ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਆਪਣੇ ਹਿਰਦੇ ਵਿਚ ਚੰਗੀ ਤਰ੍ਹਾਂ ਸਾਂਭ ਰੱਖ।
ਆਪਣੇ ਗੁਰੂ ਨੂੰ ਮਾਲਕ ਪ੍ਰਭੂ ਨੂੰ ਸਿਮਰ ਕੇ ਅਸਾਂ ਜੀਵਾਂ ਦੇ ਸਾਰੇ ਕੰਮ ਸਿਰੇ ਚੜ੍ਹ ਸਕਦੇ ਹਨ ॥੧॥ ਰਹਾਉ ॥
ਹੇ ਭਾਈ! ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਪਰਮਾਤਮਾ ਦੀ ਪੂਜਾ ਹੈ, ਤੇ, ਪੁੰਨ-ਦਾਨ ਹੈ।
ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਗਾਂਦਿਆਂ ਬੇਅੰਤ ਸੁਖ ਪ੍ਰਾਪਤ ਕਰ ਲਈਦਾ ਹੈ ॥੧॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੇ (ਸੇਵਕ) ਬਣਾ ਲਿਆ ਉਹਨਾਂ ਦੇ ਕਰਮਾਂ ਦਾ ਲੇਖਾ ਮੁੜ ਨਹੀਂ ਪੁੱਛਦਾ।
ਹੇ ਨਾਨਕ! (ਆਖ-) ਮੈਂ ਭੀ ਪਰਮਾਤਮਾ ਦੇ ਰਤਨ (ਵਰਗੇ ਕੀਮਤੀ) ਨਾਮ ਨੂੰ ਆਪਣੇ ਗਲੇ ਵਿਚ ਪ੍ਰੋ ਲਿਆ ਹੈ, ਨਾਮ ਸੁਣ ਸੁਣ ਕੇ ਜਪ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ ॥੨॥੧੧॥੩੦॥
ਰਾਗ ਟੋਡੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਮੈਂ ਆਪਣੀ ਨੀਚਤਾ ਕਿਤਨੀ ਕੁ ਬਿਆਨ ਕਰਾਂ?
ਮੈਂ (ਕਦੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕੀਤੀ, (ਮੇਰਾ ਮਨ) ਧਨ-ਪਦਾਰਥ ਅਤੇ ਇਸਤ੍ਰੀ ਦੇ ਰਸਾਂ ਵਿਚ ਹੀ ਫਸਿਆ ਰਹਿੰਦਾ ਹੈ ॥੧॥ ਰਹਾਉ ॥
ਹੇ ਭਾਈ! ਇਸ ਨਾਸਵੰਤ ਸੰਸਾਰ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਕੇ ਮੈਂ ਇਸ ਸੰਸਾਰ ਨਾਲ ਹੀ ਪ੍ਰੀਤ ਬਣਾਈ ਹੋਈ ਹੈ।
ਮੈਂ ਉਸ ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਿਆ ਜੋ ਨਿਮਾਣਿਆਂ ਦਾ ਰਿਸ਼ਤੇਦਾਰ ਹੈ, ਅਤੇ ਜੇਹੜਾ (ਸਦਾ ਸਾਡੇ) ਨਾਲ ਮਦਦਗਾਰ ਹੈ ॥੧॥
ਹੇ ਭਾਈ! ਮੈਂ ਰਾਤ ਦਿਨ ਮਾਇਆ (ਦੇ ਮੋਹ) ਵਿਚ ਮਸਤ ਰਿਹਾ ਹਾਂ, (ਇਸ ਤਰ੍ਹਾਂ ਮੇਰੇ) ਮਨ ਦੀ ਮੈਲ ਦੂਰ ਨਹੀਂ ਹੋ ਸਕੀ।
ਨਾਨਕ ਆਖਦਾ ਹੈ- ਹੁਣ (ਜਦੋਂ ਮੈਂ ਗੁਰੂ ਦੀ ਸਰਨ ਪਿਆ ਹਾਂ, ਤਾਂ ਮੈਨੂੰ ਸਮਝ ਆਈ ਹੈ ਕਿ) ਪ੍ਰਭੂ ਦੀ ਸਰਣ ਪੈਣ ਤੋਂ ਬਿਨਾ ਕਿਸੇ ਭੀ ਹੋਰ ਥਾਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ॥੨॥੧॥੩੧॥
ਰਾਗ ਟੋਡੀ ਵਿੱਚ ਭਗਤਾਂ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕੋਈ ਮਨੁੱਖ ਆਖਦਾ ਹੈ (ਪਰਮਾਤਮਾ ਅਸਾਡੇ) ਨੇੜੇ (ਵੱਸਦਾ ਹੈ), ਕੋਈ ਆਖਦਾ ਹੈ (ਪ੍ਰਭੂ ਅਸਾਥੋਂ ਕਿਤੇ) ਦੂਰ (ਥਾਂ ਤੇ ਹੈ);
(ਪਰ ਨਿਰਾ ਬਹਿਸ ਨਾਲ ਨਿਰਣਾ ਕਰ ਲੈਣਾ ਇਉਂ ਹੀ ਅਸੰਭਵ ਹੈ ਜਿਵੇਂ) ਪਾਣੀ ਵਿਚ ਰਹਿਣ ਵਾਲੀ ਮੱਛੀ ਖਜੂਰ ਉੱਤੇ ਚੜ੍ਹਨ ਦਾ ਜਤਨ ਕਰੇ (ਜਿਸ ਉੱਤੇ ਮਨੁੱਖ ਭੀ ਬੜੇ ਔਖੇ ਹੋ ਕੇ ਚੜ੍ਹਦੇ ਹਨ) ॥੧॥
ਹੇ ਭਾਈ! (ਰੱਬ ਨੇੜੇ ਹੈ ਕਿ ਦੂਰ ਜਿਸ ਬਾਰੇ ਆਪਣੀ ਵਿਦਿਆ ਦਾ ਵਿਖਾਵਾ ਕਰਨ ਲਈ) ਕਿਉਂ ਵਿਅਰਥ ਬਹਿਸ ਕਰਦੇ ਹੋ?
ਜਿਸ ਮਨੁੱਖ ਨੇ ਰੱਬ ਨੂੰ ਲੱਭ ਲਿਆ ਹੈ ਉਸ ਨੇ (ਆਪਣੇ ਆਪ ਨੂੰ) ਲੁਕਾਇਆ ਹੈ (ਭਾਵ, ਉਹ ਇਹਨਾਂ ਬਹਿਸਾਂ ਦੀ ਰਾਹੀਂ ਆਪਣੀ ਵਿੱਦਿਆ ਦਾ ਢੰਢੋਰਾ ਨਹੀਂ ਦੇਂਦਾ ਫਿਰਦਾ) ॥੧॥ ਰਹਾਉ ॥
ਵਿੱਦਿਆ ਹਾਸਲ ਕਰ ਕੇ (ਬ੍ਰਾਹਮਣ ਆਦਿਕ ਤਾਂ) ਵੇਦ (ਆਦਿਕ ਧਰਮ-ਪੁਸਤਕਾਂ) ਦੀ ਵਿਸਥਾਰ ਨਾਲ ਚਰਚਾ ਕਰਦਾ ਫਿਰਦਾ ਹੈ,
ਪਰ ਮੂਰਖ ਨਾਮਦੇਵ ਸਿਰਫ਼ ਪਰਮਾਤਮਾ ਨੂੰ ਹੀ ਪਛਾਣਦਾ ਹੈ (ਕੇਵਲ ਪਰਮਾਤਮਾ ਨਾਲ ਹੀ ਉਸ ਦੇ ਸਿਮਰਨ ਦੀ ਰਾਹੀਂ ਸਾਂਝ ਪਾਂਦਾ ਹੈ) ॥੨॥੧॥
ਪਰਮਾਤਮਾ ਦਾ ਨਾਮ ਸਿਮਰਿਆਂ ਕਿਸੇ ਜੀਵ ਦਾ (ਭੀ) ਕੋਈ ਪਾਪ ਨਹੀਂ ਰਹਿ ਜਾਂਦਾ;
ਵਿਕਾਰਾਂ ਵਿੱਚ ਨਿੱਘਰੇ ਹੋਏ ਬੰਦੇ ਭੀ ਪ੍ਰਭੂ ਦਾ ਭਜਨ ਕਰ ਕੇ ਪਵਿੱਤਰ ਹੋ ਜਾਂਦੇ ਹਨ ॥੧॥ ਰਹਾਉ ॥
ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਦਾਸ ਨਾਮਦੇਵ ਨੂੰ ਇਹ ਨਿਸ਼ਚਾ ਆ ਗਿਆ ਹੈ,
ਕਿ ਕਿਸੇ ਇਕਾਦਸ਼ੀ (ਆਦਿਕ) ਵਰਤ ਦੀ ਲੋੜ ਨਹੀਂ; ਤੇ ਮੈਂ ਤੀਰਥਾਂ ਉੱਤੇ (ਭੀ ਕਿਉਂ) ਜਾਵਾਂ? ॥੧॥
ਨਾਮਦੇਵ ਆਖਦਾ ਹੈ-(ਨਾਮ ਦੀ ਬਰਕਤਿ ਨਾਲ ਜੀਵ) ਚੰਗੀ ਕਰਣੀ ਵਾਲੇ ਅਤੇ ਚੰਗੀ ਅਕਲ ਵਾਲੇ ਹੋ ਜਾਂਦੇ ਹਨ।
ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ, ਪ੍ਰਭੂ ਦਾ ਨਾਮ ਸਿਮਰ ਕੇ ਸਭ ਜੀਵ ਪ੍ਰਭੂ ਦੇ ਦੇਸ ਵਿਚ ਅੱਪੜ ਜਾਂਦੇ ਹਨ ॥੨॥੨॥
(ਪਰਮਾਤਮਾ ਦਾ ਰਚਿਆ ਹੋਇਆ ਇਹ ਜਗਤ) ਤ੍ਰਿ-ਗੁਣੀ ਸੁਭਾਉ ਦਾ ਤਮਾਸ਼ਾ ਹੈ ॥੧॥ ਰਹਾਉ ॥
(ਸਾਧਾਰਨ ਤੌਰ ਤੇ) ਘੁਮਿਆਰ ਦੇ ਘਰ ਹਾਂਡੀ (ਹੀ ਮਿਲਦੀ) ਹੈ, ਰਾਜੇ ਦੇ ਘਰ ਸਾਂਢੀ (ਆਦਿਕ ਹੀ) ਹੈ;
ਤੇ ਬ੍ਰਾਹਮਣ ਦੇ ਘਰ (ਸਗਨ ਮਹੂਰਤ ਆਦਿਕ ਵਿਚਾਰਨ ਲਈ) ਪੱਤ੍ਰੀ (ਆਦਿਕ ਪੁਸਤਕ ਹੀ ਮਿਲਦੀ) ਹੈ। (ਇਹਨਾਂ ਘਰਾਂ ਵਿਚ) ਪੱਤ੍ਰੀ, ਸਾਂਢਨੀ, ਭਾਂਡੇ (ਹਾਂਡੀ) ਹੀ (ਪ੍ਰਧਾਨ ਹਨ) ॥੧॥
ਹਟਵਾਣੀਏ ਦੇ ਘਰ (ਭਾਵ, ਹੱਟੀ ਵਿੱਚ) ਹਿੰਙ (ਆਦਿਕ ਹੀ ਮਿਲਦੀ) ਹੈ, ਭੈਂਸੇ ਦੇ ਮੱਥੇ ਉੱਤੇ (ਉਸ ਦੇ ਸੁਭਾਉ ਅਨੁਸਾਰ) ਸਿੰਗ (ਹੀ) ਹਨ,
ਅਤੇ ਦੇਵਾਲੇ (ਦੇਵ-ਅਸਥਾਨ) ਵਿੱਚ ਲਿੰਗ (ਹੀ ਗੱਡਿਆ ਹੋਇਆ ਦਿੱਸਦਾ) ਹੈ। (ਇਹਨੀਂ ਥਾਈਂ) ਹਿੰਙ, ਸਿੰਗ ਅਤੇ ਲਿੰਗ ਹੀ (ਪ੍ਰਧਾਨ ਹਨ) ॥੨॥
(ਜੇ) ਤੇਲੀ ਦੇ ਘਰ (ਜਾਉ, ਤਾਂ ਉਥੇ ਅੰਦਰ ਬਾਹਰ) ਤੇਲ (ਹੀ ਤੇਲ ਪਿਆ) ਹੈ, ਜੰਗਲਾਂ ਵਿੱਚ ਵੇਲਾਂ (ਹੀ ਵੇਲਾਂ) ਹਨ,
ਅਤੇ ਮਾਲੀ ਦੇ ਘਰ ਕੇਲਾ (ਹੀ ਲੱਗਾ ਮਿਲਦਾ) ਹੈ। ਇਹਨੀਂ ਥਾਈਂ ਤੇਲ, ਵੇਲਾਂ ਤੇ ਕੇਲਾ ਹੀ (ਪ੍ਰਧਾਨ ਹਨ) ॥੩॥
(ਇਸ ਜਗਤ-ਖੇਲ ਦਾ ਰਚਨਹਾਰ ਕਿੱਥੇ ਹੋਇਆ?) (ਜਿਵੇਂ) ਗੋਕਲ ਵਿੱਚ ਕ੍ਰਿਸ਼ਨ ਜੀ (ਦੀ ਹੀ ਗੱਲ ਚੱਲ ਰਹੀ) ਹੈ, (ਤਿਵੇਂ ਇਸ ਖੇਲ ਦਾ ਮਾਲਕ) ਗੋਬਿੰਦ ਸੰਤਾਂ ਦੇ ਹਿਰਦੇ ਵਿੱਚ ਵੱਸ ਰਿਹਾ ਹੈ।
(ਉਹੀ) ਰਾਮ ਨਾਮਦੇਵ ਦੇ (ਭੀ) ਅੰਦਰ (ਪ੍ਰਤੱਖ ਵੱਸ ਰਿਹਾ) ਹੈ। (ਜਿਹਨੀਂ ਥਾਈਂ, ਭਾਵ, ਸੰਤਾਂ ਦੇ ਹਿਰਦੇ ਵਿੱਚ, ਗੋਕਲ ਵਿੱਚ ਅਤੇ ਨਾਮਦੇਵ ਦੇ ਅੰਦਰ) ਗੋਬਿੰਦ ਸ਼ਿਆਮ ਅਤੇ ਰਾਮ ਹੀ (ਗੱਜ ਰਿਹਾ) ਹੈ ॥੪॥੩॥