ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 234


ਸਬਦਿ ਰਤੇ ਸੇ ਨਿਰਮਲੇ ਚਲਹਿ ਸਤਿਗੁਰ ਭਾਇ ॥੭॥

ਜੇਹੜੇ ਮਨੁੱਖ ਗੁਰੂ ਦੇ ਸ਼ਬਦ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਗੁਰੂ ਦੇ ਦੱਸੇ ਹੁਕਮ ਅਨੁਸਾਰ ਤੁਰਦੇ ਹਨ, (ਜੀਵਨ ਬਿਤਾਂਦੇ ਹਨ) ॥੭॥

ਹਰਿ ਪ੍ਰਭ ਦਾਤਾ ਏਕੁ ਤੂੰ ਤੂੰ ਆਪੇ ਬਖਸਿ ਮਿਲਾਇ ॥

ਹੇ ਹਰੀ! ਹੇ ਪ੍ਰਭੂ! ਸਿਰਫ਼ ਤੂੰ ਹੀ ਹੈਂ ਜੋ (ਗੁਰੂ ਦੀ ਰਾਹੀਂ ਆਪਣੇ ਨਾਮ ਦੀ) ਦਾਤ ਦੇਣ ਵਾਲਾ ਹੈਂ, ਤੂੰ ਆਪ ਹੀ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜ।

ਜਨੁ ਨਾਨਕੁ ਸਰਣਾਗਤੀ ਜਿਉ ਭਾਵੈ ਤਿਵੈ ਛਡਾਇ ॥੮॥੧॥੯॥

(ਮੈਂ ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ, ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ ਉਸੇ ਤਰ੍ਹਾਂ (ਇਸ ਮਾਇਆ ਦੇ ਮੋਹ ਦੇ ਪੰਜੇ ਤੋਂ) ਬਚਾ ਲੈ ॥੮॥੧॥੯॥

ਰਾਗੁ ਗਉੜੀ ਪੂਰਬੀ ਮਹਲਾ ੪ ਕਰਹਲੇ ॥

ਰਾਗ ਗਉੜੀ-ਪੂਰਬੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਕਰਹਲੇ'।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ ॥

ਹੇ ਬੇ-ਮੁਹਾਰ ਮਨ! ਹੇ (ਇਥੇ) ਪਰਦੇਸ ਵਿਚ ਰਹਿਣ ਵਾਲੇ ਮਨ! (ਤੂੰ ਸਦਾ ਇਸ ਵਤਨ ਵਿਚ ਨਹੀਂ ਟਿਕੇ ਰਹਿਣਾ। ਕਦੇ ਸੋਚ ਕਿ ਉਸ) ਪਰਮਾਤਮਾ ਨੂੰ ਕਿਵੇਂ ਮਿਲਿਆ ਜਾਏ (ਜੇਹੜਾ) ਮਾਂ (ਵਾਂਗ ਸਾਨੂੰ ਪਾਲਦਾ ਹੈ)।

ਗੁਰੁ ਭਾਗਿ ਪੂਰੈ ਪਾਇਆ ਗਲਿ ਮਿਲਿਆ ਪਿਆਰਾ ਆਇ ॥੧॥

(ਹੇ ਬੇ-ਮੁਹਾਰ ਮਨ! ਜਿਸ ਮਨੁੱਖ ਨੂੰ) ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, ਪਿਆਰਾ ਪਰਮਾਤਮਾ ਉਸ ਦੇ ਗਲ ਨਾਲ ਆ ਲੱਗਦਾ ਹੈ ॥੧॥

ਮਨ ਕਰਹਲਾ ਸਤਿਗੁਰੁ ਪੁਰਖੁ ਧਿਆਇ ॥੧॥ ਰਹਾਉ ॥

ਹੇ ਊਂਠ ਦੇ ਬੱਚੇ ਵਾਂਗ ਬੇ-ਮੁਹਾਰ (ਮੇਰੇ) ਮਨ! ਪਰਮਾਤਮਾ ਦੇ ਰੂਪ ਗੁਰੂ ਨੂੰ ਚੇਤੇ ਰੱਖ ॥੧॥ ਰਹਾਉ ॥

ਮਨ ਕਰਹਲਾ ਵੀਚਾਰੀਆ ਹਰਿ ਰਾਮ ਨਾਮ ਧਿਆਇ ॥

ਹੇ ਬੇ-ਮੁਹਾਰ ਮਨ! ਵਿਚਾਰਵਾਨ ਬਣ, ਤੇ, ਪਰਮਾਤਮਾ ਦਾ ਨਾਮ ਸਿਮਰਦਾ ਰਹੁ।

ਜਿਥੈ ਲੇਖਾ ਮੰਗੀਐ ਹਰਿ ਆਪੇ ਲਏ ਛਡਾਇ ॥੨॥

(ਜੇ ਸਿਮਰਦਾ ਰਹੇਂਗਾ, ਤਾਂ) ਪਰਮਾਤਮਾ ਆਪ ਹੀ (ਉਥੇ) ਸੁਰਖ਼ਰੂ ਕਰਾ ਲਏਗਾ ਜਿੱਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ॥੨॥

ਮਨ ਕਰਹਲਾ ਅਤਿ ਨਿਰਮਲਾ ਮਲੁ ਲਾਗੀ ਹਉਮੈ ਆਇ ॥

ਹੇ ਬੇ-ਮੁਹਾਰ ਮਨ! ਤੂੰ (ਅਸਲੇ ਵਲੋਂ) ਬਹੁਤ ਪਵਿਤ੍ਰ ਸੀ, ਪਰ ਤੈਨੂੰ ਹਉਮੈ ਦੀ ਮੈਲ ਆ ਚੰਬੜੀ ਹੈ।

ਪਰਤਖਿ ਪਿਰੁ ਘਰਿ ਨਾਲਿ ਪਿਆਰਾ ਵਿਛੁੜਿ ਚੋਟਾ ਖਾਇ ॥੩॥

(ਕਿਆ ਅਜਬ ਮੰਦ-ਭਾਗਤਾ ਹੈ ਕਿ) ਪਤੀ-ਪ੍ਰਭੂ ਪਰਤੱਖ ਤੌਰ ਤੇ ਹਿਰਦੇ ਵਿਚ ਵੱਸ ਰਿਹਾ ਹੈ, (ਜਿੰਦ ਦੇ) ਨਾਲ ਵੱਸ ਰਿਹਾ ਹੈ, (ਪਰ ਜਿੰਦ ਮਾਇਆ ਦੇ ਮੋਹ ਦੇ ਕਾਰਨ ਉਸ ਤੋਂ) ਵਿੱਛੁੜ ਕੇ ਦੁੱਖੀ ਹੋ ਰਹੀ ਹੈ ॥੩॥

ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਰਿਦੈ ਭਾਲਿ ਭਾਲਾਇ ॥

ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਆਪਣੇ ਹਿਰਦੇ ਵਿਚ ਪਰਮਾਤਮਾ ਦੀ ਢੂੰਢ ਕਰ, ਢੂੰਢ ਕਰਾ।

ਉਪਾਇ ਕਿਤੈ ਨ ਲਭਈ ਗੁਰੁ ਹਿਰਦੈ ਹਰਿ ਦੇਖਾਇ ॥੪॥

ਉਹ ਪਰਮਾਤਮਾ ਕਿਸੇ ਹੋਰ ਹੀਲੇ ਨਾਲ ਨਹੀਂ ਲੱਭਦਾ। ਗੁਰੂ (ਹੀ) ਹਿਰਦੇ ਵਿਚ (ਵੱਸਦਾ) ਵਿਖਾਲ ਦੇਂਦਾ ਹੈ ॥੪॥

ਮਨ ਕਰਹਲਾ ਮੇਰੇ ਪ੍ਰੀਤਮਾ ਦਿਨੁ ਰੈਣਿ ਹਰਿ ਲਿਵ ਲਾਇ ॥

ਹੇ ਬੇ-ਮੁਹਾਰ ਮਨ! ਹੇ ਮੇਰੇ ਪਿਆਰੇ ਮਨ! ਦਿਨ ਰਾਤ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ।

ਘਰੁ ਜਾਇ ਪਾਵਹਿ ਰੰਗ ਮਹਲੀ ਗੁਰੁ ਮੇਲੇ ਹਰਿ ਮੇਲਾਇ ॥੫॥

(ਇਸ ਤਰ੍ਹਾਂ ਉਸ) ਆਨੰਦੀ ਦੇ ਮਹਲ ਵਿਚ ਜਾ ਕੇ ਟਿਕਾਣਾ ਲੱਭ ਲਏਂਗਾ। ਪਰ ਗੁਰੂ ਹੀ ਪਰਮਾਤਮਾ ਨਾਲ ਮਿਲਾ ਸਕਦਾ ਹੈ ॥੫॥

ਮਨ ਕਰਹਲਾ ਤੂੰ ਮੀਤੁ ਮੇਰਾ ਪਾਖੰਡੁ ਲੋਭੁ ਤਜਾਇ ॥

ਹੇ ਮੇਰੇ ਬੇ-ਮੁਹਾਰ ਮਨ! ਤੂੰ ਮੇਰਾ ਮਿੱਤਰ ਹੈਂ (ਮੈਂ ਤੈਨੂੰ ਸਮਝਾਂਦਾ ਹਾਂ) ਮਾਇਆ ਦਾ ਲਾਲਚ ਛੱਡ ਦੇ ਤੇ ਪਖੰਡ ਛੱਡ ਦੇ।

ਪਾਖੰਡਿ ਲੋਭੀ ਮਾਰੀਐ ਜਮ ਡੰਡੁ ਦੇਇ ਸਜਾਇ ॥੬॥

ਪਖੰਡੀ ਤੇ ਲਾਲਚੀ ਦਾ ਆਤਮਕ ਜੀਵਨ ਖ਼ਤਮ ਹੋ ਜਾਂਦਾ ਹੈ। ਆਤਮਕ ਮੌਤ ਦਾ ਸਹਮ ਸਦਾ ਉਸ ਦੇ ਸਿਰ ਉਤੇ ਰਹਿੰਦਾ ਹੈ-ਪਰਮਾਤਮਾ ਇਹ ਉਸ ਨੂੰ ਸਜ਼ਾ ਦੇਂਦਾ ਹੈ ॥੬॥

ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲੁ ਪਾਖੰਡੁ ਭਰਮੁ ਗਵਾਇ ॥

ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਤੂੰ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਕਰ, ਪਖੰਡ ਛੱਡ ਦੇ ਤੇ (ਮਾਇਆ ਦੇ ਪਿੱਛੇ) ਭਟਕਣਾ ਛੱਡ ਦੇ।

ਹਰਿ ਅੰਮ੍ਰਿਤ ਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ ॥੭॥

(ਵੇਖ! ਸਾਧ ਸੰਗਤਿ ਵਿਚ) ਪੂਰੇ ਗੁਰੂ ਨੇ ਹਰਿ-ਨਾਮ ਅੰਮ੍ਰਿਤ ਦਾ ਸਰੋਵਰ ਨਕਾ-ਨਕ ਭਰਿਆ ਹੋਇਆ ਹੈ, ਸਾਧ ਸੰਗਤਿ ਵਿਚ ਮਿਲ ਕੇ (ਉਸ ਸਰੋਵਰ ਵਿਚ ਇਸ਼ਨਾਨ ਕਰ, ਤੇਰੀ ਵਿਕਾਰਾਂ ਦੀ) ਮੈਲ ਲਹਿ ਜਾਏਗੀ ॥੭॥

ਮਨ ਕਰਹਲਾ ਮੇਰੇ ਪਿਆਰਿਆ ਇਕ ਗੁਰ ਕੀ ਸਿਖ ਸੁਣਾਇ ॥

ਹੇ ਬੇ-ਮੁਹਾਰ ਮਨ! ਹੇ ਮੇਰੇ ਪਿਆਰੇ ਮਨ! ਗੁਰੂ ਦੀ ਇਹ ਸਿੱਖਿਆ (ਧਿਆਨ ਨਾਲ) ਸੁਣ!

ਇਹੁ ਮੋਹੁ ਮਾਇਆ ਪਸਰਿਆ ਅੰਤਿ ਸਾਥਿ ਨ ਕੋਈ ਜਾਇ ॥੮॥

(ਇਹ ਸਾਰੇ ਸਾਕ-ਸੰਬੰਧੀ ਤੇ ਧਨ-ਪਦਾਰਥ-) ਇਹ ਸਾਰਾ ਮਾਇਆ ਦਾ ਮੋਹ (-ਜਾਲ) ਖਿਲਰਿਆ ਹੋਇਆ ਹੈ, ਅੰਤ ਵੇਲੇ (ਇਸ ਵਿਚੋਂ) ਕੋਈ ਭੀ (ਤੇਰੇ) ਨਾਲ ਨਹੀਂ ਜਾਇਗਾ ॥੮॥

ਮਨ ਕਰਹਲਾ ਮੇਰੇ ਸਾਜਨਾ ਹਰਿ ਖਰਚੁ ਲੀਆ ਪਤਿ ਪਾਇ ॥

ਹੇ ਮੇਰੇ ਸੱਜਣ ਮਨ! ਹੇ ਮੇਰੇ ਬੇ-ਮੁਹਾਰ ਮਨ! ਜਿਸ ਮਨੁੱਖ ਨੇ (ਇਸ ਜੀਵਨ-ਸਫ਼ਰ ਵਿਚ) ਪਰਮਾਤਮਾ (ਦਾ ਨਾਮ-ਧਨ-) ਖ਼ਰਚ ਪੱਲੇ ਬੱਧਾ ਹੈ,

ਹਰਿ ਦਰਗਹ ਪੈਨਾਇਆ ਹਰਿ ਆਪਿ ਲਇਆ ਗਲਿ ਲਾਇ ॥੯॥

ਉਹ (ਲੋਕ-ਪਰਲੋਕ ਵਿਚ) ਇੱਜ਼ਤ ਖੱਟਦਾ ਹੈ, ਪਰਮਾਤਮਾ ਦੀ ਦਰਗਾਹ ਵਿਚ ਉਸ ਨੂੰ ਆਦਰ-ਸਤਕਾਰ ਮਿਲਦਾ ਹੈ, ਪਰਮਾਤਮਾ ਆਪ ਉਸ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ॥੯॥

ਮਨ ਕਰਹਲਾ ਗੁਰਿ ਮੰਨਿਆ ਗੁਰਮੁਖਿ ਕਾਰ ਕਮਾਇ ॥

ਹੇ ਮੇਰੇ ਬੇ-ਮੁਹਾਰ ਮਨ! ਗੁਰੂ ਵਿਚ ਸਰਧਾ ਧਾਰ ਕੇ ਗੁਰੂ ਦੀ ਦੱਸੀ ਹੋਈ ਕਾਰ ਕਰ।

ਗੁਰ ਆਗੈ ਕਰਿ ਜੋਦੜੀ ਜਨ ਨਾਨਕ ਹਰਿ ਮੇਲਾਇ ॥੧੦॥੧॥

ਹੇ ਦਾਸ ਨਾਨਕ! (ਆਖ-ਹੇ ਬੇ-ਮੁਹਾਰ ਮਨ!) ਗੁਰੂ ਦੇ ਅੱਗੇ ਅਰਜ਼ੋਈ ਕਰ (ਹੇ ਗੁਰੂ! ਮਿਹਰ ਕਰ, ਮੈਨੂੰ) ਪਰਮਾਤਮਾ (ਦੇ ਚਰਨਾਂ) ਵਿਚ ਜੋੜੀ ਰੱਖ ॥੧੦॥੧॥

ਗਉੜੀ ਮਹਲਾ ੪ ॥

ਮਨ ਕਰਹਲਾ ਵੀਚਾਰੀਆ ਵੀਚਾਰਿ ਦੇਖੁ ਸਮਾਲਿ ॥

ਹੇ ਮੇਰੇ ਬੇ-ਮੁਹਾਰ ਮਨ! ਤੂੰ ਵਿਚਾਰਵਾਨ ਬਣ, ਤੂੰ ਵਿਚਾਰ ਕੇ ਵੇਖ, ਤੂੰ ਹੋਸ਼ ਕਰ ਕੇ ਵੇਖ।

ਬਨ ਫਿਰਿ ਥਕੇ ਬਨ ਵਾਸੀਆ ਪਿਰੁ ਗੁਰਮਤਿ ਰਿਦੈ ਨਿਹਾਲਿ ॥੧॥

ਜੰਗਲਾਂ ਵਿਚ ਭਟਕ ਭਟਕ ਕੇ ਥੱਕੇ ਹੋਏ ਹੇ ਜੰਗਲ-ਵਾਸੀ (ਮਨ)! (ਤੇਰਾ) ਮਾਲਕ-ਪ੍ਰਭੂ (ਤੇਰੇ) ਹਿਰਦੇ ਵਿਚ (ਵੱਸ ਰਿਹਾ ਹੈ, ਉਸ ਨੂੰ) ਗੁਰੂ ਦੀ ਮਤਿ ਲੈ ਕੇ (ਆਪਣੇ ਅੰਦਰ) ਵੇਖ ॥੧॥

ਮਨ ਕਰਹਲਾ ਗੁਰ ਗੋਵਿੰਦੁ ਸਮਾਲਿ ॥੧॥ ਰਹਾਉ ॥

ਊਠ ਦੇ ਬੱਚੇ ਵਾਂਗ ਹੇ (ਮੇਰੇ) ਬੇ-ਮੁਹਾਰ ਮਨ! ਤੂੰ ਪਰਮਾਤਮਾ (ਦੀ ਯਾਦ) ਨੂੰ (ਆਪਣੇ ਅੰਦਰ) ਸਾਂਭ ਕੇ ਰੱਖ ॥੧॥ ਰਹਾਉ ॥

ਮਨ ਕਰਹਲਾ ਵੀਚਾਰੀਆ ਮਨਮੁਖ ਫਾਥਿਆ ਮਹਾ ਜਾਲਿ ॥

ਹੇ ਬੇ-ਮੁਹਾਰ ਮਨ! ਤੂੰ ਵਿਚਾਰਵਾਨ ਬਣ, (ਵੇਖ,) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਾਇਆ ਦੇ ਮੋਹ ਦੇ) ਵੱਡੇ ਜਾਲ ਵਿਚ ਫਸੇ ਪਏ ਹਨ।

ਗੁਰਮੁਖਿ ਪ੍ਰਾਣੀ ਮੁਕਤੁ ਹੈ ਹਰਿ ਹਰਿ ਨਾਮੁ ਸਮਾਲਿ ॥੨॥

ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਸੰਭਾਲ ਕੇ (ਇਸ ਜਾਲ ਤੋਂ) ਬਚ ਜਾਂਦਾ ਹੈ ॥੨॥

ਮਨ ਕਰਹਲਾ ਮੇਰੇ ਪਿਆਰਿਆ ਸਤਸੰਗਤਿ ਸਤਿਗੁਰੁ ਭਾਲਿ ॥

ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਸਾਧ ਸੰਗਤਿ ਵਿਚ ਜਾਹ, (ਉਥੇ) ਗੁਰੂ ਨੂੰ ਲੱਭ।

ਸਤਸੰਗਤਿ ਲਗਿ ਹਰਿ ਧਿਆਈਐ ਹਰਿ ਹਰਿ ਚਲੈ ਤੇਰੈ ਨਾਲਿ ॥੩॥

ਸਾਧ ਸੰਗਤਿ ਦਾ ਆਸਰਾ ਲੈ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਹਰਿ-ਨਾਮ ਹੀ ਤੇਰੇ ਨਾਲ (ਸਦਾ) ਸਾਥ ਕਰੇਗਾ ॥੩॥

ਮਨ ਕਰਹਲਾ ਵਡਭਾਗੀਆ ਹਰਿ ਏਕ ਨਦਰਿ ਨਿਹਾਲਿ ॥

ਹੇ ਬੇ-ਮੁਹਾਰ ਮਨ! ਉਹ ਮਨੁੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ ਜਿਸ ਉੱਤੇ ਪਰਮਾਤਮਾ ਮਿਹਰ ਦੀ ਇਕ ਨਿਗਾਹ ਕਰਦਾ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430