ਸਦਾ-ਥਿਰ ਪ੍ਰਭੂ ਆਪ ਹੀ (ਮਨੁੱਖ ਨੂੰ ਗੁਰੂ ਦੇ) ਸ਼ਬਦ ਵਿਚ ਜੋੜਦਾ ਹੈ,
ਸ਼ਬਦ ਦੀ ਰਾਹੀਂ ਹੀ (ਉਸ ਦੇ) ਅੰਦਰੋਂ ਭਟਕਣਾ ਦੂਰ ਕਰਦਾ ਹੈ।
ਹੇ ਨਾਨਕ! ਹਰਿ-ਨਾਮ ਵਿਚ ਜੁੜਿਆਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਨਾਮ ਦੀ ਰਾਹੀਂ ਹੀ (ਮਨੁੱਖ) ਆਤਮਕ ਆਨੰਦ ਮਾਣਦਾ ਹੈ ॥੧੬॥੮॥੨੨॥
ਹੇ ਅਪਹੁੰਚ ਪ੍ਰਭੂ! ਹੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ! ਹੇ ਬੇ-ਮੁਥਾਜ ਪ੍ਰਭੂ!
ਹੇ (ਆਪਣੇ ਵਰਗੇ) ਆਪ ਹੀ ਆਪ! ਹੇ ਮਿਹਰਵਾਨ! ਹੇ ਅਪਹੁੰਚ! ਹੇ ਡੂੰਘੇ ਜਿਗਰੇ ਵਾਲੇ!
ਜਿਸ ਮਨੁੱਖ ਨੂੰ ਤੂੰ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਨਾਲ ਮਿਲਾ ਲੈਂਦਾ ਹੈਂ, ਉਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ॥੧॥
ਹੇ ਪ੍ਰਭੂ! ਤੇਰੀ ਸੇਵਾ-ਭਗਤੀ ਉਹ ਮਨੁੱਖ ਕਰਦੇ ਹਨ ਜਿਹੜੇ ਤੈਨੂੰ ਪਿਆਰੇ ਲੱਗਦੇ ਹਨ।
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਤੇਰੇ) ਸਦਾ-ਥਿਰ ਨਾਮ ਵਿਚ ਲੀਨ ਰਹਿੰਦੇ ਹਨ,
ਹਰ ਵੇਲੇ ਦਿਨ ਰਾਤ ਉਹ ਤੇਰੇ ਗੁਣ ਗਾਂਦੇ ਹਨ। ਹੇ ਹਰੀ! ਉਹਨਾਂ ਦੀ ਜੀਭ ਨੂੰ ਤੇਰੇ ਨਾਮ-ਅੰਮ੍ਰਿਤ ਦਾ ਸੁਆਦ ਚੰਗਾ ਲੱਗਦਾ ਹੈ ॥੨॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ, ਆਪਾ-ਭਾਵ ਵਲੋਂ) ਮਰਦੇ ਹਨ, ਉਹ ਆਪਣੀ ਇਹ ਮੌਤ ਹੋਰਨਾਂ ਵਾਸਤੇ ਸੋਹਣੀ ਬਣਾ ਲੈਂਦੇ ਹਨ (ਭਾਵ, ਲੋਕਾਂ ਨੂੰ ਉਹਨਾਂ ਦਾ ਇਹ ਆਤਮਕ ਜੀਵਨ ਚੰਗਾ ਲੱਗਦਾ ਹੈ)।
ਉਹ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਟਿਕਾਈ ਰੱਖਦੇ ਹਨ।
ਪਰਮਾਤਮਾ ਦੇ ਚਰਨਾਂ ਵਿਚ ਲੱਗ ਕੇ ਉਹ ਆਪਣਾ ਮਨੁੱਖਾ ਜਨਮ ਕਾਮਯਾਬ ਬਣਾ ਲੈਂਦੇ ਹਨ, ਉਹ (ਆਪਣੇ ਅੰਦਰੋਂ) ਮਾਇਆ ਦਾ ਪਿਆਰ ਮੁਕਾ ਲੈਂਦੇ ਹਨ ॥੩॥
ਪਰਮਾਤਮਾ ਉਹਨਾਂ ਮਨੁੱਖਾਂ ਨੂੰ ਆਪ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ,
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦੇ ਹਨ।
ਉਹ ਹਰ ਵੇਲੇ ਸਦਾ ਪਰਮਾਤਮਾ ਦੀ ਭਗਤੀ ਵਿਚ ਮਸਤ ਰਹਿੰਦੇ ਹਨ, ਇਸ ਜਗਤ ਵਿਚ ਉਹ (ਭਗਤੀ ਦਾ) ਲਾਭ ਖੱਟਦੇ ਹਨ ॥੪॥
ਹੇ ਪ੍ਰਭੂ! (ਮੇਰਾ ਜੀ ਕਰਦਾ ਹੈ ਕਿ) ਮੈਂ ਤੇਰੇ ਗੁਣਾਂ ਦਾ ਕਥਨ ਕਰਾਂ, ਪਰ ਮੈਥੋਂ ਬਿਆਨ ਨਹੀਂ ਕੀਤੇ ਜਾ ਸਕਦੇ।
ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ, ਮੁੱਲ ਨਹੀਂ ਪੈ ਸਕਦਾ।
ਸਾਰੇ ਸੁਖਾਂ ਦਾ ਦੇਣ ਵਾਲਾ (ਪ੍ਰਭੂ ਜਦੋਂ) ਆਪ ਹੀ ਦਇਆ ਕਰਦਾ ਹੈ, ਤਾਂ ਗੁਣ ਗਾਣ ਵਾਲੇ ਨੂੰ ਆਪਣੇ ਗੁਣਾਂ ਵਿਚ ਲੀਨ ਕਰ ਲੈਂਦਾ ਹੈ ॥੫॥
ਇਸ ਜਗਤ ਵਿਚ (ਹਰ ਪਾਸੇ) ਮੋਹ ਪਸਰਿਆ ਹੋਇਆ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਮੋਹ ਦੇ ਕਾਰਨ) ਆਤਮਕ ਜੀਵਨ ਵਲੋਂ ਬੇ-ਸਮਝ ਰਹਿੰਦਾ ਹੈ, (ਮੋਹ ਵਿਚ) ਬਿਲਕੁਲ ਅੰਨ੍ਹਾ ਹੋਇਆ ਰਹਿੰਦਾ ਹੈ,
(ਮੋਹ ਦੇ) ਧੰਧੇ ਵਿਚ ਭਟਕਦਾ ਭਟਕਦਾ (ਮਨੁੱਖਾ) ਜਨਮ ਜਾਇਆ ਕਰ ਲੈਂਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਦੁੱਖ ਪਾਂਦਾ ਹੈ ॥੬॥
(ਜਦੋਂ ਕਿਸੇ ਮਨੁੱਖ ਉਤੇ) ਪਰਮਾਤਮਾ ਦੀ ਮਿਹਰ ਹੁੰਦੀ ਹੈ, ਤਦੋਂ ਉਸ ਨੂੰ ਗੁਰੂ ਮਿਲਦਾ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਆਪਣੇ ਅੰਦਰੋਂ) ਹਉਮੈ ਦੀ ਮੈਲ ਸਾੜਦਾ ਹੈ।
ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, (ਉਸ ਨੂੰ ਆਪਣੇ ਅੰਦਰੋਂ) ਗਿਆਨ ਰਤਨ (ਲੱਭ ਪੈਂਦਾ ਹੈ, ਜੋ ਉਸ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਕਰ ਦੇਂਦਾ ਹੈ, ਇਸ ਤਰ੍ਹਾਂ ਉਹ (ਆਪਣੇ ਅੰਦਰੋਂ) ਅਗਿਆਨ-ਹਨੇਰਾ ਦੂਰ ਕਰ ਲੈਂਦਾ ਹੈ ॥੭॥
ਹੇ ਪ੍ਰਭੂ! (ਤੇਰੇ ਗੁਣਾਂ ਦੇ ਆਧਾਰ ਤੇ) ਤੇਰੇ ਅਨੇਕਾਂ ਹੀ ਨਾਮ ਹਨ, ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੇਰਾ ਨਾਮ ਪ੍ਰਾਪਤ ਨਹੀਂ ਹੋ ਸਕਦਾ)।
(ਜੇ ਤੂੰ ਮਿਹਰ ਕਰੇਂ, ਤਾਂ) ਮੈਂ ਤੇਰਾ ਸਦਾ ਕਾਇਮ ਰਹਿਣ ਵਾਲਾ ਨਾਮ ਆਪਣੇ ਹਿਰਦੇ ਵਿਚ ਵਸਾਵਾਂ।
ਹੇ ਪ੍ਰਭੂ! ਕੌਣ ਤੇਰਾ ਮੁੱਲ ਪਾ ਸਕਦਾ ਹੈ? (ਜਿਸ ਉਤੇ ਤੂੰ ਦਇਆ ਕਰਦਾ ਹੈਂ, ਉਸ ਨੂੰ) ਤੂੰ ਆਪ ਹੀ ਆਤਮਕ ਅਡੋਲਤਾ ਵਿਚ ਲੀਨ ਰੱਖਦਾ ਹੈਂ ॥੮॥
ਅਪਹੁੰਚ ਤੇ ਬੇਅੰਤ ਪਰਮਾਤਮਾ ਦੇ ਨਾਮ ਦਾ ਮੁੱਲ ਨਹੀਂ ਪੈ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ)।
ਕੋਈ ਭੀ ਜੀਵ (ਹਰਿ-ਨਾਮ ਦਾ) ਮੁੱਲ ਪਾਣ-ਜੋਗਾ ਨਹੀਂ ਹੋ ਸਕਿਆ।
ਉਹ ਪ੍ਰਭੂ ਆਪ ਹੀ ਆਪਣੇ ਨਾਮ ਦੀ ਕਦਰ ਜਾਣਦਾ ਹੈ। ਆਪ ਕਦਰ ਜਾਣ ਕੇ ਜੀਵਾਂ ਨੂੰ ਕਦਰ ਕਰਨੀ ਸਿਖਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਨਾਲ) ਮੇਲ ਕੇ ਕਦਰ ਸਿਖਾਂਦਾ ਹੈ ॥੯॥
ਹੇ ਪ੍ਰਭੂ! ਤੇਰੇ ਭਗਤ ਤੇਰੀ ਸੇਵਾ-ਭਗਤੀ ਕਰਦੇ ਹਨ, (ਤੇਰੇ ਦਰ ਤੇ) ਅਰਦਾਸ ਕਰਦੇ ਹਨ।
ਤੂੰ ਆਪ ਹੀ ਉਹਨਾਂ ਨੂੰ (ਆਪਣੇ ਨਾਮ ਵਿਚ) ਜੋੜ ਕੇ ਆਪਣੇ ਪਾਸ ਬਿਠਾਂਦਾ ਹੈਂ।
ਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈਂ। ਤੇਰੀ ਪੂਰੀ ਮਿਹਰ ਨਾਲ (ਹੀ ਤੇਰੇ ਸੇਵਕ) ਤੇਰਾ ਸਿਮਰਨ ਕਰਦੇ ਹਨ ॥੧੦॥
ਕਾਮ-ਵਾਸਨਾ ਨੂੰ ਰੋਕਣਾ, ਵਿਕਾਰ-ਰਹਿਤ ਜੀਵਨ, ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ (ਉਹ ਮਨੁੱਖ ਮਾਨੋ ਇਹ ਸਾਰੇ ਹੀ ਕਰਮ ਕਰ ਲੈਂਦਾ ਹੈ) ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ।
ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਦਾ ਇਹ ਮਨ ਪਵਿੱਤਰ ਹੋ ਜਾਂਦਾ ਹੈ।
ਆਤਮਕ ਮੌਤ ਲਿਆਉਣ ਵਾਲੀ ਇਸ ਮਾਇਆ-ਜ਼ਹਰ ਦੇ ਵਿਚ ਵਰਤਦਿਆਂ ਹੀ ਉਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮਿਲ ਜਾਂਦਾ ਹੈ। ਮੇਰੇ ਪ੍ਰਭੂ ਨੂੰ ਇਹੀ ਮਰਯਾਦਾ ਭਾਂਦੀ ਹੈ ॥੧੧॥
ਜਿਸ ਮਨੁੱਖ ਨੂੰ ਪਰਮਾਤਮਾ ਆਪ ਆਤਮਕ ਜੀਵਨ ਦੀ ਸਮਝ ਦੇਂਦਾ ਹੈ, ਉਹੀ ਮਨੁੱਖ ਸਮਝਦਾ ਹੈ।
(ਜਿਉਂ ਜਿਉਂ) ਉਹ ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਹਿਰਦਾ ਸੂਝ ਵਾਲਾ ਹੁੰਦਾ ਜਾਂਦਾ ਹੈ।
ਉਹ ਮਨੁੱਖ ਹਉਮੈ ਅਤੇ ਮਮਤਾ ਨੂੰ (ਪ੍ਰਭਾਵ ਪਾਣ ਤੋਂ) ਰੋਕ ਰੱਖਦਾ ਹੈ। ਆਤਮਕ ਅਡੋਲਤਾ ਵਿਚ ਟਿਕ ਕੇ ਉਹ ਸਦਾ-ਥਿਰ ਹਰੀ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ ॥੧੨॥
ਪਰਮਾਤਮਾ ਦੀ ਮਿਹਰ ਤੋਂ ਬਿਨਾ (ਨਾਮ ਤੋਂ ਖੁੰਝੀ ਹੋਈ) ਹੋਰ ਬਥੇਰੀ ਲੁਕਾਈ ਭਟਕਦੀ ਫਿਰਦੀ ਹੈ।
ਉਹ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕਦਾ ਨਹੀਂ।
ਜਿਹੜਾ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਲੱਟੂ ਹੋਇਆ ਰਹਿੰਦਾ ਹੈ, ਉਹ ਇਹ ਜ਼ਹਰ ਹੀ ਵਿਹਾਝਦਾ ਫਿਰਦਾ ਹੈ, ਉਹ ਕਦੇ ਆਤਮਕ ਆਨੰਦ ਨਹੀਂ ਮਾਣ ਸਕਦਾ ॥੧੩॥
(ਤਿਆਗੀਆਂ ਵਾਲਾ ਪਹਿਰਾਵਾ ਪਾਈ ਫਿਰਦਿਆਂ ਨੂੰ ਵੇਖ ਕੇ ਭੀ ਨਾਹ ਭੁੱਲ ਜਾਣਾ ਕਿ ਇਹ ਇਸ ਜ਼ਹਰ ਤੋਂ ਬਚੇ ਹੋਏ ਹਨ। ਜੋਗ ਸੰਨਿਆਸ ਆਦਿਕ ਵਾਲਾ) ਧਾਰਮਿਕ ਪਹਿਰਾਵਾ ਪਾਣ ਵਾਲਾ ਮਨੁੱਖ ਬਥੇਰੇ (ਇਹੋ ਜਿਹੇ) ਭੇਖ ਕਰਦਾ ਹੈ,
ਪਰ ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਭੀ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਨਹੀਂ ਕਰ ਸਕਿਆ।
ਜਦੋਂ ਮਨੁੱਖ ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਹੀ ਆਪਾ-ਭਾਵ ਛੱਡਦਾ ਹੈ, ਤਦੋਂ ਉਹ (ਹਉਮੈ ਤੋਂ) ਖ਼ਲਾਸੀ ਪਾ ਲੈਂਦਾ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ॥੧੪॥
ਆਤਮਕ ਜੀਵਨ ਵਲੋਂ ਬੇ-ਸਮਝੀ (ਇਸ ਨੂੰ) ਮਾਇਆ ਦੀ ਤ੍ਰਿਸ਼ਨਾ (ਕਹਿ ਲਵੋ, ਇਹ ਮਾਇਆ ਦੀ ਤ੍ਰਿਸ਼ਨਾ ਮਨੁੱਖ ਦੇ) ਇਸ ਸਰੀਰ ਨੂੰ (ਅੰਦਰੇ ਅੰਦਰ) ਸਾੜਦੀ ਰਹਿੰਦੀ ਹੈ।