ਗੁਰੂ (ਉਹਨਾਂ ਦੇ ਅੰਦਰੋਂ ਮਾਇਆ ਦੀ) ਭਟਕਣਾ ਦੂਰ ਕਰ ਕੇ (ਹਰੇਕ ਕਿਸਮ ਦਾ ਮਲੀਨ) ਡਰ ਦੂਰ ਕਰ ਕੇ ਉਹਨਾਂ ਮਨੁੱਖਾਂ ਨੂੰ ਨਿਰਵੈਰ ਬਣਾ ਦੇਂਦਾ ਹੈ।
ਹੇ ਗੁਰੂ! ਤੂੰ ਹੀ ਮੇਰੇ ਮਨ ਦੀ ਭੀ (ਸਿਮਰਨ ਦੀ) ਆਸ ਪੂਰੀ ਕੀਤੀ ਹੈ ॥੪॥
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਉਹ ਧਨਾਢ ਬਣ ਗਿਆ,
ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ ਉਹ (ਲੋਕ ਪਰਲੋਕ ਵਿਚ) ਸੋਭਾ ਵਾਲਾ ਹੋ ਗਿਆ।
ਜਿਸ ਮਨੁੱਖ ਨੂੰ ਗੁਰੂ ਦੀ ਸੰਗਤਿ ਮਿਲ ਗਈ, ਉਸ ਦੀ ਸਾਰੀ ਸ੍ਰੇਸ਼ਟ ਕਰਨੀ ਬਣ ਗਈ,
ਹੇ ਦਾਸ ਨਾਨਕ! (ਆਖ-) ਉਸ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਲੀਨਤਾ ਪ੍ਰਾਪਤ ਹੋ ਗਈ ॥੫॥੧॥੧੬੬॥
ਹੇ ਮੇਰੇ ਪਿਆਰੇ ਰਾਮ ਜੀ! ਮੇਰੇ-ਹਿਰਦੇ ਵਿਚ ਆ ਵੱਸ।
ਮੈਂ ਰਾਤ ਦਿਨ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਹਾਂ।
(ਤੇਰੇ) ਸੰਤ ਜਨਾਂ ਦੀ ਚਰਨੀਂ ਪੈ ਕੇ ਮੈਂ (ਤੇਰੇ ਵਲ) ਸੁਨੇਹਾ ਭੇਜਦਾ ਹਾਂ,
(ਕਿ ਹੇ ਮੇਰੇ ਪਿਆਰੇ ਰਾਮ ਜੀ!) ਮੈਂ ਤੈਥੋਂ ਬਿਨਾ ਕਿਸੇ ਤਰ੍ਹਾਂ ਭੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਦਾ ॥੧॥
(ਹੇ ਮੇਰੇ ਪਿਆਰੇ ਰਾਮ ਜੀ!) ਤੇਰੀ ਸੰਗਤਿ ਵਿਚ ਰਹਿ ਕੇ ਮੈਂ ਆਨੰਦ ਮਾਣਦਾ ਹਾਂ।
ਸਾਰੀ ਬਨਸਪਤੀ ਵਿਚ ਤੇ ਤਿੰਨਾਂ ਭਵਨਾਂ ਵਾਲੇ ਸੰਸਾਰ ਵਿਚ (ਤੈਨੂੰ ਵੇਖ ਕੇ) ਮੈਂ ਪਰਮ ਸੁਖ ਪਰਮ ਆਨੰਦ (ਅਨੁਭਵ ਕਰਦਾ ਹਾਂ)।
ਮੇਰੇ ਹਿਰਦੇ ਦੀ ਸੇਜ ਸੋਹਣੀ ਬਣ ਗਈ ਹੈ, ਮੇਰਾ ਇਹ ਮਨ ਖਿੜ ਪਿਆ ਹੈ!
(ਹੇ ਮੇਰੇ ਪਿਆਰੇ ਰਾਮ ਜੀ!) ਤੇਰਾ ਦਰਸ਼ਨ ਕਰਕੇ ਇਹ (ਆਤਮਕ) ਸੁਖ ਮਿਲਦਾ ਹੈ ॥੨॥
(ਹੇ ਮੇਰੇ ਰਾਮ ਜੀ! ਮਿਹਰ ਕਰ, ਮੈਂ ਤੇਰੇ ਸੰਤ ਜਨਾਂ ਦੇ) ਚਰਨ ਧੋ ਕੇ ਉਹਨਾਂ ਦੀ ਸਦਾ ਸੇਵਾ ਕਰਦਾ ਰਹਾਂ,
ਇਹੀ ਮੇਰੇ ਵਾਸਤੇ ਦੇਵ-ਪੂਜਾ ਹੈ, ਇਹੀ ਮੇਰੇ ਲਈ ਦੇਵਤਿਆਂ ਅੱਗੇ ਫੁੱਲਾਂ ਦੀ ਭੇਟ ਹੈ ਤੇ ਇਹੀ ਦੇਵਤਿਆਂ ਅੱਗੇ ਨਮਸਕਾਰ ਹੈ,
(ਕਿ) ਮੈਂ ਤੇਰੇ ਦਾਸਾਂ ਦਾ ਦਾਸ ਹੋ ਕੇ ਸਦਾ ਤੇਰਾ ਨਾਮ ਜਪਦਾ ਰਹਾਂ-
(ਹੇ ਮੇਰੇ ਪਿਆਰੇ ਰਾਮ ਜੀ! ਤੇਰੇ ਸੰਤ ਜਨਾਂ ਪਾਸ ਮੈਂ ਬੇਨਤੀ ਕਰਦਾ ਹਾਂ ਕਿ) ਮਾਲਕ-ਪ੍ਰਭੂ ਪਾਸ ਮੇਰੀ ਇਹੋ ਬੇਨਤੀ ਆਖਣੀ ॥੩॥
(ਹੇ ਭਾਈ! ਪਿਆਰੇ ਰਾਮ ਦੀ ਕਿਰਪਾ ਨਾਲ) ਮੇਰੀ (ਉਸ ਦੇ ਮਿਲਾਪ ਦੀ) ਇੱਛਾ ਪੂਰੀ ਹੋ ਗਈ ਹੈ, ਮੇਰਾ ਮਨ ਆਤਮਕ ਜੀਵਨ ਵਾਲਾ ਹੋ ਗਿਆ ਹੈ, ਮੇਰਾ ਸਰੀਰ (ਭਾਵ, ਹਰੇਕ ਗਿਆਨ-ਇੰਦ੍ਰਾ) ਹਰਾ ਹੋ ਪਿਆ ਹੈ,
(ਪਿਆਰੇ ਰਾਮ ਦਾ) ਦਰਸ਼ਨ ਕਰਦਿਆਂ ਮੇਰਾ ਸਾਰਾ ਦੁੱਖ ਦੂਰ ਹੋ ਗਿਆ ਹੈ,
ਪਿਆਰੇ ਰਾਮ ਜੀ ਦਾ ਨਾਮ ਜਪ ਜਪ ਕੇ ਮੈਂ (ਸੰਸਾਰ-ਸਮੁੰਦਰ ਨੂੰ) ਪਾਰ ਕਰ ਲਿਆ ਹੈ।
ਹੇ ਨਾਨਕ! (ਉਸ ਪਿਆਰੇ ਰਾਮ ਜੀ ਦਾ ਦਰਸ਼ਨ ਕੀਤਿਆਂ) ਇਹ ਇਕ ਐਸਾ ਸੁਖ ਮਾਣ ਲਈਦਾ ਹੈ ਜੋ ਕਦੇ ਘੱਟ ਹੋਣ ਵਾਲਾ ਨਹੀਂ ਹੈ ॥੪॥੨॥੧੬੭॥
ਹੇ ਮੇਰੇ ਪਿਆਰੇ ਸੱਜਣ ਪ੍ਰਭੂ! ਹੇ ਮੇਰੇ ਮਨ ਦੇ ਮਿੱਤਰ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! (ਮੇਰੀ ਬੇਨਤੀ) ਧਿਆਨ ਨਾਲ ਸੁਣ।
(ਮੇਰਾ ਇਹ) ਮਨ ਤੇਰਾ ਦਿੱਤਾ ਹੋਇਆ ਹੈ, (ਮੇਰਾ ਇਹ) ਸਰੀਰ ਤੇਰਾ ਦਿੱਤਾ ਹੋਇਆ ਹੈ, ਮੇਰੀ ਇਹ ਜਿੰਦ ਭੀ ਤੇਰੀ ਹੀ ਦਿੱਤੀ ਹੋਈ ਹੈ। ਮੈਂ (ਇਹ ਸਭ ਕੁਝ ਤੈਥੋਂ) ਕੁਰਬਾਨ ਕਰਦਾ ਹਾਂ।
ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! ਮੈਨੂੰ ਭੁਲ ਨਾਹ।
ਮੈਂ ਸਦਾ ਤੇਰੀ ਸਰਨ ਪਿਆ ਰਹਾਂ ॥੧॥
ਹੇ ਭਾਈ! ਜਿਸ ਹਰਿ-ਪ੍ਰਭੂ ਨੂੰ ਮਿਲਿਆਂ ਆਤਮਕ ਜੀਵਨ ਲੱਭ ਪੈਂਦਾ ਹੈ,
ਉਹ ਹਰਿ-ਪ੍ਰਭੂ ਗੁਰੂ ਦੀ ਕਿਰਪਾ ਨਾਲ ਹੀ ਮਿਲ ਸਕਦਾ ਹੈ।
(ਹੇ ਭਾਈ! ਮੇਰਾ ਮਨ ਤਨ) ਸਭ ਕੁਝ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ, (ਜਗਤ ਦੀਆਂ) ਸਾਰੀਆਂ ਥਾਵਾਂ ਪ੍ਰਭੂ ਦੀਆਂ ਹੀ ਹਨ,
ਮੈਂ ਸਦਾ ਉਸ ਪ੍ਰਭੂ ਤੋਂ ਹੀ ਸਦਕੇ ਜਾਂਦਾ ਹਾਂ ॥੨॥
(ਹੇ ਭਾਈ! ਪਰਮਾਤਮਾ ਦਾ) ਇਹ (ਨਾਮ ਸਾਰੇ ਪਦਾਰਥਾਂ ਦਾ) ਖ਼ਜ਼ਾਨਾ (ਹੈ ਕੋਈ) ਭਾਗਾਂ ਵਾਲਾ ਮਨੁੱਖ ਇਹ ਨਾਮ (ਜਪਦਾ ਹੈ,
ਪਵਿੱਤ੍ਰ-ਸਰੂਪ ਪ੍ਰਭੂ ਦੇ ਨਾਮ ਨਾਲ (ਉਸ ਵਡਭਾਗੀ ਮਨੁੱਖ ਦੀ) ਲਗਨ ਲੱਗ ਜਾਂਦੀ ਹੈ।
(ਜਿਸ ਵਡਭਾਗੀ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ,
ਉਹ ਅੱਠੇ ਪਹਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੩॥
(ਹੇ ਮੇਰੇ ਪਿਆਰੇ ਸੱਜਣ ਪ੍ਰਭੂ! ਹੇ ਹਰੀ! ਤੇਰਾ ਨਾਮ ਕੀਮਤੀ ਪਦਾਰਥਾਂ (ਦਾ ਸੋਮਾ) ਹੈ।
ਹੇ ਹਰੀ! ਤੂੰ ਸਦਾ ਕਾਇਮ ਰਹਿਣ ਵਾਲਾ (ਉਹਨਾਂ ਰਤਨ-ਪਦਾਰਥਾਂ ਦਾ) ਸਾਹੂਕਾਰ ਹੈਂ, ਤੇਰਾ ਭਗਤ (ਉਹਨਾਂ ਰਤਨ ਪਦਾਰਥਾਂ ਦਾ) ਵਣਜ ਕਰਨ ਵਾਲਾ ਹੈ।
ਹੇ ਹਰੀ! ਤੇਰਾ ਨਾਮ-ਧਨ (ਤੇਰੇ ਭਗਤ ਦਾ) ਸਰਮਾਇਆ ਹੈ, ਤੇਰਾ ਭਗਤ ਇਹੀ ਸਦਾ-ਥਿਰ ਰਹਿਣ ਵਾਲਾ ਵਣਜ ਕਰਦਾ ਹੈ।
ਹੇ ਦਾਸ ਨਾਨਕ! (ਆਖ-ਹੇ ਹਰੀ!) ਮੈਂ (ਤੈਥੋਂ ਤੇ ਤੇਰੇ ਭਗਤ ਤੋਂ) ਸਦਾ ਕੁਰਬਾਨ ਜਾਂਦਾ ਹਾਂ ॥੪॥੩॥੧੬੮॥
ਰਾਗ ਗਉੜੀ-ਮਾਝ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਕਰਤਾਰ! ਤੂੰ ਮੇਰੇ ਵਾਸਤੇ ਫ਼ਖ਼ਰ ਦੀ ਥਾਂ ਹੈਂ, ਤੂੰ ਮੇਰਾ ਮਾਣ ਹੈਂ।
ਹੇ ਕਰਤਾਰ! ਤੇਰੇ ਬਲ ਦੇ ਆਸਰੇ ਮੈਂ ਸੁਖ ਨਾਲ ਵੱਸਦਾ ਹਾਂ, ਤੇਰੀ ਸਦਾ-ਥਿਰ ਸਿਫ਼ਤ-ਸਾਲਾਹ ਦੀ ਬਾਣੀ (ਮੇਰੇ ਜੀਵਨ-ਸਫ਼ਰ ਵਿਚ ਮੇਰੇ ਵਾਸਤੇ) ਰਾਹਦਾਰੀ ਹੈ ॥੧॥ ਰਹਾਉ ॥
ਹੇ ਕਰਤਾਰ! (ਮਾਇਆ ਵਿਚ ਮੋਹਿਆ) ਜੀਵ ਪਰਮਾਰਥ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਮਝਦਾ ਭੀ ਹੈ, ਪਰ ਫਿਰ ਭੀ ਪਰਵਾਹ ਨਹੀਂ ਕਰਦਾ।
ਮਾਇਆ ਵਿਚ ਮੋਹਿਆ ਜੀਵ ਤੇ ਕਦੇ ਭੀ (ਪਰਮਾਰਥ ਵਲ) ਧਿਆਨ ਨਹੀਂ ਦੇਂਦਾ ॥੧॥
ਜੇ ਕੋਈ ਗੁਰਮੁਖਿ ਕੋਈ ਇਸ਼ਾਰਾ ਜਾਂ ਬੁਝਾਉਣੀ ਦੇਂਦਾ ਭੀ ਹੈ (ਕਿ ਇਥੇ ਸਦਾ ਨਹੀਂ ਬਹਿ ਰਹਿਣਾ, ਫਿਰ) ਉਹ ਗੱਲਾਂ ਅੱਖੀਂ ਭੀ ਵੇਖ ਲਈਦੀਆਂ ਹਨ (ਕਿ ਸਭ ਤੁਰੇ ਜਾ ਰਹੇ ਹਨ)