(ਉਸ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਤੋਂ ਉਰੇ ਹੋਰ ਕੋਈ ਕੁਝ ਕਰਨ-ਜੋਗਾ ਨਹੀਂ ਹੈ,
ਹੇ ਨਾਨਕ! ਇਹ ਸਾਰਾ ਜਗਤ-ਆਕਾਰ ਪਰਮਾਤਮਾ ਤੋਂ ਹੀ ਪਰਗਟ ਹੋਇਆ ਹੈ ॥੫੧॥
ਅਸੀਂ ਜੀਵ ਖਿਨ ਖਿਨ ਪਿੱਛੋਂ ਭੁੱਲਾਂ ਕਰਨ ਵਾਲੇ ਹਾਂ, ਜੇ ਸਾਡੀਆਂ ਭੁੱਲਾਂ ਦਾ ਲੇਖਾ ਹੋਵੇ ਤਾਂ ਅਸੀਂ ਕਿਸੇ ਤਰ੍ਹਾਂ ਭੀ ਇਸ ਭਾਰ ਤੋਂ ਸੁਰਖ਼ਰੂ ਨਹੀਂ ਹੋ ਸਕਦੇ।
ਹੇ ਨਾਨਕ! (ਆਖ-) ਹੇ ਬਖ਼ਸ਼ਿੰਦ ਪ੍ਰਭੂ! ਤੂੰ ਆਪ ਹੀ ਸਾਡੀਆਂ ਭੁੱਲਾਂ ਬਖ਼ਸ਼, ਤੇ ਸਾਨੂੰ (ਵਿਕਾਰਾਂ ਦੇ ਸਮੁੰਦਰ ਵਿਚ ਡੁਬਦਿਆਂ ਨੂੰ) ਪਾਰ ਲੰਘਾ ॥੧॥
ਪਉੜੀ
ਮਨੁੱਖ ਨਾ-ਸ਼ੁਕਰਾ ਹੈ, ਗੁਨਹਗਾਰ ਹੈ, ਹੋਛੀ ਮਤ ਵਾਲਾ ਹੈ, ਪਰਮਾਤਮਾ ਨਾਲੋਂ ਓਪਰਾ ਹੀ ਰਹਿੰਦਾ ਹੈ,
ਜਿਸ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤੇ ਹਨ, ਉਸ ਅਸਲੇ ਨੂੰ ਪਛਾਣਦਾ ਹੀ ਨਹੀਂ।
ਮਾਇਆ ਖੱਟਣ ਦੀ ਖ਼ਾਤਰ ਦਸੀਂ ਪਾਸੀਂ ਭਾਲ ਕਰਨ ਤੁਰਿਆ ਫਿਰਦਾ ਹੈ,
ਪਰ ਜੇਹੜਾ ਪ੍ਰਭੂ ਦਾਤਾਰ ਸਭ ਕੁਝ ਦੇਣ ਜੋਗਾ ਹੈ, ਉਸ ਨੂੰ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਆਪਣੇ ਮਨ ਵਿਚ ਨਹੀਂ ਵਸਾਂਦਾ।
ਲਾਲਚ, ਝੂਠ, ਵਿਕਾਰ ਤੇ ਮਾਇਆ ਦਾ ਮੋਹ-ਬੱਸ! ਇਹੀ ਧਨ ਮਨੁੱਖ ਆਪਣੇ ਮਨ ਵਿਚ ਸਾਂਭੀ ਬੈਠਾ ਹੈ।
ਜੋ ਵਿਸ਼ਈ ਹਨ, ਚੋਰ ਹਨ, ਮਹਾ ਨਿੰਦਕ ਹਨ, ਉਹਨਾਂ ਦੇ ਸਾਥ ਵਿਚ ਇਸ ਦੀ ਉਮਰ ਬੀਤਦੀ ਹੈ।
(ਪਰ, ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਆਪ ਹੀ ਖੋਟਿਆਂ ਨੂੰ ਖਰਿਆਂ ਦੀ ਸੰਗਤਿ ਵਿਚ ਰੱਖ ਕੇ ਬਖ਼ਸ਼ ਲੈਂਦਾ ਹੈਂ।
ਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਉਹ (ਵਿਚਾਰਾਂ ਵਿਚ) ਪੱਥਰ-ਦਿਲ ਹੋ ਚੁੱਕੇ ਬੰਦਿਆਂ ਨੂੰ ਨਾਮ-ਅੰਮ੍ਰਿਤ ਦੀ ਦਾਤ ਦੇ ਕੇ (ਵਿਕਾਰਾਂ ਦੀਆਂ ਲਹਿਰਾਂ ਵਿਚ ਡੁਬਣੋਂ) ਬਚਾ ਲੈਂਦਾ ਹੈ ॥੫੨॥
ਹੇ ਪ੍ਰਭੂ! ਅਸੀਂ ਜੀਵ ਮਾਇਕ ਪਦਾਰਥ ਹੀ ਖਾਂਦੇ ਪੀਂਦੇ, ਤੇ ਮਾਇਆ ਦੇ ਰੰਗ ਤਮਾਸ਼ਿਆਂ ਵਿਚ ਹੀ ਹੱਸਦੇ ਖੇਡਦੇ ਅਨੇਕਾਂ ਜੂਨਾਂ ਵਿਚ ਭਟਕਦੇ ਆ ਰਹੇ ਹਾਂ,
ਹੇ ਨਾਨਕ! (ਆਖ-) ਸਾਨੂੰ ਤੂੰ ਆਪ ਹੀ ਸੰਸਾਰ-ਸਮੁੰਦਰ ਵਿਚੋਂ ਕੱਢ, ਸਾਨੂੰ ਤੇਰਾ ਹੀ ਆਸਰਾ ਹੈ ॥੧॥
ਪਉੜੀ
ਮਨੁੱਖ ਮਾਇਕ ਰੰਗਾਂ ਵਿਚ ਮਨ ਪਰਚਾਂਦਾ ਪਰਚਾਂਦਾ ਅਨੇਕਾਂ ਜੂਨਾਂ ਵਿਚੋਂ ਲੰਘਦਾ ਦੁੱਖ ਪਾਂਦਾ ਆਉਂਦਾ ਹੈ।
ਜੇ ਗੁਰੂ ਮਿਲ ਪਏ, ਜੇ ਗੁਰੂ ਦੇ ਬਚਨਾਂ ਵਿਚ ਚਿੱਤ ਜੁੜ ਜਾਏ, ਤਾਂ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ।
ਜਿਸ ਨੇ (ਗੁਰੂ-ਦਰ ਤੋਂ) ਖਿਮਾ ਦਾ ਸੁਭਾਉ ਗ੍ਰਹਣ ਕਰ ਲਿਆ, ਨਾਮ-ਧਨ ਇਕੱਠਾ ਕੀਤਾ, ਨਾਮ-ਅੰਮ੍ਰਿਤ ਨੂੰ ਆਪਣੀ ਆਤਮਕ ਖ਼ੁਰਾਕ ਬਣਾਇਆ,
ਉਸ ਉਤੇ ਪਰਮਾਤਮਾ ਦੀ ਬੜੀ ਮਿਹਰ ਹੁੰਦੀ ਹੈ, ਉਹ ਆਤਮਕ ਆਨੰਦ-ਸੁਖ ਵਿਚ ਟਿਕਿਆ ਰਹਿੰਦਾ ਹੈ।
ਜਿਸ ਮਨੁੱਖ ਨੇ (ਗੁਰੂ ਤੋਂ ਜਾਚ ਸਿੱਖ ਕੇ ਸਿਫ਼ਤ-ਸਾਲਾਹ ਦਾ) ਵਣਜ-ਵਪਾਰ (ਸਾਰੀ ਉਮਰ) ਤੋੜ ਨਿਬਾਹਿਆ, ਉਸ ਨੇ ਲਾਭ ਖੱਟਿਆ, ਉਹ (ਭਟਕਣਾ ਤੋਂ ਬਚ ਕੇ) ਅਡੋਲ-ਮਨ ਹੋ ਜਾਂਦਾ ਹੈ ਤੇ ਆਦਰ ਖੱਟਦਾ ਹੈ।
ਗੁਰੂ ਨੇ ਉਸ ਨੂੰ ਹੋਰ ਚੰਗੀ ਦਿਲੀ ਢਾਰਸ ਦਿੱਤੀ, ਤੇ ਉਹ ਭਗਵਾਨ ਦੇ ਚਰਨਾਂ ਵਿਚ ਜੁੜਿਆ।
(ਪਰ ਇਹ ਸਭ ਪ੍ਰਭੂ ਦੀ ਮਿਹਰ ਹੈ)। ਹੇ ਪ੍ਰਭੂ! ਇਹ ਸਾਰਾ ਖੇਲ ਤੂੰ ਹੀ ਕੀਤਾ ਹੈ, ਹੁਣ ਭੀ ਤੂੰ ਹੀ ਸਭ ਕੁਝ ਕਰ ਰਿਹਾ ਹੈਂ। ਲੋਕ ਪਰਲੋਕ ਵਿਚ ਜੀਆਂ ਦਾ ਰਾਖਾ ਤੂੰ ਆਪ ਹੀ ਹੈਂ।
ਹੇ ਨਾਨਕ! ਜੋ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ, ਸਦਾ ਉਸੇ ਦੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੫੩॥
ਹੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਦਿਆਲ! ਅਸੀਂ ਤੇਰੀ ਸਰਨ ਆਏ ਹਾਂ।
ਹੇ ਨਾਨਕ! (ਆਖ) ਜਿਨ੍ਹਾਂ ਦੇ ਮਨ ਵਿਚ ਇਕ ਅਵਿਨਾਸ਼ੀ ਪ੍ਰਭੂ ਵੱਸਦਾ ਰਹਿੰਦਾ ਹੈ, ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ ॥੧॥
ਪਉੜੀ
ਇਹ ਤਿੰਨੇ ਭਵਨ (ਸਾਰਾ ਹੀ ਜਗਤ) ਪ੍ਰਭੂ ਨੇ ਆਪਣਾ ਹੁਕਮ ਵਿਚ ਹੀ ਰਚੇ ਹਨ।
ਪ੍ਰਭੂ ਦੇ ਹੁਕਮ ਅਨੁਸਾਰ ਹੀ ਵੇਦ ਰਚੇ ਗਏ, ਤੇ ਵਿਚਾਰੇ ਗਏ।
ਸਾਰੇ ਸ਼ਾਸਤ੍ਰ ਸਿਮ੍ਰਿਤੀਆਂ ਤੇ ਪੁਰਾਣ ਪ੍ਰਭੂ ਦੇ ਹੁਕਮ ਦਾ ਪ੍ਰਗਟਾਵ ਹਨ।
ਇਹਨਾਂ ਪੁਰਾਣਾਂ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦੇ ਕੀਰਤਨ ਕਥਾ ਤੇ ਵਿਆਖਿਆ ਭੀ ਪ੍ਰਭੂ ਦੇ ਹੁਕਮ ਦਾ ਹੀ ਜ਼ਹੂਰ ਹਨ।
ਦੁਨੀਆ ਦੇ ਡਰਾਂ ਭਰਮਾਂ ਤੋਂ ਖ਼ਲਾਸੀ ਲੱਭਣੀ ਭੀ ਪ੍ਰਭੂ ਦੇ ਹੁਕਮ ਦਾ ਪ੍ਰਕਾਸ਼ ਹੈ।
(ਮਨੁੱਖਾ ਜਨਮ ਵਿਚ) ਕਰਨਯੋਗ ਕਰਮਾਂ ਦੀ ਪਛਾਣ ਕਰਨੀ ਆਤਮਕ ਪਵਿਤ੍ਰਤਾ ਦੇ ਨਿਯਮਾਂ ਦੀ ਭਾਲ-ਇਹ ਭੀ ਪ੍ਰਭੂ ਦੇ ਹੁਕਮ ਦਾ ਹੀ ਦ੍ਰਿੱਸ਼ ਹੈ।
ਜਿਤਨਾ ਭੀ ਇਹ ਦਿੱਸ ਰਿਹਾ ਸੰਸਾਰ ਹੈ, ਇਹ ਸਾਰਾ ਹੀ ਪ੍ਰਭੂ ਦੇ ਹੁਕਮ ਦਾ ਸਰਗੁਣ ਰੂਪ ਹੈ,
ਪਰ ਹੇ ਨਾਨਕ! (ਹੁਕਮ ਦਾ ਮਾਲਕ) ਪ੍ਰਭੂ ਆਪ (ਇਸ ਸਾਰੇ ਪਸਾਰੇ ਦੇ) ਪ੍ਰਭਾਵ ਤੋਂ ਪਰੇ ਹੈ ॥੫੪॥
ਅਪਹੁੰਚ ਹਰੀ ਦੇ ਹੱਥ ਵਿਚ (ਹੁਕਮ ਰੂਪ) ਕਲਮ (ਫੜੀ ਹੋਈ) ਹੈ, (ਸਭ ਜੀਵਾਂ ਦੇ) ਮੱਥੇ ਉਤੇ (ਆਪਣੇ ਹੁਕਮ ਰੂਪ ਕਲਮ ਨਾਲ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਲੇਖ) ਲਿਖੀ ਜਾ ਰਿਹਾ ਹੈ।
ਉਹ ਸੋਹਣੇ ਰੂਪ ਵਾਲਾ ਪ੍ਰਭੂ ਸਭ ਜੀਵਾਂ ਦੇ ਨਾਲ (ਤਾਣੇ ਪੇਟੇ ਵਾਂਗ) ਮਿਲਿਆ ਹੋਇਆ ਹੈ (ਇਸ ਵਾਸਤੇ ਕੋਈ ਲੇਖ ਗ਼ਲਤ ਨਹੀਂ ਲਿਖਿਆ ਜਾਂਦਾ)।
ਹੇ ਪ੍ਰਭੂ! ਮੈਥੋਂ ਆਪਣੇ ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
ਹੇ ਨਾਨਕ! (ਆਖ-) ਤੇਰਾ ਦਰਸਨ ਕਰ ਕੇ ਮੇਰੀ ਜਿੰਦ ਮਸਤ ਹੋ ਰਹੀ ਹੈ, ਸਦਕੇ ਸਦਕੇ ਹੋ ਰਹੀ ਹੈ ॥੧॥
ਪਉੜੀ
ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਕਦੇ ਨ ਡੋਲਣ ਵਾਲੇ ਪਰਮਾਤਮਾ! ਹੇ ਨਾਸ-ਰਹਿਤ ਪ੍ਰਭੂ! ਹੇ ਜੀਵਾਂ ਦੇ ਪਾਪ ਨਾਸ ਕਰਨ ਵਾਲੇ!
ਹੇ ਸਾਰੇ ਜੀਵਾਂ ਵਿਚ ਵਿਆਪਕ ਪੂਰਨ ਪ੍ਰਭੂ! ਹੇ ਜੀਵਾਂ ਦੇ ਦੁੱਖ ਦੂਰ ਕਰਨ ਵਾਲੇ! ਹੇ ਗੁਣਾਂ ਦੇ ਖ਼ਜ਼ਾਨੇ!
ਹੇ ਸਭ ਦੇ ਸਾਥੀ! (ਤੇ ਫਿਰ ਭੀ) ਆਕਾਰ-ਰਹਿਤ ਪ੍ਰਭੂ! ਹੇ ਮਾਇਆ ਦੇ ਪ੍ਰਭਾਵ ਤੋਂ ਵੱਖਰੇ ਰਹਿਣ ਵਾਲੇ! ਹੇ ਸਭ ਜੀਵਾਂ ਦੇ ਆਸਰੇ!
ਹੇ ਸ੍ਰਿਸ਼ਟੀ ਦੀ ਸਾਰ ਲੈਣ ਵਾਲੇ! ਹੇ ਗੁਣਾਂ ਦੇ ਖ਼ਜ਼ਾਨੇ! ਜਿਸ ਦੇ ਅੰਦਰ ਪਰਖ ਕਰਨ ਦੀ ਤਾਕਤ ਸਦਾ ਕਾਇਮ ਹੈ!
ਹੇ ਪਰੇ ਤੋਂ ਪਰੇ ਪ੍ਰਭੂ! ਤੂੰ ਹੁਣ ਭੀ ਮੌਜੂਦ ਹੈਂ, ਤੂੰ ਸਦਾ ਲਈ ਕਾਇਮ ਰਹਿਣ ਵਾਲਾ ਹੈਂ।
ਹੇ ਸੰਤਾਂ ਦੇ ਸਦਾ ਸਹਾਈ! ਹੇ ਨਿਆਸਰਿਆਂ ਦੇ ਆਸਰੇ!
ਹੇ ਸ੍ਰਿਸ਼ਟੀ ਦੇ ਪਾਲਕ! ਮੈਂ ਤੇਰਾ ਨਿੱਕਾ ਜਿਹਾ ਦਾਸ ਹਾਂ, ਮੈਂ ਗੁਣ-ਹੀਨ ਹਾਂ, ਮੇਰੇ ਵਿਚ ਕੋਈ ਗੁਣ ਨਹੀਂ ਹੈ।