ਅਕਾਲ ਪੁਰਖ ਪਾਤਸ਼ਾਹ ਹੈ, ਸ਼ਾਹਾਂ ਦਾ ਸ਼ਾਹ ਹੈ, ਮਾਲਕ ਹੈ। ਹੇ ਨਾਨਕ! (ਸਾਨੂੰ) ਉਸ ਦੀ ਰਜ਼ਾ ਵਿਚ ਰਹਿਣਾ (ਹੀ ਫੱਬਦਾ ਹੈ) ॥੧॥੧॥
ਉਹ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ, (ਫਿਰ ਭੀ) ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ, ਅਪਹੁੰਚ ਹੈ ਤੇ ਬੇਅੰਤ ਹੈ।
ਹੇ ਸਦਾ ਕਾਇਮ ਰਹਿਣ ਵਾਲੇ ਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹਰੀ! ਸਾਰੇ ਜੀਆ-ਜੰਤ ਤੈਨੂੰ ਸਿਮਰਦੇ ਹਨ।
ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈਂ।
ਹੇ ਸੰਤ ਜਨੋ! ਉਸ ਪ੍ਰਭੂ ਨੂੰ ਸਿਮਰੋ, ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
ਉਹ ਪ੍ਰਭੂ (ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਮਾਲਕ ਹੈ ਤੇ ਆਪ ਹੀ ਸੇਵਕ ਹੈ। ਹੇ ਨਾਨਕ! ਜੀਵ ਵਿਚਾਰੇ ਕੀਹ ਹਨ? (ਭਾਵ, ਜੀਵਾਂ ਦੀ ਉਸ ਪ੍ਰਭੂ ਤੋਂ ਵੱਖਰੀ ਕੋਈ ਹਸਤੀ ਨਹੀਂ) ॥੧॥
ਹੇ ਹਰੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ, ਤੂੰ ਸਭ ਜੀਵਾਂ ਵਿਚ ਇਕ-ਰਸ ਮੌਜੂਦ ਹੈਂ, ਤੂੰ ਇਕ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ।
(ਫਿਰ ਭੀ) ਕਈ ਜੀਵ ਦਾਨੀ ਹਨ, ਕਈ ਜੀਵ ਮੰਗਤੇ ਹਨ-ਇਹ ਤੇਰੇ ਹੀ ਅਸਚਰਜ ਤਮਾਸ਼ੇ ਹਨ।
(ਕਿਉਂਕਿ ਅਸਲ ਵਿਚ) ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੇ ਆਪ ਹੀ (ਉਹਨਾਂ ਦਾਤਾਂ ਨੂੰ) ਵਰਤਣ ਵਾਲਾ ਹੈਂ। (ਸਾਰੀ ਸ੍ਰਿਸ਼ਟੀ ਵਿਚ) ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਭਾਵ, ਤੈਥੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ)।
ਮੈਂ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਦੱਸਾਂ? ਤੂੰ ਬੇਅੰਤ ਪਾਰਬ੍ਰਹਮ ਹੈਂ, ਤੂੰ ਬੇਅੰਤ ਪਾਰਬ੍ਰਹਮ ਹੈਂ।
ਹੇ ਪ੍ਰਭੂ! ਜੋ ਤੈਨੂੰ ਯਾਦ ਕਰਦੇ ਹਨ ਜੋ ਤੈਨੂੰ ਸਿਮਰਦੇ ਹਨ, ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੨॥
ਹੇ ਹਰੀ! ਜੋ ਮਨੁੱਖ ਤੈਨੂੰ ਸਿਮਰਦੇ ਹਨ ਜੋ ਤੈਨੂੰ ਧਿਆਉਂਦੇ ਹਨ, ਉਹ ਆਪਣੀ ਜ਼ਿੰਦਗੀ ਵਿਚ ਸੁਖੀ ਵੱਸਦੇ ਹਨ।
ਜਿਨ੍ਹਾਂ ਮਨੁੱਖਾਂ ਨੇ ਹਰੀ-ਨਾਮ ਸਿਮਰਿਆ ਹੈ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ, ਉਹਨਾਂ ਦੀ ਜਮਾਂ ਵਾਲੀ ਫਾਹੀ ਟੁੱਟ ਗਈ ਹੈ।
ਜਿਨ੍ਹਾਂ ਨੇ ਨਿਰਭਉ ਪ੍ਰਭੂ ਨੂੰ ਧਿਆਇਆ ਹੈ, ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ।
ਜਿਨ੍ਹਾਂ ਨੇ ਪਿਆਰੇ ਪ੍ਰਭੂ ਨੂੰ ਸਿਮਰਿਆ ਹੈ, ਉਹ ਪ੍ਰਭੂ ਦੇ ਸਰੂਪ ਵਿਚ ਹੀ ਲੀਨ ਹੋ ਗਏ ਹਨ।
ਭਾਗਾਂ ਵਾਲੇ ਹਨ ਉਹ ਮਨੁੱਖ; ਧੰਨ ਹਨ ਉਹ ਮਨੁੱਖ, ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ ਹੈ, ਦਾਸ ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ ॥੩॥
ਹੇ ਪ੍ਰਭੂ! ਤੇਰੀ ਭਗਤੀ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ।
ਹੇ ਹਰੀ! ਅਨੇਕਾਂ ਤੇ ਬੇਅੰਤ ਤੇਰੇ ਭਗਤ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ।
ਹੇ ਪ੍ਰਭੂ! ਅਨੇਕਾਂ ਜੀਵ ਤੇਰੀ ਪੂਜਾ ਕਰਦੇ ਹਨ, ਬੇਅੰਤ ਜੀਵ (ਤੈਨੂੰ ਮਿਲਣ ਲਈ) ਤਾਪ ਸਾਧਦੇ ਹਨ।
ਤੇਰੇ ਅਨੇਕਾਂ (ਸੇਵਕ) ਕਈ ਸਿਮ੍ਰਿਤੀਆਂ ਤੇ ਸ਼ਾਸਤ੍ਰ ਪੜ੍ਹਦੇ ਹਨ, (ਤੇ ਉਹਨਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਤੇ ਹੋਰ ਕਰਮ ਕਰਦੇ ਹਨ।
ਹੇ ਦਾਸ ਨਾਨਕ! ਉਹ ਭਗਤ ਭਲੇ ਹਨ (ਭਾਵ ਉਹਨਾਂ ਦੀ ਘਾਲ ਥਾਂਇ ਪਈ ਜਾਣੋ) ਜੋ ਪਿਆਰੇ ਹਰਿ-ਭਗਵੰਤ ਨੂੰ ਪਿਆਰੇ ਲੱਗਦੇ ਹਨ ॥੪॥
ਹੇ ਪ੍ਰਭੂ! ਤੂੰ ਸਭ ਦਾ ਮੂਲ ਹੈਂ, ਸਭ ਵਿਚ ਵਿਆਪਕ ਹੈਂ, ਬੇਅੰਤ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
ਤੂੰ ਹਰੇਕ ਜੁਗ ਵਿਚ ਆਪ ਹੀ ਹੈਂ, ਤੂੰ ਸਦਾ ਹੀ ਇਕ ਆਪ ਹੀ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ ਤੇ ਸਭ ਦੀ ਸਾਰ ਲੈਣ ਵਾਲਾ ਹੈਂ।
ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਤੈਨੂੰ ਆਪ ਨੂੰ ਪਸੰਦ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ।
(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ, ਤੂੰ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈਂ।
ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਂਦਾ ਹੈ, ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੫॥੨॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਆਸਾ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਪਦਿਆਂ ਵਾਲੀ ਬਾਣੀ।
ਹਰੇਕ ਜੀਵ (ਹੋਰਨਾਂ ਪਾਸੋਂ ਸਿਰਫ਼) ਸੁਣ ਕੇ (ਕੀ) ਆਖ ਦੇਂਦਾ ਹੈ ਕਿ (ਹੇ ਪ੍ਰਭੂ!) ਤੂੰ ਵੱਡਾ ਹੈਂ।
ਪਰ ਤੂੰ ਕੇਡਾ ਵੱਡਾ ਹੈਂ ਇਹ ਗੱਲ ਤੈਨੂੰ ਵੇਖਿਆਂ ਹੀ ਦੱਸੀ ਜਾ ਸਕਦੀ ਹੈ।
ਤੇਰੇ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, (ਇਹ) ਨਹੀਂ ਦੱਸਿਆ ਜਾ ਸਕਦਾ (ਕਿ ਤੂੰ ਕੇਡਾ ਵੱਡਾ ਹੈਂ)