ਜੇ ਮੈਂ ਦੇਵਤਿਆਂ ਨੂੰ ਜਾ ਪੁੱਛਾਂ, ਉਹਨਾਂ ਮਨੁੱਖਾਂ ਨੂੰ ਜਾ ਕੇ ਪੁੱਛਾਂ ਜੋ ਬੜੇ ਬੜੇ ਸੂਰਮੇ ਬਣਦੇ ਹਨ;
ਜੇ ਸਮਾਧੀ ਲਾਣ ਵਾਲੇ ਪੁੱਗੇ ਹੋਏ ਜੋਗੀਆਂ ਦੀਆਂ ਸਾਰੀਆਂ ਮੱਤਾਂ ਜਾ ਸੁਣਾਂ ਕਿ ਪ੍ਰਭੂ ਦਾ ਦਰਬਾਰ ਮੈਂ ਕਿਵੇਂ ਜਾ ਕੇ ਵੇਖਾਂ-
(ਇਹਨਾਂ ਸਾਰੇ ਉੱਦਮਾਂ ਦੇ) ਸਾਹਮਣੇ (ਇੱਕੋ ਹੀ ਸੁਚੱਜੀ ਮੱਤ ਹੈ ਕਿ) ਸਦਾ ਕਾਇਮ ਰਹਿਣ ਵਾਲਾ ਪ੍ਰਭੂ, ਜੋ ਨਿਰਭਉ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਸਾਰੇ ਜਗਤ ਦਾ ਮੂਲ ਹੈ, ਸਿਮਰਨ ਦੀ ਰਾਹੀਂ ਹੀ ਮਿਲਦਾ ਹੈ;
(ਸਿਮਰਨ ਤੋਂ ਬਿਨਾ) ਹੋਰ ਸਾਰੀਆਂ ਮੱਤਾਂ ਕੱਚੀਆਂ ਹਨ, ਹੋਰ ਸਾਰੇ ਉੱਦਮ ਕੱਚੇ-ਪਿੱਲੇ ਹਨ (ਸਿਮਰਨ ਤੋਂ ਖੁੰਝੇ ਹੋਏ) ਅੰਨ੍ਹਿਆਂ ਦੇ ਅੰਨ੍ਹੇ ਟਟੌਲੇ ਹੀ ਹਨ।
ਹੇ ਨਾਨਕ! ਇਹ ਸਿਮਰਨ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਪ੍ਰਭੂ ਆਪਣੀ ਮਿਹਰ ਦੀ ਨਜ਼ਰ ਨਾਲ ਹੀ ਪਾਰ ਲੰਘਾਂਦਾ ਹੈ ॥੨॥
ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਭੈੜੀ ਮੱਤ ਦੂਰ ਹੋ ਜਾਂਦੀ ਹੈ ਤੇ (ਚੰਗੀ) ਮੱਤ ਚਮਕ ਪੈਂਦੀ ਹੈ;
ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਹਉਮੈ ਦੂਰ ਹੋ ਜਾਂਦੀ ਹੈ, ਸਾਰੇ ਹੀ (ਮਨ ਦੇ) ਰੋਗ ਨਾਸ ਹੋ ਜਾਂਦੇ ਹਨ;
ਜੇ ਨਾਮ ਵਿਚ ਮਨ ਗਿੱਝ ਜਾਏ ਤਾਂ (ਮਨ ਵਿਚ) ਨਾਮ (ਜਪਣ ਦਾ ਚਾਉ) ਪੈਦਾ ਹੋ ਜਾਂਦਾ ਹੈ ਤੇ ਅਡੋਲ ਅਵਸਥਾ ਵਿਚ ਅੱਪੜ ਕੇ ਸੁਖ ਪ੍ਰਾਪਤ ਹੁੰਦਾ ਹੈ;
ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਮਨ ਵਿਚ ਠੰਢ ਵਰਤ ਜਾਂਦੀ ਹੈ, ਪ੍ਰਭੂ ਮਨ ਵਿਚ ਆ ਵੱਸਦਾ ਹੈ।
ਹੇ ਨਾਨਕ! (ਪ੍ਰਭੂ ਦਾ) ਨਾਮ (ਮਾਨੋ) ਇਕ ਕੀਮਤੀ ਮੋਤੀ ਹੈ, ਪਰ ਹਰਿ-ਨਾਮ ਸਿਮਰਦਾ ਉਹ ਮਨੁੱਖ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ ॥੧੧॥
ਹੇ ਪ੍ਰਭੂ! ਜੇ ਕੋਈ ਹੋਰ ਤੇਰੇ ਬਰਾਬਰ ਦਾ ਹੋਵੇ ਤਾਂ ਹੀ ਉਸ ਦੇ ਸਾਹਮਣੇ ਮੈਂ ਤੇਰਾ ਜ਼ਿਕਰ ਕਰਾਂ (ਪਰ ਤੇਰੇ ਵਰਗਾ ਹੋਰ ਕੋਈ ਨਹੀਂ ਹੈ)
(ਸੋ) ਤੇਰੀ ਸਿਫ਼ਤ-ਸਾਲਾਹ ਮੈਂ ਤੇਰੇ ਅੱਗੇ ਹੀ ਕਰ ਸਕਦਾ ਹਾਂ (ਤੇਰੇ ਵਰਗਾ ਮੈਂ ਤੈਨੂੰ ਹੀ ਆਖ ਸਕਦਾ ਹਾਂ, ਤੇ ਜਿਉਂ ਜਿਉਂ ਮੈਂ ਤੇਰੀ ਸਿਫ਼ਤ ਕਰਦਾ ਹਾਂ) ਤੇਰਾ ਨਾਮ ਮੈਨੂੰ (ਆਤਮਕ ਜੀਵਨ ਵਲੋਂ) ਅੰਨ੍ਹੇ ਨੂੰ ਅੱਖਾਂ ਲਈ ਚਾਨਣ ਦੇਂਦਾ ਹੈ।
ਲਿਖ ਕੇ ਜਾਂ ਬੋਲ ਕੇ ਜੋ ਕੁਝ ਮੈਂ ਤੇਰੀ ਸਿਫ਼ਤ ਵਿਚ ਆਖਿਆ ਹੈ ਉਹ ਸਭ ਤੇਰੇ ਪਿਆਰ ਦੀ ਖਿੱਚ ਵਿਚ ਹੀ ਆਖਿਆ ਹੈ;
ਨਹੀਂ ਤਾਂ ਸਭ ਤੋਂ ਵੱਡੀ ਗੱਲ ਆਖਣੀ ਨਾਨਕ ਨੂੰ ਇਹੋ ਫਬਦੀ ਹੈ ਕਿ (ਜੋ ਕੁਝ ਹੈ) ਸਭ ਤੇਰੀ ਹੀ ਵਡਿਆਈ ਹੈ ॥੧॥
ਜਦੋਂ ਜੀਵ ਹੋਂਦ ਵਿਚ ਨਹੀਂ ਸੀ ਆਇਆ ਤਦੋਂ ਇਹ ਕੇਹੜੀ ਕਮਾਈ ਕਰ ਸਕਦਾ ਸੀ, ਤੇ ਜਦੋਂ ਜੰਮ ਪਏ ਤਾਂ ਭੀ ਕੇਹੜੀ ਕਿਰਤ ਕੀਤੀ? (ਭਾਵ, ਜੀਵ ਦੇ ਕੁਝ ਵੱਸ ਨਹੀਂ);
ਜਿਸਨੇ ਪੈਦਾ ਕੀਤਾ ਹੈ ਉਹ ਆਪ ਹੀ ਸਾਰੇ ਸਬੱਬ ਬਣਾਂਦਾ ਹੈ ਤੇ ਸਦਾ ਜੀਵਾਂ ਦੀ ਸੰਭਾਲ ਕਰਦਾ ਹੈ;
ਭਾਵੇਂ ਚੁੱਪ ਕਰ ਰਹੀਏ ਤੇ ਭਾਵੇਂ ਮੰਗੀਏ, ਦਾਤਾਂ ਦੇਣ ਵਾਲਾ ਕਰਤਾਰ ਆਪ ਹੀ ਦਾਤਾਂ ਦੇਂਦਾ ਹੈ।
ਜਦੋਂ ਜੀਵ ਸਾਰਾ ਜਗਤ ਫਿਰ ਕੇ (ਇਹ ਗੱਲ) ਵੇਖ ਲੈਂਦੇ ਹਨ (ਤਾਂ ਆਖਦੇ ਹਨ ਕਿ) ਇਕ ਪਰਮਾਤਮਾ ਦਾਤਾ ਹੈ ਤੇ ਸਾਰੇ ਜੀਵ ਉਸ ਦੇ ਮੰਗਤੇ ਹਨ।
ਹੇ ਨਾਨਕ! ਇਸ ਤਰ੍ਹਾਂ ਸਮਝ ਪੈਂਦੀ ਹੈ ਕਿ ਦਾਤਾਂ ਦੇਣ ਵਾਲਾ ਪ੍ਰਭੂ (ਸਦਾ ਹੀ) ਜੀਉਂਦਾ ਰਹਿੰਦਾ ਹੈ ॥੨॥
ਜੇ ਮਨ ਨਾਮ ਵਿਚ ਗਿੱਝ ਜਾਏ ਤਾਂ (ਅੰਦਰ ਨਾਮ ਦੀ) ਲਿਵ ਪੈਦਾ ਹੋਈ ਰਹਿੰਦੀ ਹੈ ਤੇ ਨਾਮ ਵਿਚ ਹੀ ਮੱਤ (ਪ੍ਰਵਿਰਤ ਹੁੰਦੀ) ਹੈ;
ਜੇ ਮਨ ਨਾਮ ਵਿਚ ਗਿੱਝ ਜਾਏ ਤਾਂ ਮਨੁੱਖ ਪ੍ਰਭੂ ਦੇ ਗੁਣ ਆਖਣ ਲੱਗ ਪੈਂਦਾ ਹੈ ਤੇ ਨਾਮ ਵਿਚ ਹੀ ਸੁਖ ਆਨੰਦ ਨਾਲ ਟਿਕਦਾ ਹੈ;
ਜੇ ਮਨ ਨਾਮ ਵਿਚ ਗਿੱਝ ਜਾਏ ਤਾਂ ਭਟਕਣਾ ਕੱਟੀ ਜਾਂਦੀ ਹੈ, ਤੇ ਫਿਰ ਕੋਈ ਦੁੱਖ ਨਹੀਂ ਵਿਆਪਦਾ;
ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਲੱਗ ਪਈਦੀ ਹੈ ਤੇ ਪਾਪਾਂ ਵਾਲੀ ਮੱਤ ਧੁੱਪ ਜਾਂਦੀ ਹੈ।
ਹੇ ਨਾਨਕ! ਪੂਰੇ ਸਤਿਗੁਰੂ ਤੋਂ ਇਹ ਨਿਸ਼ਚਾ ਆਉਂਦਾ ਹੈ ਕਿ ਨਾਮ (-ਸਿਮਰਨ ਜੀਵਨ ਦਾ ਸਹੀ ਰਸਤਾ) ਹੈ (ਇਹ ਦਾਤ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਨੂੰ ਉਹ ਪ੍ਰਭੂ ਆਪ ਦੇਂਦਾ ਹੈ ॥੧੨॥
(ਜਦ ਤਕ ਮਨੁੱਖ) ਸ਼ਾਸਤ੍ਰਾਂ ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ ਨੂੰ ਨਿਰਾ) ਪੜ੍ਹਦਾ ਰਹਿੰਦਾ ਹੈ,
(ਉਤਨਾ ਚਿਰ) ਉੱਚੀ ਉੱਚੀ ਬੋਲਦਾ ਹੈ (ਹੋਰਨਾਂ ਨੂੰ ਸੁਣਾਉਂਦਾ ਹੈ) ਪਰ ਆਪ ਸਮਝਦਾ ਕੁਝ ਨਹੀਂ;
ਜਦੋਂ (ਧਰਮ ਪੁਸਤਕਾਂ ਦੇ ਉਪਦੇਸ਼ ਦਾ) ਭੇਤ ਪਾ ਲੈਂਦਾ ਹੈ ਤਦੋਂ (ਇਸ ਨੂੰ ਹਰ ਥਾਂ) ਪ੍ਰਭੂ ਹੀ ਦਿੱਸਦਾ ਹੈ,
ਤੇ, ਨਾਨਕ ਆਖਦਾ ਹੈ, ਇਸ ਦੀਆਂ ਟਾਹਰਾਂ ਮੁੱਕ ਜਾਂਦੀਆਂ ਹਨ ॥੧॥
ਜਦੋਂ ਮੈਂ ਤੇਰਾ ਬਣ ਜਾਂਦਾ ਹਾਂ ਤਦੋਂ ਜਗਤ ਵਿਚ ਸਭ ਕੁਝ ਮੈਨੂੰ ਆਪਣਾ ਜਾਪਦਾ ਹੈ (ਕਿਉਂਕਿ ਉਸ ਵੇਲੇ) ਮੇਰੀ ਅਪਣੱਤ ਨਹੀਂ ਹੁੰਦੀ, ਤੂੰ ਹੀ ਮੈਨੂੰ ਦਿੱਸਦਾ ਹੈਂ,
ਤੂੰ ਆਪ ਹੀ ਜ਼ੋਰ ਦਾ ਮਾਲਕ, ਤੂੰ ਆਪ ਹੀ ਸੁਰਤ ਦਾ ਮਾਲਕ ਮੈਨੂੰ ਪ੍ਰਤੀਤ ਹੁੰਦਾ ਹੈਂ, ਤੂੰ ਆਪ ਹੀ ਜਗਤ ਨੂੰ ਆਪਣੀ ਸੱਤਿਆ (ਦੇ ਧਾਗੇ) ਵਿਚ ਪਰੋਣ ਵਾਲਾ ਜਾਪਦਾ ਹੈਂ।
ਪ੍ਰਭੂ ਆਪ ਹੀ (ਜੀਵਾਂ ਨੂੰ ਇਥੇ) ਭੇਜਦਾ ਹੈ, ਆਪ ਹੀ (ਇਥੋਂ ਵਾਪਸ) ਬੁਲਾ ਲੈਂਦਾ ਹੈ, ਸ੍ਰਿਸ਼ਟੀ ਪੈਦਾ ਕਰ ਕੇ ਆਪ ਹੀ ਸੰਭਾਲ ਕਰ ਰਿਹਾ ਹੈ;
ਹੇ ਨਾਨਕ! ਉਹ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ; ਉਸ ਦੇ ਨਾਮ ਦਾ ਸਿਮਰਨ ਹੀ ਉਸਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ॥੨॥
ਮਾਇਆ-ਰਹਿਤ ਪ੍ਰਭੂ ਦਾ ਨਾਮ (ਐਸਾ ਹੈ ਜਿਸ) ਦਾ ਕੋਈ ਖ਼ਾਸ ਚਿੰਨ੍ਹ ਨਹੀਂ ਦਿੱਸਦਾ, (ਤਾਂ ਫਿਰ) ਉਸ ਨੂੰ ਬਿਆਨ ਕਿਵੇਂ ਕੀਤਾ ਜਾਏ?
ਮਾਇਆ-ਰਹਿਤ ਪ੍ਰਭੂ ਦਾ ਨਾਮ ਦਾ ਨਾਮ (ਅਸਾਡੇ) ਨਾਲ (ਭੀ) ਹੈ, ਪਰ ਹੇ ਭਾਈ! ਉਹ ਲੱਭੇ ਕਿਵੇਂ?
ਮਾਇਆ-ਰਹਿਤ ਪ੍ਰਭੂ ਦਾ ਨਾਮ ਦਾ ਸਭ ਥਾਈਂ ਵਿਆਪਕ ਹੈ ਤੇ ਮੌਜੂਦ ਹੈ,
(ਇਹ ਨਾਮ) ਪੂਰੇ ਸਤਿਗੁਰੂ ਤੋਂ ਮਿਲਦਾ ਹੈ, (ਪੂਰਾ ਗੁਰੂ ਪ੍ਰਭੂ ਦਾ ਨਾਮ ਅਸਾਡੇ) ਹਿਰਦੇ ਵਿਚ ਵਿਖਾ ਦੇਂਦਾ ਹੈ।
ਹੇ ਭਾਈ! ਨਾਨਕ! ਆਖਦਾ ਹੈ, ਜਦੋਂ (ਪ੍ਰਭੂ ਦੀ ਸਵੱਲੀ) ਨਿਗਾਹ ਨਾਲ ਮਿਹਰ ਹੋਵੇ ਤਾਂ ਗੁਰੂ ਨੂੰ ਮਿਲੀਦਾ ਹੈ ॥੧੩॥
ਰੱਬ ਤੋਂ ਵਿੱਛੁੜੀ ਹੋਈ ਲੁਕਾਈ ਨੂੰ ਕੁੱਤੇ ਵਾਂਗ ਖਾਣ ਦਾ ਹਲਕ ਕੁੱਦਿਆ ਰਹਿੰਦਾ ਹੈ ਤੇ ਵੱਢੀ ਆਦਿਕ ਹਰਾਮ ਚੀਜ਼ ਇਸ ਦਾ ਮਨ-ਭਾਉਂਦਾ ਖਾਣਾ ਹੋ ਜਾਂਦਾ ਹੈ (ਜਿਵੇਂ ਕੁੱਤੇ ਦਾ ਮਨ-ਭਾਉਂਦਾ ਖਾਣਾ ਮੁਰਦਾਰ ਹੈ);
(ਇਹ ਲੁਕਾਈ) ਸਦਾ ਝੂਠ ਬੋਲਦੀ ਹੈ, (ਮਾਨੋ, ਮੁਰਦਾਰ ਖਾਂਦੇ ਕੁੱਤੇ ਵਾਂਗ) ਭਉਂਕ ਰਹੀ ਹੈ, (ਇਸ ਤਰ੍ਹਾਂ ਇਸ ਦੇ ਅੰਦਰੋਂ) ਧਰਮ (ਦੀ ਅੰਸ) ਤੇ (ਰੱਬ ਦੇ ਗੁਣਾਂ ਦੀ) ਵਿਚਾਰ ਮੁੱਕ ਜਾਂਦੀ ਹੈ;
ਜਿਤਨਾ ਚਿਰ ਅਜੇਹੇ ਲੋਕ (ਜਗਤ ਵਿਚ) ਜੀਉਂਦੇ ਹਨ ਇਹਨਾਂ ਦੀ (ਕੋਈ ਬੰਦਾ) ਇੱਜ਼ਤ ਨਹੀਂ (ਕਰਦਾ), ਜਦੋਂ ਮਰ ਜਾਂਦੇ ਹਨ, (ਲੋਕ ਇਹਨਾਂ ਨੂੰ) ਭੈੜਿਓਂ ਯਾਦ ਕਰਦੇ ਹਨ।