(ਹੇ ਪ੍ਰਭੂ!) ਜਦੋਂ ਤੋਂ ਗੁਰੂ ਨੇ ਮੈਨੂੰ ਤੇਰਾ ਪ੍ਰੇਮ ਦੇ ਕੇ ਉਸਦੇ ਵੱਟੇ ਵਿਚ ਮੇਰਾ ਆਪਾ-ਭਾਵ ਖ਼ਰੀਦ ਲਿਆ ਹੈ, ਮੈਂ ਤੇਰਾ ਦਾਸ ਹੋ ਗਿਆ ਹਾਂ, ਮੈਂ ਤੇਰਾ ਗ਼ੁਲਾਮ ਹੋ ਗਿਆ ਹਾਂ, ਮੈਨੂੰ ਦੁਨੀਆ ਭੀ ਭਾਗਾਂ ਵਾਲਾ ਆਖਣ ਲੱਗ ਪਈ ਹੈ।
ਗੁਰੂ ਦੇ ਦਰ ਤੇ ਗੁਰੂ ਦੇ ਉਪਦੇਸ਼ ਦੇ ਇਵਜ਼ ਮੈਂ ਆਪਾ-ਭਾਵ ਦੇ ਦਿੱਤਾ ਹੈ, ਹੁਣ ਜਿਸ ਕੰਮ ਵਿਚ ਮੈਨੂੰ ਗੁਰੂ ਲਾਉਂਦਾ ਹੈ ਉਸੇ ਕੰਮ ਵਿਚ ਮੈਂ ਲੱਗਾ ਰਹਿੰਦਾ ਹਾਂ ॥੧॥
(ਪਰ ਹੇ ਪ੍ਰਭੂ!) ਮੈਨੂੰ ਤੇਰੇ ਗ਼ੁਲਾਮ ਨੂੰ ਅਜੇ ਪੂਰੀ ਸਮਝ ਨਹੀਂ ਹੈ।
ਮੈਥੋਂ, ਹੇ ਸਾਹਿਬ! ਤੇਰਾ ਹੁਕਮ ਪੂਰੇ ਤੌਰ ਤੇ ਸਿਰੇ ਨਹੀਂ ਚੜ੍ਹਦਾ (ਅਕਲ ਤਾਂ ਇਹ ਚਾਹੀਦੀ ਸੀ ਕਿ ਸੇਵਾ ਹੁਕਮ ਤੋਂ ਵਧੀਕ ਕੀਤੀ ਜਾਏ; ਪਰ ਵਾਧਾ ਕਰਨਾ ਤਾਂ ਕਿਤੇ ਰਿਹਾ, ਪੂਰੀ ਭੀ ਨਿਬਾਹੀ ਨਹੀਂ ਜਾਂਦੀ) ॥੧॥ ਰਹਾਉ ॥
(ਗੁਰੂ ਦੀ ਮੇਹਰ ਨਾਲ) ਤੇਰੇ ਹੁਕਮ ਵਿਚ ਤੁਰਨ ਵਾਲੀ (ਮੇਰੀ ਮੱਤ ਬਣੀ ਉਸ ਮੱਤ) ਮਾਂ (ਨੇ ਮੈਨੂੰ ਸੇਵਕ-ਜੀਵਨ ਵਾਲਾ ਜਨਮ ਦਿੱਤਾ), (ਤੇਰਾ ਬਖ਼ਸ਼ਿਆ ਸੰਤੋਖ) ਮੇਰਾ ਪਿਉ ਬਣਿਆ। ਮੈਨੂੰ (ਮੇਰੇ ਸੇਵਕ-ਸੁਭਾਵ ਨੂੰ) ਸੰਤੋਖ-ਪਿਉ ਤੋਂ ਹੀ ਜਨਮ ਮਿਲਿਆ।
ਹੁਣ, ਹੇ ਪ੍ਰਭੂ! ਜਿਉਂ ਜਿਉਂ ਮੈਂ ਤੇਰੀ ਭਗਤੀ ਕਰਦਾ ਹਾਂ ਮੇਰੀ ਮਾਂ (-ਮੱਤ) ਹੁਲਾਰੇ ਵਿਚ ਆਉਂਦੀ ਹੈ, ਮੇਰਾ ਪਿਉ (-ਸੰਤੋਖ) ਉਛਾਲੇ ਮਾਰਦਾ ਹੈ ॥੨॥
(ਹੇ ਪ੍ਰਭੂ! ਮੈਨੂੰ ਤਾਂ ਸਮਝ ਨਹੀਂ ਕਿ ਮੈਂ ਕਿਸ ਤਰ੍ਹਾਂ ਤੇਰਾ ਹੁਕਮ ਪੂਰੇ ਤੌਰ ਤੇ ਕਮਾ ਸਕਾਂ, ਪਰ ਜੇ ਤੂੰ ਮੇਹਰ ਕਰੇਂ ਤਾਂ) ਹੇ ਪਾਤਿਸ਼ਾਹ! ਮੈਂ ਤੇਰੇ (ਬੰਦਿਆਂ) ਲਈ ਪੀਣ ਵਾਸਤੇ ਪਾਣੀ ਢੋਵਾਂ, ਤੇਰੇ (ਬੰਦਿਆਂ ਦੇ) ਖਾਣ ਵਾਸਤੇ ਚੱਕੀ ਪੀਹਾਂ,
ਪੱਖਾ ਫੇਰਾਂ, ਤੇਰੇ (ਬੰਦਿਆਂ ਦੇ) ਪੈਰ ਘੁੱਟਾਂ, ਤੇ ਸਦਾ ਤੇਰਾ ਨਾਮ ਜਪਦਾ ਰਹਾਂ ॥੩॥
(ਪਰ ਹੇ ਦਇਆ ਦੇ ਮਾਲਕ ਪ੍ਰਭੂ!) ਤੇਰਾ ਗ਼ੁਲਾਮ ਨਾਨਕ ਤੇਰੀ ਉਤਨੀ ਖ਼ਿਦਮਤ ਨਹੀਂ ਕਰ ਸਕਦਾ ਜਿਤਨੀਆਂ ਤੂੰ ਬਖ਼ਸ਼ਸ਼ਾਂ ਕਰ ਰਿਹਾ ਹੈਂ (ਤੇਰਾ ਗ਼ੁਲਾਮ) ਤੇਰੀਆਂ ਬਖ਼ਸ਼ਸ਼ਾਂ ਦੇ ਮੋਹ ਵਿਚ ਹੀ ਫਸ ਜਾਂਦਾ ਹੈ। ਖ਼ਿਦਮਤ ਕਰਾਣ ਵਾਸਤੇ ਭੀ ਜੇ ਤੂੰ ਆਪ ਹੀ ਮੇਹਰ ਕਰੇਂ (ਤਾਂ ਮੈਂ ਖ਼ਿਦਮਤ ਕਰ ਸਕਾਂਗਾ, ਇਸ ਵਿਚ ਭੀ) ਤੇਰੀ ਹੀ ਜੈ-ਜੈਕਾਰ ਹੋਵੇਗੀ।
ਤੂੰ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਦਇਆ ਦਾ ਮਾਲਕ ਹੈਂ ਦਾਤਾਂ ਦੇਂਦਾ ਆਇਆ ਹੈਂ (ਇਹਨਾਂ ਦਾਤਾਂ ਦੇ ਮੋਹ ਤੋਂ) ਖ਼ਲਾਸੀ ਤੇਰੀ ਸਹੈਤਾ ਤੋਂ ਬਿਨਾ ਨਹੀਂ ਹੋ ਸਕਦੀ ॥੪॥੬॥
(ਦੁਨੀਆ ਦੇ ਲੋਕਾਂ ਨਾਲ ਡੂੰਘੀਆਂ ਸਾਂਝਾਂ ਨਾਹ ਪਾਣ ਕਰ ਕੇ) ਕੋਈ ਆਖਦਾ ਹੈ ਕਿ ਨਾਨਕ ਤਾਂ ਕੋਈ ਭੂਤ ਹੈ (ਕਿਉਂਕਿ ਇਹ ਬੰਦਿਆਂ ਤੋਂ ਤ੍ਰਹਿੰਦਾ ਹੈ) ਕੋਈ ਆਖਦਾ ਹੈ ਕਿ ਨਾਨਕ ਕੋਈ ਜਿੰਨ ਹੈ (ਜੋ ਬੰਦਿਆਂ ਤੋਂ ਪਰੇ ਪਰੇ ਜੂਹ-ਉਜਾੜ ਵਿਚ ਹੀ ਬਹੁਤਾ ਚਿਰ ਟਿਕਿਆ ਰਹਿੰਦਾ ਹੈ)।
ਪਰ ਕੋਈ ਬੰਦਾ ਆਖਦਾ ਹੈ (ਨਹੀਂ) ਨਾਨਕ ਹੈ ਤਾਂ (ਸਾਡੇ ਵਰਗਾ) ਆਦਮੀ (ਹੀ) ਉਂਞ ਹੈ ਆਜਿਜ਼ ਜੇਹਾ ॥੧॥
ਮੈਂ ਸ਼ਾਹ-ਪ੍ਰਭੂ ਦੇ ਨਾਮ ਦਾ ਆਸ਼ਿਕ ਹੋ ਗਿਆ ਹਾਂ। (ਇਸ ਵਾਸਤੇ ਦੁਨੀਆ ਆਖਦੀ ਹੈ ਕਿ) ਨਾਨਕ ਝੱਲਾ ਹੋ ਗਿਆ ਹੈ
ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਡੂੰਘੀਆਂ ਸਾਂਝਾਂ ਨਹੀਂ ਪਾਂਦਾ ॥੧॥ ਰਹਾਉ ॥
(ਦੁਨੀਆ ਦੇ ਲੋਕਾਂ ਦੀਆਂ ਨਜ਼ਰਾਂ ਵਿਚ) ਉਦੋਂ ਮਨੁੱਖ ਨੂੰ ਝੱਲਾ ਸਮਝਿਆ ਜਾਂਦਾ ਹੈ, ਜਦੋਂ ਉਹ ਦੁਨੀਆ ਦੇ ਡਰ-ਫ਼ਿਕਰਾਂ ਵਲੋਂ ਬੇ-ਪਰਵਾਹ ਜੇਹਾ ਹੋ ਜਾਂਦਾ ਹੈ,
ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਕਿਸੇ ਹੋਰ ਦੀ ਖ਼ੁਸ਼ਾਮਦ-ਮੁਥਾਜੀ ਨਹੀਂ ਕਰਦਾ) ॥੨॥
ਲੋਕਾਂ ਦੀਆਂ ਨਜ਼ਰਾਂ ਵਿਚ ਤਾਂ ਉਹ ਝੱਲਾ ਮੰਨਿਆ ਜਾਂਦਾ ਹੈ, ਜਦੋਂ ਮਨੁੱਖ ਸਿਰਫ਼ (ਰਜ਼ਾ ਵਿਚ ਰਾਜ਼ੀ ਰਹਿਣ ਦੀ ਹੀ) ਕਾਰ ਕਰਦਾ ਹੈ, (ਹਰੇਕ ਕਿਰਤ-ਕਾਰ ਵਿਚ ਪ੍ਰਭੂ ਦੀ ਰਜ਼ਾ ਨੂੰ ਹੀ ਮੁਖ ਮੰਨਦਾ ਹੈ)।
ਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਣ ਲੱਗ ਪੈਂਦਾ ਹੈ (ਰਜ਼ਾ ਦੇ ਉਲਟ ਤੁਰਨ ਲਈ ਆਪਣੀ) ਕਿਸੇ ਹੋਰ ਚਤੁਰਾਈ ਦਾ ਆਸਰਾ ਨਹੀਂ ਲੈਂਦਾ ॥੩॥
ਤਦੋਂ ਉਹ ਮਨੁੱਖ (ਦੁਨੀਆ ਦੀਆਂ ਨਿਗਾਹਾਂ ਵਿਚ) ਝੱਲਾ ਜਾਣਿਆ ਜਾਂਦਾ ਹੈ, ਜਦੋਂ ਉਹ ਮਾਲਿਕ-ਪ੍ਰਭੂ ਦਾ ਪਿਆਰ ਹੀ (ਆਪਣੇ ਹਿਰਦੇ ਵਿਚ) ਟਿਕਾਈ ਰੱਖਦਾ ਹੈ,
ਜਦੋਂ ਆਪਣੇ ਆਪ ਨੂੰ (ਹੋਰ ਸਭਨਾਂ ਨਾਲੋਂ) ਮਾੜਾ ਸਮਝਦਾ ਹੈ, ਜਦੋਂ ਹੋਰ ਜਗਤ ਨੂੰ ਆਪਣੇ ਨਾਲੋਂ ਚੰਗਾ ਸਮਝਦਾ ਹੈ ॥੪॥੭॥
(ਪਰਮਾਤਮਾ ਹਰ ਥਾਂ ਜ਼ੱਰੇ ਜ਼ੱਰੇ ਵਿਚ ਵਿਆਪਕ ਹੈ, ਉਸ ਦਾ) ਇਹ ਨਾਮ-ਧਨ (ਭੀ) ਸਭ ਵਿਚ ਮੌਜੂਦ ਹੈ, (ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਨੂੰ ਹਰ ਥਾਂ ਹੀ ਵੇਖ ਸਕੀਦਾ ਹੈ ਤੇ ਉਸ ਦੀ ਯਾਦ ਨੂੰ ਹਿਰਦੇ ਵਿਚ ਵਸਾ ਸਕੀਦਾ ਹੈ),
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਾਇਆ ਦੀ ਖ਼ਾਤਰ) ਭਟਕਦੇ ਫਿਰਦੇ ਹਨ, ਅਤੇ ਉਹ ਬੰਦੇ (ਪਰਮਾਤਮਾ ਨੂੰ, ਪਰਮਾਤਮਾ ਦੇ ਨਾਮ-ਧਨ ਨੂੰ) ਕਿਤੇ ਦੂਰ ਦੁਰੇਡੇ ਥਾਂ ਤੇ ਸਮਝਦੇ ਹਨ ॥੧॥
ਹੇ ਪ੍ਰਭੂ! (ਮੇਹਰ ਕਰ) ਤੇਰਾ ਇਹ ਨਾਮ-ਧਨ ਇਹ ਨਾਮ-ਵੱਖਰ ਮੇਰੇ ਹਿਰਦੇ ਵਿਚ ਭੀ ਵੱਸ ਪਏ।
ਜਿਸ ਮਨੁੱਖ ਨੂੰ ਤੂੰ ਆਪਣਾ ਨਾਮ-ਧਨ ਨਾਮ-ਵੱਖਰ ਦੇਂਦਾ ਹੈਂ ਉਸ ਨੂੰ ਇਹ ਨਾਮ-ਧਨ (ਮਾਇਆ ਦੀ ਤ੍ਰਿਸ਼ਨਾ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥
(ਹਿਰਦੇ ਵਿਚ ਵਸਾਇਆ ਹੋਇਆ ਪਰਮਾਤਮਾ ਦਾ ਨਾਮ) ਇਕ ਐਸਾ ਧਨ ਹੈ ਜੋ ਨਾਹ ਸੜਦਾ ਹੈ ਨਾਹ ਹੀ ਇਸ ਨੂੰ ਕੋਈ ਚੋਰ ਚੁਰਾ ਕੇ ਲੈ ਜਾ ਸਕਦਾ ਹੈ।
ਇਹ ਧਨ (ਪਾਣੀਆਂ ਹੜ੍ਹਾਂ ਵਿਚ ਭੀ) ਡੁੱਬਦਾ ਨਹੀਂ ਹੈ ਅਤੇ ਨਾਹ ਹੀ ਇਸ ਧਨ ਦੀ ਖ਼ਾਤਰ ਕਿਸੇ ਨੂੰ ਕੋਈ ਦੰਡ ਮਿਲਦਾ ਹੈ ॥੨॥
ਵੇਖੋ, ਇਸ ਧਨ ਦਾ ਵੱਡਾ ਗੁਣ ਇਹ ਹੈ ਕਿ (ਜਿਸ ਮਨੁੱਖ ਦੇ ਪਾਸ ਇਹ ਧਨ ਹੈ,
ਉਸ ਦੀ ਜ਼ਿੰਦਗੀ ਦਾ) ਹਰੇਕ ਦਿਹਾੜਾ ਅਡੋਲ ਅਵਸਥਾ ਵਿਚ ਮਸਤ ਰਿਹਾਂ ਹੀ ਗੁਜ਼ਰਦਾ ਹੈ ॥੩॥
ਹੇ ਭਾਈ ਜਨੋ! (ਇਸ ਨਾਮ-ਧਨ ਦੀ ਬਾਬਤ) ਇਕ ਹੋਰ ਸੋਹਣੀ ਗੱਲ (ਭੀ) ਸੁਣੋ!
(ਉਹ ਇਹ ਹੈ ਕਿ) ਇਸ ਧਨ (ਦੀ ਪ੍ਰਾਪਤੀ) ਤੋਂ ਬਿਨਾ ਕਦੇ ਕਿਸੇ ਨੂੰ ਉੱਚੀ ਆਤਮਕ ਅਵਸਥਾ ਨਹੀਂ ਮਿਲੀ ॥੪॥
ਨਾਨਕ ਆਖਦਾ ਹੈ ਕਿ ਜਿਸ ਦੇ ਗੁਣ ਕਿਸੇ ਪਾਸੋਂ ਬਿਆਨ ਨਹੀਂ ਹੋ ਸਕਦੇ, ਉਸ ਪਰਮਾਤਮਾ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ (ਉਹ ਮਨੁੱਖ) ਸੁਣਾਂਦਾ ਹੈ।
ਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ ਉਹ ਇਹ ਨਾਮ-ਧਨ ਹਾਸਲ ਕਰ ਲੈਂਦਾ ਹੈ ॥੫॥੮॥
(ਹੇ ਜੋਗੀ!) ਤੂੰ ਤਾਮਸੀ ਸੁਭਾਵ ਨੂੰ ਦੂਰ ਕਰ (ਇਹ ਹੈ ਸੱਜੀ ਨਾਸ ਦੇ ਰਸਤੇ ਪ੍ਰਾਣ ਉਤਾਰਨੇ), ਸ਼ਾਂਤੀ ਸੁਭਾਵ ਨੂੰ (ਆਪਣੇ ਅੰਦਰ) ਤਕੜਾ ਕਰ (ਇਹ ਹੈ ਖੱਬੀ ਨਾਸ ਦੇ ਰਸਤੇ ਪ੍ਰਾਣ ਚੜ੍ਹਾਣੇ)। ਸੁਆਸ ਸੁਆਸ ਨਾਮ ਜਪਣ ਵਾਲਾ ਜ਼ਿੰਦਗੀ ਦਾ ਸੁਚੱਜਾ ਢੰਗ ਬਣਾ (ਇਹ ਹੈ ਪ੍ਰਾਣਾਂ ਨੂੰ ਸੁਖਮਨਾ ਨਾੜੀ ਵਿਚ ਟਿਕਾਣਾ)। (ਬੱਸ! ਹੇ ਜੋਗੀ! ਪਰਮਾਤਮਾ ਦੇ ਚਰਨਾਂ ਵਿਚ ਜੁੜਨ ਦਾ ਕੋਈ) ਅਜੇਹਾ ਮੇਲ ਮਿਲਾਓ।
ਇਸ ਤਰੀਕੇ ਨਾਲ ਮੱਛੀ ਵਰਗਾ ਚੰਚਲ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ, ਨਾਹ ਹੀ ਸਰੀਰ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੁੰਦਾ ਹੈ ॥੧॥
ਹੇ ਮੂਰਖ! ਤੂੰ (ਪ੍ਰਾਣਾਯਾਮ ਦੇ) ਭੁਲੇਖੇ ਵਿਚ ਪੈ ਕੇ ਕਿਉਂ (ਜੀਵਨ ਦੇ ਅਸਲੀ ਤੋਂ) ਲਾਂਭੇ ਜਾ ਰਿਹਾ ਹੈਂ?
(ਹੇ ਜੋਗੀ!) ਤੂੰ ਜਗਤ ਦੀ ਮਾਇਆ ਵਲੋਂ ਵੈਰਾਗਵਾਨ ਹੋ ਕੇ ਉੱਚੇ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ ਪਰਮਾਤਮਾ ਨੂੰ ਅਜੇ ਤਕ ਪਛਾਣ ਨਹੀਂ ਸਕਿਆ ॥੧॥ ਰਹਾਉ ॥
(ਹੇ ਜੋਗੀ!) ਜਰਾ-ਰਹਿਤ ਪ੍ਰਭੂ ਦੇ ਮੇਲ ਦੇ ਰਾਹ ਵਿਚ ਰੋਕ ਪਾਣ ਵਾਲੇ ਮੋਹ ਨੂੰ (ਆਪਣੇ ਅੰਦਰੋਂ) ਸਾੜ ਦੇ, ਮੌਤ-ਰਹਿਤ ਹਰੀ ਦੇ ਮਿਲਾਪ ਦੇ ਰਸਤੇ ਵਿਚ ਵਿਘਨ ਪਾਣ ਵਾਲੇ ਮਨ ਨੂੰ ਵੱਸ ਵਿਚ ਕਰ ਰੱਖ, ਭਟਕਣਾ ਛੱਡ ਦੇ, ਤਦੋਂ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਸਕੀਦਾ ਹੈ।
ਇਸੇ ਤਰ੍ਹਾਂ ਮੱਛੀ ਵਰਗਾ ਚੰਚਲ ਮਨ ਕਾਬੂ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਦੌੜਨੋਂ ਹਟ ਜਾਂਦਾ ਹੈ, ਸਰੀਰ ਭੀ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੋਣੋਂ ਬਚ ਜਾਂਦਾ ਹੈ ॥੨॥