(ਉਂਝ ਹੈ ਭੀ ਇਹ ਥੋੜਾ ਸਮਾ ਰਹਿਣ ਵਾਲਾ) ਜਿਵੇਂ ਸਮੁੰਦਰ ਲਹਿਰਾਂ ਮਾਰਦਾ ਹੈ ਜਾਂ ਜਿਵੇਂ ਬਿਜਲੀ ਲਿਸ਼ਕ ਮਾਰਦੀ ਹੈ।
ਪਰਮਾਤਮਾ (ਦੇ ਨਾਮ) ਤੋਂ ਬਿਨਾ ਹੋਰ ਕੋਈ (ਸਦਾ ਨਾਲ ਨਿਭਣ ਵਾਲਾ) ਰਾਖਾ ਨਹੀਂ (ਹੇ ਹਰਨ ਵਾਂਗ ਚੁੰਗੀਆਂ ਮਾਰਨ ਵਾਲੇ ਮਨ!) ਉਸ ਨੂੰ ਤੂੰ ਭੁਲਾਈ ਬੈਠਾ ਹੈਂ।
ਨਾਨਕ ਆਖਦਾ ਹੈ-ਹੇ ਕਾਲੇ ਹਰਨ! ਹੇ ਮਨ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ, ਨਹੀਂ ਤਾਂ (ਇਸ ਜਗਤ-ਫੁਲਵਾੜੀ ਵਿਚ ਮਸਤ ਹੋ ਕੇ) ਤੂੰ ਆਪਣੀ ਆਤਮਕ ਮੌਤ ਸਹੇੜ ਲਏਂਗਾ ॥੧॥
ਹੇ (ਹਰੇਕ) ਫੁੱਲ ਉੱਤੇ ਉੱਡਣ ਵਾਲੇ ਭੌਰੇ (ਮਨ!) (ਫੁੱਲ ਫੁੱਲ ਦੀ ਸੁਗੰਧੀ ਲੈਂਦੇ ਫਿਰਨ ਵਿਚੋਂ) ਬੜਾ ਭਾਰੀ ਦੁੱਖ ਨਿਕਲਦਾ ਹੈ।
ਮੈਂ ਆਪਣੇ ਗੁਰੂ ਪਾਸੋਂ ਪੁੱਛਿਆ ਹੈ ਜੇਹੜਾ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਵਿਚਾਰ-ਮੰਡਲ ਵਿਚ ਟਿਕਾਈ ਰੱਖਦਾ ਹੈ।
(ਹੇ ਭੌਰੇ ਮਨ! ਤੇਰੀ ਇਹ ਹਾਲਤ) ਵਿਚਾਰ ਕੇ ਮੈਂ ਗੁਰੂ ਤੋਂ ਪੁੱਛਿਆ ਹੈ ਕਿ ਇਹ ਮਨ-ਭੌਰਾ ਤਾਂ ਵੇਲਾਂ ਫੁੱਲਾਂ ਉਤੇ (ਦੁਨੀਆ ਦੇ ਸੁੰਦਰ ਪਦਾਰਥਾਂ ਦੇ ਰਸਾਂ ਵਿਚ) ਮਸਤ ਹੋ ਰਿਹਾ ਹੈ (ਇਸ ਦਾ ਕੀਹ ਬਣੇਗਾ?
ਮੈਨੂੰ ਗੁਰੂ ਨੇ ਮਤਿ ਦਿੱਤੀ ਹੈ ਕਿ) ਜਦੋਂ ਜ਼ਿੰਦਗੀ ਦੀ ਰਾਤ ਮੁੱਕ ਜਾਂਦੀ ਹੈ (ਜਦੋਂ ਦਿਨ ਚੜ੍ਹ ਪੈਂਦਾ ਹੈ) ਇਹ ਸਰੀਰ ਢਹਿ ਢੇਰੀ ਹੋ ਜਾਂਦਾ ਹੈ (ਵਿਕਾਰਾਂ ਵਿਚ ਫਸੇ ਰਹਿਣ ਕਰਕੇ ਜੀਵ ਇਉਂ ਦੁਖੀ ਹੁੰਦਾ ਹੈਂ ਜਿਵੇਂ) ਤੇਲ ਤਾਉੜੀ ਵਿਚ ਪਾ ਕੇ ਡਾਇਆ ਜਾਂਦਾ ਹੈ।
ਹੇ (ਦੁਨੀਆ ਦੇ ਪਦਾਰਥਾਂ ਵਿਚ ਮਸਤ ਹੋਏ) ਭੂਤ! ਸਤਿਗੁਰੂ ਦੇ ਸ਼ਬਦ ਤੋਂ ਖੁੰਝ ਕੇ ਤੂੰ ਜਮਰਾਜ ਦੇ ਰਸਤੇ ਵਿਚ ਬੱਝਾ ਹੋਇਆ ਚੋਟਾਂ ਖਾਵੇਂਗਾ।
ਨਾਨਕ ਆਖਦਾ ਹੈ-ਹੇ ਮੇਰੇ ਮਨ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ, ਨਹੀਂ ਤਾਂ ਭੌਰੇ (ਵਾਂਗ ਫੁੱਲਾਂ ਦੇ ਮਸਤ ਹੋਏ ਮਨ!) ਆਤਮਕ ਮੌਤ ਸਹੇੜ ਲਏਂਗਾ ॥੨॥
ਹੇ ਮੇਰੇ ਪਰਦੇਸੀ ਜੀਵਾਤਮਾ! ਤੂੰ ਕਿਉਂ (ਮਾਇਆ ਦੇ) ਜੰਜਾਲ ਵਿਚ ਫਸ ਰਿਹਾ ਹੈਂ?
ਜੇ ਸਦਾ-ਥਿਰ ਰਹਿਣ ਵਾਲਾ ਮਾਲਕ ਤੇਰੇ ਮਨ ਵਿਚ ਵੱਸਦਾ ਹੋਵੇ ਤਾਂ ਤੂੰ (ਮਾਇਆ ਦੇ ਮੋਹ-ਰੂਪ) ਜਮ ਦੇ ਖਿਲਾਰੇ ਹੋਏ ਜਾਲ ਵਿਚ ਕਿਉਂ ਫਸੇਂ?
(ਹੇ ਮੇਰੀ ਜਿੰਦੇ! ਵੇਖ) ਜਦੋਂ ਸ਼ਿਕਾਰੀ ਨੇ (ਪਾਣੀ ਵਿਚ) ਜਾਲ ਪਾਇਆ ਹੁੰਦਾ ਹੈ ਤੇ ਮੱਛੀ (ਭਿੱਤੀ ਦੇ ਲੱਬ ਵਿਚ ਫਸ ਕੇ ਜਾਲ ਵਿਚ ਫਸ ਜਾਂਦੀ ਹੈ ਤੇ ਪਾਣੀ ਤੋਂ) ਵਿਛੁੜ ਜਾਂਦੀ ਹੈ ਤਦੋਂ ਅੱਖਾਂ ਭਰ ਕੇ ਰੋਂਦੀ ਹੈ,
(ਇਸੇ ਤਰ੍ਹਾਂ ਜੀਵ ਨੂੰ) ਇਹ ਜਗਤ ਮਿੱਠਾ ਲੱਗਦਾ ਹੈ, ਮਾਇਆ ਦਾ ਮੋਹ ਮਿੱਠਾ ਲੱਗਦਾ ਹੈ, ਪਰ (ਫਸ ਕੇ) ਅੰਤ ਵੇਲੇ ਇਹ ਭੁਲੇਖਾ ਦੂਰ ਹੁੰਦਾ ਹੈ (ਜਦੋਂ ਜਿੰਦ ਦੁੱਖਾਂ ਦੇ ਮੂੰਹ ਆਉਂਦੀ ਹੈ ਤੇ ਮਾਇਕ ਪਦਾਰਥ ਭੀ ਸਾਥ ਛੱਡ ਜਾਂਦੇ ਹਨ)।
ਹੇ ਮੇਰੀ ਜਿੰਦੇ! ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ ਭਗਤੀ ਕਰ ਕੇ ਇਸ ਤਰ੍ਹਾਂ ਆਪਣੇ ਮਨ ਵਿਚੋਂ ਫ਼ਿਕਰ-ਅੰਦੇਸ਼ੇ ਦੂਰ ਕਰ ਲੈ।
ਨਾਨਕ ਆਖਦਾ ਹੈ-ਹੇ ਮੇਰੇ ਪਰਦੇਸੀ ਜੀਊੜੇ! ਹੇ ਮੇਰੇ ਮਨ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ ॥੩॥
ਨਦੀਆਂ ਤੋਂ ਵਿਛੁੜੇ ਹੋਏ ਵਹਣਾਂ ਦਾ (ਨਦੀਆਂ ਨਾਲ ਮੁੜ) ਮੇਲ ਭਾਗਾਂ ਨਾਲ ਹੀ ਹੁੰਦਾ ਹੈ (ਮਾਇਆ ਦੇ ਮੋਹ ਵਿਚ ਫਸ ਕੇ ਪ੍ਰਭੂ ਨਾਲੋਂ ਵਿਛੁੜੇ ਜੀਵ ਮੁੜ ਭਾਗਾਂ ਨਾਲ ਹੀ ਮਿਲਦੇ ਹਨ)।
ਜੇਹੜਾ ਕੋਈ ਵਿਰਲਾ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਉਹ ਸਮਝ ਲੈਂਦਾ ਹੈ ਕਿ ਮਾਇਆ ਦਾ ਮੋਹ ਹੈ ਤਾਂ ਮਿੱਠਾ ਪਰ ਸਦਾ ਜ਼ਹਰ ਨਾਲ ਭਰਿਆ ਰਹਿੰਦਾ ਹੈ (ਤੇ ਜੀਵ ਨੂੰ ਆਤਮਕ ਮੌਤੇ ਮਾਰ ਦੇਂਦਾ ਹੈ)।
ਅਜੇਹਾ ਕੋਈ ਵਿਰਲਾ ਬੰਦਾ ਜਿਸ ਨੇ ਆਪਣੇ ਗੁਰੂ ਨੂੰ ਚੇਤੇ ਰੱਖਿਆ ਹੈ ਆਤਮਕ ਅਡੋਲਤਾ ਵਿਚ ਟਿਕ ਕੇ ਇਸੇ ਅਸਲੀਅਤ ਨੂੰ ਸਮਝਦਾ ਹੈ ਤੇ ਪਰਮਾਤਮਾ ਨਾਲ ਸਾਂਝ ਪਾਂਦਾ ਹੈ।
ਪਰਮਾਤਮਾ ਦੇ ਨਾਮ ਤੋਂ ਬਿਨਾ ਮਾਇਆ ਦੇ ਮੋਹ ਦੀ ਭਟਕਣਾ ਵਿਚ ਕੁਰਾਹੇ ਪੈ ਕੇ ਅਨੇਕਾਂ ਮੂਰਖ ਗ਼ਾਫ਼ਿਲ ਜੀਵ ਖ਼ੁਆਰ ਹੁੰਦੇ ਹਨ।
ਜੇਹੜੇ ਬੰਦੇ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਪ੍ਰਭੂ ਦੀ ਭਗਤੀ ਨਹੀਂ ਕਰਦੇ, ਆਪਣੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਨੂੰ ਨਹੀਂ ਵਸਾਂਦੇ, ਉਹ ਆਖ਼ਰ ਢਾਹਾਂ ਮਾਰ ਮਾਰ ਕੇ ਰੋਂਦੇ ਹਨ।
ਨਾਨਕ ਆਖਦਾ ਹੈ-ਸਦਾ-ਥਿਰ ਪ੍ਰਭੂ ਆਪਣੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੋੜ ਕੇ ਚਿਰਾਂ ਤੋਂ ਵਿਛੁੜੇ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੪॥੧॥੫॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਆਸਾ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।
(ਹੇ ਸਖੀ!) ਮੇਰੇ (ਹਿਰਦੇ-) ਘਰ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਹੋ ਰਿਹਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਨੇ (ਮੇਰੇ ਹਿਰਦੇ-ਘਰ ਨੂੰ) ਸੋਹਣਾ ਬਣਾ ਦਿੱਤਾ ਹੈ।
(ਹੇ ਸਖੀ! ਉਸ) ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੁੰਦਾ ਹੈ ਜਿਸ ਨੂੰ ਪ੍ਰਭੂ ਨੇ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲਿਆ।
ਪ੍ਰਭੂ ਨੇ ਜਿਸ ਜੀਵ-ਇਸਤ੍ਰੀ ਨੂੰ ਆਪ (ਆਪਣੇ ਚਰਨਾਂ ਵਿਚ) ਜੋੜਿਆ, ਆਪਣਾ ਸਦਾ-ਥਿਰ ਨਾਮ ਉਸ ਦੇ ਮਨ ਵਿਚ ਵਸਾ ਦਿੱਤਾ, ਉਹ ਜੀਵ-ਇਸਤ੍ਰੀ (ਫਿਰ) ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ।
ਗੁਰੂ ਦੇ ਸ਼ਬਦ ਨੇ (ਉਸ ਜੀਵ-ਇਸਤ੍ਰੀ ਦੇ ਜੀਵਨ ਨੂੰ) ਸਿੰਗਾਰ ਦਿੱਤਾ, ਸਦਾ-ਥਿਰ ਹਰਿ-ਨਾਮ ਨੇ (ਉਸ ਦੇ ਜੀਵਨ ਨੂੰ) ਸੋਹਣਾ ਬਣਾ ਦਿੱਤਾ, ਉਹ (ਫਿਰ) ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਸਦਾ ਹੀ (ਪ੍ਰਭੂ-ਮਿਲਾਪ ਦਾ ਆਨੰਦ) ਮਾਣਦੀ ਹੈ।
(ਜਦੋਂ ਜੀਵ-ਇਸਤ੍ਰੀ ਆਪਣੇ ਅੰਦਰੋਂ) ਹਉਮੈ ਦੂਰ ਕਰਦੀ ਹੈ (ਤੇ ਆਪਣੇ ਅੰਦਰ) ਪ੍ਰਭੂ-ਪਤੀ ਨੂੰ ਲੱਭ ਲੈਂਦੀ ਹੈ ਤਦੋਂ ਉਹ ਪ੍ਰਭੂ ਦੇ ਨਾਮ ਦਾ ਸੁਆਦ ਆਪਣੇ ਮਨ ਵਿਚ (ਸਦਾ ਲਈ) ਵਸਾ ਲੈਂਦੀ ਹੈ।
ਨਾਨਕ ਆਖਦਾ ਹੈ- ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ ਉਸ ਦੀ ਸਾਰੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ॥੧॥
(ਹੇ ਸਖੀ!) ਜੇਹੜੀ ਜੀਵ-ਇਸਤ੍ਰੀ (ਪ੍ਰਭੂ ਤੋਂ ਬਿਨਾ ਮਾਇਆ ਆਦਿਕ ਦੀ) ਹੋਰ ਹੋਰ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦੀ ਹੈ ਉਸ ਨੂੰ ਪ੍ਰਭੂ-ਪਤੀ ਦਾ ਮਿਲਾਪ ਨਹੀਂ ਹੁੰਦਾ।
ਉਹ ਜੀਵ-ਇਸਤ੍ਰੀ (ਆਪਣੇ ਅੰਦਰ ਕੋਈ ਆਤਮਕ) ਗੁਣ ਪੈਦਾ ਨਹੀਂ ਕਰਦੀ, ਉਹ ਆਪਣੀ ਜ਼ਿੰਦਗੀ ਵਿਅਰਥ ਗਵਾ ਜਾਂਦੀ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੂਰਖ ਜੀਵ-ਇਸਤ੍ਰੀ ਜੀਵਨ ਅਜਾਈਂ ਗਵਾ ਜਾਂਦੀ ਹੈ ਔਗੁਣਾਂ ਨਾਲ ਭਰੀ ਹੋਣ ਕਰਕੇ ਉਹ ਆਪਣੇ ਅੰਦਰ ਹੀ ਅੰਦਰ ਦੁੱਖੀ ਹੁੰਦੀ ਰਹਿੰਦੀ ਹੈ।
ਪਰ ਜਦੋਂ ਉਸ ਨੇ ਆਪਣੇ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਲੱਭਾ ਤਦੋਂ ਉਸ ਨੂੰ ਪ੍ਰਭੂ-ਪਤੀ ਅੰਗ ਸੰਗ ਵੱਸਦਾ ਹੀ ਮਿਲ ਪਿਆ।
(ਆਪਣੇ ਅੰਦਰ) ਪ੍ਰਭੂ-ਪਤੀ ਨੂੰ ਵੇਖ ਕੇ ਉਹ ਖਿੜ ਪਈ, ਉਹ ਅੰਤਰ-ਆਤਮੇ ਆਨੰਦ-ਮਗਨ ਹੋ ਗਈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਪ੍ਰਭੂ-ਪ੍ਰੇਮ ਵਿਚ ਲੀਨ ਹੋ ਗਈ।
ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਖੁੰਝ ਕੇ ਜੀਵ-ਇਸਤ੍ਰੀ ਭਟਕਣਾ ਦੇ ਕਾਰਨ ਕੁਰਾਹੇ ਪਈ ਰਹਿੰਦੀ ਹੈ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦੀ ਹੈ ॥੨॥