ਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੂੰ ਮਿਲਣ ਲਈ) ਤਰਸਦੇ ਹਨ, ਪਰ ਉਹੀ ਜੀਵ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਉਹ ਆਪ (ਆਪਣੇ ਨਾਲ) ਮਿਲਾਂਦਾ ਹੈ।
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹੀ ਪਰਮਾਤਮਾ ਨੂੰ ਲੱਭ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੬॥੩੯॥{28-29}
ਪਰਮਾਤਮਾ ਦਾ ਨਾਮ ਸੁਖਾਂ ਦਾ ਸਮੁੰਦਰ ਹੈ, ਪਰ ਇਹ ਮਿਲਦਾ ਹੈ ਗੁਰੂ ਦੀ ਸਰਨ ਪਿਆਂ।
ਪ੍ਰਭੂ-ਨਾਮ ਦੀ ਰਾਹੀਂ ਆਤਮਕ ਅਡੋਲਤਾ ਵਿਚ ਲੀਨ ਹੋ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।
ਜੀਭ ਨਾਲ ਹਰੀ ਦੇ ਗੁਣ ਗਾ ਕੇ ਹਿਰਦਾ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ ॥੧॥
ਹੇ ਭਾਈ! (ਪਰਮਾਤਮਾ ਨੂੰ ਭੁਲਾ ਕੇ ਮਾਇਆ ਅਦਿਕ) ਹੋਰ ਪਿਆਰ ਵਿਚ ਪੈ ਕੇ ਜਗਤ ਦੁਖੀ ਹੋ ਰਿਹਾ ਹੈ।
ਤੂੰ ਗੁਰੂ ਦੀ ਸਰਨ ਪੈ ਕੇ ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ; (ਇਸ ਤਰ੍ਹਾਂ) ਸੁਖ ਮਾਣੇਂਗਾ ॥੧॥ ਰਹਾਉ ॥
ਸਦਾ-ਥਿਰ ਪਰਮਾਤਮਾ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗ ਸਕਦੀ, (ਉਸ) ਪਰਮਾਤਮਾ ਦਾ ਨਾਮ ਸਿਮਰਿਆਂ (ਸਿਮਰਨ ਵਾਲੇ ਮਨੁੱਖ ਦਾ) ਮਨ (ਭੀ) ਪਵਿਤ੍ਰ ਹੋ ਜਾਂਦਾ ਹੈ।
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਡੂੰਘੀ ਸਾਂਝ ਪਾਣੀ ਚਾਹੀਦੀ ਹੈ।(ਜੇਹੜਾ ਸਾਂਝ ਪਾਂਦਾ ਹੈ ਉਹ) ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ।
(ਜਿਸ ਮਨੁੱਖ ਨੇ ਆਪਣੇ ਅੰਦਰ) ਗੁਰੂ ਦਾ ਗਿਆਨ ਚੰਗੀ ਤਰ੍ਹਾਂ ਰੌਸ਼ਨ ਕਰ ਲਿਆ ਹੈ (ਉਸ ਦੇ ਅੰਦਰੋਂ) ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ॥੨॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਮਲੀਨ-ਮਨ ਰਹਿੰਦੇ ਹਨ ਵਿਕਾਰਾਂ ਦੀ ਮੈਲ ਨਾਲ ਲਿਬੜੇ ਰਹਿੰਦੇ ਹਨ, ਉਹਨਾਂ ਦੇ ਅੰਦਰ ਹਉਮੈ ਤੇ ਲਾਲਚ ਦਾ ਰੋਗ ਟਿਕਿਆ ਰਹਿੰਦਾ ਹੈ।
ਇਹ ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਉਤਰਦੀ, (ਸ਼ਬਦ ਤੋਂ ਬਿਨਾ) ਆਤਮਕ ਮੌਤ ਸਹੇੜ ਕੇ ਖ਼ੁਆਰ ਹੋ ਹੋ ਕੇ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।
ਉਹ ਇਸ ਨਾਸਵੰਤ ਜਗਤ-ਖੇਡ ਵਿਚ ਫਸੇ ਰਹਿੰਦੇ ਹਨ, ਇਸ ਵਿਚੋਂ ਉਹਨਾਂ ਨੂੰ ਨਾਹ ਉਰਲਾ ਬੰਨਾ ਲੱਭਦਾ ਹੈ ਨਾਹ ਪਾਰਲਾ ਬੰਨਾ ॥੩॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਿਮਰਨ ਕਰਦਾ ਹੈ ਉਹ ਸੇਵਾ ਕਰਦਾ ਹੈ ਉਹ ਆਪਣੇ ਆਪ ਨੂੰ ਵਿਕਾਰਾਂ ਵਲੋਂ ਬਚਾਈ ਰੱਖਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦਾ ਹੈ।
(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਸਦਾ ਕਰਤਾਰ ਦੇ ਨਾਮ ਨੂੰ ਸਿਮਰਨਾ ਚਾਹੀਦਾ ਹੈ।
ਹੇ ਨਾਨਕ! ਪਰਮਾਤਮਾ ਦਾ ਨਾਮ (ਹੀ) ਸਿਮਰਨਾ ਚਾਹੀਦਾ ਹੈ, (ਪਰਮਾਤਮਾ ਦਾ ਨਾਮ) ਸਭ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ ॥੪॥੭॥੪੦॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਉਸ ਦੇ ਅੰਦਰ) ਨਾਹ ਪਰਮਾਤਮਾ ਦੀ ਲਗਨ ਪੈਦਾ ਹੁੰਦੀ ਹੈ ਨਾਹ ਮਾਇਆ ਵਲੋਂ ਉਪਰਾਮਤਾ।
ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਵਿਚਾਰਦਾ, (ਇਸ ਵਾਸਤੇ ਉਸ ਨੂੰ) ਸਦਾ ਦੁੱਖ (ਘੇਰੀ ਰੱਖਦਾ) ਹੈ, ਪਰਮਾਤਮਾ ਦੀ ਦਰਗਾਹ ਵਿਚ ਭੀ ਉਹ ਆਪਣੀ ਇੱਜ਼ਤ ਗਵਾ ਲੈਂਦਾ ਹੈ।
ਪਰ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਹਉਮੈ ਦੂਰ ਹੋ ਜਾਂਦੀ ਹੈ, ਨਾਮ ਵਿਚ ਰੰਗੇ ਜਾਈਦਾ ਹੈ, ਤੇ ਸੁਖ ਪ੍ਰਾਪਤ ਹੁੰਦਾ ਹੈ ॥੧॥
ਹੇ ਮੇਰੇ ਮਨ! (ਤੇਰੇ ਅੰਦਰ ਤਾਂ) ਦਿਨ ਰਾਤ ਸਦਾ (ਮਾਇਆ ਦੀ) ਆਸ ਭਰੀ ਰਹਿੰਦੀ ਹੈ।
(ਹੇ ਮਨ!) ਸਤਿਗੁਰੂ ਦੀ ਦੱਸੀ ਸੇਵਾ ਕਰ (ਤਦੋਂ ਹੀ ਮਾਇਆ ਦਾ) ਮੋਹ ਚੰਗੀ ਤਰ੍ਹਾਂ ਸੜ ਸਕਦਾ ਹੈ (ਤਦੋਂ ਹੀ) ਗ੍ਰਿਹਸਤ ਵਿਚ ਰਹਿੰਦਿਆਂ ਹੀ (ਮਾਇਆ ਤੋਂ) ਉਪਰਾਮ ਹੋ ਸਕੀਦਾ ਹੈ ॥੧॥ ਰਹਾਉ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਗੁਰੂ ਦੇ ਦੱਸੇ) ਕਰਮ ਕਰਦਾ ਹੈ ਤੇ (ਅੰਦਰੋਂ) ਖਿੜਿਆ ਰਹਿੰਦਾ ਹੈ (ਕਿਉਂਕਿ ਉਸ ਦੇ ਅੰਦਰ) ਪਰਮਾਤਮਾ ਦਾ ਪ੍ਰੇਮ ਹੈ ਤੇ ਆਤਮਕ ਸੁਖ ਹੈ।
ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ, (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਉਹ ਬੇ-ਫ਼ਿਕਰ ਰਹਿੰਦਾ ਹੈ।
ਵੱਡੀ ਕਿਸਮਤ ਨਾਲ ਉਸ ਨੂੰ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ ਜਿਥੇ ਉਸ ਨੂੰ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ, ਤੇ ਉਹ ਆਤਮਕ ਅਡੋਲਤਾ ਵਿਚ (ਟਿਕਿਆ ਹੋਇਆ) ਸੁਖ ਮਾਣਦਾ ਹੈ ॥੨॥
ਉਹ ਮਨੁੱਖ (ਅਸਲ) ਸਾਧੂ ਹੈ, ਉਹੀ ਬੈਰਾਗੀ ਹੈ ਜੇਹੜਾ ਆਪਣੇ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਾਂਦਾ ਹੈ।
ਉਸ ਦੇ ਅੰਦਰ ਵਿਕਾਰਾਂ ਦੀ ਕਾਲਖ ਕਦੇ ਭੀ ਅਸਰ ਨਹੀਂ ਕਰਦੀ, ਉਹ ਆਪਣੇ ਅੰਦਰੋਂ ਆਪਾ-ਭਾਵ ਗਵਾਈ ਰੱਖਦਾ ਹੈ।
ਸਤਿਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ (ਉਸਦੇ ਅੰਦਰ ਹੀ) ਵਿਖਾ ਦਿੱਤਾ ਹੁੰਦਾ ਹੈ, ਤੇ ਉਹ ਨਾਮ-ਰਸ ਰੱਜ ਕੇ ਪੀਂਦਾ ਹੈ ॥੩॥
ਪਰਮਾਤਮਾ ਨੂੰ ਜਿਸ ਕਿਸੇ ਨੇ ਲੱਭਾ ਹੈ ਸਾਧ ਸੰਗਤਿ ਵਿਚ ਹੀ ਵੱਡੀ ਕਿਸਮਤ ਨਾਲ ਪ੍ਰਭੂ-ਪ੍ਰੇਮ ਵਿਚ ਜੁੜ ਕੇ ਲੱਭਾ ਹੈ।
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਬਾਹਰ ਜੰਗਲਾਂ ਅਦਿਕ ਵਿਚ) ਤੁਰੇ ਫਿਰਦੇ ਹਨ, ਉਹ ਸਤਿਗੁਰੂ (ਦੀ ਵਡਿਆਈ) ਨੂੰ ਨਹੀਂ ਸਮਝਦੇ, ਉਹਨਾਂ ਦੇ ਅੰਦਰ ਹਉਮੈ (ਦੀ ਮੈਲ) ਲੱਗੀ ਰਹਿੰਦੀ ਹੈ।
ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਗਏ ਹਨ ਉਹ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ (ਪਰ ਪਾਹ ਤੋਂ ਬਿਨਾ ਪੱਕਾ ਰੰਗ ਨਹੀਂ ਚੜ੍ਹਦਾ, ਤੇ ਨਾਮ-ਰੰਗ ਵਿਚ ਰੰਗੇ ਜਾਣ ਵਾਸਤੇ ਪ੍ਰਭੂ ਦੇ) ਡਰ-ਅਦਬ ਤੋਂ ਬਿਨਾ ਪਾਹ ਨਹੀਂ ਮਿਲ ਸਕਦੀ ॥੪॥੮॥੪੧॥
(ਪਰਮਾਤਮਾ ਦਾ ਨਾਮ-ਰੂਪ) ਸਾਰਾ (ਉੱਤਮ) ਪਦਾਰਥ (ਮਨੁੱਖ ਦੇ) ਹਿਰਦੇ ਵਿਚ ਹੀ ਹੈ, (ਗੁਰੂ ਦੀ ਸਰਨ ਪਿਆਂ) ਇਹ ਸੌਦਾ ਹਿਰਦੇ ਵਿਚੋਂ ਹੀ ਮਿਲ ਪੈਂਦਾ ਹੈ।
(ਗੁਰੂ ਦੀ ਸਰਨ ਪੈ ਕੇ) ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਜੇਹੜਾ ਕੋਈ ਨਾਮ ਪ੍ਰਾਪਤ ਕਰਦਾ ਹੈ ਗੁਰੂ ਦੀ ਰਾਹੀਂ ਕਰਦਾ ਹੈ।
ਜਿਸ ਨੂੰ ਵੱਡੀ ਕਿਸਮਤ ਨਾਲ ਇਹ ਖ਼ਜ਼ਾਨਾ ਮਿਲਦਾ ਹੈ (ਉਸ ਪਾਸੋਂ ਕਦੀ ਮੁੱਕਦਾ ਨਹੀਂ) (ਕਿਉਂਕਿ) ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ ਹੈ ॥੧॥
ਹੇ ਮੇਰੇ ਮਨ! ਨਿੰਦਾ ਕਰਨੀ ਛੱਡ ਦੇਹ, (ਆਪਣੇ ਅੰਦਰੋਂ) ਹਉਮੈ ਤੇ ਅਹੰਕਾਰ ਦੂਰ ਕਰ।