ਹੇ ਪ੍ਰਭੂ! ਅਨੇਕਾਂ ਹੀ ਰਿਸ਼ੀ ਮੁਨੀ ਤੇਰਾ ਨਾਮ ਸਿਮਰਦੇ ਹਨ। (ਸਿਮਰਨ ਕਰਨ ਵਾਲੇ) ਅਨੇਕਾਂ ਹੀ ਭਗਤ ਅਨੇਕਾਂ ਹੀ ਸੇਵਕ, ਹੇ ਪ੍ਰਭੂ! ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤੇ ਹਨ।
ਹੇ ਨਾਨਕ! (ਆਖ-) ਹੇ ਅਨੇਕਾਂ ਗੁਣਾਂ ਦੇ ਮਾਲਕ ਪ੍ਰਭੂ! (ਤੇਰਾ ਨਾਮ) ਅੰਨ੍ਹੇ ਮਨੁੱਖ ਨੂੰ, ਮਾਨੋ, ਡੰਗੋਰੀ ਮਿਲ ਜਾਂਦੀ ਹੈ, ਕੰਗਾਲ ਨੂੰ ਧਨ ਮਿਲ ਜਾਂਦਾ ਹੈ ॥੨॥੨॥੧੨੭॥
ਰਾਗ ਬਿਲਾਵਲੁ, ਘਰ ੧੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੋਹਨ-ਪ੍ਰਭੂ! (ਜਿਵੇਂ ਪਤੀ ਤੋਂ ਵਿਛੁੜੀ ਹੋਈ ਇਸਤ੍ਰੀ ਭਾਵੇਂ ਜੀਕਰ) ਹਾਰ, ਕੱਜਲ, ਕਪੜੇ, ਗਹਿਣੇ ਪਾਂਦੀ ਹੈ, (ਪਰ ਵਿਛੋੜੇ ਦੇ ਕਾਰਨ) ਹਾਹੁਕੇ ਵਿਚ (ਉਸ ਨੂੰ) ਨੀਂਦ ਨਹੀਂ ਆਉਂਦੀ,
(ਪਤੀ ਦੀ ਉਡੀਕ ਵਿਚ ਉਹ) ਹਰ ਵੇਲੇ ਉਦਾਸ ਉਦਾਸ ਰਹਿੰਦੀ ਹੈ, (ਤੇ ਸਹੇਲੀ ਪਾਸੋਂ ਪੁੱਛਦੀ ਹੈ-)
ਹੇ ਭੈਣ! (ਮੇਰਾ ਪਤੀ) ਕਦੋਂ ਘਰ ਆਵੇਗਾ (ਇਸੇ ਤਰ੍ਹਾਂ, ਹੇ ਮੋਹਨ! ਤੈਥੋਂ ਵਿਛੁੜ ਕੇ ਮੈਨੂੰ ਸ਼ਾਂਤੀ ਨਹੀਂ ਆਉਂਦੀ) ॥੧॥ ਰਹਾਉ ॥
ਹੇ ਮੋਹਨ ਪ੍ਰਭੂ! ਮੈਂ ਗੁਰਮੁਖ ਸੁਹਾਗਣ ਦੀ ਸਰਨ ਪੈਂਦੀ ਹਾਂ, ਉਸ ਦੇ ਚਰਨਾਂ ਉਤੇ (ਆਪਣਾ) ਸਿਰ ਧਰ ਕੇ (ਪੁੱਛਦੀ ਹਾਂ-)
ਹੇ ਭੈਣ! ਮੈਨੂੰ ਸੋਹਣਾ ਲਾਲ ਮਿਲਾ ਦੇ (ਦੱਸ, ਉਹ)
ਕਦੋਂ ਮੇਰੇ ਹਿਰਦੇ-ਘਰ ਵਿਚ ਆਵੇਗਾ ॥੧॥
(ਸੁਹਾਗਣ ਆਖਦੀ ਹੈ-) ਹੇ ਸਹੇਲੀਏ! ਸੁਣ, ਮੈਂ ਤੈਨੂੰ ਮੋਹਨ-ਪ੍ਰਭੂ ਦੇ ਮਿਲਣ ਦੀ ਗੱਲ ਸੁਣਾਂਦੀ ਹਾਂ। ਤੂੰ (ਆਪਣੇ ਅੰਦਰੋਂ) ਸਾਰਾ ਅਹੰਕਾਰ ਦੂਰ ਕਰ ਦੇ। ਤਦੋਂ ਤੂੰ ਆਪਣੇ ਹਿਰਦੇ-ਘਰ ਵਿਚ ਹੀ ਉਸ ਸੋਹਣੇ ਲਾਲ ਨੂੰ ਲੱਭ ਲਏਂਗੀ।
(ਹਿਰਦੇ-ਘਰ ਵਿਚ ਉਸ ਦਾ ਦਰਸਨ ਕਰ ਕੇ) ਫਿਰ ਤੂੰ ਖ਼ੁਸ਼ੀ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰੀਂ,
ਅਤੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੀਂ ਜੋ ਨਿਰਾ ਆਨੰਦ ਹੀ ਆਨੰਦ-ਰੂਪ ਹੈ।
ਹੇ ਭੈਣ! ਨਾਨਕ (ਭੀ ਉਸ ਗੁਰੂ ਦੇ) ਦਰ ਤੇ ਆ ਗਿਆ ਹੈ,
(ਗੁਰੂ ਦੇ ਦਰ ਤੇ ਆ ਕੇ) ਮੈਂ (ਨਾਨਕ ਨੇ ਹਿਰਦੇ-ਘਰ ਵਿਚ ਹੀ) ਸੋਹਣਾ ਲਾਲ ਲੱਭ ਲਿਆ ਹੈ ॥੨॥
ਹੇ ਭੈਣ! (ਹੁਣ) ਮੋਹਨ ਪ੍ਰਭੂ ਮੈਨੂੰ ਦਰਸਨ ਦੇ ਰਿਹਾ ਹੈ,
ਹੁਣ (ਮਾਇਆ ਦੇ ਮੋਹ ਵਲੋਂ ਪੈਦਾ ਹੋਈ) ਉਪਰਾਮਤਾ ਮੈਨੂੰ ਮਿੱਠੀ ਲੱਗ ਰਹੀ ਹੈ,
ਮੇਰੀ ਸਾਰੀ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਹੈ।
ਹੁਣ ਮੈਂ ਆਤਮਕ ਅਡੋਲਤਾ ਵਿਚ ਟਿਕ ਗਈ ਹਾਂ।
ਪ੍ਰਭੂ-ਪਤੀ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਮੈਨੂੰ ਪਿਆਰੀਆਂ ਲੱਗ ਰਹੀਆਂ ਹਨ।
ਹੇ ਭੈਣ! ਹੁਣ ਮੈਂ ਸੋਹਣਾ ਲਾਲ ਮੋਹਣ ਲੱਭ ਲਿਆ ਹੈ।ਰਹਾਉ ਦੂਜਾ ॥੧॥੧੨੮॥
ਹੇ ਭਾਈ! ਖਸਮ-ਪ੍ਰਭੂ ਦਾ ਦਰਸਨ ਕਰਨ ਨਾਲ ਮੇਰੀ ਹਉਮੈ ਦੂਰ ਹੋ ਗਈ ਹੈ।
ਹੇ ਭਾਈ! ਸੰਤਾਂ ਦੇ ਸਹਾਈ ਖਸਮ-ਪ੍ਰਭੂ ਦੇ ਚਰਨਾਂ ਵਿਚ ਸਦਾ ਜੁੜੇ ਰਹੋ। ਮੈਂ ਤਾਂ ਹੁਣ ਉਸੇ ਦੇ ਹੀ ਚਰਨ ਫੜ ਲਏ ਹਨ ॥੧॥ ਰਹਾਉ ॥
(ਹੇ ਭਾਈ! ਪ੍ਰਭੂ ਦੇ ਦਰਸਨ ਦੀ ਬਰਕਤ ਨਾਲ) ਮੇਰੇ ਮਨ ਨੂੰ ਹੋਰ ਕੁਝ ਭੀ ਚੰਗਾ ਨਹੀਂ ਲੱਗਦਾ, (ਪ੍ਰਭੂ ਦੇ ਦਰਸਨ ਨੂੰ ਹੀ) ਤਾਂਘਦਾ ਰਹਿੰਦਾ ਹੈ। ਜਿਵੇਂ ਭੌਰਾ ਕੌਲ-ਫੁੱਲ ਦੀ ਧੂੜੀ ਵਿਚ ਲਪਟਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪ੍ਰਭੂ ਦੇ ਚਰਨਾਂ ਵਲ ਹੀ ਮੁੜ ਮੁੜ ਪਰਤਦਾ ਹੈ।
ਮੇਰਾ ਮਨ ਹੋਰ (ਪਦਾਰਥਾਂ ਦੇ) ਸੁਆਦਾਂ ਨੂੰ ਨਹੀਂ ਲੋੜਦਾ, ਇਕ ਪਰਮਾਤਮਾ ਨੂੰ ਲੱਭਦਾ ਹੈ ॥੧॥
(ਹੇ ਭਾਈ! ਪ੍ਰਭੂ ਦੇ ਦਰਸਨ ਦੀ ਬਰਕਤ ਨਾਲ) ਹੋਰ (ਪਦਾਰਥਾਂ ਦੇ ਮੋਹ) ਤੋਂ ਸੰਬੰਧ ਤੋੜ ਲਈਦਾ ਹੈ, ਇੰਦ੍ਰੀਆਂ ਦੇ ਪਕੜ ਤੋਂ ਖ਼ਲਾਸੀ ਪਾ ਲਈਦੀ ਹੈ।
ਹੇ ਮਨ! ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਰਸ ਚੁੰਘੀਦਾ ਹੈ, ਤੇ (ਮਾਇਆ ਦੇ ਮੋਹ ਵਲੋਂ ਬ੍ਰਿਤੀ) ਪਰਤ ਜਾਂਦੀ ਹੈ।
ਹੇ ਭਾਈ! (ਦਰਸਨ ਦੀ ਬਰਕਤ ਨਾਲ) ਹੋਰ ਮੋਹ ਉੱਕਾ ਹੀ ਨਹੀਂ ਭਾਉਂਦਾ।
ਹੇ ਨਾਨਕ! (ਆਖ-) ਹਰ ਵੇਲੇ ਪ੍ਰਭੂ ਦੇ ਚਰਨਾਂ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ ॥੨॥੨॥੧੨੯॥
ਰਾਗ ਬਿਲਾਵਲੁ ਵਿੱਚ ਗੁਰੂ ਤੇਗਬਹਾਦਰ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਇਹ ਨਾਮ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਆਪਣੇ ਹਿਰਦੇ ਵਿਚ ਉਸ ਹਰਿ-ਨਾਮ ਨਾਲ ਜਾਣ-ਪਛਾਣ ਬਣਾਈ ਰੱਖ,
ਜਿਸ ਨਾਮ ਨੂੰ ਸਿਮਰਦਿਆਂ ਸਿਮਰਦਿਆਂ ਅਜਾਮਲ ਵਿਕਾਰਾਂ ਤੋਂ ਹਟ ਗਿਆ, ਗਨਿਕਾ ਵਿਕਾਰਾਂ ਤੋਂ ਮੁਕਤ ਹੋ ਗਈ। ਤੂੰ ਭੀ ਪਰਮਾਤਮਾ ਦੇ ਨਾਮ ਨਾਲ ਸਾਂਝ ਪਾਈ ਰੱਖ ॥੧॥ ਰਹਾਉ ॥
ਹੇ ਭਾਈ! ਜਦੋਂ ਗਜ ਨੇ ਪਰਮਾਤਮਾ ਦਾ ਨਾਮ ਉਚਾਰਿਆ, ਉਸ ਦੀ ਬਿਪਤਾ ਭੀ ਇਕ ਛਿਨ ਵਿਚ ਹੀ ਦੂਰ ਹੋ ਗਈ।
ਨਾਰਦ ਦਾ ਕੀਤਾ ਹੋਇਆ ਉਪਦੇਸ਼ ਸੁਣਦਿਆਂ ਬਾਲਕ ਧ੍ਰੂ ਪਰਮਾਤਮਾ ਦੇ ਭਜਨ ਵਿਚ ਮਸਤ ਹੋ ਗਿਆ ॥੧॥
(ਹਰਿ-ਨਾਮ ਦੇ ਭਜਨ ਦੀ ਬਰਕਤ ਨਾਲ ਧ੍ਰੂ ਨੇ) ਐਸਾ ਆਤਮਕ ਦਰਜਾ ਪ੍ਰਾਪਤ ਕਰ ਲਿਆ ਜੋ ਸਦਾ ਲਈ ਅਟੱਲ ਤੇ ਅਮਰ ਹੋ ਗਿਆ। ਉਸ ਨੂੰ ਵੇਖ ਕੇ ਦੁਨੀਆ ਹੈਰਾਨ ਹੋ ਰਹੀ ਹੈ।
ਨਾਨਕ ਆਖਦਾ ਹੈ-ਹੇ ਭਾਈ! ਤੂੰ ਭੀ ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝ, ਉਹ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ ॥੨॥੧॥
ਹੇ ਭਾਈ! ਪਰਮਾਤਮਾ ਦੇ ਨਾਮ (ਸਿਮਰਨ) ਤੋਂ ਬਿਨਾ ਮਨੁੱਖ ਦੁੱਖ ਸਹਾਰਦਾ ਰਹਿੰਦਾ ਹੈ।
ਗੁਰੂ (ਜੀਵਨ-ਮਾਰਗ ਦੀ) ਇਹ ਡੂੰਘੀ ਗੱਲ ਦੱਸਦਾ ਹੈ, ਕਿ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ਮਨੁੱਖ ਦਾ ਸਹਿਮ ਖ਼ਤਮ ਨਹੀਂ ਹੁੰਦਾ ॥੧॥ ਰਹਾਉ ॥
ਹੇ ਭਾਈ! ਜੇ ਮਨੁੱਖ ਪਰਮਾਤਮਾ ਦੀ ਸਰਨ ਨਹੀਂ ਪੈਂਦਾ, ਤਾਂ ਉਸ ਦੇ ਤੀਰਥ-ਜਾਤ੍ਰਾ ਕਰਨ ਦਾ ਕੋਈ ਲਾਭ ਨਹੀਂ, ਵਰਤ ਰੱਖਣ ਦਾ ਕੋਈ ਫ਼ਾਇਦਾ ਨਹੀਂ।