ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਖਿਨ ਖਿਨ ਹਰਿ-ਨਾਮ ਰਸ ਪੀਣਾ ਸ਼ੁਰੂ ਕਰ ਦਿੱਤਾ, ਉਹ ਹਰਿ-ਗੁਣ ਗਾਣ ਵਾਲੇ ਅਤੇ ਸੁਣਨ ਵਾਲੇ ਦੋਵੇਂ ਹੀ ਵਿਕਾਰਾਂ ਤੋਂ ਬਚ ਗਏ ॥੧॥
(ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਟਿਕਿਆ ਰਹਿੰਦਾ ਹੈ।
(ਜਿਸ ਮਨੁੱਖ ਨੂੰ) ਗੁਰੂ ਦੇ ਸਨਮੁਖ ਹੋ ਕੇ (ਆਤਮਕ) ਠੰਢ ਪਾਣ ਵਾਲਾ ਨਾਮ-ਜਲ ਮਿਲ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ-ਰਸ ਡੀਕ ਲਾ ਕੇ ਪੀਂਦਾ ਰਹਿੰਦਾ ਹੈ ॥੧॥ ਰਹਾਉ ॥
(ਗੁਰੂ ਨੇ) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ (ਲੋਕ ਪਰਲੋਕ ਵਿਚ) ਉਹਨਾਂ ਦੇ ਮੱਥੇ ਉਤੇ (ਸੋਭਾ ਦਾ) ਰੌਸ਼ਨ ਟਿੱਕਾ ਲੱਗਾ ਰਹਿੰਦਾ ਹੈ।
ਪਰਮਾਤਮਾ ਦੇ ਭਗਤਾਂ ਦੀ ਸੋਭਾ ਸਾਰੇ ਜਹਾਨ ਉਤੇ ਖਿਲਰ ਜਾਂਦੀ ਹੈ; ਜਿਵੇਂ (ਆਕਾਸ਼ ਦੇ) ਤਾਰਿਆਂ ਵਿਚ ਚੰਦ੍ਰਮਾ (ਸੋਹਣਾ) ਬਣਾਇਆ ਹੋਇਆ ਹੈ ॥੨॥
ਪਰ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੇ (ਦੁਨੀਆ ਵਾਲੇ) ਸਾਰੇ ਹੀ ਕੰਮ ਫਿੱਕੇ ਹੁੰਦੇ ਹਨ (ਉਹਨਾਂ ਦੇ ਜੀਵਨ ਨੂੰ ਰੁੱਖਾ ਬਣਾਈ ਰੱਖਦੇ ਹਨ),
ਜਿਵੇਂ (ਕੋਈ ਨਕ-ਵੱਢਾ ਮਨੁੱਖ ਆਪਣੇ) ਮਨੁੱਖਾ ਸਰੀਰ ਦੀ ਸਜਾਵਟ ਕਰਦਾ ਹੈ, ਪਰ ਨੱਕ ਤੋਂ ਬਿਨਾ ('ਬਿਨਾ ਨਕ') ਉਹ ਸਜਾਵਟ ਕਿਸ ਅਰਥ? ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਨਕ-ਵੱਢੇ ਹੀ ਹਨ ॥੩॥
(ਉਂਞ ਤਾਂ) ਸੋਹਣਾ ਰਾਮ ਪ੍ਰਭੂ ਪਾਤਿਸ਼ਾਹ ਹਰੇਕ ਸਰੀਰ ਵਿਚ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਸਾਰੇ ਜੀਵਾਂ ਵਿਚ ਉਹ ਆਪ ਹੀ ਮੌਜੂਦ ਹੈ,
(ਪਰ) ਹੇ ਨਾਨਕ! ਜਿਨ੍ਹਾਂ ਸੇਵਕਾਂ ਉਤੇ ਉਸ ਨੇ ਮਿਹਰ ਕੀਤੀ, ਉਹ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਘੜੀ ਘੜੀ (ਹਰ ਵੇਲੇ) ਉਸ ਦਾ ਨਾਮ ਸਿਮਰਨ ਲੱਗ ਪਏ ॥੪॥੩॥
ਅਪਹੁੰਚ ਅਤੇ ਦਇਆ ਦੇ ਸੋਮੇ ਪ੍ਰਭੂ ਨੇ (ਜਦੋਂ ਅਸਾਂ ਜੀਵਾਂ ਉੱਤੇ) ਮਿਹਰ ਕੀਤੀ, ਤਾਂ ਅਸਾਂ ਮੂੰਹ ਨਾਲ ਉਸ ਦਾ ਨਾਮ ਜਪਿਆ।
ਜਿਨ੍ਹਾਂ ਮਨੁੱਖਾਂ ਨੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਦੇ ਸਾਰੇ ਹੀ ਪਾਪ ਦੂਰ ਹੋ ਗਏ ॥੧॥
ਹੇ (ਮੇਰੇ) ਮਨ! ਜਿਹੜਾ ਪਰਮਾਤਮਾ ਸਭ ਵਿਚ ਵਿਆਪਕ ਹੈ ਉਸ ਦਾ ਨਾਮ ਜਪਿਆ ਕਰ।
ਜਿਸ ਮਨੁੱਖ ਨੇ ਦੀਨਾਂ ਉਤੇ ਦਇਆ ਕਰਨ ਵਾਲੇ ਦੁੱਖਾਂ ਦਾ ਨਾਸ ਕਰਨ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਗੁਰੂ ਦੀ ਮੱਤ ਦੀ ਰਾਹੀਂ ਉਸ ਨੇ ਬਹੁ-ਮੁੱਲਾ ਹਰਿ-ਨਾਮ ਲੱਭ ਲਿਆ ॥੧॥ ਰਹਾਉ ॥
(ਉਂਞ ਤਾਂ) ਹਰੇਕ ਸਰੀਰ-ਸ਼ਹਰ ਵਿਚ ਪਰਮਾਤਮਾ ਵੱਸਦਾ ਹੈ, ਪਰ ਗੁਰੂ ਦੀ ਮੱਤ ਦੀ ਬਰਕਤਿ ਨਾਲ ਹੀ ਇਹ ਨਿਸ਼ਚਾ ਬਣਦਾ ਹੈ।
ਜਿਸ ਸਰੀਰ-ਸਰੋਵਰ ਵਿਚ ਪਰਮਾਤਮਾ ਦਾ ਨਾਮ ਪਰਗਟ ਹੁੰਦਾ ਹੈ, ਉਸ ਹਿਰਦੇ-ਘਰ ਵਿਚ ਉਸ ਹਿਰਦੇ-ਮੰਦਰ ਵਿਚ ਪਰਮਾਤਮਾ ਲੱਭ ਪੈਂਦਾ ਹੈ ॥੨॥
ਪਰ, ਜਿਹੜੇ ਮਨੁੱਖ (ਮਾਇਆ ਦੀ ਖ਼ਾਤਰ ਹੀ ਇਸ ਸੰਸਾਰ) ਜੰਗਲ ਵਿਚ ਭਟਕ ਕੇ (ਉਮਰ ਗੁਜ਼ਾਰਦੇ ਹਨ) ਉਹ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, (ਉਹ ਆਪਣਾ ਆਤਮਕ ਜੀਵਨ) ਲੁਟਾ ਬੈਠਦੇ ਹਨ;
ਜਿਵੇਂ ਕਸਤੂਰੀ ਦੀ ਸੁਗੰਧੀ (ਤਾਂ) ਹਿਰਨ ਦੀ ਧੁੰਨੀ ਵਿਚ ਵੱਸਦੀ ਹੈ, ਪਰ ਉਹ (ਬਾਹਰ ਭਟਕ ਭਟਕ ਕੇ ਝਾੜੀਆਂ ਸੁੰਘਦਾ ਫਿਰਦਾ ਹੈ ॥੩॥
ਹੇ ਹਰੀ! ਹੇ ਪ੍ਰਭੂ! ਤੂੰ ਬਹੁਤ ਅਪਹੁੰਚ ਹੈਂ, ਤੂੰ ਜੀਵਾਂ ਦੀ ਸਮਝ ਤੋਂ ਪਰੇ ਹੈਂ। ਜੇ ਤੂੰ ਆਪ ਹੀ ਅਕਲ ਬਖ਼ਸ਼ੇਂ, ਤਾਂ ਹੀ ਤੈਨੂੰ ਜੀਵ ਮਿਲ ਸਕਦੇ ਹਨ।
ਹੇ ਨਾਨਕ! ਜਿਸ ਸੇਵਕ ਦੇ ਸਿਰ ਉੱਤੇ ਗੁਰੂ ਨੇ (ਆਪਣਾ ਮਿਹਰ-ਭਰਿਆ) ਹੱਥ ਰੱਖਿਆ ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੪॥
ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦੀ ਪ੍ਰੀਤ ਪੈਦਾ ਹੋ ਗਈ, ਉਸ ਨੇ ਸਭ ਤੋਂ ਵੱਡੇ ਹਰੀ-ਪ੍ਰਭੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ,
ਜਿਸ ਉਤੇ ਹਰੀ-ਪ੍ਰਭੂ ਨੇ ਮਿਹਰ ਕੀਤੀ। ਉਸ ਦੇ ਹਿਰਦੇ ਵਿਚ ਗੁਰੂ ਦੇ ਬਚਨ ਪਿਆਰੇ ਲੱਗਣ ਲੱਗ ਪਏ ॥੧॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਨਿਮਖ (ਹਰ ਵੇਲੇ) ਜਪਿਆ ਕਰ।
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਜਪਣ ਦੀ ਦਾਤ ਦੇ ਦਿੱਤੀ, ਉਸ ਦੇ ਮਨ ਵਿਚ ਉਸਦੇ ਹਿਰਦੇ ਵਿਚ ਹਰਿ-ਨਾਮ ਵੱਸ ਪਿਆ ॥੧॥ ਰਹਾਉ ॥
(ਉਂਞ ਤਾਂ) ਹਰੇਕ ਸਰੀਰ-ਨਗਰ ਵਿਚ, ਸਰੀਰ-ਘਰ ਵਿਚ, ਸਰੀਰ-ਮੰਦਰ ਵਿਚ ਪਰਮਾਤਮਾ ਵੱਸਦਾ ਹੈ, ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ ਉਸ ਦਾ ਨਾਮ) ਜਪ ਕੇ ਉਸ ਦੀ ਸਿਫ਼ਤ-ਸਾਲਾਹ ਕਰਦੇ ਹਨ।
ਪ੍ਰਭੂ ਦੇ ਸੇਵਕ ਇਸ ਲੋਕ ਵਿਚ ਪਰਲੋਕ ਵਿਚ (ਨਾਮ ਦੀ ਬਰਕਤਿ ਨਾਲ) ਸੁਖੀ ਰਹਿੰਦੇ ਹਨ, ਉਹਨਾਂ ਦੇ ਮੁਖ (ਲੋਕ ਪਰਲੋਕ ਵਿਚ) ਰੌਸ਼ਨ ਰਹਿੰਦੇ ਹਨ, ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥
ਪਰਮਾਤਮਾ ਉਤੇ ਕੋਈ ਡਰ-ਭਉ ਪ੍ਰਭਾਵ ਨਹੀਂ ਪਾ ਸਕਦਾ। ਗੁਰੂ ਦੀ ਰਾਹੀਂ ਜਿਸ ਮਨੁੱਖ ਨੇ ਉਸ ਪਰਮਾਤਮਾ ਵਿਚ ਸੁਰਤ ਜੋੜੀ, ਉਸ ਪਰਮਾਤਮਾ ਨੂੰ ਇਕ ਨਿਮਖ ਵਾਸਤੇ ਭੀ ਹਿਰਦੇ ਵਿਚ ਵਸਾਇਆ,
ਪਰਮਾਤਮਾ ਨੇ ਉਸ ਸੇਵਕ ਦੇ ਕ੍ਰੋੜਾਂ ਜਨਮਾਂ ਦੇ ਸਾਰੇ ਪਾਪ ਇਕ ਪਲ ਵਿਚ ਦੂਰ ਕਰ ਦਿੱਤੇ ॥੩॥
ਹੇ ਪ੍ਰਭੂ! ਤੇਰੇ ਭਗਤ ਤੇਰੀ ਹੀ ਮਿਹਰ ਨਾਲ (ਜਗਤ ਵਿਚ) ਪਰਗਟ ਹੁੰਦੇ ਹਨ। ਹੇ ਪ੍ਰਭੂ! ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ, ਉਹ ਸੇਵਕ ਇੱਜ਼ਤ ਵਾਲੇ ਹੋ ਜਾਂਦੇ ਹਨ।