ਹੇ ਗੋਬਿੰਦ! ਹੇ ਗੋਪਾਲ! ਹੇ ਦਇਆ ਦੇ ਸੋਮੇ! ਹੇ ਸੋਹਣੇ ਪ੍ਰਭੂ! ॥੧॥ ਰਹਾਉ ॥
ਹੇ ਜਿੰਦ ਦੇ ਮਾਲਕ! ਹੇ ਨਿਖਸਮਿਆਂ ਦੇ ਸਹਾਈ! ਹੇ ਗ਼ਰੀਬਾਂ ਦੇ ਦਰਦ ਦੂਰ ਕਰਨ ਵਾਲੇ! ॥੧॥
ਹੇ ਸਭ ਤਾਕਤਾਂ ਦੇ ਮਾਲਕ! ਹੇ ਅਪਹੁੰਚ! ਹੇ ਸਰਬ-ਵਿਆਪਕ! ਮੇਰੇ ਉਤੇ ਮਿਹਰ ਕਰ! ॥੨॥
ਹੇ ਨਾਨਕ! (ਆਖ-ਹੇ ਪ੍ਰਭੂ! ਇਹ ਸੰਸਾਰ) ਬੜਾ ਡਰਾਉਣਾ ਖੂਹ ਹੈ ਜਿਸ ਵਿਚ (ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਹੈ (ਮੈਨੂੰ ਇਸ ਵਿਚੋਂ) ਪਾਰ ਲੰਘਾ ਲੈ ॥੩॥੮॥੩੦॥
ਰਾਗ ਮਲਾਰ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਚਕਵੀ (ਰਾਤ ਨੂੰ) ਆਪਣੇ ਪਿਆਰੇ (ਚਕਵੇ) ਤੋਂ ਬਿਨਾ ਸੌ ਨਹੀਂ ਸਕਦੀ, ਉਹ ਆਪਣੀਆਂ ਅੱਖਾਂ ਵਿਚ ਨੀਂਦ ਦਾ ਆਉਣਾ ਪਸੰਦ ਨਹੀਂ ਕਰਦੀ।
ਜਦੋਂ ਸੂਰਜ ਚੜ੍ਹਦਾ ਹੈ, ਚਕਵੀ ਆਪਣੇ ਪਿਆਰੇ (ਚਕਵੇ) ਨੂੰ ਅੱਖੀਂ ਵੇਖਦੀ ਹੈ, ਲਿਫ ਲਿਫ ਕੇ ਉਸ ਦੇ ਪੈਰੀਂ ਲੱਗਦੀ ਹੈ ॥੧॥
ਮੈਨੂੰ ਸਦਾ-ਸਹਾਈ ਪ੍ਰੀਤਮ-ਪ੍ਰਭੂ ਦਾ ਪ੍ਰੇਮ ਪਿਆਰਾ ਲੱਗਦਾ ਹੈ।
ਮੇਰੇ ਅੰਦਰ ਉਸਦੇ ਮਿਲਾਪ ਦੀ ਇਤਨੀ ਤੀਬਰ ਤਾਂਘ ਹੈ ਕਿ ਮੈਂ ਜਗਤ ਵਿਚ ਉਸ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦੀ ॥੧॥ ਰਹਾਉ ॥
ਕੌਲ (ਫੁੱਲ) ਸਰੋਵਰ ਵਿਚ ਹੁੰਦਾ ਹੈ, (ਸੂਰਜ ਦੀ) ਕਿਰਨ ਆਕਾਸ਼ਾਂ ਵਿਚ ਹੁੰਦੀ ਹੈ, (ਫਿਰ ਭੀ ਉਸ ਕਿਰਨ ਨੂੰ ਤੱਕ ਕੇ ਕੌਲ ਫੁੱਲ) ਸੁਤੇ ਹੀ ਖਿੜ ਪੈਂਦਾ ਹੈ।
(ਪ੍ਰੇਮੀ ਦੇ) ਹਿਰਦੇ ਵਿਚ ਆਪਣੇ ਪ੍ਰੀਤਮ ਦੀ ਅਜੇਹੀ ਪ੍ਰੀਤ ਬਣਦੀ ਹੈ ਕਿ ਉਸ ਦੀ ਆਤਮਾ ਪ੍ਰੀਤਮ ਦੀ ਆਤਮਾ ਵਿਚ ਮਿਲ ਜਾਂਦੀ ਹੈ ॥੨॥
(ਸ੍ਵਾਂਤੀ ਨਛੱਤ੍ਰ ਦੀ ਵਰਖਾ ਦੇ) ਜਲ ਤੋਂ ਬਿਨਾ ਪਪੀਹਾ 'ਪ੍ਰਿਉ, ਪ੍ਰਿਉ' ਕੂਕਦਾ ਹੈ, ਮਾਨੋ, ਵਿਰਲਾਪ ਕਰਦਾ ਹੈ, ਤਰਲੇ ਲੈਂਦਾ ਹੈ।
ਬੱਦਲ ਗੱਜ ਕੇ ਦਸੀਂ ਪਾਸੀਂ ਵਰ੍ਹਦਾ ਹੈ, ਪਰ ਪਪੀਹੇ ਦੀ ਪਿਆਸ ਸ੍ਵਾਂਤੀ ਬੂੰਦ ਤੋਂ ਬਿਨਾ ਦੂਰ ਨਹੀਂ ਹੁੰਦੀ ॥੩॥
ਮੱਛੀ ਪਾਣੀ ਵਿਚ ਪੈਦਾ ਹੁੰਦੀ ਹੈ, ਪਾਣੀ ਵਿਚ ਵੱਸਦੀ ਹੈ, ਪੂਰਬਲੀ ਕਮਾਈ ਅਨੁਸਾਰ ਉਹ ਪਾਣੀ ਵਿਚ ਹੀ ਸੁਖ ਦੁਖ ਸਹਾਰਦੀ ਹੈ।
ਪਾਣੀ ਤੋਂ ਬਿਨਾ ਉਹ ਇਕ ਖਿਨ ਭਰ ਤਿਲ ਭਰ ਪਲ ਭਰ ਭੀ ਜੀਊ ਨਹੀਂ ਸਕਦੀ। ਉਸ ਦਾ ਮਰਨ ਜੀਊਣ (ਉਸ ਦੀ ਸਾਰੀ ਉਮਰ ਦਾ ਵਸੇਬਾ) ਉਸ ਪਾਣੀ ਨਾਲ ਹੀ (ਸੰਭਵ) ਹੈ ॥੪॥
ਪਤੀ-ਪ੍ਰਭੂ (ਜੀਵ-ਇਸਤ੍ਰੀ ਦੇ ਹਿਰਦੇ) ਘਰ ਵਿਚ ਹੀ ਵੱਸਦਾ ਹੈ, ਉਸ ਤੋਂ ਵਿਛੁੜੀ ਹੋਈ ਜੀਵ-ਇਸਤ੍ਰੀ ਜਦੋਂ ਸੱਚੇ ਗੁਰੂ ਦੀ ਰਾਹੀਂ (ਗੁਰੂ ਦੀ ਬਾਣੀ ਦੀ ਰਾਹੀਂ) ਸਨੇਹਾ ਭੇਜਦੀ ਹੈ,
ਤੇ ਆਤਮਕ ਗੁਣ ਇਕੱਠੇ ਕਰਦੀ ਹੈ, ਤਦੋਂ ਹਿਰਦੇ ਵਿਚ ਹੀ ਵੱਸਦਾ ਪ੍ਰਭੂ-ਪਤੀ ਉਸ ਦੇ ਅੰਦਰ ਪਰਗਟ ਹੋ ਜਾਂਦਾ ਹੈ, ਜੀਵ-ਇਸਤ੍ਰੀ ਉਸ ਦੀ ਭਗਤੀ ਦੇ ਰੰਗ ਵਿਚ ਰੰਗੀਜ ਕੇ ਪ੍ਰਸੰਨ ਹੁੰਦੀ ਹੈ ॥੫॥
ਜਿਹੜੀ ਭੀ ਲੁਕਾਈ ਹੈ ਸਾਰੀ ਹੀ ਪਤੀ-ਪ੍ਰਭੂ ਦਾ ਨਾਮ ਲੈਂਦੀ ਹੈ, ਪਰ ਜਿਹੜੀ ਜੀਵ-ਇਸਤ੍ਰੀ ਗੁਰੂ ਨੂੰ ਚੰਗੀ ਲੱਗਦੀ ਹੈ ਉਹ ਪਤੀ-ਪ੍ਰਭੂ ਨੂੰ ਮਿਲ ਪੈਂਦੀ ਹੈ।
ਪਤੀ-ਪ੍ਰਭੂ ਤਾਂ ਸਦਾ ਹੀ ਹਰੇਕ ਜੀਵ-ਇਸਤ੍ਰੀ ਦੇ ਨਾਲ ਹੈ ਅੰਗ-ਸੰਗ ਹੈ, ਜੇਹੜੀ ਉਸ ਸਦਾ-ਥਿਰ ਵਿਚ ਜੁੜਦੀ ਹੈ ਗੁਰੂ ਮਿਹਰ ਦੀ ਨਜ਼ਰ ਕਰ ਕੇ ਉਸ ਨੂੰ ਆਪਣੇ ਸ਼ਬਦ ਵਿਚ ਜੋੜ ਕੇ ਪ੍ਰਭੂ ਨਾਲ ਮਿਲਾ ਦੇਂਦਾ ਹੈ ॥੬॥
ਹਰੇਕ ਜੀਵ ਵਿਚ ਪ੍ਰਭੂ ਦੀ ਦਿੱਤੀ ਜਿੰਦ ਰੁਮਕ ਰਹੀ ਹੈ, ਉਹ ਪ੍ਰਭੂ ਆਪ ਹੀ ਹਰੇਕ ਦੀ ਜਿੰਦ (ਆਸਰਾ) ਹੈ। ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ।
ਗੁਰੂ ਦੀ ਕਿਰਪਾ ਨਾਲ ਜਿਸ ਜੀਵ ਦੇ ਹਿਰਦੇ ਵਿਚ ਹੀ ਪਰਗਟ ਹੋ ਪੈਂਦਾ ਹੈ ਉਹ ਜੀਵ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੭॥
ਹੇ ਧਰਤੀ ਦੇ ਖਸਮ! ਹੇ ਜੀਵਾਂ ਨੂੰ ਸੁਖ ਦੇਣ ਵਾਲੇ ਪ੍ਰਭੂ! (ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਨਾ ਤੇਰਾ ਆਪਣਾ ਹੀ ਕੰਮ ਹੈ, ਇਸ) ਆਪਣੇ ਕੰਮ ਨੂੰ ਤੂੰ ਆਪ ਹੀ ਸਿਰੇ ਚਾੜ੍ਹਦਾ ਹੈਂ।
ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਜਿਸ ਦੇ ਹਿਰਦੇ-ਘਰ ਵਿਚ ਹੀ ਪ੍ਰਭੂ-ਪਤੀ ਪਰਗਟ ਹੋ ਪੈਂਦਾ ਹੈ ਉਸ ਦੀ ਮਾਇਆ ਦੀ ਤ੍ਰਿਸ਼ਨਾ ਦੀ ਸੜਨ ਬੁੱਝ ਜਾਂਦੀ ਹੈ ॥੮॥੧॥
ਉਸੇ ਮਨੁੱਖ ਦਾ ਜੀਵਨ ਸਫਲ ਹੈ ਜੋ ਗੁਰੂ ਦੀ ਦੱਸੀ ਸੇਵਾ ਵਿਚ ਤੱਤਪਰ ਰਹਿ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ। ਪਰਮਾਤਮਾ ਦੀ ਜੋਤਿ ਤੋਂ ਬਿਨਾ ਸਾਡੇ ਇਸ ਸਰੀਰ ਦੀ ਕੋਈ ਪਾਂਇਆਂ ਨਹੀਂ ਹੈ;
(ਜਦੋਂ ਜੋਤਿ ਨਿਕਲ ਜਾਏ ਤਾਂ) ਅਨੇਕਾਂ ਜਤਨ ਕਰਨ ਨਾਲ ਭੀ ਇਹ ਸਰੀਰ ਟਿਕਿਆ ਨਹੀਂ ਰਹਿ ਸਕਦਾ। ਜਿਵੇਂ ਅੱਗ ਦਾ ਸੇਕ ਕੱਚ ਨੂੰ ਢਾਲ ਦੇਂਦਾ ਹੈ, ਤਿਵੇਂ ਇਹ ਸਰੀਰ (ਜੋਤਿ ਤੋਂ ਬਿਨਾ) ਢਹਿ ਢੇਰੀ ਹੋ ਜਾਂਦੇ ਹਨ ॥੧॥
ਹੇ ਝੱਲੇ ਮਨੁੱਖ! ਦੱਸ, ਇਸ ਸਰੀਰ ਦਾ ਇਸ ਧਨ-ਦੌਲਤ ਦਾ ਕੀਹ ਮਾਣ ਕਰਨਾ ਹੋਇਆ?
ਇਹਨਾਂ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ। ਜਗਤ ਵਿਅਰਥ ਹੀ (ਸਰੀਰ ਦੀ) ਹਉਮੈ ਵਿਚ (ਧਨ ਦੇ) ਮਾਣ ਵਿਚ ਖ਼ੁਆਰ ਹੁੰਦਾ ਹੈ ॥੧॥ ਰਹਾਉ ॥
ਹੇ ਜਗਤ ਦੇ ਮਾਲਕ! ਹੇ ਪ੍ਰਭੂ! ਹੇ ਜੀਵਾਂ ਦੇ ਰਾਖੇ! ਤੇਰੀ (ਸਦਾ) ਜੈ ਹੋਵੇ! (ਹੇ ਝੱਲੇ ਜੀਵ! ਸਦਾ ਉਸ ਰੱਖਣਹਾਰ ਪ੍ਰਭੂ ਦਾ ਆਸਰਾ ਲੈ)। ਉਹ (ਜਗਦੀਸ਼) ਹੀ ਵਿਕਾਰਾਂ ਤੋਂ ਬਚਾਂਦਾ ਹੈ ਤੇ ਜੀਵਾਂ ਦੇ ਜੀਵਨ ਨੂੰ ਪੜਾਤਲਦਾ ਰਹਿੰਦਾ ਹੈ।
ਹੇ ਪ੍ਰਭੂ! ਜਿਤਨੀ ਭੀ ਲੁਕਾਈ ਹੈ, ਇਹ ਸਾਰੀ ਹੀ ਤੇਰੇ ਪਾਸੋਂ ਹੀ (ਦਾਤਾਂ) ਮੰਗਦੀ ਹੈ। ਤੇਰੇ ਵਰਗਾ ਹੋਰ ਕੋਈ ਨਹੀਂ ਹੈ ॥੨॥
ਸਾਰੇ ਜੀਵ ਪੈਦਾ ਕਰ ਕੇ ਜੀਵਾਂ ਦੀ ਜੀਵਨ-ਜੁਗਤਿ ਉਸ ਨੇ ਆਪਣੇ ਵੱਸ ਵਿਚ ਰੱਖੀ ਹੋਈ ਹੈ, (ਸਹੀ ਆਤਮਕ ਜੀਵਨ ਦੀ ਸੂਝ ਵਾਸਤੇ) ਉਹ ਆਪ ਹੀ ਗੁਰੂ ਦੀ ਰਾਹੀਂ (ਗਿਆਨ ਦਾ) ਸੁਰਮਾ ਦੇਂਦਾ ਹੈ।
ਪਰਮਾਤਮਾ ਸਦਾ ਅਟੱਲ ਹੈ, ਉਸ ਦੇ ਉੱਪਰ ਹੋਰ ਕੋਈ ਖਸਮ ਨਹੀਂ, ਉਹ ਸਭ ਦਾ ਸ਼ਿਰੋਮਣੀ ਹੈ, ਜੀਵਾਂ ਦੇ ਜਨਮ ਮਰਨ ਦੇ ਗੇੜ, ਭਟਕਣਾ ਤੇ ਡਰ-ਸਹਿਮ ਨਾਸ ਕਰਨ ਵਾਲਾ ਹੈ ॥੩॥