ਪਰ ਪ੍ਰਭੂ ਦੇ ਹੁਕਮ ਤੋਂ ਬਿਨਾ ਮਨੁੱਖ ਦੀ ਸੁਰਤ ਉੱਚੀ ਨਹੀਂ ਹੋ ਸਕਦੀ, ਨਿਰੀਆਂ ਜ਼ਬਾਨੀ (ਗਿਆਨ ਦੀਆਂ) ਗੱਲਾਂ ਕਰਨਾ ਵਿਅਰਥ ਹੈ।
ਜਿਥੇ ਭੀ ਜਾ ਕੇ ਬੈਠੀਏ, ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ ਤੇ ਆਪਣੀ ਸੁਰਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿੱਚ ਪ੍ਰੋਈਏ।
(ਨਹੀਂ ਤਾਂ) ਹਿਰਦੇ ਨੂੰ ਮਾਇਆ ਦੇ ਮੋਹ ਵਿਚ ਮੈਲਾ ਕਰ ਕੇ (ਤੀਰਥ-) ਇਸ਼ਨਾਨ ਦਾ ਕੀਹ ਲਾਭ? ॥੧॥
(ਪ੍ਰਭੂ!) ਮੈਂ ਤਦੋਂ ਹੀ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ ਜਦੋਂ ਤੂੰ ਆਪ ਪ੍ਰੇਰਨਾ ਕਰਦਾ ਹੈਂ।
ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਸਕਦਾ ਹੈ।
ਜਦੋਂ ਪ੍ਰਭੂ ਦਾ ਨਾਮ ਮਨ ਵਿਚ ਮਿੱਠਾ ਲੱਗਣ ਲਗ ਪਿਆ ਤਦੋਂ ਦੁੱਖ ਨੇ ਆਪਣਾ ਡੇਰਾ ਚੁੱਕ ਲਿਆ (ਸਮਝੋ)।
(ਹੇ ਪ੍ਰਭੂ!) ਜਦੋਂ ਤੂੰ ਹੁਕਮ ਕੀਤਾ ਤਦੋਂ ਆਤਮਕ ਆਨੰਦ ਮੇਰੇ ਮਨ ਵਿਚ ਆ ਵੱਸਦਾ ਹੈ।
ਹੇ ਪ੍ਰਭੂ, ਜਿਸ ਨੇ ਆਪਣੇ ਆਪ ਹੀ ਜਗਤ ਪੈਦਾ ਕੀਤਾ ਹੈ, ਜਦੋਂ ਤੂੰ ਮੈਨੂੰ ਪ੍ਰੇਰਨਾ ਕਰਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।
ਮੇਰੀ ਤਾਂ ਤੇਰੇ ਦਰ ਤੇ ਅਰਜ਼ੋਈ ਹੀ ਹੁੰਦੀ ਹੈ, ਮੇਹਰ ਦੀ ਨਜ਼ਰ ਤੂੰ ਆਪ ਕਰਦਾ ਹੈਂ ॥੨॥
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਹਰੇਕ ਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ।
ਕਿਸੇ ਮਨੁੱਖ ਨੂੰ ਭੈੜਾ ਆਖ ਕੇ ਕੋਈ ਝਗੜਾ ਖੜਾ ਨਹੀਂ ਕਰਨਾ ਚਾਹੀਦਾ (ਭਾਵ, ਭੈੜੇ ਦੀ ਨਿੰਦਿਆਂ ਕਰਨਾ ਪ੍ਰਭੂ ਨਾਲ ਝਗੜਾ ਕਰਨਾ ਹੈ)।
ਮਾਲਕ-ਪ੍ਰਭੂ ਨਾਲ ਝਗੜਾ ਨਹੀਂ ਪਾਣਾ ਚਾਹੀਦਾ, ਇਸ ਤਰ੍ਹਾਂ ਤਾਂ ਆਪਣੇ ਆਪ ਨੂੰ ਆਪ ਹੀ ਤਬਾਹ ਕਰੀਦਾ ਹੈ।
ਜਿਸ ਮਾਲਕ ਦੇ ਸੰਗ ਜੀਊਣਾ ਹੈ, ਉਸੇ ਨਾਲ ਸ਼ਰੀਕਾ ਕਰ ਕੇ ਕਿਉਂ ਰੋਈਏ?
ਪਰਮਾਤਮਾ ਜੋ (ਸੁਖ ਦੁਖ) ਦੇਂਦਾ ਹੈ ਉਹ (ਖਿੜੇ-ਮੱਥੇ) ਸਹਾਰਨਾ ਚਾਹੀਦਾ ਹੈ, ਗਿਲਾ-ਗੁਜ਼ਾਰੀ ਦੇ ਬੋਲ ਨਹੀਂ ਕਰਨੇ ਚਾਹੀਦੇ।
ਸਾਡੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਸਾਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ ॥੩॥
ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਆਪ ਪੈਦਾ ਕੀਤੀ ਹੈ, ਆਪ ਹੀ ਹਰੇਕ ਜੀਵ ਉਤੇ ਮੇਹਰ ਦੀ ਨਿਗਾਹ ਕਰਦਾ ਹੈ।
ਕੋਈ ਜੀਵ ਕੌੜੀ (ਦੁੱਖ ਵਾਲੀ) ਚੀਜ਼ ਨਹੀਂ ਮੰਗਦਾ, ਹਰੇਕ ਮਿੱਠੀ (ਸੁਖਦਾਈ) ਚੀਜ਼ ਹੀ ਮੰਗਦਾ ਹੈ।
ਹਰੇਕ ਜੀਵ ਮਿੱਠੇ (ਸੁੱਖਦਾਈ) ਪਦਾਰਥਾਂ ਦੀ ਮੰਗ ਹੀ ਮੰਗਦਾ ਹੈ, ਪਰ ਖਸਮ-ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਜਾਪਦਾ ਹੈ।
ਜੀਵ ਦਾਨ-ਪੁੰਨ ਕਰਦੇ ਹਨ, ਇਹੋ ਜਿਹੇ ਹੋਰ ਭੀ ਅਨੇਕਾਂ ਧਾਰਮਿਕ ਕੰਮ ਕਰਦੇ ਹਨ, ਪਰ ਪਰਮਾਤਮਾ ਦੇ ਨਾਮ(-ਜਪਣ) ਦੇ ਬਰਾਬਰ ਹੋਰ ਕੋਈ ਉੱਦਮ ਨਹੀਂ ਹੈ।
ਹੇ ਨਾਨਕ! ਜਿਨ੍ਹਾਂ ਬੰਦਿਆਂ ਉਤੇ ਧੁਰੋਂ ਪਰਮਾਤਮਾ ਵਲੋਂ ਕਦੇ ਬਖ਼ਸ਼ਸ਼ ਹੁੰਦੀ ਹੈ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ।
ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ ਤੇ ਆਪ ਹੀ ਸਭ ਉਤੇ ਮੇਹਰ ਦੀ ਨਜ਼ਰ ਕਰਦਾ ਹੈ ॥੪॥੧॥
ਹੇ ਪ੍ਰਭੂ! ਮੇਹਰ ਕਰ ਕਿ ਮੈਂ ਤੇਰਾ ਨਾਮ ਸਿਮਰ ਸਕਾਂ।
ਤੂੰ ਸਾਰੀ ਸ੍ਰਿਸ਼ਟੀ ਆਪ ਹੀ ਪੈਦਾ ਕੀਤੀ ਹੈ ਤੇ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈਂ।
ਤੂੰ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ, ਪੈਦਾ ਕਰ ਕੇ ਤੂੰ ਆਪ ਹੀ ਸ੍ਰਿਸ਼ਟੀ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।
ਕਈ ਜੀਵਾਂ ਨੂੰ ਤੂੰ ਆਪ ਹੀ ਰਾਜੇ ਬਣਾ ਦਿੱਤਾ ਹੈ, ਤੇ ਕਈ ਜੀਵਾਂ ਨੂੰ (ਮੰਗਤੇ ਬਣਾ ਕੇ) ਭਿੱਖਿਆ ਮੰਗਣ ਵਾਸਤੇ (ਦਰ ਦਰ) ਭਵਾ ਰਿਹਾ ਹੈਂ।
ਹੇ ਪ੍ਰਭੂ! ਤੂੰ ਲੋਭ ਅਤੇ ਮੋਹ ਨੂੰ ਮਿੱਠਾ ਬਣਾ ਦਿੱਤਾ ਹੈ, ਜਗਤ ਇਸ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਰਿਹਾ ਹੈ।
ਜੇ ਤੂੰ ਸਦਾ ਆਪਣੀ ਮੇਹਰ ਕਰਦਾ ਰਹੇਂ ਤਾਂ ਹੀ ਮੈਂ ਤੇਰਾ ਨਾਮ ਸਿਮਰ ਸਕਦਾ ਹਾਂ ॥੧॥
ਹੇ ਪ੍ਰਭੂ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੈਨੂੰ ਮਨ ਵਿਚ ਪਿਆਰਾ ਲੱਗਦਾ ਹੈ।
(ਨਾਮ ਸਿਮਰਨ ਨਾਲ) ਦੁਖ ਦੂਰ ਹੋ ਜਾਂਦਾ ਹੈ ਤੇ ਆਤਮਕ ਆਨੰਦ ਅੰਦਰ ਆ ਵੱਸਦਾ ਹੈ।
ਭਾਗਾਂ ਵਾਲੇ ਸੁਚੱਜੇ ਸਿਆਣੇ ਮਨੁੱਖ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।
ਹੇ ਪ੍ਰਭੂ! ਜੇਹੜੇ ਬੰਦੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ ਉਹ ਭਾਗਾਂ ਵਾਲੇ ਸੁਚੱਜੇ ਸਿਆਣੇ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।
ਪਰ ਮਾਇਆ ਵਿਚ ਮੋਹੇ ਹੋਇਆਂ ਨੂੰ ਤੇਰੀ ਯਾਦ ਨਹੀਂ ਆਉਂਦੀ ਤੇ ਉਹ ਆਪਣਾ ਅਮੋਲਕ ਜਨਮ ਗਵਾ ਲੈਂਦੇ ਹਨ।
ਅਨੇਕਾਂ ਐਸੇ ਮੂਰਖ ਮਨੁੱਖ ਹਨ ਜੋ, ਹੇ ਪ੍ਰਭੂ! ਤੈਨੂੰ ਯਾਦ ਨਹੀਂ ਕਰਦੇ। ਜੇਹੜਾ ਜਗਤ ਵਿਚ ਜੰਮਿਆ ਹੈ ਉਸ ਨੇ ਚਲੇ (ਮਰ) ਜਾਣਾ ਹੈ।
ਹੇ ਪ੍ਰਭੂ! ਤੇਰਾ ਨਾਮ ਸਦਾ ਹੀ ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ ॥੨॥
(ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅੰਮ੍ਰਿਤ ਹੈ ਤੇ ਉਹ ਵਕਤ ਬਹੁਤ ਸੁਹਾਵਣਾ ਹੈ ਜਦੋਂ ਤੇਰਾ ਨਾਮ ਚੇਤੇ ਆਉਂਦਾ ਹੈ।
ਜਿਨ੍ਹਾਂ ਬੰਦਿਆਂ ਨੂੰ ਤੇਰੇ ਨਾਮ ਦਾ ਰਸ ਆਉਂਦਾ ਹੈ ਉਹ ਸੇਵਕ ਪ੍ਰੇਮ ਨਾਲ ਤੇਰਾ ਨਾਮ ਸਿਮਰਦੇ ਹਨ।
ਉਹਨਾਂ ਹੀ ਬੰਦਿਆਂ ਨੂੰ ਨਾਮ ਦਾ ਰਸ ਆਉਂਦਾ ਹੈ ਜਿਨ੍ਹਾਂ ਨੂੰ ਇਹ ਨਾਮ-ਅੰਮ੍ਰਿਤ ਪ੍ਰਾਪਤ ਹੁੰਦਾ ਹੈ।
ਜੇਹੜੇ ਬੰਦੇ ਤੇਰੇ ਨਾਮ ਵਿਚ ਜੁੜਦੇ ਹਨ ਉਹ (ਆਤਮਕ ਜੀਵਨ ਦੀ ਉੱਨਤੀ ਵਿਚ) ਸਦਾ ਵਧਦੇ ਫੁੱਲਦੇ ਰਹਿੰਦੇ ਹਨ।
ਜਦੋਂ ਤਕ ਮੈਂ ਇਕ ਤੇਰੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ ਤਦੋਂ ਤਕ ਹੋਰ ਕੋਈ ਇੱਕ ਭੀ ਧਰਮ-ਕਰਮ ਕੋਈ ਇੱਕ ਭੀ ਸੰਜਮ ਕਿਸੇ ਅਰਥ ਨਹੀਂ।
ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ-ਦਾਤੀ ਹੈ ਤੇ ਉਹ ਵੇਲਾ ਬਹੁਤ ਸੁਹਾਵਣਾ ਲੱਗਦਾ ਹੈ ਜਦੋਂ ਤੇਰਾ ਨਾਮ ਸਿਮਰੀਦਾ ਹੈ ॥੩॥
(ਹੇ ਪ੍ਰਭੂ!) ਮੈਂ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਤੋਂ ਕੁਰਬਾਨ ਜਾਂਦਾ ਹਾਂ।