ਸਮਰੱਥ ਪ੍ਰਭੂ ਉਸ ਮਨੁੱਖ ਦੇ ਸਰੀਰ ਨੂੰ (ਨਾਮ ਦੀ ਦਾਤ ਹਾਸਲ ਕਰਨ ਲਈ) ਯੋਗ ਭਾਂਡਾ ਬਣਾ ਦੇਂਦਾ ਹੈ,
ਜਿਸ ਨੂੰ ਸਾਧ ਸੰਗਤ ਵਿਚ ਛੁਹ ਲੱਗ ਜਾਂਦੀ ਹੈ।
ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਉਸ ਮਨੁੱਖ ਦੀ ਚੰਗੀ ਸੋਭਾ ਬਣ ਜਾਂਦੀ ਹੈ, ਉਸ ਦਾ ਮਨ ਮਜੀਠ (ਦੇ ਪੱਕੇ ਰੰਗ ਵਰਗੇ) ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ ॥੧੫॥
ਉਸ ਮਨੁੱਖ ਦਾ ਜੀਵਨ ਮੁਕੰਮਲ ਤੌਰ ਤੇ ਸਫਲ ਹੋ ਜਾਂਦਾ ਹੈ,
ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ ਬੇਅੰਤ ਤਾਕਤਾਂ ਵਾਲਾ ਪ੍ਰਭੂ-ਸੂਰਜ ਚੜ੍ਹ ਪੈਂਦਾ ਹੈ (ਪ੍ਰਭੂ ਪਰਗਟ ਹੋ ਜਾਂਦਾ ਹੈ)।
ਹੇ ਨਾਨਕ! ਹਰਿ-ਨਾਮ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰ ਆਨੰਦ ਖ਼ੁਸ਼ੀਆਂ ਤੇ ਸੁਖ ਬਣੇ ਰਹਿੰਦੇ ਹਨ, ਉਹ ਮਨੁੱਖ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਮਾਣਦਾ ਰਹਿੰਦਾ ਹੈ ॥੧੬॥੨॥੯॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪ੍ਰਭੂ! ਤੂੰ (ਮੇਰਾ) ਮਾਲਕ ਹੈਂ, ਮੈਂ ਤੇਰਾ (ਪੈਦਾ) ਕੀਤਾ ਹੋਇਆ ਸੇਵਕ ਹਾਂ।
ਇਹ ਜਿੰਦ ਇਹ ਸਰੀਰ ਸਭ ਕੁਝ ਤੇਰਾ ਦਿੱਤਾ ਹੋਇਆ ਹੈ।
ਹੇ ਪ੍ਰਭੂ! (ਜਗਤ ਵਿਚ) ਸਭ ਕੁਝ ਕਰਨ ਵਾਲਾ ਤੂੰ ਹੀ ਹੈਂ (ਜੀਵਾਂ ਪਾਸੋਂ) ਕਰਾਣ ਵਾਲਾ ਭੀ ਤੂੰ ਹੀ ਹੈਂ। ਅਸਾਂ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ॥੧॥
ਹੇ ਪ੍ਰਭੂ! ਤੂੰ ਹੀ (ਜੀਵਾਂ ਨੂੰ) ਭੇਜਦਾ ਹੈਂ, ਤਾਂ (ਇਹ) ਜਗਤ ਵਿਚ ਆਉਂਦੇ ਹਨ।
ਜੋ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਦੇ ਕਰਮ ਜੀਵ ਕਰਦੇ ਹਨ।
ਹੇ ਪ੍ਰਭੂ! ਤੇਰੇ ਹੁਕਮ ਤੋਂ ਬਾਹਰ ਕੁਝ ਭੀ ਨਹੀਂ ਹੋ ਸਕਦਾ। ਇਤਨਾ ਖਲਜਗਨ ਹੁੰਦਿਆਂ ਭੀ ਤੈਨੂੰ ਕੋਈ ਚਿੰਤਾ-ਫ਼ਿਕਰ ਨਹੀਂ ਹੈ ॥੨॥
ਹੇ ਪ੍ਰਭੂ! ਪਰਲੋਕ ਵਿਚ ਭੀ ਤੇਰਾ (ਹੀ) ਹੁਕਮ (ਚੱਲ ਰਿਹਾ) ਸੁਣਿਆ ਜਾ ਰਿਹਾ ਹੈ,
ਇਸ ਲੋਕ ਵਿਚ ਭੀ ਤੇਰੀ ਹੀ ਸਿਫ਼ਤ-ਸਾਲਾਹ ਉਚਾਰੀ ਜਾ ਰਹੀ ਹੈ।
ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਦੇ ਕੀਤੇ ਕਰਮਾਂ ਦੇ) ਲੇਖੇ (ਲਿਖਣ ਵਾਲਾ ਹੈਂ), ਤੂੰ ਆਪ ਹੀ ਲੇਖੇ ਤੋਂ ਬਾਹਰ ਹੈਂ। ਤੇਰੇ ਨਾਲ (ਜੀਵ) ਕੋਈ ਝਗੜਾ ਨਹੀਂ ਪਾ ਸਕਦੇ ॥੩॥
ਹੇ ਪ੍ਰਭੂ! ਤੂੰ (ਸਭ ਜੀਵਾਂ ਦਾ) ਪਿਤਾ ਹੈਂ, ਸਾਰੇ (ਜੀਵ) ਤੇਰੇ ਬੱਚੇ ਹਨ।
ਜਿਵੇਂ ਤੂੰ (ਇਹਨਾਂ ਬੱਚਿਆਂ ਨੂੰ) ਖਿਡਾਂਦਾ ਹੈਂ, ਤਿਵੇਂ ਹੀ ਇਹ ਖੇਡ ਸਕਦੇ ਹਨ।
ਹੇ ਪ੍ਰਭੂ! ਗ਼ਲਤ ਰਸਤਾ ਤੇ ਠੀਕ ਰਸਤਾ ਸਭ ਕੁਝ ਤੂੰ ਆਪ ਹੀ ਬਣਾਇਆ ਹੋਇਆ ਹੈ। ਕੋਈ ਭੀ ਜੀਵ (ਆਪਣੇ ਆਪ) ਗ਼ਲਤ ਰਸਤੇ ਉੱਤੇ ਤੁਰ ਨਹੀਂ ਸਕਦਾ ॥੪॥
ਹੇ ਪ੍ਰਭੂ! ਕਈ ਜੀਵ ਐਸੇ ਹਨ ਜਿਨ੍ਹਾਂ ਨੂੰ ਤੂੰ ਘਰ ਵਿਚ ਬਿਠਾਲ ਰੱਖਿਆ ਹੈ।
ਕਈ ਐਸੇ ਹਨ ਜਿਨ੍ਹਾਂ ਨੂੰ ਤੂੰ ਹੋਰ ਹੋਰ ਦੇਸਾਂ ਵਿਚ ਭੇਜਦਾ ਹੈਂ।
ਕਈ ਜੀਵਾਂ ਨੂੰ ਤੂੰ ਘਾਹ ਖੋਤਰਨ ਤੇ ਲਾ ਦਿੱਤਾ ਹੈ, ਕਈਆਂ ਨੂੰ ਤੂੰ ਰਾਜੇ ਬਣਾ ਦਿੱਤਾ ਹੈ। ਤੇਰੇ ਇਹਨਾਂ ਕੰਮਾਂ ਵਿਚੋਂ ਕਿਸੇ ਕੰਮ ਨੂੰ ਗ਼ਲਤ ਨਹੀਂ ਆਖਿਆ ਜਾ ਸਕਦਾ ॥੫॥
ਹੇ ਪ੍ਰਭੂ! ਤੇਰੇ ਹੁਕਮ ਤੋਂ ਬਾਹਰ ਨਾਹ ਕੋਈ ਮੁਕਤੀ ਹੈ ਨਾਹ ਕੋਈ ਨਰਕ ਹੈ।
ਤੇਰੇ ਹੁਕਮ ਤੋਂ ਬਿਨਾ ਨਾਹ ਕੋਈ ਗ੍ਰਿਹਸਤੀ ਹੈ ਨਾਹ ਕੋਈ ਭਗਤ ਬਣ ਸਕਦਾ ਹੈ।
ਨਾਹ ਕੋਈ ਵੱਡੇ ਜਿਗਰੇ ਵਾਲਾ ਹੈ ਨਾਹ ਕੋਈ ਹੋਛੇ ਸੁਭਾਉ ਵਾਲਾ ਹੈ। ਤੇਰੇ ਹੁਕਮ ਤੋਂ ਬਿਨਾ ਨਾਹ ਕੋਈ ਉੱਚੀ ਸੂਝ ਵਾਲਾ ਹੈ ਤੇ ਨਾਹ ਕੋਈ ਮੂਰਖ ਹੈ ॥੬॥
ਹੇ ਪ੍ਰਭੂ! ਤੇਰੇ ਹੀ ਹੁਕਮ ਵਿਚ (ਕਿਸੇ ਨੂੰ) ਮੁਕਤੀ (ਮਿਲਦੀ) ਹੈ, ਤੇਰੇ ਹੀ ਹੁਕਮ ਵਿਚ (ਕਿਸੇ ਨੂੰ) ਨਰਕ (ਮਿਲਦਾ) ਹੈ।
ਤੇਰੇ ਹੀ ਹੁਕਮ ਵਿਚ ਕੋਈ ਗ੍ਰਿਹਸਤੀ ਹੈ ਤੇ ਕੋਈ ਭਗਤ ਹੈ।
ਹੇ ਪ੍ਰਭੂ! ਤੇਰੇ ਹੀ ਹੁਕਮ ਵਿਚ ਕੋਈ ਕਾਹਲੇ ਸੁਭਾਉ ਵਾਲਾ ਹੈ ਤੇ ਕੋਈ ਗੰਭੀਰ ਸੁਭਾਉ ਵਾਲਾ ਹੈ। ਤੇਰੇ ਟਾਕਰੇ ਤੇ ਹੋਰ ਕੋਈ ਧੜਾ ਹੈ ਹੀ ਨਹੀਂ ॥੭॥
ਹੇ ਪ੍ਰਭੂ! ਇਹ ਬੇਅੰਤ ਵੱਡਾ ਸੰਸਾਰ-ਸਮੁੰਦਰ ਤੂੰ ਆਪ ਹੀ ਬਣਾਇਆ ਹੈ।
(ਇਥੇ) ਕਈ ਜੀਵਾਂ ਨੂੰ ਮਨ ਦੇ ਮੁਰੀਦ-ਮੂਰਖ ਬਣਾ ਕੇ ਤੂੰ ਆਪ ਹੀ ਨਰਕ ਵਿਚ ਪਾਂਦਾ ਹੈਂ।
ਕਈ ਜੀਵਾਂ ਨੂੰ ਤੂੰ ਆਪ ਹੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ। ਜਿਨ੍ਹਾਂ ਵਾਸਤੇ ਤੂੰ ਗੁਰੂ ਨੂੰ ਸਦਾ ਕਾਇਮ ਰਹਿਣ ਵਾਲਾ ਜਹਾਜ਼ ਬਣਾ ਦੇਂਦਾ ਹੈਂ ॥੮॥
ਇਹ ਕਾਲ (ਮੌਤ, ਜੋ ਪ੍ਰਭੂ ਦਾ ਬਣਾਇਆ ਇਕ) ਖਿਡੌਣਾ (ਹੀ ਹੈ, ਉਸ ਨੇ ਆਪਣੇ) ਹੁਕਮ ਅਨੁਸਾਰ (ਜਗਤ ਵਿਚ) ਭੇਜਿਆ ਹੈ।
(ਪ੍ਰਭੂ ਆਪ ਹੀ) ਸਾਰੇ ਜੀਵਾਂ ਨੂੰ ਪੈਦਾ ਕਰ ਕੇ ਮੁਕਾ ਦੇਂਦਾ ਹੈ।
(ਪ੍ਰਭੂ ਆਪ ਹੀ ਇਸ ਤਮਾਸ਼ੇ ਨੂੰ) ਵੇਖ ਰਿਹਾ ਹੈ (ਤੇ ਵੇਖ ਵੇਖ ਕੇ) ਖ਼ੁਸ਼ ਹੋ ਰਿਹਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਰੰਗ ਮਾਣ ਰਿਹਾ ਹੈ। ਇਸ ਜਗਤ-ਰਚਨਾ ਨੂੰ ਉਸ ਨੇ ਇਕ ਅਖਾੜਾ ਬਣਾਇਆ ਹੋਇਆ ਹੈ ॥੯॥
ਉਹ ਮਾਲਕ-ਪ੍ਰਭੂ (ਬਹੁਤ) ਵੱਡਾ ਹੈ, ਉਸ ਦੀ ਵਡਿਆਈ (ਭੀ ਬਹੁਤ) ਵੱਡੀ ਹੈ,
ਉਹ ਬੜਾ ਵੱਡਾ ਦਾਤਾ ਹੈ, ਉਸ ਦੀ ਥਾਂ (ਜਿਥੇ ਉਹ ਰਹਿੰਦਾ ਹੈ ਬਹੁਤ) ਵੱਡੀ ਹੈ।
ਉਹ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੇਅੰਤ ਹੈ, ਤੋਲਿਆ ਨਹੀਂ ਜਾ ਸਕਦਾ। ਉਸ ਦੇ ਤੋਲਣ ਲਈ ਕੋਈ ਭੀ ਮਾਪ-ਤੋਲ ਨਹੀਂ ਹੈ ॥੧੦॥
ਹੋਰ ਕੋਈ ਭੀ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ,
ਉਹ ਨਿਰਲੇਪ ਪ੍ਰਭੂ ਆਪਣੇ ਬਰਾਬਰ ਦਾ ਆਪ ਹੀ ਹੈ।
ਉਹ ਆਪ ਹੀ ਆਪਣੇ ਆਪ ਨੂੰ ਜਾਣਨ ਵਾਲਾ ਹੈ, ਆਪ ਹੀ ਆਪਣੇ ਆਪ ਵਿਚ ਸਮਾਧੀ ਲਾਣ ਵਾਲਾ ਹੈ। ਉਹ ਬਹੁਤ ਹੀ ਉੱਚੇ ਆਚਰਨ ਵਾਲਾ ਹੈ ॥੧੧॥
(ਹੁਣ ਜਗਤ ਬਣਨ ਤੇ ਸਿਆਣੇ) ਆਖਦੇ ਹਨ ਕਿ ਬੇਅੰਤ ਸਮਾ ਉਹ ਗੁਪਤ ਹੀ ਰਿਹਾ,
ਬੇਅੰਤ ਸਮਾ ਉਹ ਅਫੁਰ ਅਵਸਥਾ ਵਿਚ ਟਿਕਿਆ ਰਿਹਾ।
ਬੇਅੰਤ ਸਮਾ ਇਕ ਐਸੀ ਅਵਸਥਾ ਬਣੀ ਰਹੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ। ਫਿਰ ਉਸ ਨੇ ਆਪ ਹੀ ਆਪਣੇ ਆਪ ਨੂੰ (ਜਗਤ-ਰੂਪ ਵਿਚ) ਪਰਗਟ ਕਰ ਲਿਆ ॥੧੨॥
ਬਲਵਾਨ ਪਰਮਾਤਮਾ ਆਪ ਹੀ (ਆਪਣੇ ਆਪ ਨੂੰ) ਮਾਇਆ ਅਖਵਾ ਰਿਹਾ ਹੈ।