ਹੇ ਵੀਰ! ਮੈਂ ਪਿਆਰੇ ਦੀ ਪ੍ਰੀਤ ਨਾਲ ਵੈਰਾਗਣ ਹੋਈ ਪਈ ਹਾਂ, ਮੈਂ (ਹਰ ਵੇਲੇ ਇਹ) ਸੋਚ ਸੋਚਦੀ ਰਹਿੰਦੀ ਹਾਂ ਕਿ ਮੈਂ ਹਰੀ ਦਾ ਦਰਸਨ ਕਦੋਂ ਕਰਾਂਗੀ।
(ਇਸ ਮਨ ਨੂੰ ਧੀਰਜ ਦੇਣ ਲਈ) ਮੈਂ ਜਤਨ ਕਰਦੀ ਰਹਿੰਦੀ ਹਾਂ, ਪਰ ਇਹ ਮਨ ਧੀਰਜ ਨਹੀਂ ਕਰਦਾ। ਹੇ ਵੀਰ! ਕੋਈ ਅਜਿਹਾ ਭੀ ਸੰਤ ਹੈ ਜਿਹੜਾ ਮੈਨੂੰ ਪ੍ਰਭੂ ਮਿਲਾ ਦੇਵੇ? ॥੧॥
ਹੇ ਵੀਰ! ਮੈਂ ਸਾਰੇ ਜਪ ਸਾਰੇ ਤਪ ਸਾਰੇ ਸੰਜਮ ਸਾਰੇ ਪੁੰਨ ਕੁਰਬਾਨ ਕਰ ਦਿਆਂ, ਸਾਰੇ ਸੁਖਾਂ ਦੇ ਵਸੀਲੇ (ਪਿਆਰੇ ਪ੍ਰਭੂ ਨਾਲ ਮਿਲਣ ਵਾਲੇ ਸੰਤ ਅੱਗੇ) ਭੇਟਾ ਰੱਖ ਦਿਆਂਗੀ।
ਹੇ ਵੀਰ! ਜੇ ਕੋਈ ਅੱਖ ਝਮਕਣ ਜਿਤਨੇ ਸਮੇ ਲਈ ਹੀ ਮੈਨੂੰ ਪਿਆਰੇ ਦਾ ਦਰਸਨ ਕਰਾ ਦੇਵੇ, ਤਾਂ ਮੈਂ ਉਸ ਪਿਆਰੇ ਦੇ ਉਹਨਾਂ ਸੰਤਾਂ ਤੋਂ ਸਦਕੇ ਕੁਰਬਾਨ ਜਾਵਾਂ ॥੨॥
ਹੇ ਵੀਰ! ਮੈਂ ਉਸ ਦੇ ਅੱਗੇ ਬਹੁਤ ਤਰਲਾ ਕਰਾਂਗੀ, ਬੇਨਤੀ ਕਰਾਂਗੀ, ਮੈਂ ਦਿਨ ਰਾਤ ਉਸ ਦੀ ਸੇਵਾ ਕਰਾਂਗੀ।
ਜਿਹੜਾ ਕੋਈ ਸੰਤ ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਏ, ਮੈਂ ਉਸ ਦੇ ਅੱਗੇ ਆਪਣਾ ਸਾਰਾ ਮਾਣ ਅਹੰਕਾਰ ਤਿਆਗ ਦਿਆਂਗੀ ॥੩॥
ਮੈਂ ਇਹ ਕੌਤਕ ਵੇਖ ਕੇ ਹੈਰਾਨ ਹੋ ਗਈ ਕਿ ਗੁਰੂ ਨੇ ਸਤਿਗੁਰੂ ਨੇ ਮੈਨੂੰ ਅਕਾਲ ਪੁਰਖ (ਦੇ ਚਰਨਾਂ) ਵਿਚ ਜੋੜ ਦਿੱਤਾ।
ਹੇ ਦਾਸ ਨਾਨਕ! ਦਇਆ ਦਾ ਸੋਮਾ ਪਿਆਰ-ਸਰੂਪ ਪਰਮਾਤਮਾ ਮੈਂ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ, (ਤੇ, ਮੇਰੇ ਅੰਦਰੋਂ ਮਾਇਆ ਵਾਲੀ ਸਾਰੀ) ਤਪਸ਼ ਮਿਟ ਗਈ ॥੪॥੧॥੧੫॥
ਹੇ ਮੂਰਖ! ਹੁਣ (ਜਨਮ ਲੈ ਕੇ) ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ?
(ਜਦੋਂ) ਤੂੰ ਭਿਆਨਕ ਨਰਕ (ਵਰਗੇ ਮਾਂ ਦੇ ਪੇਟ) ਵਿਚ (ਸੀ ਤਦੋਂ ਤੂੰ) ਪੁੱਠਾ (ਲਟਕਿਆ ਹੋਇਆ) ਤਪ ਕਰਦਾ ਸੀ, (ਉਥੇ ਤੂੰ) ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਸੀ ॥੧॥ ਰਹਾਉ ॥
ਹੇ ਮੂਰਖ! ਤੂੰ ਅਨੇਕਾਂ ਹੀ ਜਨਮਾਂ ਵਿਚ ਭਟਕਦਾ ਆਇਆ ਹੈਂ। ਹੁਣ ਤੈਨੂੰ ਦੁਰਲੱਭ ਮਨੁੱਖਾ ਜਨਮ ਮਿਲਿਆ ਹੈ।
ਪਰ ਮਾਂ ਦਾ ਪੇਟ ਛੱਡ ਕੇ ਜਦੋਂ ਤੂੰ ਜਗਤ ਵਿਚ ਆ ਗਿਆ, ਤਦੋਂ ਤੂੰ (ਸਿਮਰਨ ਛੱਡ ਕੇ) ਹੋਰ ਹੋਰ ਥਾਈਂ ਰੁੱਝ ਗਿਆ ॥੧॥
ਹੇ ਮੂਰਖ! ਤੂੰ ਦਿਨ ਰਾਤ ਬੁਰਾਈਆਂ ਕਰਦਾ ਹੈਂ, ਠੱਗੀਆਂ ਕਰਦਾ ਹੈਂ, ਤੂੰ ਸਦਾ ਉਹੀ ਕੰਮ ਕਰਦਾ ਰਹਿੰਦਾ ਹੈਂ ਜਿਨ੍ਹਾਂ ਤੋਂ ਕੁਝ ਭੀ ਹੱਥ ਨਹੀਂ ਆਉਣਾ।
(ਵੇਖ, ਜਿਹੜੇ ਕਿਸਾਨ ਉਹਨਾਂ) ਤੁਹਾਂ ਨੂੰ ਹੀ ਗਾਂਹਦੇ ਰਹਿੰਦੇ ਹਨ ਜਿਨ੍ਹਾਂ ਵਿਚ ਦਾਣੇ ਨਹੀਂ ਹੁੰਦੇ, ਉਹ ਦੌੜ ਦੌੜ ਕੇ ਦੁੱਖ (ਹੀ) ਪਾਂਦੇ ਹਨ ॥੨॥
ਹੇ ਕਮਲੇ! ਤੂੰ ਨਾਸਵੰਤ ਮਾਇਆ ਨਾਲ ਨਾਸਵੰਤ ਜਗਤ ਨਾਲ ਚੰਬੜਿਆ ਰਹਿੰਦਾ ਹੈਂ, ਤੂੰ ਕੁਸੁੰਭੇ ਦੇ ਫੁੱਲਾਂ ਨਾਲ ਹੀ ਪਿਆਰ ਪਾਈ ਬੈਠਾ ਹੈਂ।
ਜਦੋਂ ਤੈਨੂੰ ਧਰਮ-ਰਾਜ ਆ ਫੜੇਗਾ (ਜਦੋਂ ਮੌਤ ਆ ਗਈ) ਤਦੋਂ (ਭੈੜੇ ਕੰਮਾਂ ਦੀ) ਕਾਲਖ ਹੀ ਮੂੰਹ ਤੇ ਲੈ ਕੇ (ਇਥੋਂ) ਚਲਾ ਜਾਹਿਂਗਾ ॥੩॥
(ਪਰ, ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ?) ਉਹ ਮਨੁੱਖ (ਹੀ ਪਰਮਾਤਮਾ ਨੂੰ) ਮਿਲਦਾ ਹੈ ਜਿਸ ਮਨੁੱਖ ਨੂੰ ਪਰਮਾਤਮਾ ਆਪ ਮਿਲਾਂਦਾ ਹੈ, ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ-ਮਿਲਾਪ ਦੇ) ਲੇਖ ਲਿਖੇ ਹੁੰਦੇ ਹਨ।
ਨਾਨਕ ਆਖਦਾ ਹੈ- ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਹਾਂ, ਜਿਹੜੇ (ਪ੍ਰਭੂ-ਮਿਲਾਪ ਦੀ ਬਰਕਤਿ ਨਾਲ) ਮਨ ਵਿਚ (ਮਾਇਆ ਤੋਂ) ਨਿਰਲੇਪ ਰਹਿੰਦੇ ਹਨ ॥੪॥੨॥੧੬॥
ਹੇ (ਮੇਰੀ) ਮਾਂ! ਉਸ ਪ੍ਰੀਤਮ ਪ੍ਰਭੂ ਦੀ ਯਾਦ ਤੋਂ ਬਿਨਾ ਆਤਮਕ ਜੀਵਨ ਹਾਸਲ ਨਹੀਂ ਹੋ ਸਕਦਾ,
ਜਿਸ ਪਰਮਾਤਮਾ ਦੀ ਜੋਤਿ ਸਰੀਰ ਤੋਂ ਵਿੱਛੁੜਿਆਂ ਸਰੀਰ ਮੁਰਦਾ ਹੋ ਜਾਂਦਾ ਹੈ, (ਤੇ ਮੁਰਦਾ ਸਰੀਰ) ਘਰ ਵਿਚ ਟਿਕਿਆ ਨਹੀਂ ਰਹਿ ਸਕਦਾ ॥੧॥ ਰਹਾਉ ॥
ਜਿਹੜਾ ਪਰਮਾਤਮਾ (ਸਭ ਜੀਵਾਂ ਨੂੰ) ਜਿੰਦ ਦੇਣ ਵਾਲਾ ਹੈ ਹਿਰਦਾ ਦੇਣ ਵਾਲਾ ਹੈ ਪ੍ਰਾਣ ਦੇਣ ਵਾਲਾ ਹੈ, ਤੇ, ਜਿਸ ਦੀ ਸੰਗਤ ਵਿਚ ਹੀ (ਇਹ ਸਰੀਰ) ਸੋਹਣਾ ਲੱਗਦਾ ਹੈ,
ਹੇ ਸੰਤ ਜਨੋ! ਮੇਰੇ ਉਤੇ ਆਪਣੀ ਮਿਹਰ ਕਰੋ, ਮੈਂ ਉਸ ਪਰਮਾਤਮਾ ਦੇ ਗੁਣ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਾਂ ॥੧॥
ਹੇ ਮਾਂ! ਮੇਰੀ ਤਾਂਘ ਹੈ ਕਿ ਸੰਤ ਜਨਾਂ ਦੇ ਚਰਨ ਮੇਰੇ ਮੱਥੇ ਉੱਤੇ ਟਿਕੇ ਰਹਿਣ, ਸੰਤ ਜਨਾਂ ਦੇ ਚਰਨਾਂ ਦੀ ਧੂੜ ਮੇਰੀਆਂ ਅੱਖਾਂ ਨੂੰ ਲੱਗਦੀ ਰਹੇ।
ਹੇ ਨਾਨਕ! ਜਿਨ੍ਹਾਂ ਸੰਤ ਜਨਾਂ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੨॥੩॥੧੭॥
ਮੈਂ ਉਸ ਮੌਕੇ ਤੋਂ ਸਦਕੇ ਜਾਂਦਾ ਹਾਂ (ਜਦੋਂ ਮੈਨੂੰ ਸੰਤ ਜਨਾਂ ਦੀ ਸੰਗਤ ਪ੍ਰਾਪਤ ਹੋਈ)।
(ਹੁਣ ਮੈਨੂੰ) ਅੱਠੇ ਪਹਿਰ ਆਪਣੇ ਪ੍ਰਭੂ ਦਾ ਸਿਮਰਨ (ਮਿਲ ਗਿਆ ਹੈ), ਤੇ, ਵੱਡੇ ਭਾਗਾਂ ਨਾਲ ਮੈਂ ਹਰੀ ਨੂੰ ਲੱਭ ਲਿਆ ਹੈ ॥੧॥ ਰਹਾਉ ॥
ਕਬੀਰ (ਪਰਮਾਤਮਾ ਦੇ) ਦਾਸਾਂ ਦਾ ਦਾਸ ਬਣ ਕੇ ਭਲਾ ਬਣ ਗਿਆ, ਸੈਣ ਨਾਈ ਸੰਤ ਜਨਾਂ ਦਾ ਦਾਸ ਬਣ ਕੇ ਉੱਤਮ ਜੀਵਨ ਵਾਲਾ ਹੋ ਗਿਆ।
(ਸੰਤ ਜਨਾਂ ਦੀ ਸੰਗਤ ਨਾਲ) ਨਾਮਦੇਵ ਉੱਚੇ ਤੋਂ ਉੱਚੇ ਜੀਵਨ ਵਾਲਾ ਬਣਿਆ, ਅਤੇ ਸਭ ਵਿਚ ਪਰਮਾਤਮਾ ਦੀ ਜੋਤ ਨੂੰ ਵੇਖਣ ਵਾਲਾ ਬਣ ਗਿਆ, (ਸੰਤ ਜਨਾਂ ਦੀ ਕਿਰਪਾ ਨਾਲ ਹੀ) ਰਵਿਦਾਸ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ ॥੧॥
(ਹੇ ਭਾਈ!) ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਇਹ ਤਨ, ਇਹ ਧਨ-ਸਭ ਕੁਝ ਸੰਤ ਜਨਾਂ ਦਾ ਹੋ ਚੁਕਿਆ ਹੈ, ਮੇਰਾ ਇਹ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ।
ਹੇ ਨਾਨਕ! ਸੰਤ ਜਨਾਂ ਦੇ ਪ੍ਰਤਾਪ ਨਾਲ ਸਾਰੇ ਭਰਮ ਨਾਸ ਹੋ ਜਾਂਦੇ ਹਨ ਅਤੇ ਜਗਤ ਦਾ ਖਸਮ ਪ੍ਰਭੂ ਮਿਲ ਪੈਂਦਾ ਹੈ ॥੨॥੪॥੧੮॥
(ਸਰਨ ਪਏ ਮਨੁੱਖ ਦੀਆਂ) ਸਾਰੀਆਂ ਲੋੜਾਂ ਗੁਰੂ ਆਪ ਪੂਰੀਆਂ ਕਰਦਾ ਹੈ।