ਤ੍ਰਿਸ਼ਨਾ, ਕਾਮ, ਕ੍ਰੋਧ, ਹੰਕਾਰ ਤੇ ਈਰਖਾ ਨੂੰ ਕੱਟ ਕੱਟ ਕੇ ਸੱਕ (ਟੁੱਕ ਟੁੱਕ ਕੇ ਉਸ ਗੁੜ ਵਿਚ) ਰਲਾ ਦਿੱਤਾ ਹੈ ॥੧॥
ਹੇ ਭਾਈ! ਕੀ ਮੈਨੂੰ ਕੋਈ ਐਸਾ ਸੰਤ ਮਿਲ ਪਵੇਗਾ (ਭਾਵ, ਮੇਰਾ ਮਨ ਲੋਚਦਾ ਹੈ ਕਿ ਮੈਨੂੰ ਕੋਈ ਐਸਾ ਸੰਤ ਮਿਲ ਪਏ) ਜੋ ਆਪ ਅਡੋਲ ਅਵਸਥਾ ਵਿਚ ਟਿਕਿਆ ਹੋਇਆ ਹੋਵੇ, ਸੁਖ ਵਿਚ ਟਿਕਿਆ ਹੋਵੇ?
ਜੇ ਕੋਈ ਅਜਿਹਾ ਸਾਕੀ (-ਸੰਤ) ਮੈਨੂੰ (ਨਾਮ-ਅੰਮ੍ਰਿਤ-ਰੂਪ) ਨਸ਼ਾ ਪਿਲਾਏ, ਤਾਂ ਮੈਂ ਉਸ ਅੰਮ੍ਰਿਤ ਦੀ ਇਕ ਬੂੰਦ ਦੇ ਬਦਲੇ ਆਪਣਾ ਤਨ ਮਨ ਉਸ ਦੇ ਹਵਾਲੇ ਕਰ ਦਿਆਂ, ਮੈਂ (ਜੋਗੀਆਂ ਤੇ ਪੰਡਿਤਾਂ ਦੇ ਦੱਸੇ ਹੋਏ) ਜਪ ਤੇ ਤਪ ਉਸ ਸੰਤ ਨੂੰ ਦਲਾਲੀ ਵਜੋਂ ਦੇ ਦਿਆਂ ॥੧॥ ਰਹਾਉ ॥
ਚੌਦਾਂ ਭਵਨਾਂ ਨੂੰ ਮੈਂ ਭੱਠੀ ਬਣਾਇਆ ਹੈ, ਆਪਣੇ ਸਰੀਰ ਵਿਚ ਰੱਬੀ-ਜੋਤਿ ਰੂਪ ਅੱਗ ਬਾਲੀ ਹੈ (ਭਾਵ, ਸਾਰੇ ਜਗਤ ਦੇ ਮੋਹ ਨੂੰ ਮੈਂ ਸਰੀਰ ਵਿਚ ਦੀ ਬ੍ਰਹਮ-ਅਗਨੀ ਨਾਲ ਸਾੜ ਦਿੱਤਾ ਹੈ)।
ਮੇਰੀ ਲਿਵ ਅਡੋਲ ਅਵਸਥਾ ਵਿਚ ਲੱਗ ਗਈ ਹੈ, ਇਹ ਮੈਂ ਉਸ ਨਾਲ ਦਾ ਡੱਟ ਬਣਾਇਆ ਹੈ (ਜਿਸ ਵਿਚੋਂ ਦੀ ਸ਼ਰਾਬ ਨਿਕਲਦੀ ਹੈ)। ਮੇਰੇ ਮਨ ਦੀ ਸੁਖ-ਅਵਸਥਾ ਉਸ ਨਾਲ ਤੇ ਪੋਚਾ ਦੇ ਰਹੀ ਹੈ (ਜਿਉਂ ਜਿਉਂ ਮੇਰਾ ਮਨ ਅਡੋਲ ਹੁੰਦਾ ਹੈ, ਸੁਖ-ਅਵਸਥਾ ਵਿਚ ਅੱਪੜਦਾ ਹੈ, ਤਿਉਂ ਤਿਉਂ ਮੇਰੇ ਅੰਦਰ ਨਾਮ-ਅੰਮ੍ਰਿਤ ਦਾ ਪ੍ਰਵਾਹ ਚੱਲਦਾ ਹੈ) ॥੨॥
ਇਸ ਨਾਮ-ਅੰਮ੍ਰਿਤ ਦੇ ਬਦਲੇ ਮੈਂ (ਪੰਡਿਤਾਂ ਤੇ ਜੋਗੀਆਂ ਦੇ ਦੱਸੇ ਹੋਏ) ਤੀਰਥ ਇਸ਼ਨਾਨ, ਵਰਤ, ਨੇਮ, ਸੁੱਚ, ਸੰਜਮ, ਪ੍ਰਾਣਾਯਾਮ ਵਿਚ ਸੁਆਸ ਚਾੜ੍ਹਨੇ ਤੇ ਉਤਾਰਨੇ-ਇਹ ਸਭ ਕੁਝ ਗਿਰਵੀ ਰੱਖ ਦਿੱਤੇ ਹਨ।
ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਆਪਣੀ ਸੁਰਤ ਨੂੰ ਮੈਂ ਪਿਆਲਾ ਬਣਾ ਲਿਆ ਹੈ ਤੇ (ਨਾਮ-) ਅੰਮ੍ਰਿਤ ਪੀ ਰਿਹਾ ਹਾਂ। ਇਹ ਨਾਮ-ਅੰਮ੍ਰਿਤ ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ ॥੩॥
(ਹੁਣ ਮੇਰੇ ਅੰਦਰ ਨਾਮ-ਅੰਮ੍ਰਿਤ ਦੇ) ਚਸ਼ਮੇ ਦੀ ਬੜੀ ਸਾਫ਼ ਧਾਰ ਪੈ ਰਹੀ ਹੈ। ਮੇਰਾ ਮਨ, ਇਸ ਦੇ ਸੁਆਦ ਵਿਚ ਰਤਾ ਹੋਇਆ ਹੈ।
ਕਬੀਰ ਆਖਦਾ ਹੈ ਕਿ ਹੋਰ ਸਾਰੇ ਨਸ਼ੇ ਫੋਕੇ ਹਨ, ਇਕ ਇਹੀ ਸਭ ਤੋਂ ਸ੍ਰੇਸ਼ਟ ਰਸ ਸਦਾ ਕਾਇਮ ਰਹਿਣ ਵਾਲਾ ਹੈ ॥੪॥੧॥
(ਨਾਮ-ਰਸ ਦੀ ਸ਼ਰਾਬ ਕੱਢਣ ਲਈ) ਮੈਂ ਆਤਮ-ਗਿਆਨ ਨੂੰ ਗੁੜ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤ ਨੂੰ ਮਹੂਏ ਦੇ ਫੁੱਲ, ਤੇ ਆਪਣੇ ਮਨ ਵਿਚ ਟਿਕਾਏ ਹੋਏ ਪ੍ਰਭੂ ਦੇ ਭਉ ਨੂੰ ਭੱਠੀ ਬਣਾਇਆ ਹੈ।
(ਇਸ ਗਿਆਨ-ਧਿਆਨ ਤੇ ਭਉ ਤੋਂ ਉਪਜਿਆ ਨਾਮ-ਰਸ ਪੀ ਕੇ, ਮੇਰਾ ਮਨ) ਅਡੋਲ ਅਵਸਥਾ ਵਿਚ ਲੀਨ ਹੋ ਗਿਆ ਹੈ (ਜਿਵੇਂ ਜੋਗੀ ਸ਼ਰਾਬ ਪੀ ਕੇ ਆਪਣੇ ਪ੍ਰਾਣ) ਸੁਖਮਨ ਨਾੜੀ ਵਿਚ ਟਿਕਾਉਂਦਾ ਹੈ। ਹੁਣ ਮੇਰਾ ਮਨ ਨਾਮ-ਰਸ ਨੂੰ ਪੀਣ-ਜੋਗਾ ਹੋ ਕੇ ਪੀ ਰਿਹਾ ਹੈ ॥੧॥
ਹੇ ਜੋਗੀ! ਮੇਰਾ (ਭੀ) ਮਨ ਮਸਤ ਹੋਇਆ ਹੋਇਆ ਹੈ, ਮੈਨੂੰ (ਉੱਚੀ ਆਤਮਕ ਅਵਸਥਾ ਦੀ) ਮਸਤੀ ਚੜ੍ਹੀ ਹੋਈ ਹੈ।
(ਪਰ) ਮੈਂ ਮਸਤ ਕਰਨ ਵਾਲਾ (ਨਾਮ-) ਰਸ ਚੱਖਿਆ ਹੈ, (ਉਸ ਦੀ ਬਰਕਤਿ ਨਾਲ) ਸਾਰੇ ਹੀ ਜਗਤ ਵਿਚ ਮੈਨੂੰ ਉਸੇ ਦੀ ਜੋਤ ਜਗ ਰਹੀ ਦਿੱਸਦੀ ਹੈ ॥੧॥ ਰਹਾਉ ॥
ਮਾਇਆ ਦੇ ਮੋਹ ਨੂੰ ਵੱਸ ਵਿਚ ਕਰ ਕੇ ਮੈਂ (ਜੋਗੀ ਵਾਲੀ) ਭੱਠੀ ਤਪਾਈ ਹੈ, ਹੁਣ ਮੈਂ ਵੱਡਾ ਮਹਾਨ ਨਾਮ-ਰਸ ਪੀ ਰਿਹਾ ਹਾਂ।
ਕਾਮ ਤੇ ਕ੍ਰੋਧ ਦੋਹਾਂ ਨੂੰ ਮੈਂ ਬਾਲਣ ਬਣਾ ਦਿੱਤਾ ਹੈ (ਤੇ, ਉਸ ਭੱਠੀ ਵਿਚ ਸਾੜ ਦਿੱਤਾ ਹੈ, ਭਾਵ, ਮੋਹ ਨੂੰ ਵੱਸ ਕੀਤਿਆਂ ਕਾਮ ਕ੍ਰੋਧ ਭੀ ਮੁੱਕ ਗਏ ਹਨ)। ਇਸ ਤਰ੍ਹਾਂ ਸੰਸਾਰ ਵਿਚ ਫਸਣ ਵਾਲੀ ਬਿਰਤੀ ਖ਼ਤਮ ਹੋ ਗਈ ਹੈ ॥੨॥
(ਪ੍ਰਭੂ ਤਕ) ਪਹੁੰਚ ਵਾਲੇ ਗੁਰੂ ਦੇ ਗਿਆਨ ਦੀ ਬਰਕਤਿ ਨਾਲ ਮੇਰੇ ਅੰਦਰ (ਨਾਮ ਦਾ) ਪਰਕਾਸ਼ ਹੋ ਗਿਆ ਹੈ, ਗੁਰੂ ਤੋਂ ਮੈਨੂੰ (ਉੱਚੀ) ਸਮਝ ਪ੍ਰਾਪਤ ਹੋਈ ਹੈ।
ਪ੍ਰਭੂ ਦਾ ਦਾਸ ਕਬੀਰ ਉਸ ਨਸ਼ੇ ਵਿਚ ਮਸਤ ਹੈ, ਉਸ ਦੀ ਮਸਤੀ ਕਦੇ ਮੁੱਕਣ ਵਾਲੀ ਨਹੀਂ ਹੈ ॥੩॥੨॥
ਹੇ ਪ੍ਰਭੂ! ਤੂੰ (ਹੀ) ਮੇਰਾ ਸਭ ਤੋਂ ਵੱਡਾ ਆਸਰਾ ਹੈਂ। ਮੈਂ ਤੇਰੀ ਹੀ ਓਟ ਫੜੀ ਹੈ (ਕਿਸੇ ਤੀਰਥ ਉੱਤੇ ਵੱਸਣ ਦਾ ਤਕੀਆ ਮੈਂ ਨਹੀਂ ਤੱਕਿਆ)।
ਤੂੰ ਸਦਾ ਅਡੋਲ ਰਹਿਣ ਵਾਲਾ ਹੈਂ (ਤੇਰਾ ਲੜ ਫੜ ਕੇ) ਮੈਂ ਭੀ ਨਹੀਂ ਡੋਲਦਾ, ਕਿਉਂਕਿ ਹੇ ਹਰੀ! ਤੂੰ ਆਪ ਮੇਰੀ ਲਾਜ ਰੱਖ ਲਈ ਹੈ ॥੧॥
ਹੇ ਪ੍ਰਭੂ! ਸਦਾ ਲਈ ਤੂੰ ਹੀ ਤੂੰ ਹੀ ਮੇਰਾ ਸਹਾਰਾ ਹੈਂ।
ਤੇਰੀ ਮਿਹਰ ਨਾਲ ਮੈਂ ਸਦਾ ਹੀ ਸੁਖੀ ਹਾਂ ॥੧॥ ਰਹਾਉ ॥
(ਲੋਕ ਆਖਦੇ ਹਨ ਮਗਹਰ ਸਰਾਪੀ ਹੋਈ ਧਰਤੀ ਹੈ, ਪਰ) ਮੈਂ ਤੇਰੇ ਉੱਤੇ ਸ਼ਰਧਾ ਧਾਰ ਕੇ ਮਗਹਰ ਜਾ ਵੱਸਿਆ, (ਤੂੰ ਮਿਹਰ ਕੀਤੀ ਤੇ) ਮੇਰੇ ਸਰੀਰ ਦੀ (ਵਿਕਾਰਾਂ ਦੀ) ਤਪਸ਼ (ਮਗਹਰ ਵਿਚ ਹੀ) ਬੁਝਾ ਦਿੱਤੀ।
ਮੈਂ, ਹੇ ਪ੍ਰਭੂ! ਤੇਰਾ ਦੀਦਾਰ ਪਹਿਲਾਂ ਮਗਹਰ ਵਿਚ ਰਹਿੰਦਿਆਂ ਹੀ ਕੀਤਾ ਸੀ, ਤੇ ਫੇਰ ਮੈਂ ਕਾਸ਼ੀ ਵਿਚ ਆ ਵੱਸਿਆ ॥੨॥
(ਹੇ ਪ੍ਰਭੂ ਤੇਰੇ ਆਸਰੇ ਅਤੇ ਨਾਮ ਧਨ ਦੀ ਬਰਕਤਿ ਨਾਲ) ਮੈਂ ਮਗਹਰ ਤੇ ਕਾਸ਼ੀ ਦੋਹਾਂ ਨੂੰ ਇਕੋ ਜਿਹਾ ਹੀ ਸਮਝਿਆ ਹੈ।
ਜਿਵੇਂ ਕਿਸੇ ਕੰਗਾਲ ਨੂੰ ਧਨ ਮਿਲ ਜਾਏ, (ਤਿਵੇਂ) ਮੈਨੂੰ ਕੰਗਾਲ ਨੂੰ ਤੇਰਾ ਨਾਮ ਧਨ ਮਿਲ ਗਿਆ ਹੈ, ਪਰ (ਜਿਨ੍ਹਾਂ ਨੂੰ ਕਾਸ਼ੀ ਤੀਰਥ ਤੇ ਵੱਸਣ ਦਾ ਮਾਣ ਹੈ ਉਹ) ਹੰਕਾਰੀ ਹੰਕਾਰ ਵਿਚ ਦੁੱਖੀ ਹੁੰਦੇ ਹਨ ॥੩॥
ਜੋ ਮਨੁੱਖ ਮਾਣ ਕਰਦਾ ਹੈ (ਮਾਣ ਚਾਹੇ ਕਿਸੇ ਗੱਲ ਦਾ ਹੋਵੇ) ਉਸ ਨੂੰ (ਇਉਂ ਹੁੰਦਾ ਹੈ ਜਿਵੇਂ) ਸੂਲਾਂ ਚੁੱਭਦੀਆਂ ਹਨ। ਕੋਈ ਉਹਨਾਂ ਦੀਆਂ ਇਹ ਸੂਲਾਂ ਪੁੱਟ ਨਹੀਂ ਸਕਦਾ।
ਸਾਰੀ ਉਮਰ (ਉਹ ਹੰਕਾਰੀ) ਉਹਨਾਂ ਚੋਭਾਂ ਦੇ ਮਾਰੇ ਵਿਲਕਦੇ ਹਨ, ਮਾਨੋ, ਘੋਰ ਨਰਕ ਵਿਚ ਸੜ ਰਹੇ ਹਨ ॥੪॥
(ਇਹ ਲੋਕ ਆਖਦੇ ਹਨ ਕਿ ਕਾਸ਼ੀ ਵਿਚ ਰਹਿਣ ਵਾਲਾ ਸੁਰਗ ਮਾਣਦਾ ਹੈ, ਪਰ) ਨਰਕ ਕੀਹ, ਤੇ, ਵਿਚਾਰਾ ਸੁਰਗ ਕੀਹ? ਸੰਤਾਂ ਨੇ ਦੋਵੇਂ ਹੀ ਰੱਦ ਕਰ ਦਿੱਤੇ ਹਨ;
ਕਿਉਂਕਿ ਸੰਤ ਆਪਣੇ ਗੁਰੂ ਦੀ ਕਿਰਪਾ ਨਾਲ (ਨਾਹ ਸੁਰਗ ਤੇ ਨਾਹ ਨਰਕ) ਕਿਸੇ ਦੇ ਭੀ ਮੁਥਾਜ ਨਹੀਂ ਹਨ ॥੫॥
(ਆਪਣੇ ਗੁਰੂ ਦੀ ਕਿਰਪਾ ਨਾਲ) ਮੈਂ ਹੁਣ ਉੱਚੇ ਆਤਮਕ ਟਿਕਾਣੇ ਤੇ ਅੱਪੜ ਗਿਆ ਹਾਂ, ਜਿੱਥੇ ਮੈਨੂੰ ਪਰਮਾਤਮਾ ਮਿਲ ਪਿਆ ਹੈ।
ਮੈਂ ਕਬੀਰ ਅਤੇ ਮੇਰਾ ਰਾਮ ਇੱਕ-ਰੂਪ ਹੋ ਗਏ ਹਾਂ, ਕੋਈ ਸਾਡੇ ਵਿਚ ਫ਼ਰਕ ਨਹੀ ਦੱਸ ਸਕਦਾ ॥੬॥੩॥
ਆਪਣੇ ਇਸ ਸਰੀਰ-ਰੂਪ ਸ਼ਹਿਰ ਦੀ ਰਾਖੀ ਕਰਨ ਲਈ ਮੇਰਾ ਫ਼ਰਜ਼ ਇਹ ਹੈ ਕਿ ਮੈਂ ਭਲੇ ਗੁਣਾਂ ਨੂੰ ਜੀ-ਆਇਆਂ ਆਖਾਂ ਤੇ ਵਿਕਾਰਾਂ ਨੂੰ ਮਾਰ ਕੱਢਾਂ।
ਦਿਨ ਰਾਤ, ਹੇ ਪ੍ਰਭੂ! ਤੇਰੇ ਚਰਨ ਪਰਸਾਂ ਅਤੇ ਆਪਣੇ ਕੇਸਾਂ ਦਾ ਚੌਰ ਤੇਰੇ ਉੱਤੇ ਝੁਲਾਵਾਂ ॥੧॥
ਹੇ ਪ੍ਰਭੂ! ਮੈਂ ਤੇਰੇ ਦਰ ਤੇ (ਬੈਠਾ ਹੋਇਆ ਇਕ) ਕੁੱਤਾ ਹਾਂ,
ਤੇ ਮੂੰਹ ਅਗਾਂਹ ਵਧਾ ਕੇ ਭੌਂਕ ਰਿਹਾ ਹਾਂ {ਭਾਵ, ਤੇਰੇ ਦਰ ਤੇ ਮੈਂ ਜੋ ਤੇਰੀ ਸਿਫ਼ਤ-ਸਾਲਾਹ ਕਰ ਰਿਹਾ ਹਾਂ, ਇਹ ਆਪਣੇ ਸਰੀਰ ਨੂੰ ਵਿਕਾਰ-ਕੁੱਤਿਆਂ ਤੋਂ ਬਚਾਉਣ ਲਈ ਹੈ, ਜਿਵੇਂ ਇਕ ਕੁੱਤਾ ਕਿਸੇ ਪਰਾਈ ਗਲੀ ਦੇ ਕੁੱਤਿਆਂ ਤੋਂ ਆਪਣੇ ਆਪ ਦੀ ਰਾਖੀ ਕਰਨ ਲਈ ਭੌਂਕਦਾ ਹੈ। ਇਹੀ ਗੱਲ ਸਤਿਗੁਰੂ ਨਾਨਕ ਦੇਵ ਜੀ ਨੇ ਆਖੀ ਹੈ: ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥੧॥ ਰਹਾਉ ॥