ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1365


ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ ॥੧੦॥

ਫਾਹੇ ਲੈ ਕੇ (ਦੂਜਿਆਂ ਦੇ ਘਰ ਲੁੱਟਣ ਲਈ) ਤੁਰ ਪੈਂਦੇ ਹਨ, ਪਰ ਯਕੀਨ ਜਾਣੋ ਅਜੇਹੇ ਬੰਦੇ ਰੱਬ ਵਲੋਂ ਮਾਰੇ ਹੋਏ ਹਨ ॥੧੦॥

ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿੑਓ ਢਾਕ ਪਲਾਸ ॥

ਹੇ ਕਬੀਰ! ਚੰਦਨ ਦਾ ਨਿੱਕਾ ਜਿਹਾ ਭੀ ਬੂਟਾ ਚੰਗਾ ਜਾਣੋ, ਭਾਵੇਂ ਉਹ ਢਾਕ ਪਲਾਹ ਆਦਿਕ ਵਰਗੇ ਰੁੱਖਾਂ ਨਾਲ ਘਿਰਿਆ ਹੋਇਆ ਹੋਵੇ।

ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥੧੧॥

ਉਹ (ਢਾਕ ਪਲਾਹ ਵਰਗੇ ਨਿਕੰਮੇ ਰੁੱਖ) ਭੀ, ਜੋ ਚੰਦਨ ਦੇ ਨੇੜੇ ਉੱਗੇ ਹੋਏ ਹੁੰਦੇ ਹਨ, ਚੰਦਨ ਹੀ ਹੋ ਜਾਂਦੇ ਹਨ ॥੧੧॥

ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ॥

ਹੇ ਕਬੀਰ! ਬਾਂਸ ਦਾ ਬੂਟਾ (ਉੱਚਾ ਲੰਮਾ ਹੋਣ ਦੇ) ਮਾਣ ਵਿਚ ਡੁੱਬਿਆ ਹੋਇਆ ਹੈ; ਤੁਸੀਂ ਕੋਈ ਧਿਰ ਬਾਂਸ ਵਾਂਗ (ਹਉਮੈ ਵਿਚ) ਨਾਹ ਡੁੱਬ ਜਾਇਓ, ਕਿਉਂਕਿ,

ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥੧੨॥

ਬਾਂਸ ਭਾਵੇਂ ਚੰਦਨ ਦੇ ਨੇੜੇ ਭੀ ਉੱਗਾ ਹੋਇਆ ਹੋਵੇ, ਉਸ ਵਿਚ ਚੰਦਨ ਵਾਲੀ ਸੁਗੰਧੀ ਨਹੀਂ ਆਉਂਦੀ ॥੧੨॥

ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥

ਹੇ ਕਬੀਰ! ਗ਼ਾਫ਼ਲ ਮਨੁੱਖ ਨੇ 'ਦੁਨੀਆ' (ਦੇ ਧਨ-ਪਦਾਰਥ) ਦੀ ਖ਼ਾਤਰ 'ਦੀਨ' ਗਵਾ ਲਿਆ, (ਅਖ਼ੀਰ ਵੇਲੇ ਇਹ) ਦੁਨੀਆ ਭੀ ਮਨੁੱਖ ਦੇ ਨਾਲ ਨਾਹ ਤੁਰੀ।

ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥

(ਸੋ) ਲਾ-ਪਰਵਾਹ ਬੰਦੇ ਨੇ ਆਪਣੇ ਪੈਰ ਉਤੇ ਆਪਣੇ ਹੀ ਹੱਥ ਨਾਲ ਕੁਹਾੜਾ ਮਾਰ ਲਿਆ (ਭਾਵ, ਆਪਣਾ ਨੁਕਸਾਨ ਆਪ ਹੀ ਕਰ ਲਿਆ) ॥੧੩॥

ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ ॥

ਹੇ ਕਬੀਰ! ਮੈਂ ਜਿਥੇ ਜਿਥੇ ਗਿਆ ਹਾਂ, ਥਾਂ ਥਾਂ 'ਦੁਨੀਆ' ਵਾਲੇ ਰੰਗ-ਤਮਾਸ਼ੇ ਹੀ (ਵੇਖੇ ਹਨ);

ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥੧੪॥

ਪਰ ਮੇਰੇ ਭਾ ਦਾ ਉਹ ਥਾਂ ਉਜਾੜ ਹੈ ਜਿਥੇ ਪਰਮਾਤਮਾ ਨਾਲ ਪਿਆਰ ਕਰਨ ਵਾਲਾ (ਸੰਤ) ਕੋਈ ਨਹੀਂ (ਕਿਉਂਕਿ ਉਥੇ 'ਦੁਨੀਆ' ਹੀ 'ਦੁਨੀਆ' ਵੇਖੀ ਹੈ 'ਦੀਨ' ਦਾ ਨਾਮ-ਨਿਸ਼ਾਨ ਨਹੀਂ) ॥੧੪॥

ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ ॥

ਹੇ ਕਬੀਰ! ਸੰਤਾਂ ਦੀ ਭੈੜੀ ਜਿਹੀ ਕੁੱਲੀ ਭੀ (ਮੈਨੂੰ) ਸੋਹਣੀ (ਲੱਗਦੀ) ਹੈ, (ਉਥੇ 'ਦੀਨ' ਵਿਹਾਝੀਦਾ ਹੈ) ਪਰ ਖੋਟੇ ਮਨੁੱਖ ਦਾ ਪਿੰਡ (ਸੜਦੀ) ਭੱਠੀ ਵਰਗਾ (ਜਾਣੋ) (ਉਥੇ ਹਰ ਵੇਲੇ 'ਦੁਨੀਆ' ਦੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ)।

ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥੧੫॥

ਜਿਸ ਮਹਲ-ਮਾੜੀ ਵਿਚ ਪਰਮਾਤਮਾ ਦਾ ਨਾਮ ਨਹੀਂ ਸਿਮਰੀਦਾ, ਉਸ ਨੂੰ ਪਈ ਅੱਗ ਲੱਗੇ (ਮੈਨੂੰ ਅਜੇਹੇ ਮਹਲ-ਮਾੜੀਆਂ ਦੀ ਲੋੜ ਨਹੀਂ) ॥੧੫॥

ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥

ਹੇ ਕਬੀਰ! ਕਿਸੇ ਸੰਤ ਦੇ ਮਰਨ ਤੇ ਅਫ਼ਸੋਸ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਸੰਤ ਤਾਂ ਉਸ ਘਰ ਵਿਚ ਜਾਂਦਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ (ਭਾਵ, ਉਹ ਸੰਤ 'ਦੀਨ' ਦਾ ਵਪਾਰੀ ਹੋਣ ਕਰਕੇ ਪ੍ਰਭੂ-ਚਰਨਾਂ ਵਿਚ ਜਾ ਅੱਪੜਦਾ ਹੈ);

ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥

(ਜੇ ਅਫ਼ਸੋਸ ਕਰਨਾ ਹੈ ਤਾਂ) ਉਸ ਮੰਦ-ਭਾਗੀ (ਦੇ ਮਰਨ) ਤੇ ਅਫ਼ਸੋਸ ਕਰੋ ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ ਹੈ, (ਉਹ ਆਪਣੇ ਕੀਤੇ ਮੰਦ-ਕਰਮਾਂ ਦੇ ਵੱਟੇ) ਹਰੇਕ ਹੱਟੀ ਤੇ ਵਿਕਦਾ ਹੈ (ਭਾਵ, ਸਾਰੀ 'ਦੁਨੀਆ' ਦੀ ਖ਼ਾਤਰ ਭਟਕਣ ਕਰਕੇ ਹੁਣ ਕਈ ਜੂਨਾਂ ਵਿਚ ਭਟਕਦਾ ਹੈ) ॥੧੬॥

ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ॥

ਹੇ ਕਬੀਰ! ਜੋ ਮਨੁੱਖ ਰੱਬ ਨਾਲੋਂ ਟੁੱਟਾ ਹੋਇਆ ਹੈ (ਜੋ 'ਦੁਨੀਆ' ਦੀ ਖ਼ਾਤਰ 'ਦੀਨ' ਨੂੰ ਗਵਾਈ ਜਾ ਰਿਹਾ ਹੈ) ਉਸ ਨੂੰ ਇਉਂ ਸਮਝੋ ਜਿਵੇਂ ਥੋਮ ਦੀ ਭਰੀ ਹੋਈ ਕੋਠੜੀ ਹੈ।

ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥੧੭॥

ਥੋਮ ਨੂੰ ਕਿਤੇ ਲੁਕਵੇਂ ਥਾਂ ਭੀ ਬਹਿ ਕੇ ਖਾ ਲਈਏ, ਤਾਂ ਭੀ ਉਹ ਜ਼ਰੂਰ (ਆਪਣੀ ਬੋ ਤੋਂ) ਉੱਘੜ ਪੈਂਦਾ ਹੈ (ਸਾਕਤ ਦੇ ਅੰਦਰੋਂ ਭੀ ਜਦੋਂ ਨਿਕਲਣਗੇ ਮੰਦੇ ਬਚਨ ਹੀ ਨਿਕਲਣਗੇ) ॥੧੭॥

ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ ॥

ਹੇ ਕਬੀਰ! ਇਸ 'ਦੁਨੀਆ' ('ਮਾਇਆ') ਨੂੰ ਦੁੱਧ ਦੀ ਭਰੀ ਚਾਟੀ ਸਮਝੋ, (ਹਰੇਕ ਜੀਵ ਦਾ) ਸੁਆਸ ਸੁਆਸ (ਉਸ ਚਾਟੀ ਨੂੰ ਰਿੜਕਣ ਲਈ) ਮਧਾਣੀ ਮਿਥ ਲਵੋ।

ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ ॥੧੮॥

(ਜਿਨ੍ਹਾਂ ਨੂੰ ਇਹ ਦੁੱਧ ਰਿੜਕਣ ਦੀ ਜਾਚ ਆ ਗਈ, ਜਿਨ੍ਹਾਂ ਪਰਮਾਤਮਾ ਦਾ ਸਿਮਰਨ ਕਰਦਿਆਂ ਇਸ ਮਾਇਆ ਨੂੰ ਵਰਤਿਆ, ਜਿਨ੍ਹਾਂ ਨੇ 'ਦੁਨੀਆ' ਨੂੰ ਵਣ-ਜਿਆ ਪਰ 'ਦੀਨ' ਭੀ ਗੁਆਚਨ ਨਾਹ ਦਿੱਤਾ) ਉਹਨਾਂ ਸੰਤ ਜਨਾਂ ਨੇ (ਇਸ ਰੇੜਕੇ ਵਿਚੋਂ) ਮੱਖਣ (ਹਾਸਲ ਕੀਤਾ ਤੇ) ਖਾਧਾ (ਭਾਵ; ਮਨੁੱਖਾ ਜਨਮ ਦਾ ਅਸਲ ਮਨੋਰਥ ਹਾਸਲ ਕੀਤਾ, ਜਿਵੇਂ ਦੁੱਧ ਨੂੰ ਰਿੜਕਣ ਦਾ ਮਨੋਰਥ ਹੈ ਮੱਖਣ ਕੱਢਣਾ); ਪਰ ਨਿਰੀ 'ਦੁਨੀਆ' ਦਾ ਵਪਾਰੀ (ਮਾਨੋ,) ਲੱਸੀ ਹੀ ਪੀ ਰਿਹਾ ਹੈ (ਮਨੁੱਖਾ ਜਨਮ ਦਾ ਅਸਲੀ ਮਨੋਰਥ ਨਹੀਂ ਪਾ ਸਕਿਆ) ॥੧੮॥

ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ ॥

ਹੇ ਕਬੀਰ! ਇਹ 'ਦੁਨੀਆ' (ਮਾਇਆ') ਮਾਨੋ, ਦੁੱਧ ਦੀ ਚਾਟੀ ਹੈ, (ਇਸ ਚਾਟੀ ਵਿਚ ਨਾਮ ਦੀ) ਠੰਢਕ ਵਾਲੇ ਸੁਆਸ, ਮਾਨੋ, ਮਧਾਣੀ ਹਿਲਾਈ ਜਾ ਰਹੀ ਹੈ।

ਜਿਨਿ ਬਿਲੋਇਆ ਤਿਨਿ ਖਾਇਆ ਅਵਰ ਬਿਲੋਵਨਹਾਰ ॥੧੯॥

ਜਿਸ (ਭਾਗਾਂ ਵਾਲੇ ਮਨੁੱਖ) ਨੇ (ਇਸ ਮਧਾਣੀ ਨਾਲ ਦੁੱਧ) ਰਿੜਕਿਆ ਹੈ ਉਸ ਨੇ (ਮੱਖਣ) ਖਾਧਾ ਹੈ, ਬਾਕੀ ਦੇ ਹੋਰ ਲੋਕ ਨਿਰਾ ਰਿੜਕ ਹੀ ਰਹੇ ਹਨ (ਉਹਨਾਂ ਨੂੰ ਮੱਖਣ ਖਾਣ ਨੂੰ ਨਹੀਂ ਮਿਲਦਾ) (ਭਾਵ, ਜੋ ਲੋਕ ਨਿਰਬਾਹ-ਮਾਤ੍ਰ ਮਾਇਆ ਨੂੰ ਵਰਤਦੇ ਹਨ, ਤੇ ਨਾਲ ਨਾਲ ਸੁਆਸ ਸੁਆਸ ਪਰਮਾਤਮਾ ਨੂੰ ਯਾਦ ਰੱਖਦੇ ਹਨ, ਉਹਨਾਂ ਦਾ ਜੀਵਨ ਸ਼ਾਂਤੀ-ਭਰਿਆ ਹੁੰਦਾ ਹੈ, ਮਨੁੱਖਾ ਜਨਮ ਦਾ ਅਸਲ ਮਨੋਰਥ ਉਹ ਪ੍ਰਾਪਤ ਕਰ ਲੈਂਦੇ ਹਨ। ਪਰ ਜੋ ਲੋਕ 'ਦੀਨ' ਵਿਸਾਰ ਕੇ ਨਿਰੀ 'ਦੁਨੀਆ' ਪਿੱਛੇ ਦੌੜ-ਭੱਜ ਕਰਦੇ ਹਨ, ਉਹ ਖ਼ੁਆਰ ਹੁੰਦੇ ਹਨ, ਤੇ ਜੀਵਨ ਅਜਾਈਂ ਗੰਵਾ ਜਾਂਦੇ ਹਨ) ॥੧੯॥

ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ ॥

ਹੇ ਕਬੀਰ! ਇਹ ਦੁਨੀਆ, ਇਹ ਮਾਇਆ, ਮੋਮੋ-ਠੱਗਣੀ ਹੈ (ਜੋ ਲੋਕ 'ਦੀਨ' ਵਿਸਾਰ ਕੇ ਨਿਰੀ 'ਦੁਨੀਆ' ਦੀ ਖ਼ਾਤਰ ਭਟਕ ਰਹੇ ਹਨ, ਉਹਨਾਂ ਨੂੰ) ਠੱਗ ਠੱਗ ਕੇ ਇਹ ਮਾਇਆ ਆਪਣੀ ਹੱਟੀ (ਹੋਰ ਹੋਰ) ਸਜਾਂਦੀ ਹੈ।

ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ ਬਾਟ ॥੨੦॥

ਹੇ ਕਬੀਰ! ਸਿਰਫ਼ ਉਹ ਮਨੁੱਖ ਇਸ ਦੀ ਠੱਗੀ ਤੋਂ ਬਚਿਆ ਰਹਿੰਦਾ ਹੈ ਜਿਸ ਨੇ ਇਸ ਮਾਇਆ ਦੀਆਂ ਬਾਰਾਂ ਵੰਡੀਆਂ ਕਰ ਦਿੱਤੀਆਂ ਹਨ (ਜਿਸ ਨੇ ਇਸ ਦੀ ਠੱਗੀ ਨੂੰ ਭੰਨ ਕੇ ਰੱਖ ਦਿੱਤਾ ਹੈ) ॥੨੦॥

ਕਬੀਰ ਸੂਖੁ ਨ ਏਂਹ ਜੁਗਿ ਕਰਹਿ ਜੁ ਬਹੁਤੈ ਮੀਤ ॥

ਹੇ ਕਬੀਰ! ('ਦੀਨ' ਵਿਸਾਰ ਕੇ, ਪਰਮਾਤਮਾ ਨੂੰ ਭੁਲਾ ਕੇ ਤੂੰ ਜੋ ਪੁਤ੍ਰ ਇਸਤ੍ਰੀ ਧਨ ਮਿਲਖ ਆਦਿਕ) ਕਈ ਮਿਤ੍ਰ ਬਣਾ ਰਿਹਾ ਹੈਂ, ਇਸ ਮਨੁੱਖਾ ਜਨਮ ਵਿਚ (ਇਹਨਾਂ ਮਿਤ੍ਰਾਂ ਤੋਂ) ਸੁਖ ਨਹੀਂ ਮਿਲੇਗਾ।

ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥੨੧॥

ਸਿਰਫ਼ ਉਹ ਮਨੁੱਖ ਸਦਾ ਸੁਖ ਮਾਣਦੇ ਹਨ ਜੋ ('ਦੁਨੀਆ' ਵਿਚ ਵਰਤਦੇ ਹੋਏ ਭੀ) ਇੱਕ ਪਰਮਾਤਮਾ ਨਾਲ ਆਪਣਾ ਮਨ ਜੋੜ ਰੱਖਦੇ ਹਨ ॥੨੧॥

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥

('ਦੁਨੀਆ' ਦੀ ਖ਼ਾਤਰ 'ਦੀਨ' ਨੂੰ ਵਿਸਾਰ ਕੇ ਮਨੁੱਖ ਧਨ-ਪਦਾਰਥ ਪੁਤ੍ਰ ਇਸਤ੍ਰੀ ਆਦਿਕ ਕਈ ਮਿਤ੍ਰ ਬਣਾਂਦਾ ਹੈ, ਅਤੇ ਇਹਨਾਂ ਤੋਂ ਸੁਖ ਦੀ ਆਸ ਰੱਖਦਾ ਹੈ, ਇਸ ਆਸ ਦੇ ਕਾਰਨ ਹੀ ਇਹਨਾਂ ਨਾਲੋਂ ਮੋਹ ਤੋੜ ਨਹੀਂ ਸਕਦਾ; ਪਰ) ਹੇ ਕਬੀਰ! ਜਿਸ (ਮੋਹ ਦੇ ਤਿਆਗ-ਰੂਪ) ਮੌਤ ਤੋਂ ਜਗਤ ਝੱਕਦਾ ਹੈ, ਉਸ ਨਾਲ ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ;

ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥

'ਦੁਨੀਆ' ਦੇ ਇਸ ਮੋਹ ਵਲੋਂ ਮਰਿਆਂ ਹੀ ਉਹ ਪਰਮਾਤਮਾ ਮਿਲਦਾ ਹੈ ਜੋ ਮੁਕੰਮਲ ਤੌਰ ਤੇ ਆਨੰਦ ਸਰੂਪ ਹੈ ॥੨੨॥

ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਨ ਖੋਲੑ ॥

(ਜਿਧਰ ਤੱਕੋ, 'ਦੁਨੀਆ' ਦੀ ਖ਼ਾਤਰ ਹੀ ਦੌੜ-ਭੱਜ ਹੈ; ਸੋ) ਹੇ ਕਬੀਰ! (ਚੰਗੇ ਭਾਗਾਂ ਨਾਲ) ਜੇ ਤੈਨੂੰ ਪਰਮਾਤਮਾ ਦੇ ਨਾਮ ਦੀ ਸੋਹਣੀ ਵਸਤ ਮਿਲ ਗਈ ਹੈ ਤਾਂ ਇਹ ਗਠੜੀ ਹੋਰਨਾਂ ਅੱਗੇ ਨਾਹ ਖੋਲ੍ਹਦਾ ਫਿਰ।

ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ ॥੨੩॥

(ਜਗਤ 'ਦੁਨੀਆ' ਵਿਚ ਇਤਨਾ ਮਸਤ ਹੈ ਕਿ ਨਾਮ-ਪਦਾਰਥ ਦੇ ਖ਼ਰੀਦਣ ਲਈ) ਨਾਹ ਕੋਈ ਮੰਡੀ ਹੈ ਨਾ ਕੋਈ ਇਸ ਵਸਤ ਦੀ ਕਦਰ ਕਰਨ ਵਾਲਾ ਹੈ, ਨਾਹ ਇਹ ਕੋਈ ਵਸਤ ਖ਼ਰੀਦਣੀ ਚਾਹੁੰਦਾ ਹੈ, ਤੇ ਨਾਹ ਕੋਈ ਇਤਨੀ ਕੀਮਤ ਹੀ ਦੇਣ ਨੂੰ ਤਿਆਰ ਹੈ (ਕਿ 'ਦੁਨੀਆ' ਨਾਲੋਂ ਪ੍ਰੀਤ ਤੋੜੇ) ॥੨੩॥

ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ ॥

ਹੇ ਕਬੀਰ! ਉਸ (ਸਤਸੰਗੀ) ਨਾਲ ਸਾਂਝ ਬਣਾ ਜਿਸ ਦਾ (ਆਸਰਾ-ਪਰਨਾ) ਉਹ ਪਰਮਾਤਮਾ ਹੈ ਜੋ ਸਭ ਦਾ ਪਾਲਕ ਹੈ, ('ਰਾਮ ਪਦਾਰਥ' ਦੇ ਵਣਜਾਰਿਆਂ ਨਾਲ ਬਣੀ ਹੋਈ ਪ੍ਰੀਤ ਤੋੜ ਨਿਭ ਸਕਦੀ ਹੈ,

ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥੨੪॥

ਪਰ ਜਿਨ੍ਹਾਂ ਨੂੰ ਵਿਦਿਆ ਰਾਜ ਭੁਇਂ ਆਦਿਕ ਦਾ ਮਾਣ ਹੈ, ਜੋ 'ਦੁਨੀਆ' ਦੇ ਵਪਾਰੀ ਹਨ ਉਹ) ਪੰਡਿਤ ਹੋਣ ਚਾਹੇ ਰਾਜੇ ਹੋਣ ਚਾਹੇ ਬੜੀ ਭੁਇਂ ਦੇ ਮਾਲਕ ਹੋਣ ਕਿਸੇ ਕੰਮ ਨਹੀਂ ਆਉਂਦੇ ॥੨੪॥

ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥

ਹੇ ਕਬੀਰ! ('ਦੁਨੀਆ' ਵਾਲਾ) ਹੋਰ ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪਰਮਾਤਮਾ ਨਾਲ ਪਿਆਰ ਪਾਇਆ ਜਾਏ।

ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥

(ਜਦ ਤਕ ਪ੍ਰਭੂ ਨਾਲ ਪ੍ਰੀਤ ਨਹੀਂ ਜੋੜੀ ਜਾਂਦੀ, 'ਦੁਨੀਆ' ਵਾਲੀ 'ਦੁਬਿਧਾ' ਮਿਟ ਨਹੀਂ ਸਕਦੀ) ਚਾਹੇ (ਸੁਆਹ ਮਲ ਕੇ) ਲੰਮੀਆਂ ਜਟਾਂ ਰਖ ਲੈ, ਚਾਹੇ ਉੱਕਾ ਹੀ ਸਿਰ ਰੋਡ-ਮੋਡ ਕਰ ਲੈ (ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ) ॥੨੫॥

ਕਬੀਰ ਜਗੁ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ ॥

ਹੇ ਕਬੀਰ! 'ਦੁਨੀਆ' ਦਾ ਮੋਹ, ਮਾਨੋ, ਇਕ ਐਸੀ ਕੋਠੜੀ ਹੈ ਜੋ ਕਾਲਖ ਨਾਲ ਭਰੀ ਹੋਈ ਹੈ; ਇਸ ਵਿਚ ਉਹ ਬੰਦੇ ਡਿੱਗੇ ਪਏ ਹਨ ਜਿਨ੍ਹਾਂ ਦੀਆਂ ਅੱਖਾਂ ਬੰਦ ਹਨ (ਜਿਨ੍ਹਾਂ ਨੂੰ 'ਦੀਨ' ਦੀ ਸੂਝ ਨਹੀਂ ਆਈ, ਚਾਹੇ ਉਹ ਪੰਡਿਤ ਰਾਜੇ ਭੂਪਤੀ ਹਨ, ਚਾਹੇ ਜਟਾਧਾਰੀ ਸੰਨਿਆਸੀ ਆਦਿਕ ਤਿਆਗੀ ਹਨ)।

ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ ॥੨੬॥

ਪਰ, ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਇਸ ਵਿਚ ਡਿੱਗ ਕੇ ਮੁੜ ਨਿਕਲ ਆਉਂਦੇ ਹਨ-(ਜੋ ਇੱਕ ਪਰਮਾਤਮਾ ਨਾਲ ਪਿਆਰ ਪਾ ਕੇ 'ਦੁਨੀ' ਦੇ ਮੋਹ ਨੂੰ ਤਿਆਗ ਦੇਂਦੇ ਹਨ) ॥੨੬॥

ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ ॥

ਹੇ ਕਬੀਰ! ਇਹ ਸਾਰਾ ਸਰੀਰ ਨਾਸ ਹੋ ਜਾਇਗਾ, ਜੇ ਤੁਸੀਂ ਇਸ ਨੂੰ ਨਾਸ ਹੋਣ ਤੋਂ ਬਚਾ ਸਕਦੇ ਹੋ ਤਾਂ ਬਚਾ ਲਵੋ (ਭਾਵ, ਕੋਈ ਭੀ ਆਪਣੇ ਸਰੀਰ ਨੂੰ ਨਾਸ ਹੋਣ ਤੋਂ ਬਚਾ ਨਹੀਂ ਸਕਦਾ, ਇਹ ਜ਼ਰੂਰ ਨਾਸ ਹੋਵੇਗਾ)।

ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ ॥੨੭॥

ਜਿਨ੍ਹਾਂ ਬੰਦਿਆਂ ਦੇ ਪਾਸ ਲੱਖਾਂ ਕ੍ਰੋੜਾਂ ਰੁਪਏ ਜਮ੍ਹਾ ਸਨ, ਉਹ ਭੀ ਇਥੋਂ ਨੰਗੀ ਪੈਰੀਂ ਹੀ (ਭਾਵ, ਕੰਗਾਲਾਂ ਵਾਂਗ ਹੀ) ਚਲੇ ਗਏ (ਸਾਰੀ ਉਮਰ 'ਦੁਨੀਆ' ਦੀ ਖ਼ਾਤਰ ਭਟਕਦੇ ਰਹੇ, 'ਦੀਨ' ਨੂੰ ਵਿਸਾਰ ਦਿੱਤਾ; ਆਖ਼ਰ ਇਹ 'ਦੁਨੀਆ' ਤਾਂ ਇਥੇ ਰਹਿ ਗਈ, ਇਥੋਂ ਆਤਮਕ ਜੀਵਨ ਵਿਚ ਨਿਰੋਲ ਕੰਗਾਲ ਹੋ ਕੇ ਤੁਰੇ) ॥੨੭॥

ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥

ਹੇ ਕਬੀਰ! ਇਹ ਸਰੀਰ ਨਾਸ ਹੋ ਜਾਇਗਾ, ਇਸ ਨੂੰ ਕਿਸੇ (ਉਸ) ਕੰਮ ਵਿਚ ਜੋੜ (ਜੋ ਤੇਰੇ ਲਈ ਲਾਹੇਵੰਦਾ ਹੋਵੇ);

ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥

ਸੋ, ਸਾਧ ਸੰਗਤ ਕਰ ਅਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ('ਦੁਨੀ' ਤਾਂ ਇਥੇ ਹੀ ਰਹਿ ਜਾਂਦੀ ਹੈ, 'ਦੀਨ' ਹੀ ਸਾਥੀ ਬਣਦਾ ਹੈ) ॥੨੮॥

ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥

ਹੇ ਕਬੀਰ! (ਨਿਰੀ 'ਦੁਨੀਆ' ਦਾ ਵਪਾਰੀ) ਜਗਤ ਹਰ ਵੇਲੇ ਮੌਤ ਦੇ ਸਹਿਮ ਦਾ ਦਬਾਇਆ ਰਹਿੰਦਾ ਹੈ, (ਨਿਰੀ ਮਾਇਆ ਦਾ ਵਪਾਰੀ) ਕਿਸੇ ਧਿਰ ਨੂੰ ਭੀ ਸਮਝ ਨਹੀਂ ਆਉਂਦੀ ਕਿ ਮੌਤ ਦਾ ਇਹ ਸਹਿਮ ਕਿਵੇਂ ਮੁਕਾਇਆ ਜਾਏ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430