(ਹੇ ਪ੍ਰਭੂ!) ਜਿੱਥੇ ਹੋਰ ਕੋਈ (ਜੀਵ ਸਹਾਇਤਾ ਕਰਨ ਜੋਗਾ) ਨਹੀਂ ਉਥੇ, ਹੇ ਪ੍ਰਭੂ! ਤੂੰ ਹੀ ਮਦਦ ਕਰਨ ਜੋਗਾ ਹੈਂ।
ਮਾਂ ਦੇ ਪੇਟ ਦੀ ਅੱਗ ਵਿਚ ਜੀਵ ਨੂੰ ਤੇਰਾ ਹੀ ਸਹਾਰਾ ਹੁੰਦਾ ਹੈ।
(ਹੇ ਪ੍ਰਭੂ! ਤੇਰਾ ਨਾਮ) ਸੁਣ ਕੇ ਜਮਦੂਤ (ਨੇੜੇ ਨਹੀਂ ਢੁਕਦੇ), ਤੇਰੇ ਨਾਮ ਦੀ ਬਰਕਤਿ ਨਾਲ (ਜੀਵ ਨੂੰ) ਛੱਡ ਕੇ ਚਲੇ ਜਾਂਦੇ ਹਨ।
ਇਸ ਔਖੇ ਤੇ ਅਥਾਹ ਸੰਸਾਰ-ਸਮੁੰਦਰ ਨੂੰ ਜੀਵ ਗੁਰੂ ਦੇ ਸ਼ਬਦ (ਦੀ ਸਹਾਇਤਾ) ਨਾਲ ਪਾਰ ਕਰ ਲੈਂਦੇ ਹਨ।
ਪਰ ਉਹੀ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਕਦੇ ਹਨ ਜਿਨ੍ਹਾਂ ਦੇ ਅੰਦਰ ਇਸ ਦੀ ਭੁੱਖ-ਪਿਆਸ ਪੈਦਾ ਹੋਈ ਹੈ।
ਜੇਹੜੇ ਸੰਸਾਰ ਵਿਚ ਨਾਮ-ਸਿਮਰਨ ਨੂੰ ਹੀ ਸਭ ਤੋਂ ਚੰਗਾ ਨੇਕ ਕੰਮ ਜਾਣ ਕੇ ਪ੍ਰਭੂ ਦੇ ਗੁਣ ਗਾਂਦੇ ਹਨ।
ਕਿਰਪਾਲ ਪ੍ਰਭੂ ਹਰੇਕ ਜੀਵ ਦੀ ਸੁਆਸ ਸੁਆਸ ਸੰਭਾਲ ਕਰਦਾ ਹੈ।
ਹੇ ਪ੍ਰਭੂ! ਜਿਹੜਾ ਜੀਵ ਤੇਰੀ ਸਰਨ ਆਉਂਦਾ ਹੈ ਉਹ (ਤੇਰੇ ਦਰ ਤੋਂ) ਖ਼ਾਲੀ ਨਹੀਂ ਜਾਂਦਾ ॥੯॥
ਹੇ ਪਾਰਬ੍ਰਹਮ! ਜਿਸ ਮਨੁੱਖ ਨੂੰ ਤੂੰ ਆਪਣਾ ਨਾਮ ਆਸਰਾ ਦੇਂਦਾ ਹੈਂ, ਉਸ ਨੂੰ ਤੂੰ ਕੋਈ ਹੋਰ ਆਸਰਾ ਨਹੀਂ ਸੁਝਾਉਂਦਾ।
ਤੂੰ ਅਪਹੁੰਚ ਹੈਂ; ਇੰਦ੍ਰਿਆਂ ਦੀ ਦੌੜ ਤੋਂ ਪਰੇ ਹੈਂ, ਤੂੰ ਹਰੇਕ ਸੱਤਿਆ ਵਾਲਾ ਮਾਲਕ ਹੈਂ।
ਤੂੰ ਸਦਾ-ਥਿਰ ਰਹਿਣ ਵਾਲਾ ਦਾਤਾ ਹੈਂ, ਤੂੰ ਅਟੱਲ ਹੈਂ, ਤੇਰਾ ਕਿਸੇ ਨਾਲ ਵੈਰ ਨਹੀਂ, ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ।
ਤੇਰਾ ਅੰਤ ਨਹੀਂ ਪੈ ਸਕਦਾ, ਤੇਰਾ ਹੱਦ-ਬੰਨਾ ਨਹੀਂ ਲੱਭ ਸਕਦਾ, ਤੇਰਾ ਮੁੱਲ ਨਹੀਂ ਪੈ ਸਕਦਾ।
ਪਰਮਾਤਮਾ ਨੂੰ ਵਿਸਾਰ ਕੇ ਹੋਰ ਹੋਰ ਚੀਜ਼ਾਂ ਮੰਗਣੀਆਂ-ਇਹ ਸਭ ਮਾਇਆ ਦੇ ਚਸਕੇ ਹਨ ਤੇ ਸੁਆਹ-ਤੁੱਲ ਹਨ।
(ਅਸਲ ਵਿਚ) ਉਹੀ ਬੰਦੇ ਸੁਖੀ ਹਨ, ਉਹੀ ਸਦਾ ਕਾਇਮ ਰਹਿਣ ਵਾਲੇ ਸ਼ਾਹ ਹਨ ਜਿਨ੍ਹਾਂ ਨੇ ਸਦਾ-ਥਿਰ ਰਹਿਣ ਵਾਲਾ ਨਾਮ ਦਾ ਵਪਾਰ ਕੀਤਾ ਹੈ।
ਜਿਨ੍ਹਾਂ ਬੰਦਿਆਂ ਦੀ ਪ੍ਰੀਤ ਪ੍ਰਭੂ ਦੇ ਨਾਮ ਨਾਲ ਬਣੀ ਹੈ ਉਹਨਾਂ ਨੂੰ ਆਤਮਕ ਅਡੋਲਤਾ ਦਾ ਸ੍ਰੇਸ਼ਟ ਸੁਖ ਨਸੀਬ ਹੈ।
ਹੇ ਨਾਨਕ! ਉਹ ਮਨੁੱਖ ਗੁਰਮੁਖਾਂ ਦੇ ਚਰਨਾਂ ਦੀ ਧੂੜ ਵਿਚ ਰਹਿ ਕੇ ਇਕ ਪ੍ਰਭੂ ਨੂੰ ਅਰਾਧਦੇ ਹਨ ॥੧॥
ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਸਦਾ ਅਨੰਦ ਸਦਾ ਸੁਖ ਤੇ ਸਦਾ ਸ਼ਾਂਤੀ ਬਣੀ ਰਹਿੰਦੀ ਹੈ।
ਹੇ ਨਾਨਕ! ਹੋਰ ਚਤੁਰਾਈਆਂ ਛੱਡ ਦੇਹ, ਨਾਮ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਤਰ ਜਾਹਿਂਗਾ ॥੨॥
ਹੇ ਪ੍ਰਭੂ! ਬਹੁਤੇ ਵਿਖਾਵੇ ਦੇ ਤਰਲੇ ਲਿਆਂ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,
ਵੇਦ ਪੜ੍ਹਨ ਪੜ੍ਹਾਉਣ ਨਾਲ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,
ਤੀਰਥ ਉਤੇ ਇਸ਼ਨਾਨ ਕਰਨ ਨਾਲ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,
(ਰਮਤੇ ਸਾਧੂਆਂ ਵਾਂਗ) ਸਾਰੀ ਧਰਤੀ ਗਾਹਣ ਨਾਲ, ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,
ਕਿਸੇ ਚਤੁਰਾਈ-ਸਿਆਣਪ ਨਾਲ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,
ਬਹੁਤਾ ਦਾਨ ਦੇਣ ਨਾਲ, ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ (ਕਿਸੇ ਉਤੇ ਰੀਝਦਾ ਨਹੀਂ)।
ਹੇ ਅਪਹੁੰਚ ਤੇ ਅਗੋਚਰ ਪ੍ਰਭੂ! ਹਰੇਕ ਜੀਵ ਤੇਰੇ ਅਧੀਨ ਹੈ (ਇਹਨਾਂ ਵਿਖਾਵੇ ਦੇ ਉੱਦਮਾਂ ਨਾਲ ਕੋਈ ਜੀਵ ਤੇਰੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਦਾ)।
ਤੂੰ ਸਿਰਫ਼ ਉਹਨਾਂ ਉਤੇ ਰੀਝਦਾ ਹੈਂ ਜੋ ਸਦਾ ਤੇਰਾ ਸਿਮਰਨ ਕਰਦੇ ਹਨ, (ਕਿਉਂਕਿ) ਤੇਰਾ ਭਜਨ-ਸਿਮਰਨ ਕਰਨ ਵਾਲਿਆਂ ਨੂੰ (ਸਿਰਫ਼) ਤੇਰਾ ਆਸਰਾ-ਪਰਨਾ ਹੁੰਦਾ ਹੈ ॥੧੦॥
ਪਰਮਾਤਮਾ ਆਪ ਹੀ (ਆਤਮਾ ਦੇ ਰੋਗ ਹਟਾਣ ਵਾਲਾ) ਹਕੀਮ ਹੈ,
ਇਹ (ਦੁਨੀਆ ਵਾਲੇ) ਹਕੀਮ (ਪਖੰਡੀ ਧਰਮ-ਆਗੂ) ਆਤਮਾ ਨੂੰ ਸਗੋਂ ਦੁੱਖ ਚੰਬੋੜਦੇ ਹਨ;
(ਆਤਮਾ ਦੇ ਰੋਗ ਕੱਟਣ ਲਈ) ਖਾਣ-ਜੋਗੀ ਚੀਜ਼ ਸਤਿਗੁਰੂ ਦਾ ਸ਼ਬਦ ਹੈ (ਜਿਸ ਵਿਚੋਂ) ਅੰਮ੍ਰਿਤ ਦਾ ਸੁਆਦ (ਆਉਂਦਾ ਹੈ)।
ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ (ਗੁਰੂ ਦਾ ਸ਼ਬਦ) ਵੱਸਦਾ ਹੈ ਉਸ ਦੇ ਸਾਰੇ ਦੁੱਖ ਮਿਟ ਜਾਂਦੇ ਹਨ ॥੧॥
ਪ੍ਰਭੂ ਦੇ ਹੁਕਮ ਅਨੁਸਾਰ ਜੀਵ ਭਟਕਦਾ ਹੈ, ਹੁਕਮ ਅਨੁਸਾਰ ਹੀ ਟਿਕਿਆ ਰਹਿੰਦਾ ਹੈ।
ਪ੍ਰਭੂ ਦੇ ਹੁਕਮ ਵਿਚ ਹੀ ਜੀਵ ਦੁੱਖ ਸੁਖ ਨੂੰ ਇਕੋ ਜਿਹਾ ਜਾਣ ਕੇ ਸਹਾਰਦਾ ਹੈ,
ਉਹ ਮਨੁੱਖ ਉਸ ਦੇ ਹੁਕਮ ਵਿਚ ਹੀ ਦਿਨ ਰਾਤ ਉਸ ਦਾ ਨਾਮ ਜਪਦਾ ਹੈ,
ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ।
ਪ੍ਰਭੂ ਦੇ ਹੁਕਮ ਵਿਚ ਜੀਵ ਮਰਦਾ ਹੈ, ਹੁਕਮ ਵਿਚ ਹੀ ਜਿਊਂਦਾ ਹੈ,
ਹੁਕਮ ਵਿਚ ਹੀ (ਪਹਿਲਾਂ) ਨਿੱਕਾ ਜਿਹਾ (ਤੇ ਫਿਰ) ਵੱਡਾ ਹੋ ਜਾਂਦਾ ਹੈ।
ਹੁਕਮ ਵਿਚ ਹੀ (ਜੀਵ ਨੂੰ) ਚਿੰਤਾ ਤੇ ਖ਼ੁਸ਼ੀ ਆਨੰਦ ਵਾਪਰਦੇ ਹਨ,
ਪ੍ਰਭੂ ਦੇ ਹੁਕਮ ਵਿਚ ਹੀ (ਕੋਈ ਜੀਵ) ਗੁਰੂ ਦਾ ਸ਼ਬਦ ਜਪਦਾ ਹੈ ਜੋ ਵਿਕਾਰਾਂ ਨੂੰ ਦੂਰ ਕਰਨ ਦੇ ਸਮਰਥ ਹੈ।
ਉਸ ਮਨੁੱਖ ਦਾ ਜੰਮਣਾ ਮਰਨਾ ਭੀ ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਰੋਕਦਾ ਹੈ,
ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਆਪਣੀ ਭਗਤੀ ਵਿਚ ਜੋੜਦਾ ਹੈ ॥੨॥
ਹੇ ਪ੍ਰਭੂ! ਮੈਂ ਉਸ ਢਾਢੀ ਤੋਂ ਸਦਕੇ ਜਾਂਦਾ ਹਾਂ ਜੋ ਤੇਰੀ ਸੇਵਾ-ਭਗਤੀ ਕਰਦਾ ਹੈ।
ਮੈਂ ਉਸ ਢਾਢੀ ਤੋਂ ਵਾਰਨੇ ਜਾਂਦਾ ਹਾਂ ਜੋ ਤੇਰੇ ਬੇਅੰਤ ਗੁਣ ਗਾਂਦਾ ਹੈ।
ਭਾਗਾਂ ਵਾਲਾ ਹੈ ਉਹ ਢਾਢੀ, ਜਿਸ ਨੂੰ ਅਕਾਲ ਪੁਰਖ ਆਪ ਚਾਹੁੰਦਾ ਹੈ।
ਮੁਬਾਰਿਕ ਹੈ ਉਹ ਢਾਢੀ, ਜਿਸ ਨੂੰ ਪ੍ਰਭੂ ਦਾ ਸੱਚਾ ਦਰ ਪ੍ਰਾਪਤ ਹੈ।
ਹੇ ਪ੍ਰਭੂ! ਅਜੇਹਾ (ਸੁਭਾਗਾ) ਢਾਢੀ ਸਦਾ ਤੈਨੂੰ ਧਿਆਉਂਦਾ ਹੈ, ਦਿਨ ਰਾਤ ਤੇਰੇ ਗੁਣ ਗਾਂਦਾ ਹੈ,
ਤੈਥੋਂ ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮੰਗਦਾ ਹੈ। ਉਹ ਢਾਢੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਤੇਰੇ ਪਾਸ ਨਹੀਂ ਆਉਂਦਾ (ਜਿੱਤ ਕੇ ਹੀ ਆਉਂਦਾ ਹੈ)।
ਹੇ ਪ੍ਰਭੂ! ਤੇਰਾ ਸਦਾ-ਥਿਰ ਨਾਮ ਹੀ (ਉਸ ਢਾਢੀ ਪਾਸ, ਪੜਦਾ ਕੱਜਣ ਲਈ) ਕੱਪੜਾ ਹੈ, ਤੇ (ਆਤਮਕ) ਖ਼ੁਰਾਕ ਹੈ, ਉਹ ਸਦਾ ਇਕ-ਰਸ ਤੇਰੀ ਯਾਦ ਵਿਚ ਜੁੜਿਆ ਰਹਿੰਦਾ ਹੈ।
(ਅਸਲ) ਗੁਣਵਾਨ ਉਹੀ ਢਾਢੀ ਹੈ ਜਿਸ ਨੂੰ ਪ੍ਰਭੂ ਦਾ ਪਿਆਰ ਹਾਸਲ ਹੈ ॥੧੧॥