ਜੋ ਮਨੁੱਖ ਜਾਦੂ ਟੂਣੇ ਮੰਤ੍ਰ ਤੇ ਦਵਾਈਆਂ ਜਾਣਦੇ ਹਨ, ਉਹਨਾਂ ਦਾ ਭੀ ਜਨਮ ਮਰਨ ਦਾ ਚੱਕਰ ਨਹੀਂ ਮੁੱਕਦਾ ॥੨॥
ਕਈ ਐਸੇ ਹਨ ਜੋ ਰਾਜ ਦੀਆਂ ਮੌਜਾਂ ਮਾਣਦੇ ਹਨ, ਤਖ਼ਤ ਉੱਤੇ ਬੈਠੇ ਹਨ, ਜਿਨ੍ਹਾਂ ਦੇ ਸਿਰ ਉੱਤੇ ਛਤਰ ਝੁਲਦਾ ਹੈ, (ਮਹਿਲਾਂ ਵਿਚ) ਸੁੰਦਰ ਨਾਰਾਂ ਹਨ,
ਜੋ ਪਾਨ ਕਪੂਰ ਸੁੰਦਰ ਸੁਗੰਧੀ ਦੇਣ ਵਾਲੇ ਚੰਦਨ ਵਰਤਦੇ ਹਨ-ਮੌਤ ਦਾ ਗੇੜ ਉਹਨਾਂ ਦੇ ਸਿਰ ਤੇ ਭੀ ਮੌਜੂਦ ਹੈ ॥੩॥
ਵੇਦ, ਪੁਰਾਨ, ਸਿਮ੍ਰਿਤੀਆਂ ਸਾਰੇ ਖੋਜ ਵੇਖੇ ਹਨ (ਪ੍ਰਭੂ ਦੇ ਨਾਮ ਦੀ ਓਟ ਤੋਂ ਬਿਨਾ ਹੋਰ ਕਿਤੇ ਭੀ ਜਨਮ ਮਰਨ ਦੇ ਗੇੜ ਤੋਂ ਬਚਾਉ ਨਹੀਂ ਮਿਲਦਾ;
ਕਬੀਰ ਆਖਦਾ ਹੈ- ਸੋ, ਮੈਂ ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਪ੍ਰਭੂ ਦਾ ਨਾਮ ਹੀ ਜਨਮ ਮਰਨ ਮਿਟਾਂਦਾ ਹੈ ॥੪॥੫॥
(ਮਨ ਦਾ) ਹਾਥੀ (ਵਾਲਾ ਸੁਭਾਉ) ਰਬਾਬੀ (ਬਣ ਗਿਆ ਹੈ), ਬਲਦ (ਵਾਲਾ ਸੁਭਾਉ) ਜੋੜੀ ਵਜਾਣ ਵਾਲਾ (ਹੋ ਗਿਆ ਹੈ) ਅਤੇ ਕਾਂ (ਵਾਲਾ ਸੁਭਾਉ) ਤਾਲ ਵਜਾ ਰਿਹਾ ਹੈ।
ਖੋਤਾ (-ਖੋਤੇ ਵਾਲਾ ਸੁਭਾਉ) (ਪ੍ਰੇਮ ਰੂਪੀ) ਚੋਲਾ ਪਾ ਕੇ ਨੱਚ ਰਿਹਾ ਹੈ, ਅਤੇ ਭੈਂਸਾ (ਭਾਵ, ਭੈਂਸੇ ਵਾਲਾ ਸੁਭਾਉ) ਭਗਤੀ ਕਰਦਾ ਹੈ ॥੧॥
ਹੇ ਮੇਰੇ ਸੁਹਣੇ ਰਾਮ ਅੱਕਾਂ ਦੀਆਂ ਖੱਖੜੀਆਂ (ਹੁਣ) ਪੱਕੇ ਹੋਏ ਅੰਬ ਬਣ ਗਏ ਹਨ,
ਪਰ ਖਾਧੇ ਕਿਸੇ ਵਿਰਲੇ ਵਿਚਾਰ ਵਾਲੇ ਨੇ ਹਨ ॥੧॥ ਰਹਾਉ ॥
(ਮਨ-) ਸਿੰਘ ਆਪਣੇ ਸ੍ਵੈ-ਸਰੂਪ ਵਿਚ ਟਿਕ ਕੇ (ਭਾਵ, ਮਨ ਦਾ ਨਿਰਦਇਤਾ ਵਾਲਾ ਸੁਭਾਉ ਹਟ ਕੇ ਹੁਣ ਇਹ) ਸੇਵਾ ਦਾ ਆਹਰ ਕਰਦਾ ਹੈ ਤੇ (ਮਨ-) ਘੀਸ ਪਾਨਾਂ ਦੇ ਬੀੜੇ ਵੰਡ ਰਹੀ ਹੈ, (ਭਾਵ, ਮਨ ਤ੍ਰਿਸ਼ਨਾ ਛੱਡ ਕੇ ਹੋਰਨਾਂ ਦੀ ਸੇਵਾ ਕਰਦਾ ਹੈ)।
ਸਾਰੀਆਂ ਇੰਦ੍ਰੀਆਂ ਆਪੋ ਆਪਣੇ ਗੋਲਕ-ਅਸਥਾਨ ਵਿਚ ਰਹਿ ਕੇ ਹਰੀ-ਜਸ ਰੂਪ ਮੰਗਲ ਗਾ ਰਹੀਆਂ ਹਨ ਤੇ (ਉਹੀ) ਮਨ (ਜੋ ਪਹਿਲਾਂ) ਕੱਛੂ-ਕੁੰਮਾ (ਸੀ, ਭਾਵ, ਜੋ ਪਹਿਲਾਂ ਸਤਸੰਗ ਤੋਂ ਦੂਰ ਭੱਜਦਾ ਸੀ, ਹੁਣ) ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ ॥੨॥
(ਜੋ ਪਹਿਲਾਂ) ਮਾਇਆ ਵਿਚ ਵੇੜ੍ਹਿਆ ਹੋਇਆ (ਸੀ, ਉਹ) ਮਨ (ਸੁਅੱਛ ਬ੍ਰਿਤੀ) ਵਿਆਹੁਣ ਤੁਰ ਪਿਆ ਹੈ, (ਹੁਣ) ਅੰਦਰ ਖਿੜਾਉ ਹੀ ਖਿੜਾਉ ਬਣ ਗਿਆ ਹੈ।
ਉਸ ਮਨ ਨੇ (ਹਰੀ ਨਾਲ ਜੁੜੀ ਉਹ ਬ੍ਰਿਤੀ-ਰੂਪ) ਸੁੰਦਰੀ ਵਿਆਹ ਲਈ ਹੈ ਜੋ ਵਿਕਾਰਾਂ ਵਲੋਂ ਕੁਆਰੀ ਹੈ (ਅਤੇ ਹੁਣ ਉਹ ਮਨ ਜੋ ਪਹਿਲਾਂ ਵਿਕਾਰਾਂ ਵਿਚ ਪੈਣ ਦੇ ਕਾਰਨ) ਸਹਿਆ (ਸੀ, ਭਾਵ, ਸਹਮਿਆ ਰਹਿੰਦਾ ਸੀ) ਨਿਰਭਉ ਹਰੀ ਦੇ ਗੁਣ ਗਾਉਂਦਾ ਹੈ ॥੩॥
ਕਬੀਰ ਆਖਦਾ ਹੈ-ਹੇ ਸੰਤ ਜਨੋਂ! ਸੁਣਹੁ (ਹੁਣ ਮਨ ਦੀ) ਨਿੰਮ੍ਰਤਾ ਨੇ ਅਹੰਕਾਰ ਨੂੰ ਮੁਕਾ ਦਿੱਤਾ ਹੈ।
(ਮਨ ਦਾ) ਕੋਰਾਪਨ (ਹਟ ਗਿਆ ਹੈ, ਤੇ ਮਨ) ਕਹਿੰਦਾ ਹੈ, ਮੈਨੂੰ ਨਿੱਘ ਚਾਹੀਦਾ ਹੈ, (ਭਾਵ, ਹੁਣ ਮਨ ਇਨਸਾਨੀ ਹਮਦਰਦੀ ਦੇ ਗੁਣ ਦਾ ਚਾਹਵਾਨ ਹੈ)। (ਮਨ ਦੀ) ਅਗਿਆਨਤਾ ਉਲਟ ਕੇ ਗਿਆਨ ਬਣ ਗਿਆ ਹੈ, ਤੇ (ਹੁਣ ਮਨ ਹੋਰਨਾਂ ਨੂੰ) ਗੁਰੂ ਦਾ ਸ਼ਬਦ ਸੁਣਾ ਰਿਹਾ ਹੈ ॥੪॥੬॥
ਉਹ ਜੋਗੀ ਇਕ ਪ੍ਰਭੂ-ਨਾਮ ਨੂੰ ਆਪਣਾ ਬਟੂਆ ਬਣਾਉਂਦਾ ਹੈ, ਬਹੱਤਰ ਵੱਡੀਆਂ ਨਾੜੀਆਂ ਵਾਲੇ ਸਰੀਰ ਨੂੰ ਝੋਲੀ ਬਣਾਉਂਦਾ ਹੈ, ਜਿਸ ਸਰੀਰ ਵਿਚ ਪ੍ਰਭੂ ਨੂੰ ਮਿਲਣ ਲਈ (ਦਿਮਾਗ਼ ਰੂਪ) ਇੱਕੋ ਹੀ ਬੂਹਾ ਹੈ।
ਉਹ ਜੋਗੀ ਇਸ ਸਰੀਰ ਦੇ ਅੰਦਰ ਹੀ ਟਿਕ ਕੇ (ਪ੍ਰਭੂ ਦੇ ਦਰ ਤੋਂ ਨਾਮ ਦੀ) ਭਿੱਖਿਆ ਮੰਗਦਾ ਹੈ (ਸਾਡੀਆਂ ਨਜ਼ਰਾਂ ਵਿਚ ਤਾਂ) ਉਹ ਜੋਗੀ ਜਗਤ ਵਿਚ ਸਭ ਤੋਂ ਸ੍ਰੇਸ਼ਟ ਹੈ ॥੧॥
ਉਹ ਮਨੁੱਖ ਹੈ ਅਸਲ ਜੋਗੀ, ਉਸ ਨੂੰ (ਮਾਨੋ) ਨੌ ਖ਼ਜ਼ਾਨੇ ਮਿਲ ਜਾਂਦੇ ਹਨ,
ਜੋ ਮਾਇਆ-ਗ੍ਰਸੇ ਆਤਮਾ ਨੂੰ ਚੁੱਕ ਕੇ ਮਾਇਆ ਦੇ ਪ੍ਰਭਾਵ ਤੋਂ ਉੱਚਾ ਲੈ ਜਾਂਦਾ ਹੈ ॥੧॥ ਰਹਾਉ ॥
ਅਸਲ ਜੋਗੀ ਗਿਆਨ ਦੀ ਗੋਦੜੀ ਬਣਾਉਂਦਾ ਹੈ, ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤਿ ਦੀ ਸੂਈ ਤਿਆਰ ਕਰਦਾ ਹੈ, ਗੁਰੂ ਦਾ ਸ਼ਬਦ-ਰੂਪ ਧਾਗਾ ਵੱਟ ਕੇ (ਭਾਵ, ਮੁੜ ਮੁੜ ਸ਼ਬਦ ਦੀ ਕਮਾਈ ਕਰ ਕੇ) ਉਸ ਸੂਈ ਵਿਚ ਪਾਂਦਾ ਹੈ;
ਸਰੀਰ ਦੇ ਮੋਹ ਨੂੰ ਪੈਰਾਂ ਹੇਠ ਦੇ ਕੇ ਸਤਿਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਦਾ ਹੈ ॥੨॥
ਅਸਲ ਜੋਗੀ ਆਪਣੇ ਸਰੀਰ ਦੀ ਧੂਣੀ ਬਣਾ ਕੇ ਉਸ ਵਿਚ (ਪ੍ਰਭੂ ਨੂੰ ਹਰ ਥਾਂ ਵੇਖਣ ਵਾਲੀ) ਨਜ਼ਰ ਦੀ ਅੱਗ ਬਾਲਦਾ ਹੈ (ਤੇ ਇਸ ਸਰੀਰ-ਰੂਪ ਧੂਏਂ ਵਿਚ ਭਲੇ ਗੁਣ ਇਕੱਠੇ ਕਰਨ ਲਈ) ਦਇਆ ਨੂੰ ਪਹੌੜੀ ਬਣਾਉਂਦਾ ਹੈ,
ਉਸ ਪਰਮਾਤਮਾ ਦਾ ਪਿਆਰ ਆਪਣੇ ਹਿਰਦੇ ਵਿਚ ਵਸਾਉਂਦਾ ਹੈ ਤੇ ਇਸ ਤਰ੍ਹਾਂ ਸਦਾ ਲਈ ਆਪਣੀ ਸੁਰਤ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦਾ ਹੈ ॥੩॥
ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਜਿੰਦ ਹਨ, ਉਸ ਦਾ ਨਾਮ ਸਿਮਰਨਾ ਸਭ ਤੋਂ ਚੰਗਾ ਜੋਗ ਦਾ ਆਹਰ ਹੈ।
ਕਬੀਰ ਆਖਦਾ ਹੈ- ਜੇ ਪ੍ਰਭੂ ਆਪ ਮਿਹਰ ਕਰੇ ਤਾਂ ਉਹ ਇਹ ਸਦਾ-ਥਿਰ ਰਹਿਣ ਵਾਲਾ ਨੂਰ ਬਖ਼ਸ਼ਦਾ ਹੈ ॥੪॥੭॥
ਹਿੰਦੂ ਤੇ ਮੁਸਲਮਾਨ (ਇਕ ਪਰਮਾਤਮਾ ਤੋਂ ਬਿਨਾ ਹੋਰ) ਕਿਥੋਂ ਪੈਦਾ ਹੋਏ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਨੇ ਇਹ ਰਸਤੇ ਤੋਰੇ; (ਜਦੋਂ ਦੋਹਾਂ ਮਤਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਹਨ, ਤਾਂ ਉਹ ਕਿਸ ਨਾਲ ਵਿਤਕਰਾ ਕਰ ਸਕਦਾ ਹੈ?)
ਕੋਝੇ ਝਗੜਾਲੂ (ਆਪਣੇ ਮਤ ਨੂੰ ਸੱਚਾ ਸਾਬਤ ਕਰਨ ਲਈ ਬਹਿਸਾਂ ਕਰਨ ਦੇ ਥਾਂ, ਅਸਲੀਅਤ ਲੱਭਣ ਲਈ) ਆਪਣੇ ਦਿਲ ਵਿਚ ਸੋਚ ਤੇ ਵਿਚਾਰ ਕਰ ਕਿ ਕਿਸ ਨੇ ਬਹਿਸ਼ਤ ਲੱਭਾ ਤੇ ਕਿਸ ਨੇ ਦੋਜ਼ਕ? (ਭਾਵ, ਸਿਰਫ਼ ਮੁਸਲਮਾਨ ਅਖਵਾਉਣ ਨਾਲ ਬਹਿਸ਼ਤ ਨਹੀਂ ਮਿਲ ਜਾਂਦਾ, ਤੇ ਹਿੰਦੂ ਰਿਹਾਂ ਦੋਜ਼ਕ ਵਿਚ ਨਹੀਂ ਪਈਦਾ) ॥੧॥
ਹੇ ਕਾਜ਼ੀ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਕ ਮਿਲੇਗਾ)?
(ਹੇ ਕਾਜ਼ੀ!) ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ (ਭਾਵ, ਜੋ ਮਨੁੱਖ ਤੇਰੇ ਵਾਂਗ ਤਅੱਸਬ ਦੀ ਪੱਟੀ ਅੱਖਾਂ ਅੱਗੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ ਖ਼ੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ ॥੧॥ ਰਹਾਉ ॥
(ਇਹ) ਸੁੰਨਤ (ਤਾਂ) ਔਰਤ ਦੇ ਪਿਆਰ ਦੀ ਖ਼ਾਤਰ ਕੀਤੀ ਜਾਂਦੀ ਹੈ। ਹੇ ਭਾਈ! ਮੈਂ ਨਹੀਂ ਮੰਨ ਸਕਦਾ (ਕਿ ਇਸ ਦਾ ਰੱਬ ਦੇ ਮਿਲਣ ਨਾਲ ਕੋਈ ਸੰਬੰਧ ਹੈ)।
ਜੋ ਰੱਬ ਨੇ ਮੈਨੂੰ ਮੁਸਲਮਾਨ ਬਣਾਉਣਾ ਹੋਇਆ, ਤਾਂ ਮੇਰੀ ਸੁੰਨਤ ਆਪਣੇ ਆਪ ਹੀ ਹੋ ਜਾਇਗੀ ॥੨॥
ਪਰ, ਜੇ ਸਿਰਫ਼ ਸੁੰਨਤ ਕੀਤਿਆਂ ਹੀ ਮੁਸਲਮਾਨ ਬਣ ਸਕੀਦਾ ਹੈ, ਤਾਂ ਔਰਤ ਦੀ ਸੁੰਨਤ ਤਾਂ ਹੋ ਹੀ ਨਹੀਂ ਸਕਦੀ।
ਵਹੁਟੀ ਮਨੁੱਖ ਦੇ ਜੀਵਨ ਦੀ ਹਰ ਵੇਲੇ ਦੀ ਸਾਂਝੀਵਾਲ ਹੈ, ਇਹ ਤਾਂ ਕਿਸੇ ਵੇਲੇ ਸਾਥ ਛੱਡਦੀ ਨਹੀਂ। ਸੋ, (ਅਧਵਾਟੇ ਰਹਿਣ ਨਾਲੋਂ) ਹਿੰਦੂ ਟਿਕੇ ਰਹਿਣਾ ਹੀ ਚੰਗਾ ਹੈ ॥੩॥
ਮਜ਼ਹਬੀ ਕਿਤਾਬਾਂ ਦੀਆਂ ਬਹਿਸਾਂ ਛੱਡ ਕੇ ਪਰਮਾਤਮਾ ਦਾ ਭਜਨ ਕਰ, (ਬੰਦਗੀ ਛੱਡ ਕੇ, ਤੇ ਬਹਿਸਾਂ ਵਿਚ ਪੈ ਕੇ) ਤੂੰ ਆਪਣੇ ਆਪ ਉੱਤੇ ਬੜਾ ਜ਼ੁਲਮ ਕਰ ਰਿਹਾ ਹੈਂ।
ਕਬੀਰ ਨੇ ਤਾਂ ਇਕ ਪਰਮਾਤਮਾ (ਦੇ ਸਿਮਰਨ) ਦਾ ਆਸਰਾ ਲਿਆ ਹੈ, (ਝਗੜਾਲੂ) ਮੁਸਲਮਾਨ (ਬਹਿਸਾਂ ਵਿਚ ਹੀ) ਖ਼ੁਆਰ ਹੋ ਰਹੇ ਹਨ ॥੪॥੮॥
(ਜਿਵੇਂ) ਜਦ ਤਕ ਦੀਵੇ ਵਿਚ ਤੇਲ ਹੈ, ਤੇ ਦੀਵੇ ਦੇ ਮੂੰਹ ਵਿਚ ਵੱਟੀ ਹੈ, ਤਦ ਤਕ (ਘਰ ਵਿਚ) ਹਰੇਕ ਚੀਜ਼ ਨਜ਼ਰੀਂ ਆਉਂਦੀ ਹੈ।
ਸਨਕ ਸਨੰਦ (ਆਦਿਕ ਬ੍ਰਹਮਾ ਦੇ ਪੁੱਤਰਾਂ) ਨੇ ਭੀ (ਪਰਮਾਤਮਾ ਦੇ ਗੁਣਾਂ ਦਾ) ਅੰਤ ਨਹੀਂ ਲੱਭਾ,