ਰਾਗ ਭੈਰਉ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਸਭ ਦੇ ਪਾਲਣਹਾਰ ਪ੍ਰਭੂ! ਹੇ ਕਿਰਪਾਲ ਪ੍ਰਭੂ! ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ?
(ਜਗਤ ਦੇ) ਅਨੇਕਾਂ ਰੰਗ-ਤਮਾਸ਼ੇ (ਤੇਰੇ ਹੀ ਰਚੇ ਹੋਏ ਹਨ), (ਤੂੰ ਇਕ ਬੇਅੰਤ ਸਮੁੰਦਰ ਹੈਂ, ਜਗਤ ਦੇ ਬੇਅੰਤ ਜੀਅ-ਜੰਤ ਤੇਰੇ ਵਿਚੋਂ ਹੀ) ਲਹਿਰਾਂ ਉੱਠੀਆਂ ਹੋਈਆਂ ਹਨ, ਤੂੰ ਸਭ ਜੀਵਾਂ ਦਾ ਮਾਲਕ ਹੈਂ ॥੧॥ ਰਹਾਉ ॥
ਹੇ ਪਾਲਣਹਾਰ ਪ੍ਰਭੂ! ਅਨੇਕਾਂ ਹੀ ਜੀਵ (ਧਾਰਮਿਕ ਪੁਸਤਕਾਂ ਦੇ) ਵਿਚਾਰ ਕਰ ਰਹੇ ਹਨ, ਅਨੇਕਾਂ ਹੀ ਜੀਵ ਸਮਾਧੀਆਂ ਲਾ ਰਹੇ ਹਨ, ਅਨੇਕਾਂ ਹੀ ਜੀਵ ਮੰਤ੍ਰਾਂ ਦੇ ਜਪ ਕਰ ਰਹੇ ਹਨ ਤੇ ਧੂਣੀਆਂ ਤਪ ਰਹੇ ਹਨ।
ਅਨੇਕਾਂ ਜੀਵ ਤੇਰੇ ਗੁਣਾਂ ਨੂੰ ਵਿਚਾਰ ਰਹੇ ਹਨ, ਅਨੇਕਾਂ ਜੀਵ (ਤੇਰੇ ਕੀਰਤਨ ਵਿਚ) ਮਿਠੀਆਂ ਸੁਰਾਂ ਲਾ ਰਹੇ ਹਨ, ਅਨੇਕਾਂ ਹੀ ਜੀਵ ਮੌਨ ਧਾਰੀ ਬੈਠੇ ਹਨ ॥੧॥
ਹੇ ਪ੍ਰਭੂ! (ਜਗਤ ਵਿਚ) ਅਨੇਕਾਂ ਰਾਗ ਹੋ ਰਹੇ ਹਨ, ਅਨੇਕਾਂ ਸਾਜ ਵੱਜ ਰਹੇ ਹਨ, ਇਕ ਇਕ ਨਿਮਖ ਵਿਚ ਅਨੇਕਾਂ ਸੁਆਦ ਪੈਦਾ ਹੋ ਰਹੇ ਹਨ। ਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਸੁਣਿਆਂ ਅਨੇਕਾਂ ਵਿਕਾਰ ਤੇ ਅਨੇਕਾਂ ਰੋਗ ਦੂਰ ਹੋ ਜਾਂਦੇ ਹਨ।
ਹੇ ਨਾਨਕ! ਬੇਅੰਤ ਪ੍ਰਭੂ-ਦੇਵ ਦੀ ਸੇਵਾ-ਭਗਤੀ ਹੀ ਤੀਰਥ-ਜਾਤ੍ਰਾ ਹੈ, ਭਗਤੀ ਹੀ ਛੇ ਸ਼ਾਸਤਰਾਂ ਦੀ ਵਿਚਾਰ ਹੈ, ਭਗਤੀ ਹੀ ਦੇਵ-ਪੂਜਾ ਹੈ, ਭਗਤੀ ਹੀ ਦੇਸ-ਰਟਨ ਤੇ ਤੀਰਥ-ਜਾਤ੍ਰਾ ਹੈ। ਸਾਰੇ ਫਲ ਸਾਰੇ ਪੁੰਨ ਪਰਮਾਤਮਾ ਦੀ ਸੇਵਾ-ਭਗਤੀ ਵਿਚ ਹੀ ਹਨ ॥੨॥੧॥੫੭॥੮॥੨੧॥੭॥੫੭॥੯੩॥
ਰਾਗ ਭੈਰਉ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਜਿਸ ਮਨੁੱਖ ਉਤੇ ਪ੍ਰਭੂ ਧੁਰੋਂ ਬਖ਼ਸ਼ਸ਼ ਕਰਦਾ ਹੈ ਉਹ) ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਇਹ ਪਛਾਣ ਲੈਂਦਾ ਹੈ ਕਿ ਹਰੇਕ ਜੀਵਾਤਮਾ ਵਿਚ ਪਰਮਾਤਮਾ ਮੌਜੂਦ ਹੈ, ਪਰਮਾਤਮਾ ਵਿਚ ਹੀ ਹਰੇਕ ਜੀਵ (ਜੀਉਂਦਾ) ਹੈ।
ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਦੀ ਕਦਰ ਸਮਝ ਲੈਂਦਾ ਹੈ, ਉਹ (ਆਪਣੇ ਅੰਦਰੋਂ) ਹਉਮੈ ਨੂੰ ਮੁਕਾ ਲੈਂਦਾ ਹੈ (ਤੇ ਹਉਮੈ ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਕਰ ਲੈਂਦਾ ਹੈ ॥੧॥
ਹੇ ਨਾਨਕ! ਹਉਮੈ ਤੋਂ ਪੈਦਾ ਹੋਣ ਵਾਲੇ (ਆਤਮਕ) ਰੋਗ ਬਹੁਤ ਚੰਦਰੇ ਹਨ।
ਮੈਂ ਤਾਂ (ਜਗਤ ਵਿਚ) ਜਿਧਰ ਵੇਖਦਾ ਹਾਂ ਉਧਰ ਇਹ ਹਉਮੈ ਦੀ ਪੀੜਾ ਹੀ ਵੇਖਦਾ ਹਾਂ। ਧੁਰੋਂ ਜਿਸ ਨੂੰ ਆਪ ਹੀ ਬਖ਼ਸ਼ਦਾ ਹੈ ਉਸ ਨੂੰ ਗੁਰੂ ਦੇ ਸ਼ਬਦ ਵਿਚ (ਜੋੜਦਾ ਹੈ) ॥੧॥ ਰਹਾਉ ॥
ਪਰਖਣ ਦੀ ਤਾਕਤ ਰੱਖਣ ਵਾਲੇ ਪਰਮਾਤਮਾ ਨੇ ਆਪ ਹੀ ਜਿਨ੍ਹਾਂ ਨੂੰ ਪਰਖ (ਕੇ ਪਰਵਾਨ ਕਰ) ਲਿਆ ਹੈ, ਉਹਨਾਂ ਨੂੰ ਮੁੜ (ਹਉਮੈ ਦਾ) ਕਸ਼ਟ ਨਹੀਂ ਹੁੰਦਾ।
ਜਿਨ੍ਹਾਂ ਉਤੇ ਪਰਮਾਤਮਾ ਦੀ ਮੇਹਰ ਦੀ ਨਿਗਾਹ ਹੋ ਗਈ, ਉਹਨਾਂ ਨੂੰ ਗੁਰੂ ਨੇ (ਪ੍ਰਭੂ-ਚਰਨਾਂ ਵਿਚ) ਜੋੜ ਲਿਆ। ਜੇਹੜਾ ਮਨੁੱਖ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ ॥੨॥
(ਹਉਮੈ ਦਾ ਰੋਗ ਇਤਨਾ ਬਲੀ ਹੈ ਕਿ) ਹਵਾ, ਪਾਣੀ, ਅੱਗ (ਆਦਿਕ ਤੱਤ ਭੀ) ਇਸ ਰੋਗ ਵਿਚ ਗ੍ਰਸੇ ਹੋਏ ਹਨ, ਇਹ ਧਰਤੀ ਭੀ ਹਉਮੈ-ਰੋਗ ਦਾ ਸ਼ਿਕਾਰ ਹੈ ਜਿਸ ਵਿਚੋਂ ਵਰਤਣ ਵਾਲੇ ਬੇਅੰਤ ਪਦਾਰਥ ਪੈਦਾ ਹੁੰਦੇ ਹਨ।
(ਆਪੋ ਆਪਣੇ) ਪਰਵਾਰਾਂ ਦੇ ਸੰਬੰਧ ਦੇ ਕਾਰਨ ਮਾਂ ਪਿਉ, ਮਾਇਆ, ਸਰੀਰ-ਇਹ ਸਾਰੇ ਹੀ ਹਉਮੈ ਦੇ ਰੋਗ ਵਿਚ ਫਸੇ ਹੋਏ ਹਨ ॥੩॥
(ਸਾਧਾਰਨ ਜੀਵਾਂ ਦੀ ਗੱਲ ਹੀ ਕੀਹ ਹੈ? ਵੱਡੇ ਵੱਡੇ ਅਖਵਾਣ ਵਾਲੇ ਦੇਵਤੇ) ਬ੍ਰਹਮਾ, ਵਿਸ਼ਨੂ ਤੇ ਸ਼ਿਵ ਭੀ ਹਉਮੈ ਦੇ ਰੋਗ ਵਿਚ ਹਨ, ਸਾਰਾ ਸੰਸਾਰ ਹੀ ਇਸ ਰੋਗ ਵਿਚ ਗ੍ਰਸਿਆ ਹੋਇਆ ਹੈ।
ਇਸ ਰੋਗ ਤੋਂ ਉਹੀ ਸੁਤੰਤਰ ਹੁੰਦੇ ਹਨ ਜਿਨ੍ਹਾਂ ਨੇ ਪਰਮਾਤਮਾ ਨਾਲ ਮਿਲਾਪ-ਅਵਸਥਾ ਦੀ ਕਦਰ ਪਛਾਣ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਇਆ ਹੈ ॥੪॥
ਸਾਰੀਆਂ ਨਦੀਆਂ ਸਮੇਤ ਸੱਤੇ ਸਮੁੰਦਰ (ਹਉਮੈ ਦੇ) ਰੋਗੀ ਹਨ, ਸਾਰੀਆਂ ਧਰਤੀਆਂ ਤੇ ਪਾਤਾਲ-ਇਹ ਭੀ (ਹਉਮੈ-) ਰੋਗ ਨਾਲ ਭਰੇ ਹੋਏ ਹਨ।
ਜੇਹੜੇ ਬੰਦੇ ਪਰਮਾਤਮਾ ਦੇ ਹੋ ਜਾਂਦੇ ਹਨ ਉਹ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ਤੇ ਸੁਖੀ ਜੀਵਨ ਗੁਜ਼ਾਰਦੇ ਹਨ, ਪ੍ਰਭੂ ਹਰ ਥਾਂ ਉਹਨਾਂ ਉਤੇ ਮੇਹਰ ਦੀ ਨਜ਼ਰ ਕਰਦਾ ਹੈ ॥੫॥
ਛੇ ਹੀ ਭੇਖਾਂ ਦੇ ਧਾਰਨੀ (ਜੋਗੀ ਜੰਗਮ ਆਦਿਕ) ਅਤੇ ਹੋਰ ਅਨੇਕਾਂ ਕਿਸਮਾਂ ਦੇ ਹਠ-ਸਾਧਨ ਕਰਨ ਵਾਲੇ ਭੀ ਹਉਮੈ-ਰੋਗ ਵਿਚ ਫਸੇ ਹੋਏ ਹਨ।
ਵੇਦ ਤੇ ਕੁਰਾਨ ਆਦਿਕ ਧਰਮ-ਪੁਸਤਕ ਭੀ ਉਹਨਾਂ ਦੀ ਸਹੈਤਾ ਕਰਨ ਤੋਂ ਅਸਮਰਥ ਹੋ ਜਾਂਦੇ ਹਨ, ਕਿਉਂਕਿ ਉਹ ਉਸ ਪਰਮਾਤਮਾ ਨੂੰ ਨਹੀਂ ਪਛਾਣਦੇ ਜੋ ਇਕ ਆਪ ਹੀ ਆਪ (ਸਾਰੀ ਸ੍ਰਿਸ਼ਟੀ ਦਾ ਕਰਤਾ ਤੇ ਇਸ ਵਿਚ ਵਿਆਪਕ) ਹੈ ॥੬॥
ਜੇਹੜਾ ਮਨੁੱਖ (ਗ੍ਰਿਹਸਤ ਵਿਚ ਰਹਿ ਕੇ) ਹਰੇਕ ਕਿਸਮ ਦਾ ਸੁਆਦਲਾ ਪਦਾਰਥ ਖਾਂਦਾ ਹੈ ਉਹ (ਭੀ ਹਉਮੈ-) ਰੋਗ ਵਿਚ ਲਿੱਬੜਿਆ ਪਿਆ ਹੈ, ਜੇਹੜਾ ਮਨੁੱਖ (ਜਗਤ ਤਿਆਗ ਕੇ ਜੰਗਲ ਵਿਚ ਜਾ ਬੈਠਦਾ ਹੈ ਉਸ ਨੂੰ ਭੀ ਨਿਰੇ) ਗਾਜਰ ਮੂਲੀ (ਖਾ ਲੈਣ) ਨਾਲ ਆਤਮਕ ਸੁਖ ਨਹੀਂ ਮਿਲ ਜਾਂਦਾ।
(ਗ੍ਰਿਹਸਤੀ ਹੋਣ, ਚਾਹੇ ਤਿਆਗੀ) ਪਰਮਾਤਮਾ ਦਾ ਨਾਮ ਭੁਲਾ ਕੇ ਜੇਹੜੇ ਜੇਹੜੇ ਭੀ ਹੋਰ ਹੋਰ ਰਸਤੇ ਤੇ ਤੁਰਦੇ ਹਨ ਉਹ ਆਖ਼ਰ ਪਛੁਤਾਂਦੇ ਹੀ ਹਨ ॥੭॥
ਜੇਹੜਾ ਮਨੁੱਖ ਤੀਰਥ ਉਤੇ ਭਟਕਦਾ ਫਿਰਦਾ ਹੈ ਉਸ ਦਾ ਭੀ (ਹਉਮੈ-) ਰੋਗ ਨਹੀਂ ਮੁੱਕਦਾ, ਪੜ੍ਹਿਆ ਹੋਇਆ ਮਨੁੱਖ ਭੀ ਇਸ ਤੋਂ ਨਹੀਂ ਬਚਿਆ, ਉਸ ਨੂੰ ਝਗੜਾ-ਬਹਸ (ਰੂਪ ਹੋ ਕੇ ਹਉਮੈ-ਰੋਗ) ਚੰਬੜਿਆ ਹੋਇਆ ਹੈ।
ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਇਕ ਬੜਾ ਭਾਰਾ ਰੋਗ ਹੈ, ਇਸ ਵਿਚ ਫਸਿਆ ਮਨੁੱਖ ਸਦਾ ਮਾਇਆ ਦਾ ਮੁਥਾਜ ਬਣਿਆ ਰਹਿੰਦਾ ਹੈ ॥੮॥
ਜੇਹੜਾ (ਵੱਡ-ਭਾਗੀ) ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਦੇ ਮਨ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਦਾ ਵੱਸਦਾ ਹੈ, ਇਸ ਵਾਸਤੇ ਉਸ ਦਾ (ਹਉਮੈ-) ਰੋਗ ਦੂਰ ਹੋ ਜਾਂਦਾ ਹੈ।
ਹੇ ਨਾਨਕ! ਪਰਮਾਤਮਾ ਦੇ ਭਗਤ ਸਦਾ ਪਵਿਤ੍ਰ ਜੀਵਨ ਵਾਲੇ ਹੁੰਦੇ ਹਨ, ਕਿਉਂਕਿ ਪ੍ਰਭੂ ਦੀ ਮੇਹਰ ਨਾਲ ਉਹਨਾਂ ਦੇ ਮੱਥੇ ਤੇ ਨਾਮ-ਸਿਮਰਨ ਦਾ ਨਿਸ਼ਾਨ (ਚਮਕਾਂ ਮਾਰਦਾ) ਹੈ ॥੯॥੧॥