ਬਾਹੋਂ ਫੜ ਕੇ ਉਸ ਨੇ (ਮੈਨੂੰ) ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘਾ ਦਿੱਤਾ ਹੈ ॥੨॥
ਪਰਮਾਤਮਾ ਨੇ (ਆਪ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ) ਮੈਲ ਕੱਟ ਕੇ ਉਹਨਾਂ ਨੂੰ ਪਵਿੱਤਰ ਜੀਵਨ ਵਾਲਾ ਬਣਾ ਲਿਆ,
ਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਪੈ ਗਏ ॥੩॥
ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! ਤੂੰ ਸਭ ਕੁਝ ਆਪ ਹੀ ਕਰ ਰਿਹਾ ਹੈਂ।
ਮਿਹਰ ਕਰ ਕੇ (ਮੈਨੂੰ) ਨਾਨਕ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੪॥੪॥੧੭॥
ਰਾਗ ਬਸੰਤੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਵੇਖ! (ਤੇਰੇ ਅੰਦਰ) ਫੁੱਲ ਹੀ ਫੁੱਲ ਖਿੜੇ ਹੋਏ ਹਨ (ਤੇਰੇ ਅੰਦਰ ਆਤਮਕ ਖਿੜਾਉ ਹੈ)।
ਹੇ ਮੇਰੇ ਮਨ! (ਆਪਣੇ ਅੰਦਰੋਂ) ਹਉਮੈ ਦੂਰ ਕਰ, ਹਉਮੈ ਦੂਰ ਕਰ,
ਪ੍ਰਭੂ ਦੇ ਸੋਹਣੇ ਚਰਨਾਂ ਨਾਲ ਚੰਬੜਿਆ ਰਹੁ।
ਹੇ ਭਾਗਾਂ ਵਾਲੇ ਮਨ! ਪ੍ਰਭੂ ਨਾਲ ਜੁੜਿਆ ਰਹੁ।
ਹੇ ਮੇਰੇ ਮਨ! ਪਰਮਾਤਮਾ ਨੂੰ ਯਾਦ ਕਰਦਾ ਰਹੁ ॥ ਰਹਾਉ॥
ਹੇ ਮੇਰੇ ਮਨ! ਜਦੋਂ ਬਸੰਤ ਦਾ ਸਮਾ ਆਉਂਦਾ ਹੈ, (ਤਦੋਂ ਰੁੱਖ ਤਰਾਵਤ ਨਾਲ) ਸੰਘਣੀ ਛਾਂ ਵਾਲੇ, ਸੁਗੰਧੀ ਵਾਲੇ ਅਤੇ ਨਰਮ ਹੋ ਜਾਂਦੇ ਹਨ,
ਪਰ ਕਈ ਰੁੱਖ ਐਸੇ ਹੁੰਦੇ ਹਨ ਜੋ (ਬਸੰਤ ਆਉਣ ਤੇ ਭੀ) ਸੁੱਕੇ ਰਹਿੰਦੇ ਹਨ, ਤੇ, ਸੁੱਕੇ ਕਾਠ ਵਰਗੇ ਕਰੜੇ ਰਹਿੰਦੇ ਹਨ।
(ਇਸ ਤਰ੍ਹਾਂ, ਹੇ ਮਨ!) ਭਾਵੇਂ ਆਤਮਕ ਜੀਵਨ ਦਾ ਖਿੜਾਉ ਪ੍ਰਾਪਤ ਕਰ ਸਕਣ ਵਾਲੀ ਮਨੁੱਖਾ ਜੀਵਨ ਦੀ ਰੁੱਤ ਤੇਰੇ ਉੱਤੇ ਆਈ ਹੈ,
(ਫਿਰ ਭੀ ਜਿਹੜਾ ਭਾਗਾਂ ਵਾਲਾ ਮਨੁੱਖ ਹਰਿ-ਨਾਮ ਜਪਦਾ ਹੈ, ਉਹ ਹੀ) ਖਿੜਿਆ ਰਹਿ ਸਕਦਾ ਹੈ ॥੧॥
ਹੇ ਮੇਰੇ ਮਨ! ਹੁਣ ਮਨੁੱਖਾ ਜਨਮ ਮਿਲਣ ਤੇ (ਨਾਮ ਬੀਜਣ ਦਾ) ਸਮਾ ਤੈਨੂੰ ਮਿਲਿਆ ਹੈ।
(ਆਪਣੀ ਹਿਰਦੇ ਦੀ ਪੈਲੀ ਵਿਚ) ਸਿਰਫ਼ ਹਰਿ-ਨਾਮ ਬੀਜ, ਸਿਰਫ਼ ਹਰਿ-ਨਾਮ ਬੀਜ।
(ਮਨੁੱਖਾ ਜੀਵਨ ਤੋਂ ਬਿਨਾ) ਕਿਸੇ ਹੋਰ ਜਨਮ ਵਿਚ ਪਰਮਾਤਮਾ ਦਾ ਨਾਮ ਨਹੀਂ ਬੀਜਿਆ ਜਾ ਸਕੇਗਾ, ਨਹੀਂ ਬੀਜਿਆ ਜਾ ਸਕੇਗਾ।
ਹੇ ਮੇਰੇ ਮਨ! ਵੇਖੀਂ, (ਮਾਇਆ ਦੀ) ਭੱਜ-ਦੌੜ ਵਿਚ ਪੈ ਕੇ ਕਿਤੇ ਕੁਰਾਹੇ ਨਾਹ ਪੈ ਜਾਈਂ।
(ਹੇ ਮਨ!) ਗੁਰੂ ਨੂੰ ਮਿਲ ਕੇ ਹੀ ਹਰਿ-ਨਾਮ ਪ੍ਰਾਪਤ ਕੀਤਾ ਜਾ ਸਕਦਾ ਹੈ,
ਜਿਸ ਮਨੁੱਖ ਦੇ ਮੱਥੇ ਉਤੇ (ਧੁਰੋਂ ਨਾਮ ਦੀ ਪ੍ਰਾਪਤੀ ਦਾ) ਲੇਖ ਉੱਘੜਦਾ ਹੈ (ਉਸ ਨੂੰ ਨਾਮ ਦੀ ਦਾਤ ਮਿਲਦੀ ਹੈ)।
ਹੇ ਮਨ! (ਇਹ ਮਨੁੱਖਾ ਜਨਮ ਹੀ) ਨਾਮ ਬੀਜਣ ਦਾ ਸਮਾ ਹੈ,
(ਜਿਸ ਨੇ ਨਾਮ ਦਾ ਬੀਜ ਬੀਜਿਆ ਹੈ) ਹੇ ਨਾਨਕ! ਉਹ ਮਨੁੱਖ ਹੀ ਸਦਾ ਪਰਮਾਤਮਾ ਦੇ ਗੁਣ ਉਚਾਰਦਾ ਹੈ ॥੨॥੧੮॥
ਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੇ ਵੀਰ! ਇਕੱਠੇ ਹੋ ਕੇ ਸਾਧ ਸੰਗਤ ਵਿਚ ਬੈਠਿਆ ਕਰੋ, (ਉਥੇ ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ (ਆਪਣੇ ਮਨ ਵਿਚੋਂ) ਮੇਰ-ਤੇਰ ਮਿਟਾਇਆ ਕਰੋ।
ਗੁਰੂ ਦੀ ਸਰਨ ਪਏ ਰਹਿਣਾ-ਇਹ ਚੌਪੜ ਦਾ ਕੱਪੜਾ ਵਿਛਾ ਕੇ ਮਨ ਨੂੰ ਟਿਕਾਇਆ ਕਰੋ, (ਅਤੇ ਸਾਧ ਸੰਗਤ ਵਿਚ) ਹਰਿ-ਨਾਮ-ਸਿਮਰਨ ਦਾ ਚੌਪੜ ਖੇਡਣ ਵਾਲੇ ਸਾਥੀ ਬਣਿਆ ਕਰੋ ॥੧॥
ਹੇ ਵੀਰ! ਇਸ ਤਰ੍ਹਾਂ (ਇਸ ਜੀਵਨ-ਖੇਡ ਵਿਚ) ਦਾਅ ਚਲਾਵੋ (ਪਾਸਾ ਸੁੱਟੋ)
ਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਿਆ ਕਰੋ। (ਜੇ ਇਸ ਤਰ੍ਹਾਂ ਇਹ ਖੇਡ ਖੇਡਦੇ ਰਹੋਗੇ ਤਾਂ) ਜ਼ਿੰਦਗੀ ਦੇ ਅਖ਼ੀਰਲੇ ਸਮੇ (ਜਮਾਂ ਦਾ) ਦੁੱਖ ਨਹੀਂ ਲੱਗੇਗਾ ॥੧॥ ਰਹਾਉ ॥
ਹੇ ਮੇਰੇ ਵੀਰ! ਨੇਕ ਕੰਮ ਕਰਨ ਨੂੰ ਤੁਸੀਂ ਚੌਪੜ ਦੀ ਖੇਡ ਬਣਾਵੋ, ਉੱਚੇ ਆਚਰਨ ਨੂੰ ਨਰਦ ਬਣਾਵੋ।
(ਇਸ ਨਰਦ ਦੀ ਬਰਕਤਿ ਨਾਲ) ਤੁਸੀਂ (ਆਪਣੇ ਅੰਦਰੋਂ) ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਅਤੇ ਮੋਹ ਨੂੰ ਵੱਸ ਵਿਚ ਕਰੋ। ਹੇ ਵੀਰ! ਇਹੋ ਜਿਹੀ ਖੇਡ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ (ਪਸੰਦ ਆਉਂਦੀ ਹੈ) ॥੨॥
ਹੇ ਮੇਰੇ ਵੀਰ! ਅੰਮ੍ਰਿਤ ਵੇਲੇ ਉੱਠ ਕੇ (ਨਾਮ-ਜਲ ਵਿਚ) ਚੁੱਭੀ ਲਾਇਆ ਕਰੋ, ਸੁੱਤੇ ਹੋਏ ਭੀ ਪਰਮਾਤਮਾ ਦੇ ਆਰਾਧਨ ਵਿਚ ਜੁੜੇ ਰਹੋ।
(ਜਿਹੜੇ ਮਨੁੱਖ ਇਹ ਉੱਦਮ ਕਰਦੇ ਹਨ ਉਹਨਾਂ ਨੂੰ) ਪਿਆਰਾ ਗੁਰੂ (ਕਾਮਾਦਿਕਾਂ ਦੇ ਟਾਕਰੇ ਤੇ) ਔਖੇ ਦਾਅ ਤੋਂ ਕਾਮਯਾਬ ਕਰ ਦੇਂਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਦੇ ਸੁਖ-ਆਨੰਦ ਨਾਲ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ ॥੩॥
ਹੇ ਦਾਸ ਨਾਨਕ! (ਆਖ-ਹੇ ਵੀਰ!) ਪਰਮਾਤਮਾ ਆਪ ਹੀ ਜਗਤ-ਖੇਡ ਖੇਡਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ। ਪ੍ਰਭੂ ਨੇ ਆਪ ਹੀ ਇਹ ਰਚਨਾ ਰਚੀ ਹੋਈ ਹੈ।
ਇਥੇ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਕਾਮਾਦਿਕਾਂ ਦੇ ਟਾਕਰੇ ਤੇ ਜੀਵਨ-ਖੇਡ) ਖੇਡਦਾ ਹੈ, ਉਹ ਇਹ ਬਾਜੀ ਜਿੱਤ ਕੇ ਪ੍ਰਭੂ-ਦਰ ਤੇ ਪਹੁੰਚਦਾ ਹੈ ॥੪॥੧॥੧੯॥
ਹੇ ਪ੍ਰਭੂ! ਤੇਰੀ ਕੁਦਰਤਿ (ਤਾਕਤ) ਤੂੰ ਆਪ ਹੀ ਜਾਣਦਾ ਹੈਂ, ਕੋਈ ਹੋਰ (ਤੇਰੀ ਸਮਰਥਾ ਨੂੰ) ਨਹੀਂ ਸਮਝ ਸਕਦਾ।
ਹੇ ਮੇਰੇ ਪਿਆਰੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ (ਆਪ) ਮਿਹਰ ਕਰਦਾ ਹੈਂ, ਉਹੀ ਤੇਰੇ ਨਾਲ ਸਾਂਝ ਪਾਂਦਾ ਹੈ ॥੧॥
ਹੇ ਪ੍ਰਭੂ! ਮੈਂ ਤੇਰੇ ਭਗਤਾਂ ਤੋਂ ਸਦਕੇ ਜਾਂਦਾ ਹਾਂ।
(ਉਹਨਾਂ ਦੀ ਹੀ ਕਿਰਪਾ ਨਾਲ ਤੇਰੇ ਦਰ ਤੇ ਪਹੁੰਚਿਆ ਜਾ ਸਕਦਾ ਹੈ)। ਹੇ ਪ੍ਰਭੂ! ਜਿੱਥੇ ਤੂੰ ਵੱਸਦਾ ਹੈਂ ਉਹ ਥਾਂ ਸਦਾ ਸੋਹਣਾ ਹੈ, ਬੇਅੰਤ ਹਨ ਤੇਰੇ ਚੋਜ-ਤਮਾਸ਼ੇ ॥੧॥ ਰਹਾਉ ॥
ਹੇ ਪ੍ਰਭੂ! ਤੇਰੀ ਭਗਤੀ ਤੇਰੀ ਪ੍ਰੇਰਨਾ ਨਾਲ ਹੀ ਹੋ ਸਕਦੀ ਹੈ, (ਤੇਰੀ ਪ੍ਰੇਰਨਾ ਤੋਂ ਬਿਨਾ) ਕੋਈ ਭੀ ਹੋਰ ਪ੍ਰਾਣੀ (ਤੇਰੀ ਭਗਤੀ) ਨਹੀਂ ਕਰ ਸਕਦਾ।
ਤੇਰਾ ਭਗਤ (ਭੀ) ਉਹੀ ਮਨੁੱਖ (ਬਣਦਾ ਹੈ ਜਿਹੜਾ) ਤੈਨੂੰ ਪਿਆਰਾ ਲੱਗਦਾ ਹੈ ਜਿਸ (ਦੇ ਮਨ) ਨੂੰ ਤੂੰ (ਆਪਣੇ ਪਿਆਰ ਦਾ) ਰੰਗ ਚਾੜ੍ਹਦਾ ਹੈਂ ॥੨॥