ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। (ਜਿਹੜਾ ਮਨੁੱਖ ਸਦਾ ਹਰਿ-ਗੁਣ ਉਚਾਰਦਾ ਹੈ, ਉਸ ਨੂੰ) ਇਹ ਆਦਤ ਹੀ ਬਣ ਜਾਂਦੀ ਹੈ (ਫਿਰ ਉਹ ਗੁਣ ਉਚਾਰਨ ਤੋਂ ਬਿਨਾ ਰਹਿ ਨਹੀਂ ਸਕਦਾ) ॥੧॥
(ਪ੍ਰੀਤ ਦਾ ਹੋਰ ਕਾਰਨਾਮਾ ਵੇਖ!) ਹਰਨ (ਘੰਡੇਹੇੜੇ ਦੀ) ਆਵਾਜ਼ ਨਾਲ ਮੋਹਿਆ ਜਾਂਦਾ ਹੈ (ਉਸ ਵਿਚ ਇਤਨਾ ਮਸਤ ਹੁੰਦਾ ਹੈ ਕਿ ਸ਼ਿਕਾਰੀ ਦੇ) ਤ੍ਰਿੱਖੇ ਤੀਰਾਂ ਨਾਲ ਵਿੱਝ ਜਾਂਦਾ ਹੈ।
(ਇਸੇ ਤਰ੍ਹਾਂ) ਹੇ ਨਾਨਕ! (ਜਿਸ ਮਨੁੱਖ ਨੂੰ) ਪ੍ਰਭੂ ਦੇ ਸੋਹਣੇ ਚਰਨ ਮਿੱਠੇ ਲੱਗਦੇ ਹਨ, (ਉਹ ਮਨੁੱਖ ਇਹਨਾਂ ਚਰਨਾਂ ਨਾਲ ਆਪਣੇ ਮਨ ਦੀ ਪੱਕੀ) ਗੰਢ ਬੰਨ੍ਹ ਲੈਂਦਾ ਹੈ ॥੨॥੧॥੯॥
ਹੇ ਪ੍ਰੀਤਮ ਪ੍ਰਭੂ! (ਮੇਰੇ) ਹਿਰਦੇ ਵਿਚ ਕੋਰਾ-ਪਨ ਵੱਸ ਰਿਹਾ ਹੈ (ਜੋ ਤੇਰੇ ਚਰਨਾਂ ਨਾਲ ਪਿਆਰ ਬਣਨ ਨਹੀਂ ਦੇਂਦਾ)।
ਹੇ ਠਾਕੁਰ! (ਮੇਰੇ ਅੰਦਰੋਂ) ਭਟਕਣਾ ਦੀ ਕੰਧ ਦੂਰ ਕਰ (ਇਹ ਕੰਧ ਮੈਨੂੰ ਤੇਰੇ ਨਾਲੋਂ ਪਰੇ ਰੱਖ ਰਹੀ ਹੈ)। (ਮੇਰਾ ਹੱਥ) ਫੜ ਕੇ ਮੈਨੂੰ ਆਪਣੇ ਪਾਸੇ (ਜੋੜ) ਲੈ (ਆਪਣੇ ਚਰਨਾਂ ਵਿਚ ਜੋੜ ਲੈ) ॥੧॥ ਰਹਾਉ ॥
ਹੇ ਪ੍ਰੀਤਮ! (ਤੇਰੇ ਇਸ) ਸੰਸਾਰ-ਸਮੁੰਦਰ ਵਿਚ (ਵਿਕਾਰਾਂ ਦੇ) ਅਨੇਕਾਂ ਗੜ੍ਹੇ ਹਨ, ਮਿਹਰ ਕੇ (ਮੈਨੂੰ ਇਹਨਾਂ ਤੋਂ ਬਚਾ ਕੇ) ਕੰਢੇ ਤੇ ਚਾੜ੍ਹ ਲੈ।
ਹੇ ਹਰੀ! ਸੰਤ ਜਨਾਂ ਦੀ ਸੰਗਤ ਵਿਚ (ਰੱਖ ਕੇ ਮੈਨੂੰ ਆਪਣੇ) ਚਰਨਾਂ ਦੇ ਜਹਾਜ਼ (ਵਿਚ ਚਾੜ੍ਹ ਲੈ), (ਤੇਰੇ ਇਹ ਚਰਨ) ਮੈਨੂੰ ਪਾਰ ਲੰਘਾਣ ਦੇ ਸਮਰਥ ਹਨ ॥੧॥
ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ ਬਚਾਈ ਰੱਖਿਆ, ਵਿਸ਼ੇ ਵਿਕਾਰਾਂ ਦੇ ਸਮੁੰਦਰ ਵਿਚ (ਡੁੱਬਦੇ ਨੂੰ ਬਚਾਣ ਵਾਲਾ ਭੀ ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ।
ਹੇ ਨਾਨਕ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਰਨ ਪਏ ਨੂੰ ਬਚਾ ਸਕਣ ਵਾਲਾ ਹੈ, (ਜਿਹੜਾ ਮਨੁੱਖ ਉਸ ਦੀ ਸਰਨ ਆ ਪੈਂਦਾ ਹੈ, ਉਸ ਨੂੰ) ਕੋਈ ਹੋਰ ਮੁਥਾਜੀ ਨਹੀਂ ਰਹਿ ਜਾਂਦੀ ॥੨॥੨॥੧੦॥
(ਆਪਣੀ) ਜੀਭ ਨਾਲ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ,
ਦਿਨ ਰਾਤ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ ॥ ਰਹਾਉ॥
ਸਾਰਾ ਧਨ-ਪਦਾਰਥ ਛੱਡ ਕੇ (ਆਖ਼ਿਰ ਹਰੇਕ ਪ੍ਰਾਣੀ ਨੇ ਇਥੋਂ) ਚਲੇ ਜਾਣਾ ਹੈ। ਮੌਤ ਨੂੰ (ਸਦਾ ਆਪਣੇ) ਸਿਰ ਉਤੇ (ਖਲੋਤੀ) ਸਮਝ।
ਨਾਸਵੰਤ ਪਦਾਰਥਾਂ ਦਾ ਮੋਹ, ਕਦੇ ਨਾਹ ਮੁੱਕਣ ਵਾਲੀਆਂ ਆਸਾਂ-ਇਹਨਾਂ ਨੂੰ ਨਿਸ਼ਚੇ ਕਰ ਕੇ ਨਾਸਵੰਤ ਮੰਨ ॥੧॥
(ਆਪਣੇ) ਹਿਰਦੇ ਵਿਚ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ ਜਿਹੜਾ ਸਰਬ-ਵਿਆਪਕ ਹੈ ਅਤੇ ਜਿਹੜਾ ਨਾਸ-ਰਹਿਤ ਹੋਂਦ ਵਾਲਾ ਹੈ।
ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ (ਅਸਲ) ਖੱਟੀ ਹੈ। ਇਹ ਚੀਜ਼ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦੀ ਹੈ ॥੨॥੩॥੧੧॥
(ਜਿਸ ਮਨੁੱਖ ਨੂੰ ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਰਹਿੰਦਾ ਹੈ,
ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹਰਿ-ਨਾਮ ਦਾ ਵਣਜ ਕਰਦਾ ਹੈ, (ਦੁਨੀਆ ਦੇ) ਝਗੜੇ ਕਲੇਸ਼ (ਇਹਨਾਂ ਵਿਚੋਂ) ਕੋਈ ਭੀ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ ॥ ਰਹਾਉ॥
ਪਰਮਾਤਮਾ ਆਪ ਮਿਹਰ ਕਰ ਕੇ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਸ ਦੇ ਅੰਦਰ ਕੋਈ ਵਿਕਾਰ ਪੈਦਾ ਨਹੀਂ ਹੁੰਦਾ।
ਜਿਸ ਮਨੁੱਖ ਨੂੰ ਨਾਮ ਦੀ ਦਾਤ ਧੁਰ-ਦਰਗਾਹ ਤੋਂ ਮਿਲਦੀ ਹੈ, ਉਹੀ ਹਰਿ-ਨਾਮ ਸਿਮਰਦਾ ਹੈ, ਫਿਰ ਉਸ (ਦੇ ਆਤਮਕ ਜੀਵਨ) ਨੂੰ ਸੰਸਾਰ (ਭਾਵ, ਸੰਸਾਰ ਦੇ ਵਿਕਾਰਾਂ ਦੀ ਅੱਗ) ਸਾੜ ਨਹੀਂ ਸਕਦੀ ॥੧॥
ਹਰੀ ਪ੍ਰਭੂ ਦੇ ਚਰਨ ਆਤਮਕ ਜੀਵਨ ਦੇਣ ਵਾਲੇ ਹਨ, ਇਹਨਾਂ ਨੂੰ ਆਪਣੇ ਹਿਰਦੇ ਵਿਚ ਸੰਭਾਲ, (ਤੇਰੇ ਅੰਦਰ) ਆਤਮਕ ਸੁਖ ਖ਼ੁਸ਼ੀਆਂ ਆਨੰਦ (ਪੈਦਾ ਹੋਣਗੇ)।
(ਹੇ ਪ੍ਰਭੂ !) ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ, ਤੇਰੇ ਸੰਤ ਜਨਾਂ ਦੀ ਚਰਨ-ਧੂੜ (ਮੰਗਦਾ ਹੈ) ॥੨॥੪॥੧੨॥
ਪਰਮਾਤਮਾ ਦਾ ਨਾਮ ਸੁਣਨ ਤੋਂ ਬਿਨਾ (ਮਨੁੱਖ ਦੇ) ਕੰਨ ਫਿਟਕਾਰ-ਜੋਗ ਹਨ (ਕਿਉਂਕਿ ਫਿਰ ਇਹ ਨਿੰਦਾ-ਚੁਗਲੀ ਵਿਚ ਹੀ ਰੁੱਝੇ ਰਹਿੰਦੇ ਹਨ)।
ਜਿਹੜੇ ਮਨੁੱਖ ਸਾਰੇ ਜਗਤ ਦੇ ਜੀਵਨ ਪ੍ਰਭੂ ਨੂੰ ਭੁਲਾ ਕੇ ਜੀਊਂਦੇ ਹਨ (ਜ਼ਿੰਦਗੀ ਦੇ ਦਿਨ ਗੁਜ਼ਾਰਦੇ ਹਨ), ਉਹਨਾਂ ਦਾ ਜੀਊਣ ਕਾਹਦਾ ਹੈ? (ਉਹਨਾਂ ਦੇ ਜੀਊਣ ਨੂੰ ਜੀਊਣਾ ਨਹੀਂ ਕਿਹਾ ਜਾ ਸਕਦਾ) ॥ ਰਹਾਉ॥
(ਹਰਿ-ਨਾਮ ਨੂੰ ਵਿਸਾਰ ਕੇ ਜਿਹੜੇ ਮਨੁੱਖ) ਅਨੇਕਾਂ ਚੰਗੇ ਚੰਗੇ ਖਾਣੇ ਖਾਂਦੇ ਪੀਂਦੇ ਹਨ, (ਉਹ ਇਉਂ ਹੀ ਹਨ) ਜਿਵੇਂ ਭਾਰ ਢੋਣ ਵਾਲੇ ਖੋਤੇ।
(ਹਰਿ-ਨਾਮ ਨੂੰ ਵਿਸਾਰਨ ਵਾਲੇ) ਅੱਠੇ ਪਹਰ (ਮਾਇਆ ਦੀ ਖ਼ਾਤਰ ਦੌੜ-ਭੱਜ ਕਰਦੇ ਹੋਏ) ਬੜਾ ਥਕੇਵਾਂ ਸਹਾਰਦੇ ਹਨ, ਜਿਵੇਂ ਕੋਈ ਬਲਦ ਕੋਹਲੂ ਅੱਗੇ ਜੋਇਆ ਹੁੰਦਾ ਹੈ ॥੧॥
ਸ੍ਰਿਸ਼ਟੀ ਦੇ ਪਾਲਣਹਾਰ (ਦਾ ਨਾਮ) ਤਿਆਗ ਕੇ ਜਿਹੜੇ ਮਨੁੱਖ ਹੋਰ ਹੋਰ ਆਹਰਾਂ ਵਿਚ ਲੱਗੇ ਰਹਿੰਦੇ ਹਨ, ਉਹ ਕਈ ਤਰੀਕਿਆਂ ਨਾਲ ਦੁਖੀ ਹੁੰਦੇ ਰਹਿੰਦੇ ਹਨ।
ਹੇ ਹਰੀ! (ਤੇਰਾ ਦਾਸ) ਨਾਨਕ ਹੱਥ ਜੋੜ ਕੇ (ਤੇਰੇ ਨਾਮ ਦਾ) ਦਾਨ ਮੰਗਦਾ ਹੈ (ਆਪਣਾ ਨਾਮ ਦੇਹ), ਮੈਂ (ਇਸ ਨੂੰ ਆਪਣੇ) ਗਲੇ ਵਿਚ ਪ੍ਰੋ ਕੇ ਰੱਖਾਂ ॥੨॥੫॥੧੩॥
ਹੇ ਭਾਈ ! (ਜਿਸ ਮਨੁੱਖ ਨੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ) ਮੱਥੇ ਉੱਤੇ ਮਲ ਲਈ (ਤੇ, ਸੰਤਾਂ ਦੀ ਸੰਗਤ ਵਿਚ ਜਿਸ ਨੇ ਪਰਮਾਤਮਾ ਦੇ ਗੁਣ ਗਾਏ),
ਅਬਿਨਾਸ਼ੀ ਤੇ ਸਰਬ-ਵਿਆਪਕ ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਣ ਦੀ ਬਰਕਤਿ ਨਾਲ ਜਗਤ ਦੇ ਵਿਕਾਰ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ ॥ ਰਹਾਉ॥
(ਜਿਸ ਮਨੁੱਖ ਨੇ ਸੰਤ ਜਨਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਈ) ਗੁਰੂ ਦੇ ਉਪਦੇਸ਼ ਦਾ ਸਦਕਾ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ, ਉਸ ਦਾ ਮਨ ਇਧਰ ਉਧਰ ਨਹੀਂ ਡੋਲਦਾ,
(ਉਸ ਨੂੰ ਇਉਂ ਦਿੱਸ ਪੈਂਦਾ ਹੈ ਕਿ) ਇਕ ਪਰਮਾਤਮਾ ਅਨੇਕਾਂ ਰੂਪਾਂ ਵਿਚ ਸਭ ਥਾਈਂ ਵਿਆਪਕ ਹੈ, ਉਹ ਮਨੁੱਖ ਵਿਕਾਰਾਂ ਦੀ ਅੱਗ ਵਿਚ ਨਹੀਂ ਸੜਦਾ (ਉਸ ਦਾ ਆਤਮਕ ਜੀਵਨ ਵਿਕਾਰਾਂ ਦੀ ਅੱਗ ਵਿਚ ਤਬਾਹ ਨਹੀਂ ਹੁੰਦਾ) ॥੧॥
ਪ੍ਰਭੂ ਆਪਣੇ ਜਿਸ ਦਾਸ ਨੂੰ (ਉਸ ਦੀ) ਬਾਂਹ ਫੜ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ।
ਹੇ ਨਾਨਕ! ਜਿਹੜਾ ਅਨਾਥ (ਪ੍ਰਾਣੀ ਭੀ) ਪ੍ਰਭੂ ਦੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ, ਉਹ ਪ੍ਰਾਣੀ ਪ੍ਰਭੂ ਦੀ ਯਾਦ ਵਿਚ ਹੀ ਜੀਵਨ-ਰਾਹ ਉਤੇ ਤੁਰਦਾ ਹੈ ॥੨॥੬॥੧੪॥