ਆਪਣੇ ਮਨ ਦਾ ਮੁਰੀਦ ਮਨੁੱਖ ਪਰਾਏ ਘਰ ਵਿਚ ਆਪਣੇ ਚਿਤ ਨੂੰ ਡੁਲਾਂਦਾ ਹੈ।
(ਨਤੀਜਾ ਇਹ ਨਿਕਲਦਾ ਹੈ ਕਿ ਵਿਕਾਰਾਂ ਦੇ) ਜੰਜਾਲ ਵਿਚ ਉਹ ਫਸਦਾ ਹੈ ਤੇ ਉਸ ਦੇ ਗਲ ਵਿਚ ਵਿਕਾਰਾਂ ਦੀ ਫਾਹੀ (ਪੱਕੀ ਹੁੰਦੀ ਜਾਂਦੀ ਹੈ)।
ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ ਇਸ ਜੰਜਾਲ ਵਿਚੋਂ ਬਚ ਨਿਕਲਦਾ ਹੈ ॥੫॥
ਜਿਵੇਂ ਵਿਧਵਾ ਆਪਣਾ ਸਰੀਰ ਪਰਾਏ ਮਨੁੱਖ ਦੇ ਹਵਾਲੇ ਕਰਦੀ ਹੈ।
ਕਾਮ-ਵਾਸਨਾ ਵਿਚ (ਫਸ ਕੇ) ਪੈਸੇ (ਦੇ ਲਾਲਚ) ਵਿਚ (ਫਸ ਕੇ) ਉਹ ਆਪਣਾ ਮਨ (ਭੀ) ਪਰਾਏ ਮਨੁੱਖ ਦੇ ਵੱਸ ਵਿਚ ਕਰਦੀ ਹੈ।
ਪਰ ਪਤੀ ਤੋਂ ਬਿਨਾ ਉਸ ਨੂੰ ਕਦੀ ਭੀ ਸ਼ਾਂਤੀ ਨਸੀਬ ਨਹੀਂ ਹੋ ਸਕਦੀ (ਤਿਵੇਂ ਖਸਮ-ਪ੍ਰਭੂ ਨੂੰ ਭੁਲਾਣ ਵਾਲੀ ਜੀਵ-ਇਸਤ੍ਰੀ ਆਪਣਾ ਆਪ ਵਿਕਾਰਾਂ ਦੇ ਅਧੀਨ ਕਰਦੀ ਹੈ, ਪਰ ਪਤੀ-ਪ੍ਰਭੂ ਤੋਂ ਬਿਨਾ ਆਤਮਕ ਸੁਖ ਕਦੇ ਨਹੀਂ ਮਿਲ ਸਕਦਾ) ॥੬॥
(ਵਿਦਵਾਨ ਪੰਡਿਤ) ਧਰਮ ਪੁਸਤਕਾਂ ਦੇ ਪਾਠ;
ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਮੁੜ ਮੁੜ ਪੜ੍ਹਦਾ ਹੈ, ਉਹਨਾਂ ਦੀ (ਕਾਵਿ-) ਰਚਨਾ ਮੁੜ ਮੁੜ ਸੁਣਦਾ ਹੈ,
ਪਰ ਜਿਤਨਾ ਚਿਰ ਉਸ ਦਾ ਮਨ ਪਰਮਾਤਮਾ ਦੇ ਨਾਮ-ਰਸ ਦਾ ਰਸੀਆ ਨਹੀਂ ਬਣਦਾ, ਉਤਨਾ ਚਿਰ (ਮਾਇਆ ਦੇ ਹੱਥਾਂ ਤੇ ਹੀ) ਨਾਚ ਕਰਦਾ ਹੈ ॥੭॥
ਜਿਵੇਂ ਪਪੀਹੇ ਦਾ (ਵਰਖਾ-) ਜਲ ਨਾਲ ਪ੍ਰੇਮ ਹੈ, (ਵਰਖਾ-) ਜਲ ਦੀ ਉਸ ਨੂੰ ਪਿਆਸ ਹੈ,
ਜਿਵੇਂ ਮੱਛੀ ਪਾਣੀ ਵਿਚ ਬੜੀ ਪ੍ਰਸੰਨ ਰਹਿੰਦੀ ਹੈ,
ਤਿਵੇਂ, ਹੇ ਨਾਨਕ! ਪਰਮਾਤਮਾ ਦਾ ਭਗਤ ਪਰਮਾਤਮਾ ਦਾ ਨਾਮ-ਰਸ ਪੀ ਕੇ ਤ੍ਰਿਪਤ ਹੋ ਜਾਂਦਾ ਹੈ ॥੮॥੧੧॥
(ਜੇ ਕੋਈ ਮਨੁੱਖ ਮਨ ਦਾ ਹਠ ਕਰ ਕੇ ਧੂਣੀਆਂ ਆਦਿਕ ਤਪਾ ਕੇ) ਸਰੀਰਕ ਔਖ ਸਹਾਰਦਾ ਹੈ, ਤਾਂ ਉਸ ਦਾ ਇਹ ਕਸ਼ਟ ਸਹਾਰਨਾ ਕਿਸੇ ਗਿਣਤੀ ਵਿਚ ਨਹੀਂ ਗਿਣਿਆ ਜਾਂਦਾ।
ਜੇ ਕੋਈ ਮਨੁੱਖ (ਪਿੰਡੇ ਉਤੇ) ਸੁਆਹ ਮਲਦਾ ਹੈ ਤੇ (ਜੋਗ ਆਦਿਕ ਦੇ) ਕਈ ਭੇਖ ਕਰਦਾ ਹੈ (ਇਹ ਭੀ ਵਿਅਰਥ ਜਾਂਦੇ ਸਨ)।
ਪਰਮਾਤਮਾ ਦਾ ਨਾਮ ਭੁਲਾ ਕੇ ਉਹ ਅੰਤ ਨੂੰ ਪਛੁਤਾਂਦਾ ਹੈ (ਕਿ ਇਹਨਾਂ ਉੱਦਮਾਂ ਵਿਚ ਵਿਅਰਥ ਜੀਵਨ ਗਵਾਇਆ) ॥੧॥
(ਹੇ ਭਾਈ!) ਤੂੰ (ਆਪਣੇ) ਮਨ ਵਿਚ ਪ੍ਰਭੂ ਜੀ ਨੂੰ (ਵਸਾ ਲੈ, ਤੇ ਇਸ ਤਰ੍ਹਾਂ) ਤੂੰ (ਆਪਣੇ) ਮਨ ਵਿਚ (ਆਤਮਕ) ਆਨੰਦ (ਮਾਣ)।
(ਚੇਤੇ ਰੱਖ) ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਤੂੰ ਜਮਾਂ ਦੇ ਦੁੱਖ ਸਹਾਰੇਂਗਾ ॥੧॥ ਰਹਾਉ ॥
(ਦੂਜੇ ਪਾਸੇ ਜੇ ਕੋਈ ਮਨੁੱਖ) ਅਤਰ ਚੰਦਨ ਅਗਰ ਕਪੂਰ (ਆਦਿਕ ਸੁਗੰਧੀਆਂ ਦੇ ਵਰਤਣ) ਵਿਚ ਮਸਤ ਹੈ,
ਮਾਇਆ ਦੇ ਮੋਹ ਵਿਚ ਮਸਤ ਹੈ, ਤਾਂ ਉੱਚੀ ਆਤਮਕ ਅਵਸਥਾ (ਉਸ ਤੋਂ ਭੀ) ਦੂਰ ਹੈ।
ਜੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਜਾਏ, ਤਾਂ ਇਹ ਸਾਰਾ (ਦੁਨੀਆ ਵਾਲਾ ਐਸ਼ ਭੀ) ਵਿਅਰਥ ਹੈ (ਸੁਖ ਨਹੀਂ ਮਿਲਦਾ, ਮਨੁੱਖ ਸੁਖ ਦੇ) ਵਿਅਰਥ ਜਤਨਾਂ ਵਿਚ ਹੀ ਰਹਿੰਦਾ ਹੈ ॥੨॥
(ਜੇ ਕੋਈ ਮਨੁੱਖ ਰਾਜਾ ਭੀ ਬਣ ਜਾਏ) ਤਖ਼ਤ ਉਤੇ (ਬੈਠੇ ਹੋਏ ਨੂੰ) ਨੇਜ਼ਾ-ਬਰਦਾਰ ਤੇ ਫ਼ੌਜੀ ਵਾਜੇ ਵਾਲੇ ਸਲਾਮ ਕਰਨ,
ਤਾਂ ਭੀ ਮਾਇਆ ਦੀ ਤ੍ਰਿਸਨਾ ਹੀ ਵਧਦੀ ਹੈ, ਕਾਮ-ਵਾਸਨਾ ਜ਼ੋਰ ਪਾਂਦੀ ਹੈ (ਇਹਨਾਂ ਵਿਚ ਆਤਮਕ ਸੁਖ ਨਹੀਂ ਹੈ! ਸੁਖ ਹੈ ਕੇਵਲ ਪ੍ਰਭੂ ਦੇ ਨਾਮ ਵਿਚ ਭਗਤੀ ਵਿਚ)।
ਪਰ ਪ੍ਰਭੂ ਦੇ ਦਰ ਤੋਂ ਮੰਗਣ ਤੋਂ ਬਿਨਾ ਨਾਹ ਭਗਤੀ ਮਿਲਦੀ ਹੈ ਨਾਹ ਨਾਮ ਮਿਲਦਾ ਹੈ ॥੩॥
(ਵਿੱਦਿਆ ਦੇ ਬਲ ਨਾਲ ਧਾਰਮਿਕ ਪੁਸਤਕਾਂ ਦੀ ਚਰਚਾ ਦੇ) ਝਗੜੇ ਵਿਚ (ਪਿਆਂ) (ਤੇ ਵਿੱਦਿਆ ਦੇ) ਅਹੰਕਾਰ ਵਿਚ (ਭੀ) ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ।
(ਹੇ ਭਾਈ!) ਆਪਣਾ ਮਨ ਦੇ ਕੇ (ਹੀ, ਅਹੰਕਾਰ ਗਵਾ ਕੇ ਹੀ) ਸੁਖਾਂ ਦਾ ਸੋਮਾ ਪ੍ਰਭੂ-ਨਾਮ ਪ੍ਰਾਪਤ ਕਰੇਂਗਾ।
(ਪ੍ਰਭੂ ਨੂੰ ਵਿਸਾਰ ਕੇ) ਹੋਰ ਹੋਰ ਪਿਆਰ ਵਿਚ ਰਿਹਾਂ ਤਾਂ ਦੁਖਦਾਈ ਅਗਿਆਨ ਹੀ (ਵਧੇਗਾ) ॥੪॥
ਜਿਵੇਂ ਰਾਸ-ਪੂੰਜੀ ਤੋਂ ਬਿਨਾ ਹੱਟੀ ਦਾ ਸੌਦਾ-ਸੂਤ ਨਹੀਂ ਆ ਸਕਦਾ,
ਜਿਵੇਂ ਜਹਾਜ਼ ਤੋਂ ਬਿਨਾ ਸਮੁੰਦਰ ਦਾ ਸਫ਼ਰ ਨਹੀਂ ਹੋ ਸਕਦਾ,
ਤਿਵੇਂ ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵਨ-ਸਫ਼ਰ ਵਿਚ ਆਤਮਕ ਰਾਸ-ਪੂੰਜੀ ਵਲੋਂ) ਘਾਟੇ ਹੀ ਘਾਟੇ ਵਿਚ ਰਹੀਦਾ ਹੈ ॥੫॥
(ਹੇ ਭਾਈ!) ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ, ਜਿਹੜਾ ਸਹੀ ਜੀਵਨ-ਰਸਤਾ ਵਿਖਾਂਦਾ ਹੈ,
ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ, ਜੇਹੜਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਸੁਣਾਂਦਾ ਹੈ,
ਤੇ (ਇਸੇ ਤਰ੍ਹਾਂ) ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ, ਜੇਹੜਾ ਪਰਮਾਤਮਾ ਦੇ ਮਿਲਾਪ ਵਿਚ ਮਿਲਾ ਦੇਂਦਾ ਹੈ ॥੬॥
ਹੇ ਭਾਈ! ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਜਿਸ ਦੀ (ਦਿੱਤੀ ਹੋਈ) ਇਹ ਜਿੰਦ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਮੁੜ ਮੁੜ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ।
ਉਹ ਪ੍ਰਭੂ ਤੈਨੂੰ ਆਪਣੀ ਰਜ਼ਾ ਵਿਚ ਨਾਮ ਜਪਣ ਦੀ ਵਡਿਆਈ ਦੇਵੇਗਾ ॥੭॥
ਹੇ ਮੇਰੀ ਮਾਂ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ (ਆਤਮਕ ਜੀਵਨ) ਜਿਊ ਨਹੀਂ ਸਕਦਾ।
ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, (ਮਿਹਰ ਕਰ) ਮੈਂ ਦਿਨ ਰਾਤ ਤੇਰਾ ਹੀ ਨਾਮ ਜਪਦਾ ਰਹਾਂ।
ਹੇ ਨਾਨਕ! ਜੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹੀਏ, ਤਾਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੮॥੧੨॥
("ਮੈਂ ਧਰਮੀ ਹਾਂ ਮੈਂ ਧਰਮੀ ਹਾਂ" ਇਹ) "ਮੈਂ ਮੈਂ" ਕਰਦਿਆਂ (ਨਿਰੇ) ਧਾਰਮਿਕ ਭੇਖਾਂ ਦੀ ਰਾਹੀਂ ਕਦੇ ਕਿਸੇ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪਾਈ।
ਗੁਰੂ ਦੀ ਸਰਨ ਪੈ ਕੇ ਹੀ (ਭਾਵ, ਗੁਰੂ ਅੱਗੇ ਆਪਾ-ਭਾਵ ਤਿਆਗਿਆਂ ਹੀ) ਪਰਮਾਤਮਾ ਦੀ ਭਗਤੀ ਵਿਚ ਮਨ ਗਿੱਝਦਾ ਹੈ, ਪਰ ਅਜੇਹਾ ਆਪਾ-ਭਾਵ ਤਿਆਗਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ ॥੧॥
(ਮੈਂ ਵੱਡਾ ਧਰਮੀ ਹਾਂ, ਮੈਂ ਵੱਡਾ ਰਾਜਾ ਹਾਂ, ਇਹੋ ਜਿਹੀ) ਮੈਂ, ਮੈਂ ਕਰਦਿਆਂ (ਕਦੇ) ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲ ਨਹੀਂ ਸਕਦਾ।
ਜਦੋਂ ਇਹ ਹਉਮੇ ਦੂਰ ਹੋਵੇ, ਤਦੋਂ ਹੀ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਸਕੀਦਾ ਹੈ ॥੧॥ ਰਹਾਉ ॥
("ਅਸੀਂ ਵੱਡੇ ਰਾਜੇ ਹਾਂ," ਇਸੇ) ਹਉਮੈ ਦੇ ਕਾਰਨ ਹੀ ਰਾਜੇ ਇਕ ਦੂਜੇ ਦੇ ਦੇਸਾਂ ਉਤੇ, ਕਈ ਵਾਰੀ ਹੱਲੇ ਕਰਦੇ ਰਹਿੰਦੇ ਹਨ,
ਆਪਣੇ ਵਡੱਪਣ ਦੇ ਮਾਣ ਵਿਚ ਦੁਖੀ ਹੁੰਦੇ ਹਨ (ਸਿੱਟਾ ਇਹ ਨਿਕਲਦਾ ਹੈ ਕਿ ਪ੍ਰਭੂ ਦੀ ਯਾਦ ਭੁਲਾ ਕੇ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੨॥
ਜੇਹੜਾ (ਵਡ-ਭਾਗੀ) ਮਨੁੱਖ ਗੁਰੂ ਦਾ ਸ਼ਬਦ ਵਿਚਾਰਦਾ ਹੈ (ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ) ਉਸ ਦੀ ਹਉਮੈ ਦੂਰ ਹੋ ਜਾਂਦੀ ਹੈ,
ਉਹ (ਭਟਕਣਾ ਵਿਚ ਪਾਣ ਵਾਲੀ ਆਪਣੀ) ਹੋਛੀ ਮਤਿ ਤਿਆਗਦਾ ਹੈ, ਤੇ ਕਾਮਾਦਿਕ ਪੰਜਾਂ ਵੈਰੀਆਂ ਦਾ ਨਾਸ ਕਰਦਾ ਹੈ ॥੩॥
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਵੱਸਦਾ) ਹੈ, ਉਹ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ।
ਸਾਰੀ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ॥੪॥
ਜਿਸ ਮਨੁੱਖ ਦੇ ਮਨ ਦੀ ਭਟਕਣਾ ਗੁਰੂ ਦੂਰ ਕਰਦਾ ਹੈ, ਸਦਾ-ਥਿਰ ਪ੍ਰਭੂ ਦਾ ਸਿਮਰਨ ਉਸ ਦਾ ਨਿੱਤ-ਕਰਮ ਬਣ ਜਾਂਦਾ ਹੈ,
ਉਹ ਨਿਰਭਉ ਪ੍ਰਭੂ ਦੇ ਚਰਨਾਂ ਵਿਚ ਸਦਾ ਆਪਣੀ ਸੁਰਤ ਜੋੜੀ ਰੱਖਦਾ ਹੈ ॥੫॥
ਹਉਂ, ਹਉਂ; ਮੈਂ, ਮੈਂ ਦੇ ਕਾਰਨ ਆਤਮਕ ਮੌਤ ਹੀ ਸਹੇੜੀਦੀ ਹੈ, ਇਸ ਤੋਂ ਛੁਟ ਹੋਰ ਕੋਈ ਆਤਮਕ ਗੁਣ ਨਹੀਂ ਲੱਭਦਾ।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਹਉਮੈ ਦੇ ਇਸ ਟੰਟੇ ਨੂੰ ਆਪਣੇ ਅੰਦਰੋਂ ਮੁਕਾ ਲੈਂਦਾ ਹੈ ॥੬॥
ਹਉਮੈ ਦੇ ਆਸਰੇ ਜਿਤਨੀ ਭੀ ਦੌੜ-ਭੱਜ ਹੈ ਇਹ ਸਾਰੀ ਦੌੜ-ਭੱਜ ਕੋਈ ਆਤਮਿਕ ਲਾਭ ਨਹੀਂ ਪੁਚਾਂਦੀ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਗੁਰੂ ਤੋਂ) ਗਿਆਨ ਪ੍ਰਾਪਤ ਕਰ ਕੇ ਪਰਮਾਤਮਾ ਦੇ ਗੁਣ ਗਾਂਦੇ ਹਨ ॥੭॥