ਰਾਗ ਭੈਰਉ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਜਗਤ ਵਿਚ) ਕੋਈ ਭੀ ਕੰਮ ਤੇਰੀ ਮਰਜ਼ੀ ਦੇ ਵਿਰੁੱਧ ਨਹੀਂ ਹੋ ਰਿਹਾ।
ਤੂੰ ਆਪ ਹੀ ਸਭ ਕੁਝ ਕਰ ਕਰ ਕੇ ਸੰਭਾਲ ਕਰਦਾ ਹੈਂ ਤੂੰ ਆਪ ਹੀ (ਆਪਣੇ ਕੀਤੇ ਨੂੰ) ਸਮਝਦਾ ਹੈਂ ॥੧॥
(ਹੇ ਪ੍ਰਭੂ! ਜਗਤ ਵਿਚ) ਜੋ ਕੁਝ ਹੋ ਰਿਹਾ ਹੈ ਸਭ ਤੇਰੀ ਮਰਜ਼ੀ ਅਨੁਸਾਰ ਹੋ ਰਿਹਾ ਹੈ (ਚਾਹੇ ਉਹ ਜੀਵਾਂ ਵਾਸਤੇ ਸੁਖ ਹੈ ਚਾਹੇ ਦੁੱਖ ਹੈ।
ਜੇ ਜੀਵਾਂ ਨੂੰ ਕੋਈ ਕਸ਼ਟ ਮਿਲ ਰਿਹਾ ਹੈ, ਤਾਂ ਭੀ ਉਸ ਦੇ ਵਿਰੁੱਧ ਰੋਸ ਵਜੋਂ) ਅਸੀਂ ਜੀਵ ਕੀਹ ਆਖ ਸਕਦੇ ਹਾਂ? (ਸਾਨੂੰ ਤੇਰੀ ਰਜ਼ਾ ਦੀ ਸਮਝ ਨਹੀਂ ਹੈ, ਇਸ ਵਾਸਤੇ ਸਾਥੋਂ ਜੀਵਾਂ ਪਾਸੋਂ) ਕੋਈ ਗਿਲਾ ਕੀਤਾ ਨਹੀਂ ਜਾ ਸਕਦਾ (ਕੋਈ ਗਿਲਾ ਫਬਦਾ ਨਹੀਂ ਹੈ) ॥੧॥ ਰਹਾਉ ॥
ਅਸਾਂ ਜੀਵਾਂ ਨੇ ਜੇਹੜਾ ਭੀ ਕੋਈ ਤਰਲਾ ਕਰਨਾ ਹੈ ਤੇਰੇ ਪਾਸ ਹੀ ਕਰਨਾ ਹੈ।
(ਜੇ ਤੇਰੀ ਰਜ਼ਾ ਵਿਚ ਕੋਈ ਐਸੀ ਘਟਨਾ ਵਾਪਰੇ ਜੋ ਸਾਨੂੰ ਜੀਵਾਂ ਨੂੰ ਦੁਖਦਾਈ ਜਾਪੇ, ਤਾਂ ਭੀ ਤੈਥੋਂ ਬਿਨਾ) ਕਿਸੇ ਹੋਰ ਅੱਗੇ ਅਰਜ਼ੋਈ ਨਹੀਂ ਕੀਤੀ ਜਾ ਸਕਦੀ ॥੨॥
(ਸਾਨੂੰ ਜੀਵਾਂ ਨੂੰ) ਇਹੀ ਫਬਦਾ ਹੈ ਕਿ ਅਸੀਂ ਤੇਰੀ ਸਿਫ਼ਤ-ਸਾਲਾਹ ਹੀ ਕਰੀਏ ਤੇ ਸੁਣੀਏ।
ਹੇ ਸਾਰੇ ਅਚਰਜ ਕੌਤਕ ਕਰਨ ਵਾਲੇ ਪ੍ਰਭੂ! ਤੂੰ ਆਪ ਹੀ (ਆਪਣੇ ਕੀਤੇ ਕੰਮਾਂ ਦੇ ਰਾਜ਼) ਸਮਝਦਾ ਹੈਂ ॥੩॥
ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ ਤੇ ਆਪ ਹੀ (ਸਾਰੇ ਭੇਦ ਨੂੰ) ਸਮਝਦਾ ਹੈ (ਕਿ ਕਿਉਂ ਇਹ ਕੁਝ ਕਰ ਤੇ ਕਰਾ ਰਿਹਾ ਹੈ)
ਹੇ ਨਾਨਕ! ਜਗਤ ਨੂੰ ਰਚ ਕੇ ਭੀ ਤੇ ਢਾਹ ਕੇ ਭੀ ਪ੍ਰਭੂ ਆਪ ਹੀ ਸੰਭਾਲ ਕਰਦਾ ਹੈ ॥੪॥੧॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਭੈਰਉ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਇੰਦ੍ਰ ਬ੍ਰਹਮਾ ਅਤੇ ਉਹਨਾਂ ਵਰਗੇ ਹੋਰ ਅਨੇਕਾਂ ਸਮਾਧੀਆਂ ਲਾਣ ਵਾਲੇ ਸਾਧੂ ਗੁਰੂ ਦੇ ਸ਼ਬਦ ਵਿਚ ਜੁੜ ਕੇ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਦੇ ਰਹੇ,
(ਬ੍ਰਹਮਾ ਦੇ ਪੁਤ੍ਰ) ਸਨਕ ਸਨੰਦਨ ਤੇ ਹੋਰ ਅਨੇਕਾਂ ਤਪੀ ਸਾਧੂ ਗੁਰੂ ਦੀ ਮੇਹਰ ਨਾਲ ਹੀ ਭਵਜਲ ਤੋਂ ਪਾਰ ਲੰਘੇ ॥੧॥
ਗੁਰੂ ਦੇ ਸ਼ਬਦ (ਦੀ ਅਗਵਾਈ) ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ,
(ਕਿਉਂਕਿ) ਪਰਮਾਤਮਾ ਦੇ ਨਾਮ ਤੋਂ ਵਾਂਜਿਆਂ ਰਹਿ ਕੇ ਜਗਤ (ਮੇਰ-ਤੇਰ ਵਿਤਕਰੇ ਦੇ) ਰੋਗ ਵਿਚ ਫਸਿਆ ਰਹਿੰਦਾ ਹੈ, ਤੇ ਮੇਰ-ਤੇਰ (ਦੇ ਡੂੰਘੇ ਪਾਣੀਆਂ) ਵਿਚ ਮੁੜ ਮੁੜ ਡੁੱਬ ਕੇ (ਗੋਤੇ ਖਾ ਕੇ ਆਖ਼ਿਰ) ਆਤਮਕ ਮੌਤ ਸਹੇੜ ਲਈਦੀ ਹੈ ॥੧॥ ਰਹਾਉ ॥
ਗੁਰੂ (ਆਤਮਕ ਜੀਵਨ ਦੇ) ਚਾਨਣ ਦਾ ਸੋਮਾ ਹੈ, ਗੁਰੂ ਅਲੱਖ ਅਭੇਵ ਪਰਮਾਤਮਾ (ਦਾ ਰੂਪ) ਹੈ, (ਗੁਰੂ ਦੇ ਦੱਸੇ ਰਸਤੇ ਤੇ ਤੁਰਿਆਂ ਹੀ) ਗੁਰੂ ਦੀ ਦੱਸੀ ਹੋਈ ਕਾਰ ਕਮਾਇਆਂ ਹੀ ਤਿੰਨਾਂ ਭਵਣਾਂ (ਵਿਚ ਵਿਆਪਕ ਪ੍ਰਭੂ) ਦੀ ਸੂਝ ਪੈਂਦੀ ਹੈ।
ਨਾਮ ਦੀ ਦਾਤ ਦੇਣ ਵਾਲੇ ਗੁਰੂ ਨੇ ਜਿਸ ਮਨੁੱਖ ਨੂੰ ਆਪ (ਨਾਮ ਦੀ) ਦਾਤ ਦਿੱਤੀ, ਉਸ ਨੂੰ ਅਲੱਖ ਅਭੇਵ ਪ੍ਰਭੂ ਲੱਭ ਪਿਆ ॥੨॥
(ਗੁਰੂ ਦੀ ਮੇਹਰ ਨਾਲ) ਜੇਹੜਾ ਮਨ ਆਪਣੇ ਸਰੀਰਕ ਇੰਦ੍ਰਿਆਂ ਉਤੇ ਕਾਬੂ ਪਾਣ-ਜੋਗਾ ਹੋ ਗਿਆ; ਉਹ ਮਨ ਮਾਇਕ ਫੁਰਨਿਆਂ ਦੇ ਪਿਛੇ ਦੌੜ-ਭੱਜ ਬੰਦ ਕਰਨੀ ਮੰਨ ਗਿਆ, ਉਸ ਮਨ ਦੀ ਵਾਸਨਾ ਉਸ ਦੇ ਆਪਣੇ ਹੀ ਅੰਦਰ ਲੀਨ ਹੋ ਗਈ।
(ਗੁਰੂ ਦੀ ਮੇਹਰ ਨਾਲ ਉਹ) ਮਨ ਪ੍ਰਭੂ-ਚਰਨਾਂ ਦਾ ਮਿਲਾਪੀ ਹੋ ਗਿਆ, ਉਹ ਮਨ ਆਪਾ-ਭਾਵ ਵਲੋਂ ਖ਼ਤਮ ਹੋ ਕੇ ਪ੍ਰਭੂ (-ਦੀਦਾਰ) ਦਾ ਪ੍ਰੇਮੀ ਹੋ ਗਿਆ, ਉਹ ਮਨ ਉੱਚੀ ਸੂਝ ਵਾਲਾ ਹੋ ਗਿਆ, ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਲੱਗ ਪਿਆ ॥੩॥
ਜਗਤ ਵਿਚ ਉਹ ਵਿਰਲੇ ਬੰਦੇ ਹਨ ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਆਪਣਾ ਮਨ ਵੱਸ ਵਿਚ ਕੀਤਾ ਹੈ ਤੇ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਵਸਾਇਆ ਹੈ (ਜਿਨ੍ਹਾਂ ਇਹ ਪਦਵੀ ਪਾ ਲਈ ਹੈ),
ਹੇ ਨਾਨਕ! ਉਹਨਾਂ ਨੂੰ ਮਾਲਿਕ-ਪ੍ਰਭੂ ਸਾਰੇ ਜਗਤ ਵਿਚ (ਨਕਾ-ਨਕ) ਵਿਆਪਕ ਦਿੱਸ ਪੈਂਦਾ ਹੈ, ਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਦੇ ਮੇਰ-ਤੇਰ ਦੇ ਡੂੰਘੇ ਪਾਣੀਆਂ ਵਿਚੋਂ) ਉਹ ਪਾਰ ਲੰਘ ਜਾਂਦੇ ਹਨ ॥੪॥੧॥੨॥
ਹੇ ਪ੍ਰਾਣੀ! ਤੇਰੀਆਂ ਅੱਖਾਂ ਵਿਚ ਵੇਖਣ ਦੀ (ਪੂਰੀ) ਤਾਕਤ ਨਹੀਂ ਰਹੀ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਬੁਢੇਪੇ ਨੇ ਤੈਨੂੰ ਜਿੱਤ ਲਿਆ ਹੈ (ਬੁਢੇਪੇ ਨੇ ਜ਼ੋਰ ਪਾ ਦਿੱਤਾ ਹੈ)। ਤੇਰੇ ਸਿਰ ਉਤੇ ਹੁਣ ਮੌਤ ਕੂਕ ਰਹੀ ਹੈ।
ਨਾਹ ਤੇਰਾ ਰੱਬੀ ਰੂਪ ਬਣਿਆ, ਨਾਹ ਤੈਨੂੰ ਰੱਬੀ ਰੰਗ ਚੜ੍ਹਿਆ, ਨਾਹ ਤੇਰੇ ਅੰਦਰ ਰੱਬੀ ਖੇੜਾ ਆਇਆ, (ਦੱਸ) ਜਮ ਦਾ ਜਾਲ ਤੈਨੂੰ ਕਿਵੇਂ ਛੱਡੇਗਾ? ॥੧॥
ਹੇ ਪ੍ਰਾਣੀ! ਪਰਮਾਤਮਾ ਦਾ ਸਿਮਰਨ ਕਰ। ਜ਼ਿੰਦਗੀ ਬੀਤਦੀ ਜਾ ਰਹੀ ਹੈ।