ ਹੈ।
ਨਾਮ ਤੋਂ ਵਾਂਜੇ ਹੋਏ ਬੰਦੇ ਝੂਠੇ ਹਨ ਗੰਦੇ ਹਨ ਤੇ ਭੈੜੀ ਛੂਤ ਵਾਲੇ ਹਨ, (ਭਾਵ, ਹੋਰਨਾਂ ਨੂੰ ਭੀ ਕੁਰਾਹੇ ਪਾ ਦੇਂਦੇ ਹਨ)।
ਵੇਦ ਆਦਿਕ ਹਰੇਕ ਧਰਮ-ਪੁਸਤਕ ਭਗਤੀ ਦੀ ਸਿੱਖਿਆ ਹੀ ਪੁਕਾਰ ਪੁਕਾਰ ਕੇ ਦੱਸਦਾ ਹੈ।
ਜੋ ਜੋ ਜੀਵ ਇਸ ਸਿੱਖਿਆ ਨੂੰ ਸੁਣ ਸੁਣ ਕੇ ਸਰਧਾ ਲਿਆਉਂਦਾ ਹੈ ਉਹ ਰੱਬੀ ਜੋਤਿ ਨੂੰ (ਹਰ ਥਾਂ) ਵੇਖਦਾ ਹੈ ॥੬॥
ਸਿਮ੍ਰਿਤੀਆਂ ਸ਼ਾਸਤ੍ਰ ਆਦਿਕ ਧਰਮ-ਪੁਸਤਕ ਭੀ ਨਾਮ ਸਿਮਰਨ ਦੀ ਤਾਕੀਦ ਕਰਦੇ ਹਨ।
ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਸਿਮਰਦੇ ਹਨ ਉਹਨਾਂ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ, ਉਹਨਾਂ ਦੀ ਰਹਿਣੀ ਸ਼੍ਰੇਸ਼ਟ ਹੋ ਜਾਂਦੀ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਜਨਮ ਮਰਨ ਦੇ ਦੁੱਖ ਸਹਾਰਦੇ ਹਨ।
ਇਹ ਬੰਧਨ ਤਦੋਂ ਹੀ ਟੁੱਟਦੇ ਹਨ ਜੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਵਸਾਇਆ ਜਾਏ ॥੭॥
ਜੇਹੜਾ ਬੰਦਾ ਉਸ ਦੇ ਨਾਮ ਨੂੰ (ਆਪਣੇ ਹਿਰਦੇ ਵਿਚ) ਦ੍ਰਿੜ੍ਹ ਕਰਦਾ ਹੈ ਉਸ ਨੂੰ ਸੱਚੀ ਇੱਜ਼ਤ ਮਿਲਦੀ ਹੈ, ਉਸ ਦਾ ਆਦਰ ਹੁੰਦਾ ਹੈ।
ਮੈਂ ਹਰ ਥਾਂ ਉਸੇ ਨੂੰ ਵੇਖਦਾ ਹਾਂ, ਉਸ ਤੋਂ ਬਿਨਾ ਉਸ ਵਰਗਾ ਕੋਈ ਹੋਰ ਨਹੀਂ ਹੈ,
ਉਸ ਨੂੰ (ਹਰ ਥਾਂ) ਵੇਖ ਕੇ ਮੈਂ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਉਹੀ ਮੈਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ,
ਨਾਨਕ ਆਖਦਾ ਹੈ-ਪਰਮਾਤਮਾ ਤੋਂ ਬਿਨਾ ਕੋਈ ਹੋਰ (ਉਸ ਵਰਗਾ) ਨਹੀਂ ਹੈ ॥੮॥੧॥