(ਗੁਰੂ ਰਾਮਦਾਸ ਜੀ ਨੇ) ਮਾਇਆ ਦੇ ਮਦ ਵਿਚ ਮੋਹੇ ਹੋਏ ਸੰਸਾਰ ਨੂੰ ਤਾਰਿਆ ਹੈ, (ਆਪ ਨੇ ਜੀਆਂ ਨੂੰ) ਸਮਰੱਥਾ ਵਾਲਾ ਅੰਮ੍ਰਿਤ-ਨਾਮ ਬਖ਼ਸ਼ਿਆ ਹੈ,
ਆਪ ਸਦਾ ਸੁਖ, ਧਨ ਅਤੇ ਸੋਭਾ ਦੇ ਮਾਲਕ ਹਨ, ਰਿੱਧੀ ਅਤੇ ਸਿੱਧੀ ਆਪ ਦਾ ਸਾਥ ਨਹੀਂ ਛੱਡਦੀ।
(ਗੁਰੂ ਰਾਮਦਾਸ) ਬੜਾ ਦਾਨੀ ਹੈ ਅਤੇ ਅਤਿਅੰਤ ਮਹਾਬਲੀ ਹੈ, ਸੇਵਕ ਦਾਸ (ਮਥੁਰਾ) ਨੇ ਇਹ ਸੱਚ ਆਖਿਆ ਹੈ।
ਜਿਸ ਦੇ ਸਿਰ ਉੱਤੇ ਗੁਰੂ (ਰਾਮਦਾਸ ਜੀ) ਨੇ ਹੱਥ ਧਰਿਆ ਹੈ, ਉਸ ਨੂੰ ਕਿਸੇ ਦੀ ਕੀ ਪਰਵਾਹ ਹੈ? ॥੭॥੪੯॥
(ਜਿਹੜਾ) ਅਕਾਲ ਪੁਰਖ ਆਪ ਹੀ ਤਿੰਨਾਂ ਭਵਨਾਂ ਵਿਚ ਵਿਆਪਕ ਹੈ,
ਜਗਤ ਦਾ ਕੋਈ ਦੂਜਾ ਜੀਵ (ਜਿਸ ਨੇ) ਆਪਣੇ ਵਰਗਾ ਪੈਦਾ ਨਹੀਂ ਕੀਤਾ,
ਆਪਣਾ ਆਪ (ਜਿਸ ਨੇ) ਆਪ ਹੀ ਪੈਦਾ ਕੀਤਾ ਹੈ,
ਦੇਵਤੇ, ਮਨੁੱਖ, ਦੈਂਤ, ਕਿਸੇ ਨੇ (ਜਿਸ ਦਾ) ਅੰਤ ਨਹੀਂ ਪਾਇਆ;
ਦੇਵਤੇ, ਦੈਂਤ, ਮਨੁੱਖ, ਗਣ ਗੰਧਰਬ-ਸਭ ਜਿਸ ਨੂੰ ਖੋਜਦੇ ਫਿਰਦੇ ਹਨ, (ਕਿਸੇ ਨੇ ਜਿਸ ਦਾ) ਅੰਤ ਨਹੀਂ ਪਾਇਆ,
ਜਿਹੜਾ ਅਕਾਲ ਪੁਰਖ ਅਬਿਨਾਸ਼ੀ ਹੈ, ਅਡੋਲ ਹੈ, ਜੂਨਾਂ ਤੋਂ ਰਹਤ ਹੈ, ਆਪਣੇ ਆਪ ਤੋਂ ਪਰਗਟ ਹੋਇਆ ਹੈ, ਉੱਤਮ ਪੁਰਖ ਹੈ ਤੇ ਬਹੁਤ ਬੇਅੰਤ ਹੈ।
(ਜਿਹੜਾ) ਹਰੀ ਸ੍ਰਿਸ਼ਟੀ ਦਾ ਮੂਲ ਹੈ, (ਜੋ) ਆਪ ਹੀ ਸਦਾ ਸਮਰੱਥ ਹੈ, ਸਾਰੇ ਜੀਆਂ ਨੇ (ਜਿਸ ਨੂੰ) ਮਨ ਵਿਚ ਸਿਮਰਿਆ ਹੈ,
ਹੇ ਗੁਰੂ ਰਾਮਦਾਸ ਜੀ! (ਆਪ ਦੀ) ਜਗਤ ਵਿਚ ਜੈ-ਜੈਕਾਰ ਹੋ ਰਹੀ ਹੈ ਕਿ ਆਪ ਨੇ ਉਸ ਹਰੀ ਦੀ ਉੱਚੀ ਪਦਵੀ ਪਾ ਲਈ ਹੈ ॥੧॥
ਗੁਰੂ ਨਾਨਕ ਦੇਵ ਜੀ ਨੇ ਇਕ-ਮਨ ਹੋ ਕੇ ਭਗਤੀ ਕੀਤੀ, ਤੇ (ਆਪਣਾ) ਤਨ ਮਨ ਧਨ ਗੋਬਿੰਦ ਨੂੰ ਅਰਪਨ ਕਰ ਦਿੱਤਾ।
(ਗੁਰੂ) ਅੰਗਦ (ਸਾਹਿਬ ਜੀ) ਨੇ 'ਅਨੰਤ ਮੂਰਤਿ' ਹਰੀ ਨੂੰ ਆਪਣੇ ਅੰਦਰ ਟਿਕਾਇਆ, ਅਪਹੁੰਚ ਹਰੀ ਦੇ ਗਿਆਨ ਦੀ ਬਰਕਤਿ ਨਾਲ ਆਪ ਦਾ ਹਿਰਦਾ ਪ੍ਰੇਮ ਵਿਚ ਭਿੱਜ ਗਿਆ।
ਗੁਰੂ ਅਮਰਦਾਸ ਜੀ ਨੇ ਕਰਤਾਰ ਨੂੰ ਆਪਣੇ ਵੱਸ ਵਿਚ ਕੀਤਾ। 'ਤੂੰ ਧੰਨ ਹੈਂ, ਤੂੰ ਧੰਨ ਹੈਂ'- ਇਹ ਆਖ ਕੇ ਆਪ ਨੇ ਕਰਤਾਰ ਨੂੰ ਸਿਮਰਿਆ।
ਹੇ ਗੁਰੂ ਰਾਮਦਾਸ ਜੀ! ਆਪ ਦੀ ਭੀ ਜਗਤ ਵਿਚ ਜੈ-ਜੈਕਾਰ ਹੋ ਰਹੀ ਹੈ; ਆਪ ਨੇ ਅਕਾਲ ਪੁਰਖ ਦੇ ਮਿਲਾਪ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰ ਲਿਆ ਹੈ ॥੨॥
ਨਾਰਦ, ਧ੍ਰੂ ਪ੍ਰਹਲਾਦ, ਸੁਦਾਮਾ- ਜੋ ਹਰੀ ਦੇ ਪੂਰਬਲੇ ਜੁਗਾਂ ਦੇ ਭਗਤ ਗਿਣੇ ਜਾਂਦੇ ਹਨ;
ਅੰਬਰੀਕ, ਜੈਦੇਵ, ਤ੍ਰਿਲੋਚਨ, ਨਾਮਾ ਅਤੇ ਕਬੀਰ,
ਜਿਨ੍ਹਾਂ ਦਾ ਜਨਮ ਕਲਜੁਗ ਵਿਚ ਹੋਇਆ ਹੈ- ਇਹਨਾਂ ਸਾਰਿਆਂ ਦਾ ਜਸ ਜਗਤ ਉੱਤੇ (ਹਰੀ ਦੇ ਭਗਤ ਹੋਣ ਦੇ ਕਾਰਨ ਹੀ) ਖਿਲਰਿਆ ਹੋਇਆ ਹੈ।
ਹੇ ਗੁਰੂ ਰਾਮਦਾਸ ਜੀ! ਆਪ ਦੀ ਭੀ ਜੈ-ਜੈਕਾਰ ਜਗਤ ਵਿਚ ਹੋ ਰਹੀ ਹੈ, ਕਿ ਆਪ ਨੇ ਹਰੀ (ਦੇ ਮਿਲਾਪ) ਦੀ ਪਰਮ ਪਦਵੀ ਪਾਈ ਹੈ ॥੩॥
ਜੋ ਮਨੁੱਖ, (ਹੇ ਸਤਿਗੁਰੂ!) ਤੈਨੂੰ ਮਨ ਜੋੜ ਕੇ ਸਿਮਰਦੇ ਹਨ, ਉਹਨਾਂ ਦਾ ਕਾਮ ਅਤੇ ਕ੍ਰੋਧ ਮਿਟ ਜਾਂਦਾ ਹੈ।
ਜੋ ਜੀਵ ਆਪ ਨੂੰ ਬਚਨਾਂ ਦੁਆਰਾ (ਭਾਵ, ਜੀਭ ਨਾਲ) ਸਿਮਰਦੇ ਹਨ, ਉਹਨਾਂ ਦਾ ਦੁੱਖ ਤੇ ਦਰਿਦ੍ਰ ਖਿਨ ਵਿਚ ਦੂਰ ਹੋ ਜਾਂਦਾ ਹੈ।
ਹੇ ਗੁਰੂ ਰਾਮਦਾਸ ਜੀ! ਬਲ੍ਯ੍ਯ ਭੱਟ (ਆਪ ਦਾ) ਜਸ ਗਾਂਦਾ ਹੈ (ਤੇ ਆਖਦਾ ਹੈ ਕਿ) ਜੋ ਮਨੁੱਖ ਆਪ ਦਾ ਦਰਸ਼ਨ ਸਰੀਰਕ ਇੰਦ੍ਰਿਆਂ ਨਾਲ ਪਰਸਦੇ ਹਨ, ਉਹ ਪਾਰਸ ਸਮਾਨ ਹੋ ਜਾਂਦੇ ਹਨ।
ਹੇ ਗੁਰੂ ਰਾਮਦਾਸ ਜੀ! ਆਪ ਦੀ ਜੈ-ਜੈਕਾਰ ਜਗਤ ਵਿਚ ਹੋ ਰਹੀ ਹੈ ਕਿ ਆਪ ਨੇ ਹਰੀ ਦੀ ਉੱਚੀ ਪਦਵੀ ਪਾ ਲਈ ਹੈ ॥੪॥
ਜਿਸ ਗੁਰੂ ਦਾ ਸਿਮਰਨ ਕੀਤਿਆਂ, ਅੱਖਾਂ ਦੇ ਛੌੜ ਖਿਨ ਵਿਚ ਕੱਟੇ ਜਾਂਦੇ ਹਨ,
ਜਿਸ ਗੁਰੂ ਦਾ ਸਿਮਰਨ ਕੀਤਿਆਂ ਹਿਰਦੇ ਵਿਚ ਹਰੀ ਦਾ ਨਾਮ ਦਿਨੋ ਦਿਨ (ਵਧੀਕ ਜੰਮਦਾ ਹੈ);
ਜਿਸ ਗੁਰੂ ਨੂੰ ਸਿਮਰਿਆਂ (ਜੀਵ) ਹਿਰਦੇ ਦੀ ਤਪਤ ਮਿਟਾਉਂਦਾ ਹੈ,
ਜਿਸ ਗੁਰੂ ਨੂੰ ਯਾਦ ਕਰ ਕੇ (ਜੀਵ) ਰਿੱਧੀਆਂ ਸਿੱਧੀਆਂ ਤੇ ਨੌ ਨਿਧੀਆਂ ਪਾ ਲੈਂਦਾ ਹੈ;
ਬਲ੍ਯ੍ਯ (ਕਵੀ) ਆਖਦਾ ਹੈ- ਸੰਗਤ ਵਿਚ ਮਿਲ ਕੇ ਉਸ (ਗੁਰੂ) ਨੂੰ ਆਖੋ-'ਤੂੰ ਧੰਨ ਹੈਂ, ਤੂੰ ਧੰਨ ਹੈਂ',
ਜਿਸ ਗੁਰੂ ਰਾਮਦਾਸ ਜੀ ਦੀ ਚਰਨੀਂ ਲੱਗ ਕੇ ਪ੍ਰਭੂ ਨੂੰ ਮਿਲੀਦਾ ਹੈ, ਹੇ ਜਨੋ! ਉਸ ਗੁਰੂ ਨੂੰ ਸਿਮਰੋ ॥੫॥੫੪॥
ਜਿਸ (ਗੁਰੂ ਰਾਮਦਾਸ ਜੀ) ਨੇ ਸ਼ਬਦ ਨੂੰ ਕਮਾ ਕੇ ਉੱਚੀ ਪਦਵੀ ਪਾਈ, ਅਤੇ (ਗੁਰੂ ਅਮਰਦਾਸ ਜੀ ਦੀ) ਸੇਵਾ ਕਰਦਿਆਂ ਸਾਥ ਨਾ ਛੱਡਿਆ,
ਉਸ (ਗੁਰੂ) ਤੋਂ ਮੋਤੀ-ਵਤ ਉੱਜਲ ਗਿਆਨ ਦਾ ਚਾਨਣਾ ਪ੍ਰਗਟ ਹੋਇਆ, ਅਤੇ ਦਰਿਦ੍ਰ ਤੇ ਹਨੇਰੇ ਦਾ ਨਾਸ ਹੋ ਗਿਆ।